Welcome to Canadian Punjabi Post
Follow us on

19

March 2024
 
ਨਜਰਰੀਆ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਭਿ੍ਰਸ਼ਟਾਚਾਰ ਦੇ ਦੋਸ਼ ਤੇ ਜਵਾਬੀ ਦੋਸ਼

February 24, 2020 07:09 AM

-ਜਸਵੰਤ ਸਿੰਘ ਅਜੀਤ
ਬੀਤੇ ਕਾਫੀ ਸਮੇਂ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਰੋੜਾਂ ਰੁਪਏ ਦੇ ਘਪਲੇ ਹੋਣ ਦੇ ਦੋਸ਼-ਜਵਾਬੀ ਦੋਸ਼ ਲਾਏ ਜਾਣ ਦਾ ਸਿਲਸਿਲਾ ਚੱਲਦਾ ਆ ਰਿਹਾ ਹੈ। ਸ਼ਾਇਦ ਹੀ ਕੋਈ ਦਿਨ ਨਿਕਲਦਾ ਹੋਵੇਗਾ, ਜਿਸ ਦਿਨ ਇੱਕ ਜਾਂ ਦੂਜੀ ਧਿਰ ਵੱਲੋਂ ਵਿਰੋਧੀਆਂ ਉੱਤੇ ਲਾਏ ਦੋਸ਼ਾਂ-ਜਵਾਬੀ ਦੋਸ਼ਾਂ 'ਤੇ ਆਧਾਰਤ ਇੱਕ ਦੋ ਖਬਰਾਂ ਪੜ੍ਹਨ ਨੂੰ ਨਾ ਮਿਲਣ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਰੋੜਾਂ ਰੁਪਏ ਦੇ ਘਪਲਿਆਂ ਦੇ ਨਾਂਅ ਉਤੇ ਦੋਸ਼ ਜਵਾਬੀ ਦੋਸ਼ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਦਿਖਾਈ ਦੇਂਦਾ ਹੈ, ਉਹ ਕਿੱਥੇ ਜਾ ਕੇ ਰੁਕੇਗਾ, ਕਿਹਾ ਨਹੀਂ ਜਾ ਸਕਦਾ, ਪਰ ਇਸ ਨਾਲ ਲੋਕਾਂ 'ਚ ਇਹ ਸੰਦੇਸ਼ ਜਾ ਰਿਹਾ ਹੈ ਕਿ ਸਿੱਖਾਂ ਦੇ ਇਹ ਪਵਿੱਤਰ ਗੁਰਧਾਮ ਅੱਜਕੱਲ੍ਹ ਧਰਮ ਦੇ ਸਰੋਤ ਨਹੀਂ ਰਹੇ, ਭਿ੍ਰਸ਼ਟਾਚਾਰ ਦੇ ਅੱਡੇ ਹੋ ਗਏ ਹਨ। ਇਸ ਨਾਲ ਆਮ ਸਿੱਖਾਂ ਦੇ ਨਾਲ ਉਨ੍ਹਾਂ ਗੈਰ ਸਿੱਖਾਂ ਦਾ ਸਿਰ ਵੀ ਸ਼ਰਮ ਨਾਲ ਝੁਕਦਾ ਹੈ, ਜਿਨ੍ਹਾਂ ਦੀ ਸ਼ਰਧਾ ਗੁਰੂਘਰ ਪ੍ਰਤੀ ਵਿੱਚ ਹੈ ਅਤੇ ਸਮਾਨਤਾ ਦਾ ਸੰਦੇਸ਼ ਹਾਸਲ ਕਰਦੇ ਆਏ ਹਨ। ਇਹ ਗੱਲ ਦਾਅਵੇ ਨਾਲ ਨਹੀਂ ਕਹੀ ਜਾ ਸਕਦੀ ਕਿ ਇਨ੍ਹਾਂ ਦੋਸ਼ਾਂ-ਜਵਾਬੀ ਦੋਸ਼ਾਂ ਵਿੱਚ ਕਿੰਨੀ ਸੱਚਾਈ ਹੈ ਤੇ ਇਨ੍ਹਾਂ ਵਿੱਚ ਕਿੰਨੀ ਸਿਆਸੀ ਵਿਰੋਧ ਦੀ ਭਾਵਨਾ, ਪਰ ਇਹ ਤਾਂ ਮੰਨਣਾ ਹੋਵੇਗਾ ਕਿ ਦੋਸ਼ ਜਵਾਬੀ ਦੋਸ਼ ਦਾ ਜੋ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ, ਉਸ ਨਾਲ ਸਮੁੱਚੇ ਰੂਪ ਵਿੱਚ ਸਿੱਖਾਂ ਅਤੇ ਉਨ੍ਹਾਂ ਦੀਆਂ ਧਾਰਮਿਕ ਸੰਸਥਾਵਾਂ ਦੀ ਦਿੱਖ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੀ ਹੈ।
ਦਿੱਲੀ ਗੁਰਦੁਆਰਾ ਕਮੇਟੀ ਵਿੱਚ ਭਿ੍ਰਸ਼ਟਾਚਾਰ ਲੱਭਣ ਦੀ ਗੱਲ ਕੋਈ ਨਵੀਂ ਨਹੀਂ। ਇਸ ਵਿੱਚ ਭਿ੍ਰਸ਼ਟਾਚਾਰ ਹੋਣ ਅਤੇ ਉਸ ਵਿੱਚ ਕਾਬਜ਼ ਆਗੂਆਂ ਦੇ ਸ਼ਾਮਲ ਹੋਣ ਦੇ ਦੋਸ਼ ਉਸ ਸਮੇਂ ਤੋਂ ਲੱਗਦੇ ਰਹੇ ਹਨ, ਜਦੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸਿਰਫ 11 ਮੈਂਬਰੀ ਕਮੇਟੀ 'ਤੇ ਹੀ ਹੋਇਆ ਕਰਦੀ ਸੀ, ਅੱਜਕੱਲ੍ਹ ਤਾਂ ਇਸ ਦੇ ਮੈਂਬਰਾਂ ਦੀ ਗਿਣਤੀ 56 ਤੱਕ ਪਹੁੰਚ ਗਈ ਹੈ (51 ਵੋਟ ਕਰਨ ਦੇ ਅਧਿਕਾਰੀ, ਪੰਜ ਤਖਤਾਂ ਦੇ ਜਥੇਦਾਰ, ਜਿਨ੍ਹਾਂ ਨੂੰ ਵੋਟ ਦਾ ਅਧਿਕਾਰ ਨਹੀਂ) ਅਤੇ ਇਸ ਦੇ ਨਾਲ ਇਨ੍ਹਾਂ ਗੁਰਦੁਆਰਿਆਂ ਦੀ ਜੋ ਗੋਲਕ ਹਜ਼ਾਰਾਂ ਤੋਂ ਲੱਖਾਂ ਵੱਲ ਵਧ ਰਹੀ ਸੀ, ਉਹ ਕਰੋੜਾਂ ਦੇ ਅੰਕੜਿਆਂ ਨੂੰ ਪਾਰ ਕਰ ਕੇ ਅਰਬਾਂ ਤੱਕ ਪਹੁੰਚ ਗਈ ਹੈ।
ਉਂਜ ਦਿੱਲੀ ਦੇ ਸਿੱਖ ਜਾਣਦੇ ਹਨ ਕਿ 20 ਸਾਲ ਪਹਿਲਾਂ (ਸੰਨ 2000 ਵਿੱਚ) ਇੱਕ ਅਕਾਲੀ ਦਲ ਦੇ ਰਾਸ਼ਟਰੀ ਨੇਤਾਵਾਂ ਨੇ ਆਪਣੇ ਦਲ ਦੇ ਹੀ ਮੁਖੀ ਵਿਸ਼ੇਸ਼ ਨੂੰ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਾ ਕੇ ਗੁਰਦੁਆਰਾ ਕਮੇਟੀ ਦੀ ਸੱਤਾ 'ਤੇ ਕਬਜ਼ਾ ਕਰਨ ਲਈ ਪੰਜ ਤੋਂ ਅੱਠ ਲੱਖ ਰੁਪਏ ਦਾ ਮੁੱਲ ਦੇ ਕੇ ਵਿਰੋਧੀ ਮੈਂਬਰਾਂ ਦੀਆਂ ਵਫਾਦਾਰੀਆਂ ਖਰੀਦੀਆਂ, ਤਾਂ ਦੂਸਰੇ ਪਾਸੇ ਆਪਣੇ ਹੀ ਕਈ ਮੈਂਬਰਾਂ ਨੂੰ ਵਫਾਦਾਰ ਬਣਾਈ ਰੱਖਣ ਲਈ ਉਨ੍ਹਾਂ ਨੂੰ ਪੰਜ-ਪੰਜ ਲੱਖ ਤੱਕ ਰਿਸ਼ਵਤ ਵੀ ਅਦਾ ਕੀਤੀ ਸੀ। ਇਨ੍ਹਾਂ ਜ਼ਮੀਰ ਫਰੋਸ਼ਾਂ, ਜਿਨ੍ਹਾਂ ਦੀ ਮਦਦ ਨਾਲ ਅਕਾਲੀ ਦਲ ਨੇ ਜਿੱਤ ਜਿੱਤੀ, ਨੂੰ ਅੰਮ੍ਰਿਤਸਰ ਲਿਜਾ ਕੇ ਇਸ ‘ਪੰਥਕ ਸੇਵਾ’ ਬਦਲੇ ਸ੍ਰੀ ਅਕਾਲ ਤਖਤ ਤੋਂ ਸਿਰੋਪਾਓ ਦੀ ਬਖਸ਼ਿਸ਼ ਕਰਵਾ ਕੇ ਸਨਮਾਨਿਤ ਵੀ ਕਰਵਾਇਆ ਸੀ।
ਇਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਸਵੀਕਾਰ ਕਰਨਾ ਹੋਵੇਗਾ ਕਿ ਗੁਰਦੁਆਰਾ ਪ੍ਰਬੰਧ ਵਿੱਚ ਭਿ੍ਰਸ਼ਟਾਚਾਰ ਹੋਣ ਦੀਆਂ ਜੋ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਸਨ, ਉਨ੍ਹਾਂ ਤੋਂ ਨਾ ਦਿੱਲੀ ਗੁਰਦੁਆਰਾ ਕਮੇਟੀ ਅਤੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਮੁਕਤ ਹਨ, ਸਗੋਂ ਦੇਸ਼-ਵਿਦੇਸ਼ ਦੇ ਵੱਖ-ਵੱਖੇ ਹਿੱਸਿਆਂ ਵਿੱਚ ਛੋਟੇ-ਵੱਡੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ ਜਾਂ ਹੋਰ ਨਾਵਾਂ ਨਾਲ ਬਣੀਆਂ ਧਾਰਮਿਕ ਸੰਸਥਾਵਾਂ ਦੇ ਆਗੂ ਵੀ ਭਿ੍ਰਸ਼ਟਾਚਾਰ ਆਦਿ ਦੇ ਦੋਸ਼ਾਂ ਤੋਂ ਮੁਕਤ ਨਹੀਂ। ਫਰਕ ਇੰਨਾ ਹੈ ਕਿ ਹਰ ਕਮੇਟੀ ਵਿੱਚ ਹੋਣ ਵਾਲਾ ਭਿ੍ਰਸ਼ਟਾਚਾਰ ਉਨ੍ਹਾਂ ਦੀ ਗੋਲਕ ਉੱਤੇ ਨਿਰਭਰ ਕਰਦਾ ਹੈ, ਜਿੱਥੇ ਜਿੰਨੀ ਛੋਟੀ ਵੱਡੀ ਗੋਲਕ, ਉਥੇ ਓਨਾ ਹੀ ਛੋਟਾ ਵੱਡਾ ਭਿ੍ਰਸ਼ਟਾਚਾਰ ਹੋ ਰਿਹਾ ਹੈ।
ਜਿਸ ਤਰ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਸੱਤਾਧਾਰੀਆਂ 'ਤੇ ਪਾਰਟੀ ਦੇ ਅੰਦਰ ਅਤੇ ਬਾਹਰੋਂ ਭਿ੍ਰਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਜਾਂਦੇ ਰਹੇ, ਉਨ੍ਹਾਂ ਨਾਲ ਇੱਕ ਪਾਸੇ ਇਨ੍ਹਾਂ ਨਾਲ ਬਣਦੀ ਸਥਿਤੀ ਆਮ ਸਿੱਖਾਂ ਦੇ ਲਈ ਚਿੰਤਾ ਦਾ ਕਾਰਨ ਬਣਦੀ ਰਹੀ ਹੈ ਅਤੇ ਦੂਜੇ ਪਾਸੇ ਗੈਰ ਸਿੱਖਾਂ ਦੀ ਚਰਚਾ ਦਾ ਵਿਸ਼ਾ। ਇਸ ਚਿੰਤਾ ਜਨਕ ਸਥਿਤੀ ਬਾਰੇ ਸਭ ਤੋਂ ਵੱਧ ਦੁਖੀ ਆਮ ਸਿੱਖ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਹੀ ਸਭ ਤੋਂ ਜ਼ਿਆਦਾ ਗੈਰ ਸਿੱਖਾਂ ਦੇ ਨਾਲ ਹੀ ਆਪਣਿਆਂ ਦੇ ਵੀ ਵਿਅੰਗ-ਤੀਰਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਸਥਿਤੀ ਦੇ ਕਾਰਨ ਹੀ ਸਿੱਖਾਂ ਦਾ ਇੱਕ ਵਰਗ ਇਹ ਮੰਨਣ ਲਈ ਮਜਬੂਰ ਹੋ ਰਿਹਾ ਹੈ ਕਿ ਇਨ੍ਹਾਂ ਵਿਵਾਦਾਂ ਅਤੇ ਝਗੜਿਆਂ ਦਾ ਮੁੱਖ ਕਾਰਨ ਰਾਜਨੀਤੀ 'ਚ ਮੂੰਹ ਮਾਰਨ ਵਾਲਿਆਂ 'ਚ ਧਰਮ ਦੇ ਸਹਾਰੇ ਰਾਜਨੀਤੀ 'ਚ ਸਥਾਪਤ ਹੋਣ ਦੀ ਲਾਲਸਾ ਦਾ ਲਗਾਤਾਰ ਵਧਦੇ ਜਾਣਾ ਹੈ।
ਨਕਾਰਾਤਮਕਤਾ ਅੱਜ ਦੀ ਅਕਾਲੀ ਰਾਜਨੀਤੀ ਦਾ ਅਜਿਹਾ ਅਟੁੱਟ ਦੁੱਖਾਂਤ ਬਣ ਗਿਆ ਹੈ ਕਿ ਉਸ ਤੋਂ ਨਾ ਕਿਸੇ ਵੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਨਾ ਕਿਸੇ ਦਲ ਦੀ ਰਾਨਜੀਤੀ ਮੁਕਤ ਹੋ ਸਕਦੀ ਹੈ। ਇਹ ਦਾਅਵਾ ਕਿਸੇ ਹੋਰ ਨੇ ਨਹੀਂ, ਸਗੋਂ ਇੱਕ ਸੀਨੀਅਰ ਤੇ ਟਕਸਾਲੀ ਅਕਾਲੀ ਨੇਤਾ ਨੇ ਨਿੱਜੀ ਗੱਲਬਾਤ ਵਿੱਚ ਕੀਤਾ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਅੱਜ ਦੇ ਸਿਆਸੀ ਖੇਤਰ ਵਿੱਚ ਹਾਲਾਤ ਹੀ ਕੁਝ ਅਜਿਹੇ ਬਣ ਗਏ ਹਨ ਕਿ ਨਕਾਰਾਤਮਕਤਾ ਦੀ ਇਸ ਦਲਦਲ ਭਰੀ ਰਾਜਨੀਤੀ ਵਿੱਚ ਨਾ ਸਿਰਫ ਅਕਾਲੀ ਦਲ, ਸਗੋਂ ਦੇਸ਼ ਦੀਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਇੰਨੀ ਬੁਰੀ ਤਰ੍ਹਾਂ ਫਸ ਚੁੱਕੀਆਂ ਹਨ ਕਿ ਉਨ੍ਹਾਂ ਦਾ ਇਸ 'ਚੋਂ ਨਿਕਲ ਸਕਣਾ ਕਿਸੇ ਵੀ ਤਰ੍ਹਾਂ ਨਾਲ ਸੰਭਵ ਨਹੀਂ ਰਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਫਿਰ ਵੀ ਅਕਾਲੀ ਰਾਜਨੀਤੀ 'ਚ ਇਸ ਨਕਾਰਾਤਮਕਤਾ ਦਾ ਦਾਖਲਾ ਇਸ ਲਈ ਚੁੱਭਦਾ ਹੈ ਕਿ ਇਸ ਦੀ ਸਥਾਪਨਾ ਇੱਕ ਸਿਆਸੀ ਪਾਰਟੀ ਦੇ ਰੂਪ ਵਿੱਚ ਨਹੀਂ ਕੀਤੀ ਗਈ, ਇਸ ਦੀ ਸਥਾਪਨਾ ਦਾ ਉਦੇਸ਼ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਅਤੇ ਧਾਰਮਿਕ ਸੰਸਥਾਵਾਂ 'ਚ ਧਾਰਮਿਕ ਮਾਨਤਾਵਾਂ, ਮਰਿਆਦਾਵਾਂ ਅਤੇ ਪ੍ਰੰਪਰਾਵਾਂ ਨੂੰ ਬਹਾਲ ਰੱਖਣ ਵਿੱਚ ਸਹਿਯੋਗ ਕਰਨਾ ਯਕੀਨੀ ਕੀਤਾ ਗਿਆ ਸੀ। ਅੱਜ ਜਿਸ ਰੂਪ ਵਿੱਚ ਅਕਾਲੀ ਦਲ ਸਰਗਰਮ ਦਿਖਾਈ ਦੇ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਜਿਵੇਂ ਨਕਾਰਾਤਮਕਤਾ ਅਕਾਲੀ ਦਲ ਦੀਆਂ ਨੀਤੀਆਂ ਦੀਆਂ ਜੜ੍ਹਾਂ ਤੱਕ ਇਸ ਤਰ੍ਹਾਂ ਘੁਲ ਮਿਲ ਗਈ ਹੈ ਕਿ ਉਸ ਤੋਂ ਛੁਟਕਾਰਾ ਹਾਸਲ ਕਰ ਸਕਣਾ ਉਨ੍ਹਾਂ ਦੇ ਵੱਸ ਦਾ ਰੋਗ ਨਹੀਂ ਰਹਿ ਗਿਆ।
ਪ੍ਰਬੰਧ 'ਚ ਭਿ੍ਰਸ਼ਟਾਚਾਰ ਨਾਲ ਸੰਬੰਧਤ ਖਬਰਾਂ ਦੇ ਪਾਠਕ ਇੱਕੋ ਕਿਸਮ ਦੇ ਬਿਆਨਾਂ ਨੂੰ ਵਾਰ-ਵਾਰ ਪੜ੍ਹ ਕੇ ਅੱਕ ਚੁੱਕੇ ਹੁੰਦੇ ਹਨ, ਫਿਰ ਵੀ ਇਹ ਬਿਆਨ ਜਾਰੀ ਕਰਨ ਵਾਲੇ ਸ਼ਾਇਦ ਇਹ ਮੰਨ ਕੇ ਚੱਲਦੇ ਹਨ, ਜਿਵੇਂ ਉਨ੍ਹਾਂ ਦੇ ਬਿਆਨਾਂ ਨੂੰ ਵਾਰ-ਵਾਰ ਪੜ੍ਹਦੇ ਹੋਏ ਆਮ ਸਿੱਖਾਂ ਦੀ ਸੋਚ ਬਦਲ ਰਹੀ ਹੈ ਅਤੇ ਉਹ ਉਨ੍ਹਾਂ (ਜਿਨ੍ਹਾਂ 'ਤੇ ਦੋਸ਼ ਲਾਏ ਜਾ ਰਹੇ ਹਨ) ਤੋਂ ਕਿਨਾਰਾ ਕਰ ਕੇ ਉਨ੍ਹਾਂ (ਜੋ ਦੋਸ਼ ਲਾ ਰਹੇ ਹਨ) ਵੱਲ ਝੁਕਣ ਲਈ ਮਜਬੂਰ ਹੋ ਰਹੇ ਹਨ, ਜਦ ਕਿ ਇਹ ਸੋਚ ਸਿਰਫ ਭਰਮ, ਭਾਵ ‘ਦਿਲ ਕੇ ਬਹਿਲਾਨੇ ਕੋ ਖਿਆਲ ਅੱਛਾ ਹੈ' ਵਾਲੀ ਹੁੰਦੀ ਹੈ। ਇਸ ਦੇ ਵਿਰੁੱਧ ਜ਼ਮੀਨੀ ਸੱਚਾਈ ਇਹ ਹੈ ਕਿ ਅਜਿਹੀਆਂ ਖਬਰਾਂ ਪੜ੍ਹ-ਸੁਣ ਕੇੇ ਨਾ ਆਮ ਸਿੱਖ ਆਪਣੀ ਸੋਚ ਬਦਲਦੇ ਹਨ ਅਤੇ ਨਾ ਉਹ ਇੱਕ ਧਿਰ ਨਾਲੋਂ ਨਾਤਾ ਤੋੜ ਕੇ ਦੂਸਰੀ ਵੱਲ ਝੁਕਣ ਲਈ ਮਜਬੂਰ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਭਾਵੇਂ ਇਨ੍ਹਾਂ ਦੋਸ਼ਾਂ ਵਿੱਚ ਕਿਸੇ ਹੱਦ ਤੱਕ ਸੱਚਾਈ ਹੁੰਦੀ ਹੈ, ਤਾਂ ਵੀ ਆਮ ਸਿੱਖ ਇਹ ਮੰਨ ਕੇ ਚੱਲਦਾ ਹੈ ਕਿ ਇਨ੍ਹਾਂ ਦੋਸ਼ਾਂ ਨੂੰ ਸਿਆਸੀ ਵਿਰੋਧ ਦੀ ਭਾਵਨਾ ਦੇ ਤਹਿਤ ਵਧਾ ਚੜ੍ਹਾਅ ਕੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਆਮ ਸਿੱਖਾਂ ਤਾਂ ਕੀ ਗੈਰ ਸਿੱਖ ਤੱਕ ਵੀ ਅਜਿਹੇ ਬਿਆਨਾਂ ਨੂੰ ਪੜ੍ਹ-ਸੁਣ ਕੇ, ਇਹੀ ਕਹਿੰਦੇ ਸੁਣੇ ਜਾਂਦੇ ਹਨ ਕਿ ਇਸ ਹਮਾਮ 'ਚ ਸਾਰੇ ਨੰਗੇ ਹਨ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ