Welcome to Canadian Punjabi Post
Follow us on

27

March 2019
ਕੈਨੇਡਾ

ਡੱਗ ਫੋਰਡ, ਪੈਟਰਿਕ ਬਰਾਊਨ ਅਤੇ ਕੱਲ!

October 25, 2018 10:51 AM

ਪੰਜਾਬੀ ਪੋਸਟ ਵਿਸ਼ਲੇਸ਼ਣ

ਆਮ ਪ੍ਰਭਾਵ ਹੈ ਕਿ ਸਿਆਸੀ ਲੋਕ ਆਪਣੀ ਗੱਲ ਨੂੰ ਇੰਝ ਸਿਆਸਤੀ ਤਰੀਕੇ ਨਾਲ ਕਰਦੇ ਹਨ ਕਿ ਸਾਹਮਣੇ ਵਾਲੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹਨਾਂ ਦਾ ਨੁਕਸਾਨ ਹੋਣ ਵਾਲਾ ਹੈ ਜਾਂ ਲਾਭ। ਇਸੇ ਕਰਕੇ ਲੋਕ ਦੋਸਤਾਂ ਮਿੱਤਰਾਂ ਨੂੰ ਮਜਾਕ ਵਿੱਚ ਆਖਦੇ ਹਨ, “ਵੇਖੀਂ ਮੇਰੇ ਨਾਲ ਸਿਆਸਤ ਨਾ ਖੇਡੀਂ”। ਪਰ ਉਂਟੇਰੀਓ ਪ੍ਰੀਮੀਅਰ ਡੱਗ ਫੋਰਡ ਦੇ ਕੇਸ ਵਿੱਚ ਨਹੀਂ ਕਿਹਾ ਜਾ ਸਕਦਾ ਕਿ ਉਹ ਆਪਣੀ ਗੱਲ ਨੂੰ ਸਿਆਸੀ ਮੋੜ ਦੇ ਕੇ ਗੋਲ ਮੋਲ ਕਰੇਗਾ।

ਇਸਦੇ ਉਲਟ ਬਰੈਂਪਟਨ ਮੇਅਰ ਪੈਟਰਿਕ ਬਰਾਊਨ ਬਾਰੇ ਸਪੱਸ਼ਟ ਕਿਹਾ ਜਾ ਸਕਦਾ ਹੈ ਕਿ ਉਹ ਆਪਣੀ ਗੱਲ ਨੂੰ ਸਿਆਸੀ ਢੰਗ ਨਾਲ ਹੀ ਕਰੇਗਾ। ਦੋਵੇਂ ਇੱਕੋ ਪਾਰਟੀ ਨਾਲ ਸਬੰਧਿਤ ਹਨ ਅਤੇ ਦੋਵੇਂ ਇੱਕ ਦੂਜੇ ਦੇ ਵਿਰੋਧੀ ਹਨ। ਇਸ ਸੂਰਤ ਵਿੱਚ ਸੁਆਲ ਉੱਠਦਾ ਹੈ ਕਿ ਬਰੈਂਪਟਨ ਸਿਟੀ ਵਾਸਤੇ ਕੱਲ ਕਿਹੋ ਜਿਹਾ ਹੋਵੇਗਾ।

 ਵੱਖੋ ਵੱਖਰੀਆਂ ਸਖ਼ਸਿ਼ਅਤਾਂ ਦੇ ਮਾਲਕ ਹੋਣ ਦੇ ਬਾਵਜੂਦ ਬੀਤੀ ਕੱਲ ਦੋਵਾਂ ਨੇਤਾਵਾਂ ਨੇ ਆਪੋ ਆਪਣੇ ਸੁਭਾਅ ਦੇ ਉਲਟ ਜਾ ਕੇ ਬਿਆਨ ਦਿੱਤੇ। ਪ੍ਰੀਮੀਅਰ ਡੱਗ ਫੋਰਡ ਨੇ ‘ਸੀ ਟੀ ਵੀ’ ਨਾਲ ਗੱਲ ਕਰਦੇ ਕਿਹਾ ਕਿ ਉਹ ਪੈਟਰਿਕ ਬਰਾਊਨ ਨਾਲ ਉਵੇਂ ਹੀ ਮਿਲ ਕੇ ਕੰਮ ਕਰੇਗਾ ਜਿਵੇਂ ਕਿ ਉਂਟੇਰੀਓ ਦੇ ਹੋਰ ਮੇਅਰਾਂ ਨਾਲ। ਦੂਜੇ ਪਾਸੇ ‘ਸੀ ਬੀ ਸੀ’ ਨਾਲ ਗੱਲ ਕਰਦੇ ਹੋਏ ਪੈਟਰਿਕ ਬਰਾਊਨ ਦਾ ਆਖਣਾ ਸੀ ਕਿ ਬਰੈਂਪਟਨ ਯੂਨੀਵਰਸਿਟੀ ਲਈ ਫੰਡ ਕੱਟ ਕਰਨ ਦੇ ਡੱਗ ਫੋਰਡ ਦੇ ਫੈਸਲੇ ਨੂੰ ਉਸਨੇ ਨਿੱਜੀ ਰੂਪ ਵਿੱਚ ਲਿਆ ਹੈ ਭਾਵ ‘ਪਰਸਨਲ’ (Personal) ਲਿਆ ਹੈ।

 ਐਨਾ ਹੀ ਨਹੀਂ ਸਗੋਂ ਬਰਾਊਨ ਨੇ ਕਿਹਾ ਕਿ ਬਰੈਂਪਟਨ ਨੂੰ ਲੱਗਣ ਵਾਲੇ ਹਰ ੀ ਫੰਡਿੰਗ ਕੱਟ ਨੂੰ ਉਹ ਪਰਸਨਲ ਲਵੇਗਾ ਭਾਵ ਉਹ ਉਮੀਦ ਕਰਦਾ ਹੈ ਕਿ ਬਰੈਂਪਟਨ ਦੇ ਗਲੇ ਉੱਤੇ ਕੱਟਾਂ ਦੀ ਹੋਰ ਛੁਰੀ ਵੱਜਣ ਵਾਲੀ ਹੈ।

 

ਪੈਟਰਿਕ ਬਰਾਊਨ ਦੇ ਸਿਆਸੀ ਖੰਭ ਕੁਤਰਨ ਲਈ ਹੀ ਡੱਗ ਫੋਰਡ ਨੇ ਪੀਲ ਰੀਜਨਲ ਕਾਉਂਸਲ ਦੀ ਚੋਣ ਰੱਦ ਕੀਤੀ ਸੀ। ਹੋਇਆ ਉਲਟ ਕਿ ਬਰਾਊਨ ਝਕਾਨੀ ਦੇ ਕੇ ਬਰੈਂਪਟਨ ਆ ਉੱਤਰਿਆ ਅਤੇ ਮੇਅਰ ਚੁਣਿਆ ਗਿਆ। ਫੋਰਡ ਮਸ਼ੀਨਰੀ ਨੇ ਆਪਣੇ ਐਮ ਪੀ ਪੀਆਂ ਅਤੇ ਚੋਣ ਮੈਨੇਜਰਾਂ ਨੂੰ ਲਿੰਡਾ ਜੈਫਰੀ ਦੀ ਮਦਦ ਕਰਨ ਦੇ ਸੰਕੇਤ ਭੇਜੇ ਜਿਸਨੂੰ ਵੋਟਰਾਂ ਨੇ ਸ਼ਾਇਦ ਪਸੰਦ ਨਹੀਂ ਕੀਤਾ ਅਤੇ ਬਰਾਊਨ ਨੂੰ ਜਿਤਾ ਦਿੱਤਾ।

 ਡੱਗ ਫੋਰਡ ਵੱਲੋਂ ਹਾਲੇ ਤੱਕ ਦਾਅਵੇ ਕੀਤੇ ਜਾ ਰਹੇ ਹਨ ਕਿ ਪੈਟਰਿਕ ਬਰਾਊਨ ਵੱਲੋਂ ਕੰਜ਼ਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਪ੍ਰਕਿਰਿਆ ਵਿੱਚ ਪਾਏ ਗਏ ਗੰਦ ਨੂੰ ਉਹ ਸਾਫ਼ ਕਰਨ ਦੀ ਪ੍ਰਕਿਰਿਆ ਵਿੱਚ ਹੈ। ਕਿਸੇ ਵੇਲੇ ਪੰਜਾਬੀ ਪੋਸਟ ਨੇ ਅੱਖੜ ਅਤੇ ਜਿੱਦੀ ਸੁਭਾਅ ਰੱਖਣ ਕਾਰਣ ਡੱਗ ਫੋਰਡ ਦੇ ਵੱਡੇ ਭਰਾ ਰੌਬ ਫੋਰਡ ਨੂੰ ‘ਕੈਨੇਡੀਅਨ ਜੱਟ’ ਦੀ ਸੰਗਿਆ ਦਿੱਤੀ ਸੀ। ਜਿੱਦੀ ਜੱਟ ਵਾਲਾ ਅੰਸ਼ ਡੱਗ ਫੋਰਡ ਵਿੱਚ ਵੀ ਮੌਜੂਦ ਹੈ। ਵੇਖਣਾ ਹੋਵੇਗਾ ਕਿ ਪੈਟਰਿਕ ਬਰਾਊਨ ਅੰਦਰਲਾ ਵਕੀਲ ਇਸ ਜੱਟ ਨਾਲ ਜਨਤਾ ਦੀ ਕਚਿਹਰੀ ਵਿੱਚ ਕਿੱਥੇ ਤੱਕ ਮੱਥਾ ਲਾਵੇਗਾ। 

ਆਖਦੇ ਹਨ ਕਿ ਖਰਬੂਜਾ ਛੁਰੀ ਉੱਤੇ ਡਿੱਗੇ ਜਾਂ ਛੁਰੀ ਖਰਬੂਜੇ ਉੱਤੇ...ਨੁਕਸਾਨ? ਇਸ ਸਥਿਤੀ ਵਿੱਚ ਸ਼ਾਇਦ ਨੁਕਸਾਨ ਸੱਭ ਤੋਂ ਵੱਧ ਬਰੈਂਪਟਨ ਵਾਸੀਆਂ ਦਾ ਹੋਵੇਗਾ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ