Welcome to Canadian Punjabi Post
Follow us on

24

March 2019
ਨਜਰਰੀਆ

ਗੰਦਗੀ ਉਪਰ ਰਿਸਰਚ

October 31, 2018 08:40 AM

-ਨੂਰ ਸੰਤੋਖਪੁਰੀ
“ਪਾਰਦਰਸ਼ੀ ਸ਼ਾਸਨ ਦੇਣ ਦੇ ਵਾਅਦੇ ਕਿੱਥੇ ਗਏ?
ਖੁਸ਼ਗਵਾਰ ਮਾਹੌਲ ਦੇਣ ਦੇ ਇਰਾਦੇ ਕਿੱਥੇ ਗਏ?
ਹਰ ਤਰਫ ਫੈਲ ਗਈ ਕਈ ਤਰ੍ਹਾਂ ਦੀ ਗੰਦਗੀ,
‘ਉਨ੍ਹਾਂ’ ਦੀ ਸਵੱਛਤਾ ਮੁਹਿੰਮ ਦੇ ਫਾਇਦੇ ਕਿੱਥੇ ਗਏ?
ਉੱਚੀ ਉੱਚੀ ਹੱਕ-ਸੱਚ ਦਾ ਸਾਨੂੰ ਸੁਨੇਹਾ ਦੇਣ ਵਾਲੇ
ਉੱਚ ਦੁਮਾਲੜੇ ਵਾਲੇ ਮੁਨਸਫ ਤੇ ਪਿਆਦੇ ਕਿੱਥੇ ਗਏ?”
ਬਹੁਤ ਦਿਨਾਂ ਤੋਂ ਅਸੀਂ ਗੰਦਗੀ ਉਪਰ ਰਿਸਰਚ ਕਰ ਰਹੇ ਸੀ। ਰਿਸਰਚ ਕਰਨ 'ਤੇ ਅਸੀਂ ਸਰਚ ਕੀਤੀ ਕਿ ਜਦ ਬਹੁਤ ਦਿਨਾਂ ਤੱਕ ਕਿਸੇ ਵੀ ਤਰ੍ਹਾਂ ਦੀ ਗੰਦਗੀ ਦੇ ਢੇਰ ਜਿੱਥੇ ਪਏ ਹਨ, ਉਥੇ ਹੀ ਪਏ ਰਹਿਣ, ਤਾਂ ਗੰਦਗੀ ਅਪਾਰਦਰਸ਼ੀ ਹੋ ਜਾਂਦੀ ਹੈ। ਅਦਿੱਖ ਹੋ ਜਾਂਦੀ ਹੈ। ਅਪਾਰਦਰਸ਼ੀ ਹੋਣ ਕਾਰਨ ਗੰਦਗੀ ਫੈਲਾਉਣ ਵਾਲੇ ਗੰਦਗੀ ਫੈਲਾਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਕਿਤੇ ਵੀ ਕੋਈ ਗੰਦਗੀ ਨਜ਼ਰ ਨਹੀਂ ਆਉਂਦੀ। ਕੁੱਤੇ ਆਪਣੀਆਂ ਪੁੂਛਾਂ ਨਾਲ ਆਪਣੀ ਬੈਠਣ ਵਾਲੀ ਥਾਂ ਸਾਫ ਕਰ ਲੈਂਦੇ ਨੇ, ਪਰ ਉਹ ਲੋਕ ਨਹੀਂ ਕਰਦੇ। ਉਨ੍ਹਾਂ ਉੱਤੇ ਕਿਸੇ ਸੁਨੇਹੇ ਦਾ, ਉਪਦੇਸ਼ ਜਾਂ ਸਜ਼ਾ ਦੇ ਡਰਾਵੇ ਦਾ ਅਸਰ ਨਹੀਂ ਹੁੰਦਾ। ਉਹ ਨਿਧੜਕ ਹੋ ਕੇ ਜਿੱਥੇ ਜੀਅ ਕਰੇ, ਉਥੇ ਗੰਦਗੀ ਫੈਲਾ ਛੱਡਦੇ ਹਨ। ਕੁੱਤਿਆਂ ਦੀਆਂ ਪੂਛਾਂ ਕਦੇ ਵੀ ਸਿੱਧੀਆਂ ਨਹੀਂ ਹੁੰਦੀਆਂ। ਇਹ ਵਿੰਗੀਆਂ ਹੀ ਰਹਿੰਦੀਆਂ ਹਨ?
ਅਪਾਰਦਰਸ਼ੀ ਭਾਵ ਅਦਿੱਖ ਹੋਣ ਕਾਰਨ ਤਰੱਕੀ ਵੀ ਹਰ ਕਿਸੇ ਨੂੰ ਵਿਖਾਈ ਨਹੀਂ ਦਿੰਦੀ। ਪਿਆਰੇ ਬਾਪੂ ਗਾਂਧੀ ਜੀ ਦੇ ਇਸ ਦੇਸ਼ ਵਿੱਚ ਤਰੱਕੀ ਬਹੁਤ ਹੋਈ ਹੈ। ਕਈ ਹਾਕਮ, ਸਿਆਸੀ ਆਗੂ, ਨੌਕਰਸ਼ਾਹ, ਦਲਾਲ, ਸਰਮਾਏਦਾਰ, ਨਸ਼ਿਆਂ ਦੇ ਸੌਦਾਗਰ, ਠੇਕੇਦਾਰ, ਜੋਤਸ਼ੀ, ਅਖੌਤੀ ਬਾਬੇ ਵਗੈਰਾ ਆਪੋ-ਆਪਣੀ ਅਤੇ ਆਪਣਿਆਂ ਦੀ ਤਰੱਕੀ ਕਰਨ ਵਿੱਚ ਦਿਨ-ਰਾਤ ਮਿਹਨਤ ਤੇ ਲਗਨ ਨਾਲ ਜੁਟੇ ਰਹਿੰਦੇ ਹਨ। ਇਨ੍ਹਾਂ ਦੀ ਚਮਕਦੀ-ਦਮਕਦੀ ਤਰੱਕੀ ਪਾਰਦਰਸ਼ੀ ਹੋਣ ਕਾਰਨ ਸਭ ਨੂੰ ਵਿਖਾਈ ਦਿੰਦੀ ਹੈ, ਪਰ ਹਾਏ! ਬਹੁਤ ਪਿੱਛੇ ਅਤੇ ਹੇਠਾਂ ਰਹਿ ਗਏ ਸਾਧਾਰਨ ਲੋਕਾਂ ਦੀ ਤਰੱਕੀ ਧੁੰਦਲੀ, ਅਸਪੱਸ਼ਟ, ਅਪਾਰਦਰਸ਼ੀ ਹੋਣ ਕਾਰਨ ਕਿਸੇ ਅੱਖ ਨੂੰ ਵਿਖਾਈ ਨਹੀਂ ਦਿੰਦੀ। ਇਹ ਅਦਿੱਖ ਹੀ ਰਹੀ।
ਤਰੱਕੀ ਉਪਰ ਰਿਸਰਚ ਕਰਨ 'ਤੇ ਅਸੀਂ ਸਰਚ ਕੀਤੀ ਕਿ ਪਿਆਰੇ ਵਤਨ ਦੀ ਕਈ ਖੇਤਰਾਂ 'ਚ ਇੰਨੀ ਜ਼ਿਆਦਾ, ਵਾਧੂ, ਫਾਲਤੂ ਤਰੱਕੀ ਹੋਈ ਹੈ ਕਿ ਇਹ ਅਪਾਰਦਰਸ਼ੀ ਗੰਦਗੀ ਵਾਂਗ ਅਪਾਰਦਰਸ਼ੀ ਹੋ ਗਈ ਹੈ। ਇਸ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ। ਇਸ ਨੂੰ ਸਿਰਫ ਖੁਰਦਬੀਨ ਨਾਲ ਹੀ ਵੇਖਿਆ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੇ ਦੇਸ਼ ਵਿੱਚ ਹੋਈ ਬੇਪਨਾਹ ਤਰੱਕੀ ਵੇਖੀ ਹੈ, ਭੋਗੀ ਭਾਵ ਹੰਢਾਈ ਹੈ, ਉਹ ਗੁਣਗੁਣਾਉਂਦੇ ਫਿਰਦੇ ਹਨ, ‘‘ਅਸੀਂ ਵੇਖੀ ਤੇ ਹੰਢਾਈ ਹੈ ਆਪਣੇ ਦੇਸ਼ ਦੀ ਤਰੱਕੀ। ਨਜ਼ਰ ਨਾਲ ਛੋਹ ਕੇ ਇਹਨੂੰ ਮੈਲੀ ਨਾ ਕਰੋ। ਤਰੱਕੀ ਦਾਲ-ਰੋਟੀ ਨਹੀਂ, ਖਿੱਚੜੀ ਨਹੀਂ, ਤਰੱਕੀ ਘਿਓ-ਸ਼ੱਕਰ ਨਹੀਂ। ਲੇਖਾ ਦੇਣ ਦੇ ਡਰ ਦਾ ਚੱਕਰ ਨਹੀਂ। ਤਰੱਕੀ ਨੂੰ ਤਰੱਕੀ ਰਹਿਣ ਦਿਓ। ਇਹਨੂੰ ਕੋਈ ਨਾਂਅ-ਕੁ ਨਾਂਅ ਨਾ ਦਿਓ। ਨੁਕਤਾਚੀਨੀ ਕਰਨ ਵਾਲਿਓ! ਖਾਮੋਸ਼ ਹੋ ਜਾਓ!! ਰੌਲੀ ਪਾਉਣੀ ਚੰਗੀ ਨਹੀਂ ਹੁੰਦੀ। ਖਾਮੋਸ਼ੀ ਚੰਗੀ ਹੁੰਦੀ ਹੈ। ਜੇ ਜ਼ਿਆਦਾ ਨੁਕਤਾਚੀਨੀ ਕਰੋਗੇ, ਜ਼ਿਆਦਾ ਰੌਲੀ ਪਾਓਗੇ, ਤਾਂ ‘ਉਹ' ਵੱਡੇ ਵੱਡੇ ਲੋਕ ਨਾਰਾਜ਼ ਹੋ ਜਾਣਗੇ। ਪਾਣੀ ਵਿੱਚ ਰਹਿ ਕੇ ਮਗਰਮੱਛਾਂ ਨਾਲ ਤੇ ਸਮਾਜ ਵਿੱਚ ਰਹਿ ਕੇ ‘ਵੱਡਿਆਂ’ ਨਾਲ ਭਾਵ ਡਾਢਿਆਂ ਨਾਲ ਵੈਰ ਕਮਾਓਗੇ ਤਾਂ ਦੁਖੀ ਹੋ ਜਾਓਗੇ। ਪਹਿਲਾਂ ਤੋਂ ਵੀ ਵੱਧ ਤੁਹਾਡਾ ਕਾਫੀਆ ਤੰਗ ਹੋ ਜਾਵੇਗਾ। ਸਮਝੇ ਕਿ ਨਹੀਂ? ‘ਕੌਣ ਬਣੇਗਾ ਕਰੋੜਪਤੀ’ ਤੇ ਕ੍ਰਿਕਟ ਮੈਚ, ਚੀਅਰ (ਲੀਡਰਸ) ਗਰਲਜ਼ ਦਾ ਡਾਂਸ ਵੇਖ ਕੇ ਅਤੇ ਫਿਲਮੀ ਅਭਿਨੇਤਰੀਆਂ, ਫੈਸ਼ਨ ਸ਼ੋਅ ਦੀਆਂ ਸੁੰਦਰੀਆਂ, ਟੀ ਵੀ ਮਾਡਲਜ਼ ਦੀਆਂ ਪਾਰਦਰਸ਼ੀ ਪੁਸ਼ਾਕਾਂ ਵੇਖ ਕੇ ਖੁਸ਼ ਹੋ ਲਿਆ ਕਰੋ। ਇੰਨੇ ਜ਼ਿਆਦਾ ਪਾਰਦਰਸ਼ੀ ਜਲਵੇ ਵੇਖ-ਵੇਖ ਕੇ ਪ੍ਰਸੰਨ ਹੋ ਲਿਆ ਕਰੋ। ਹਰ ਤਰ੍ਹਾਂ ਦੀ ਅਲੂਦਗੀ, ਬੇਹੂਦਗੀ, ਗੰਦਗੀ ਦੀ ਮਾਰ ਸਹਿਣ ਦੀ ਸ਼ਕਤੀ ਖੁਦ ਵਿੱਚ ਪੈਦਾ ਕਰੋ। ਆਖਰ ਤੁਸੀਂ-ਅਸੀਂ ਆਪਾਂ ਸਾਰੇ ਆਮ ਲੋਕ ਇੱਕ ਸ਼ਕਤੀਸ਼ਾਲੀ ਦੇਸ਼ ਵਿੱਚ ਰਹਿੰਦੇ ਹਾਂ। ਸਹਿਣਸ਼ੀਲ ਤਾਂ ਹੋਣਾ ਈ ਪਵੇਗਾ।
ਲੰਮੇ ਅਰਸੇ ਤੋਂ ਆਪਣੇ ਪਿਆਰੇ ਵਤਨ ਵਿੱਚ ਵਧਣ-ਫੁੱਲਣ ਤੇ ਫੈਲਣ ਕਾਰਨ ਭਿ੍ਰਸ਼ਟਾਚਾਰ ਵੀ ਅਪਾਰਦਰਸ਼ੀ ਹੋ ਗਿਆ ਹੈ। ਇਹ ਚੁਲਬੁਲੀਆਂ ਹੁਸੀਨ ਅਭਿਨੇਤਰੀਆਂ ਅਤੇ ਦਿਲਕਸ਼ ਖੂਬਸੂਰਤ ਮਾਡਲਸ ਦੇ ਲਿਬਾਸਾਂ ਵਾਂਗ ਪਾਰਦਰਸ਼ੀ ਨਹੀਂ ਰਿਹਾ। ਜਿਵੇਂ ਲੰਮੇ ਸਮੇਂ ਤੋਂ ਤਰ੍ਹਾਂ-ਤਰ੍ਹਾਂ ਦੀ ਗੰਦਗੀ ਤੇ ਅਲੂਦਗੀ ਮੌਜੂਦ ਰਹਿਣ ਨਾਲ ਅਪਾਰਦਰਸ਼ੀ ਹੋ ਗਈ, ਉਹੀ ਬਦਗੁਮਾਨੀ ਵੀ ਅਪਾਰਦਰਸ਼ੀ ਹੋ ਗਈ ਹੈ। ਭਾਵ ਇਹ ਹੈ ਕਿ ਭਿ੍ਰਸ਼ਟਾਚਾਰ ਦਾ ਕੂੜਾ-ਕਚਰਾ ਫੈਲਾਉਣ ਵਾਲਿਆਂ ਨੂੰ ਇਹ ਹਰਗਿਜ਼ ਨਜ਼ਰ ਨਹੀਂ ਆਉਂਦਾ। ਇਸ ਲਈ ਭਿ੍ਰਸ਼ਟਾਚਾਰ ਦਾ ਕੂੜਾ-ਕਚਰਾ ਤਮਾਮ ਦੂਸਰੇ ਕੂੜੇ-ਕਚਰੇ ਵਾਂਗ ਥਾਂ-ਥਾਂ ਢੇਰਾਂ ਦੇ ਭਾਰ ਥੱਲੇ ਦੱਬੀ ਹੋਈ ਦੇਸ਼ ਤੇ ਆਮ ਖਲਕਤ ਦੀ ਮਾਲੀ ਤਰੱਕੀ, ਖੁਸ਼ਹਾਲੀ ਔਖੇ-ਸੌਖੇ ਸਾਹ ਲੈ ਰਹੀ ਹੈ। ਬਹੁਤ ਸਾਰੇ ਲੋਕਾਂ ਤੇ ਲੋਕਣੀਆਂ ਦੇ ਮਾੜੇ ਤੇ ਭੈੜੇ ਕਿਰਦਾਰ, ਵਿਹਾਰ ਤੇ ਇਖਲਾਕ ਦੀ ਅਲੂਦਗੀ ਨੇ ਸਾਡੀ ਤਹਿਜ਼ੀਬ ਤੇ ਸਭਿਆਚਾਰ ਨੂੰ ਮਲੀਨ ਕਰ ਕੇ ਰੱਖ ਦਿੱਤਾ ਹੈ। ਪਾਰਦਰਸ਼ੀ ਭਾਵ ਨਿਰਮਲ ਹੋਣ ਦੇ ਬਾਵਜੂਦ ਈਮਾਨਦਾਰੀ, ਨੈਤਿਕਤਾ, ਸੱਚਾਈ, ਨੇਕੀ, ਮੁਹੱਬਤ, ਅਪਣੱਤ ਘੱਟ ਵਿਖਾਈ ਕਿਉਂ ਦੇ ਰਹੀ ਹੈ?
ਸਾਡੀ ਟੋਟਲ ਰਿਸਰਚ ਦਾ ਤੱਤ ਇਹੀ ਹੈ ਕਿ ਸਭ ਤਰ੍ਹਾਂ ਦੇ ਕੂੜੇ-ਕਚਰੇ ਦੀ ਗੰਦਗੀ ਅਪਾਰਦਰਸ਼ੀ ਹੋ ਗਈ ਹੈ। ਅਪਾਰਦਰਸ਼ੀ ਤਰੱਕੀ ਗਰੀਬਾਂ ਦੀ ਹੋਈ ਹੈ ਅਤੇ ਪਾਰਦਰਸ਼ੀ ਤਰੱਕੀ ਅਮੀਰਾਂ ਤੇ ਉਨ੍ਹਾਂ ਦੇ ਘਰਾਣਿਆਂ ਦੀ ਹੋਈ ਹੈ ਅਤੇ ਪਾਰਦਰਸ਼ੀ ਤਰੱਕੀ ਅਮੀਰਾਂ ਤੇ ਉਨ੍ਹਾਂ ਦੇ ਘਰਾਣਿਆਂ ਦੀ ਹੋਈ ਹੈ। ਹਵਾ, ਪਾਣੀ, ਮਿੱਟੀ ਦੀ ਅਲੂਦਗੀ ਵੀ ਅਪਾਰਦਰਸ਼ੀ ਹੋ ਗਈ ਹੈ। ਪਾਰਦਰਸ਼ੀ ਸ਼ਾਸਨ ਤੇ ਪ੍ਰਸ਼ਾਸਨ ਦੇਣ ਦਾ ਦਾਅਵਾ ਕਰਨ ਵਾਲਿਆਂ ਦੀ ਕਾਰਜ ਪ੍ਰਣਾਲੀ ਵਿੱਚੋਂ ਲੱਭਣ 'ਤੇ ਵੀ ਪਾਰਦਰਸ਼ਿਤਾ ਕਿਉਂ ਨਹੀਂ ਲੱਭਦੀ? ‘‘ਆਮ ਲੋਕ ਪ੍ਰੇਸ਼ਾਨ ਹਨ। ਬਹੁਤ ਜ਼ਿਆਦਾ ਮਾਯੂਸ ਤੇ ਪ੍ਰੇਸ਼ਾਨ ਹਨ। ਕੀ ਬਾਕੀ ਸਾਰੇ ਦੁੱਕੀ-ਤਿੱਕੀ ਹਨ? ਕਿਉਂ ਚੰਦ ਬੰਦੇ ਹੀ ‘ਮਹਾਨ’ ਹਨ?”

Have something to say? Post your comment