Welcome to Canadian Punjabi Post
Follow us on

21

November 2018
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀਜਗਮੀਤ ਸਿੰਘ ਦੀ ਚੀਫ ਆਫ ਸਟਾਫ ਦਾ ਅਸਤੀਫਾ ਵੱਡੀ ਹਲਚਲ ਦੀ ਦਸਤਕ : ਐਂਗਸਉੱਤਰੀ ਜਾਪਾਨ ਵਿੱਚ ਆਇਆ ਭੂਚਾਲ
ਨਜਰਰੀਆ

ਲੋਕ ਵਿਰਸਾ: ਪਾਣੀਆਂ ਨਾਲ ਸਬੰਧਤ ਕਥਾਵਾਂ

October 25, 2018 08:25 AM

-ਸਤਿੰਦਰ ਔਲਖ
ਮਨੁੱਖ ਇਕ ਸੂਝਵਾਨ ਪ੍ਰਾਣੀ ਹੋਣ ਦੇ ਨਾਲ ਭਾਸ਼ਾ ਦੀ ਵਰਤੋਂ ਕਰਨ ਵਾਲਾ ਪ੍ਰਾਣੀ ਹੈ। ਲਿਖਤੀ ਭਾਸ਼ਾ ਹੋਂਦ ਵਿੱਚ ਆਉਣ ਤੋਂ ਪਹਿਲਾਂ ਮਨੁੱਖ ਆਪਣਾ ਗਿਆਨ ਜ਼ਬਾਨੀ ਤੌਰ 'ਤੇ ਕਾਵਿ ਜਾਂ ਕਥਾ ਰੂਪ ਵਿੱਚ ਆਉਂਦੀ ਪੀੜ੍ਹੀ ਦੇ ਸਪੁਰਦ ਕਰਦਾ ਸੀ। ਇਹ ਮਿਥਕ ਕਥਾਵਾਂ ਮਨੁੱਖੀ ਕਲਪਨਾ ਦਾ ਕਰਿਸ਼ਮਾ ਹਨ ਤੇ ਵਾਰ-ਵਾਰ ਦੁਹਰਾਏ ਜਾਣ ਨਾਲ ਹੀਰੇ ਦੀ ਤਰ੍ਹਾਂ ਤਰਾਸ਼ੀਆਂ ਗਈਆਂ ਹਨ। ਜਿਸ ਸੱਭਿਆਚਾਰ 'ਚੋਂ ਇਹ ਪੈਦਾ ਹੁੰਦੀਆਂ ਹਨ, ਉਥੇ ਇਹ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਕਹਾਣੀਆਂ ਮੰਨੀਆਂ ਜਾਂਦੀਆਂ ਹਨ।
ਮਨੁੱਖ ਦੀਆਂ ਉਹ ਕਹਾਣੀਆਂ ਬਹੁਤ ਪੁਰਾਣੀਆਂ ਹਨ, ਜਿਨ੍ਹਾਂ ਦਾ ਸਬੰਧ ਮਨੁੱਖ, ਜੀਵ ਜਗਤ, ਬ੍ਰਹਿਮੰਡ ਅਤੇ ਪ੍ਰਕਿਰਤੀ ਦੇ ਪੈਦਾ ਹੋਣ ਨਾਲ ਹੈ। ਕਿਉਂਕਿ ਮਨੁੱਖ ਇਕ ਚਿੰਤਨਸ਼ੀਲ ਜੀਵ ਹੈ, ਇਸ ਲਈ ਉਹ ਹਮੇਸ਼ਾ ਇਹ ਜਾਨਣ ਦਾ ਯਤਨ ਕਰਦਾ ਰਿਹਾ ਹੈ ਕਿ ਉਹ ਕਿੱਥੋਂ ਆਇਆ ਹੈ, ਬ੍ਰਹਿਮੰਡ ਕਦੋਂ ਤੇ ਕਿਵੇਂ ਹੋਂਦ ਵਿੱਚ ਆਇਆ, ਉਸ ਦਾ ਅਤੇ ਬਾਕੀ ਜੀਵ ਜਗਤ ਤੇ ਵਨਸਪਤੀ ਦਾ ਜਨਮ ਕਦੋਂ ਤੇ ਕਿਵੇਂ ਹੋਇਆ, ਕੀ ਪਹਿਲਾ ਜੀਵ ਇਕ ਤੋਂ ਜਾਂ ਦੋ ਤੱਤਾਂ ਤੋਂ ਹੋਂਦ ਗ੍ਰਹਿਣ ਕਰਕੇ ਪਾਣੀ ਜਾਂ ਧਰਤੀ 'ਤੇ ਪੈਦਾ ਹੋਇਆ। ਅੱਜ ਵਿਗਿਆਨ ਨੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਸੁਆਲਾਂ ਦੇ ਜਵਾਬ ਦੇ ਦਿੱਤੇ ਹਨ, ਪਰ ਮਨੁੱਖ ਦੇ ਮਨ ਵਿੱਚ ਇਹ ਜਿਗਿਆਸਾ ਉਦੋਂ ਵੀ ਸੀ, ਜਦੋਂ ਵਿਗਿਆਨ ਇਨ੍ਹਾਂ ਸਭ ਗੁੱਥੀਆਂ ਨੂੰ ਸੁਲਝਾਉਣ ਦੇ ਕਾਬਲ ਨਹੀਂ ਸੀ। ਉਸ ਵਕਤ ਵੱਖ-ਵੱਖ ਸੱਭਿਆਚਾਰਾਂ ਵਿੱਚ ਵੱਖ-ਵੱਖ ਮਿਥਕ ਕਥਾਵਾਂ ਹੋਂਦ ਵਿੱਚ ਆਈਆਂ ਇਨ੍ਹਾਂ ਪ੍ਰਸ਼ਨਾਂ ਦਾ ਹੱਲ ਸੁਝਾਉਣ ਦਾ ਕੰਮ ਕਰਦੀਆਂ ਸਨ।
ਭਾਰਤ ਭੂ-ਮੱਧ ਰੇਖਾ ਦੇ ਨੇੜੇ ਹੋਣ ਕਰਕੇ ਇਕ ਗਰਮ ਇਲਾਕੇ ਵਾਲਾ ਦੇਸ਼ ਹੈ। ਇਸ ਦੇ ਉਤਰ ਵਾਲੇ ਪਾਸੇ ਉਚੇ ਪਹਾੜ ਹਨ, ਜਿਥੇ ਬਰਫ ਪਈ ਰਹਿੰਦੀ ਹੈ। ਗਰਮੀ ਵਿੱਚ ਸਮੁੰਦਰ ਤੋਂ ਆਉਣ ਵਾਲੀਆਂ ਮੌਨਸੂਨ ਹਵਾਵਾਂ ਤੇਜ਼ ਮੀਂਹ ਲੈ ਕੇ ਆਉਂਦੀਆਂ ਹਨ, ਜਿਸ ਨਾਲ ਕਈ ਵਾਰ ਹੜ੍ਹ ਦੇ ਹਾਲਾਤ ਬਣ ਜਾਂਦੇ ਹਨ। ਭਾਰਤ ਦਾ ਬਹੁਤ ਸਾਰਾ ਹਿੱਸਾ ਤਿੰਨ ਪਾਸੇ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ। ਇਸ ਤਰ੍ਹਾਂ ਪਾਣੀ ਇਕ ਪਾਸੇ ਜੀਵਨ ਦਾ ਸ੍ਰੋਤ ਹੈ, ਉਥੇ ਇਸ ਦੀ ਬਹੁਤਾਤ ਹੜ੍ਹਾਂ ਤੇ ਮੌਤ ਦਾ ਸਬੱਬ ਬਣ ਜਾਂਦੀ ਹੈ। ਇਸ ਲਈ ਇਥੋਂ ਦੀਆਂ ਕਥਾਵਾਂ ਵਿੱਚ ਮੀਂਹ, ਹਨੇਰੀ, ਦਰਿਆ, ਸਮੁੰਦਰ, ਤੂਫਾਨ ਤੇ ਹੜ੍ਹਾਂ ਦਾ ਜ਼ਿਕਰ ਵਾਰ-ਵਾਰ ਹੁੰਦਾ ਹੈ। ਬ੍ਰਹਿਮੰਡ ਤੇ ਸ੍ਰਿਸ਼ਟੀ ਦੀ ਉਤਪਤੀ ਤੇ ਵਿਨਾਸ਼, ਮਨੁੱਖੀ ਤੇ ਜੀਵ ਜਗਤ ਦੀ ਜ਼ਿੰਦਗੀ ਇਨ੍ਹਾਂ ਕਥਾਵਾਂ ਵਿੱਚ ਸਭ ਪਾਣੀਆਂ ਨਾਲ ਸਬੰਧਤ ਹੋ ਗਈ ਹੈ।
ਭਾਰਤੀ ਮਿਥਿਹਾਸ ਦੀਆਂ ਕਈ ਕਥਾਵਾਂ ਅਨੰਤ ਪਾਣੀਆਂ ਨਾਲ ਸਬੰਧਤ ਹਨ, ਜਿਵੇਂ ਸ੍ਰਿਸ਼ਟੀ ਦੇ ਸਿਰਜਕ ਬ੍ਰਹਮਾ ਦੀ ਮਿੱਥ, ਜੋ ਅਨੰਤ ਪਾਣੀਆਂ ਵਿੱਚ ਸ਼ੇਸ਼ਨਾਗ ਦੇ ਬਣੇ ਬਿਸਤਰ ਉੱਤੇ ਆਰਾਮ ਕਰਦੇ ਆਦਿ ਨਾਰਾਇਣ ਦੀ ਧੁਨੀ 'ਚੋਂ ਨਿਕਲੇ ਕਮਲ ਦੇ ਫੁੱਲ 'ਤੇ ਬੈਠੇ ਪੈਦਾ ਹੁੰਦੇ ਹਨ ਤੇ ਉਥੇ ਬੈਠੇ ਹੀ ਸ੍ਰਿਸ਼ਟੀ ਦੀ ਰਚਨਾ ਕਰਦੇ ਹਨ। ਸਮੁੰਦਰ ਮੰਥਨ ਰਾਹੀਂ ਪਾਣੀਆਂ ਵਿੱਚੋਂ ਵਿਸ਼ ਤੇ ਅੰਮ੍ਰਿਤ ਦੇ ਨਾਲ ਬਹੁਤ ਸਾਰੇ ਕੀਮਤੀ ਖਜ਼ਾਨੇ, ਹਾਥੀ, ਘੋੜੇ, ਮਣੀ, ਲਕਸ਼ਮੀ, ਔਸ਼ਧੀਆਂ ਪ੍ਰਾਪਤ ਹੋਣ ਦੀ ਮਿਥ, ਸਮੁੰਦਰ ਰਿੜਕਣ ਵਕਤ ਕਛੂ ਦੇ ਰੂਪ ਵਿੱਚ ਵਿਸ਼ਣੂ ਅਵਤਾਰ, ਧਰਤੀ ਨੂੰ ਪਾਣੀਆਂ ਵਿੱਚੋਂ ਬਾਹਰ ਲੈ ਕੇ ਆਉਣ ਦੇ ਹਨੇਰੇ ਦੇ ਦੈਂਤ ਨਾਲ ਲੜਨ ਵਾਲੇ ਵਾਰਾਹ ਅਵਤਾਰ ਦੀ ਮਿਥ, ਪਰਲੈ ਵਕਤ ਜ਼ਿੰਦਗੀ ਨੂੰ ਬਚਾਉਣ ਲਈ ਮੱਛੀ ਦੇ ਰੂਪ ਵਿੱਚ ਵਿਸ਼ਣੂ ਦੇ ਅਵਤਾਰ ਦੀ ਮਿਥ, ਮਾਰਕੰਡੇ ਰਿਸ਼ੀ ਵੱਲੋਂ ਪਰਲੈ ਦੇ ਅਨੰਤ ਪਾਣੀਆਂ ਵਿੱਚ ਗੋਤੇ ਖਾਂਦੇ ਪਾਣੀਆਂ ਵਿੱਚ ਇਕ ਰੁੱਖ ਤੇ ਉਸ ਦੀਆਂ ਟਾਹਣੀਆਂ ਵਿੱਚ ਨਵਜੰਮੇ ਬੱਚੇ ਨੂੰ ਦੇਖਣ ਦੀ ਮਿਥ, ਬਾਰਾਂ ਸਾਲ ਲਗਾਤਾਰ ਮੀਂਹ ਪੈਣ ਨਾਲ ਸ੍ਰਿਸ਼ਟੀ ਦੇ ਖਤਮ ਹੋਣ ਦੀ ਮਿਥ ਸਭ ਅਨੰਤ ਪਾਣੀਆਂ ਨਾਲ ਸਬੰਧਤ ਮਿਥ ਕਥਾਵਾਂ ਹਨ।
ਵਿਗਿਆਨ ਦੀ ਖੋਜ ਆਧਾਰਤ ਲੱਭਤ ਤੋਂ ਸਿੱਧ ਹੋ ਗਿਆ ਹੈ ਕਿ ਆਰੰਭਕ ਜ਼ਿੰਦਗੀ ਪਾਣੀ ਵਿੱਚ ਵਿਕਸਿਤ ਹੋਈ। ਇਸ ਤੋਂ ਪਹਿਲਾਂ ਵੀ ਮਨੁੱਖ ਨੂੰ ਲੱਗਦਾ ਸੀ ਕਿ ਸਾਰੀ ਜ਼ਿੰਦਗੀ ਸ਼ਾਇਦ ਪਾਣੀ ਕਰਕੇ ਹੀ ਵਿਕਸਿਤ ਹੋਈ ਹੈ। ਇਸ ਲਈ ਏਸ਼ੀਆ ਤੇ ਯੂਰਪ ਦੇ ਬਹੁਤ ਸਾਰੇ ਇਲਾਕਿਆਂ ਦੀਆਂ ਮਿਥ ਕਥਾਵਾਂ ਵਿੱਚ ਇਕ ਬਹੁਤ ਵੱਡੇ ਹੜ੍ਹ ਦਾ ਜ਼ਿਕਰ ਹੈ। ਬਾਬਾ ਨੂਹ ਦੀ ਮਿਥ ਕਥਾ ਅਨੁਸਾਰ ਉਹ ਹੜ੍ਹ ਦੇ ਸਮੇਂ ਇਕ ਬਹੁਤ ਵੱਡੀ ਕਿਸ਼ਤੀ ਬਣਾ ਕੇ, ਉਸ ਵਿੱਚ ਹਰ ਤਰ੍ਹਾਂ ਦੇ ਜੀਵਾਂ ਦਾ ਇਕ-ਇਕ ਜੋੜਾ ਬਚਾ ਕੇ ਕਿਸੇ ਸੁਰੱਖਿਅਤ ਥਾਂ 'ਤੇ ਲੈ ਜਾਂਦੇ ਹਨ ਤੇ ਹੜ੍ਹ ਦਾ ਪਾਣੀ ਉਤਰਨ 'ਤੇ ਉਨ੍ਹਾਂ ਤੋਂ ਫਿਰ ਮਨੁੱਖ ਤੇ ਜੀਵ ਜਗਤ ਤੇ ਪ੍ਰਕਿਰਤੀ ਦੀ ਉਤਪਤੀ ਹੁੰਦੀ ਹੈ। ਇਸੇ ਤਰ੍ਹਾਂ ਦਾ ਕੰਮ ਮਨੁ ਕਰਦਾ ਹੈ, ਜੋ ਹੜ੍ਹ ਵੇਲੇ ਕਿਸ਼ਤੀ ਵਿੱਚ ਇਕ-ਇਕ ਜੀਵ ਰੱਖ ਕੇ ਕਿਸ਼ਤੀ ਨੂੰ ਇਕ ਪਹਾੜ ਨਾਲ ਬੰਨ੍ਹ ਦਿੰਦਾ ਹੈ ਤੇ ਹੜ੍ਹ ਉਤਰਨ 'ਤੇ ਉਨ੍ਹਾਂ ਤੋਂ ਮੁੜ ਜ਼ਿੰਦਗੀ ਆਰੰਭ ਹੁੰਦੀ ਹੈ। ਮੱਛ ਅਵਤਾਰ ਵਿੱਚ ਪ੍ਰਜਾਪਤੀ ਜਾਂ ਵਿਸ਼ਣੂ ਮਨੁ ਦੀ ਸਹਾਇਤਾ ਕਰਦੇ ਹਨ। ਮਨੁੱਖ ਹਮੇਸ਼ਾ ਤੋਂ ਇਹ ਜਾਨਣਾ ਚਾਹੁੰਦਾ ਹੈ ਕਿ ਜ਼ਿੰਦਗੀ ਇਕ ਪਰਮ ਤੱਤ ਤੋਂ ਪੈਦਾ ਹੋਈ ਜਾਂ ਨਰ ਤੇ ਮਾਦਾ ਦੇ ਸਮੁੇਲ 'ਚੋਂ ਪੁੰਗਰੀ। ਬ੍ਰਹਮਾ ਦੀ ਮਿਥ ਵਿੱਚ ਇਸ ਸੁਆਲ ਦਾ ਵੀ ਉਤਰ ਹੈ। ਬ੍ਰਹਮਾ ਵੱਲੋਂ ਪੈਦਾ ਕੀਤੀ ਜ਼ਿੰਦਗੀ ਉਦੋਂ ਤੱਕ ਨਹੀਂ ਵੱਧਦੀ ਜਦੋਂ ਤੱਕ ਉਹ ਇਕੱਲੀ ਸ੍ਰਿਸ਼ਟੀ ਪੈਦਾ ਕਰਦੇ ਹਨ, ਜਦੋ ਉਹ ਇਕ ਮਰਦ ਮਨੁ ਅਤੇ ਇਕ ਔਰਤ ਸ਼ਤਰੂਪਾ ਨੂੰ ਪੈਦਾ ਕਰਕੇ ਉਨ੍ਹਾਂ ਨੂੰ ਆਪਸੀ ਸਹਿਯੋਗ ਰਾਹੀਂ ਸੰਤਾਨ ਪੈਦ ਕਰਨ ਦਾ ਹੁਕਮ ਦਿੰਦੇ ਹਨ, ਤਾਂ ਹੀ ਧਰਤੀ 'ਤੇ ਜੀਵਾਂ ਦੀ ਗਿਣਤੀ ਵੱਧਦੀ ਹੈ।
ਬ੍ਰਹਮਾ ਜਿਸ ਫੁੱਲ 'ਤੇ ਬੈਠੇ ਪੈਦਾ ਹੁੰਦੇ ਹਨ, ਉਹ ਫੁੱਲ ਧਰਤੀ ਅਤੇ ਉਹ ਆਪ ਸੂਰਜ ਦਾ ਪ੍ਰਤੀਕ ਹੈ। ਧਰਤੀ, ਸੂਰਜ, ਪਾਣੀ, ਹਵਾ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਅਹਿਮ ਜ਼ਰੂਰੀ ਤੱਤ ਹਨ, ਇਸ ਲਈ ਇਹ ਮਿਥ ਕਥਾਵਾਂ ਜ਼ਿੰਦਗੀ, ਬ੍ਰਹਿਮੰਡ ਅਤੇ ਸ੍ਰਿਸ਼ਟੀ ਦੇ ਆਰੰਭ ਨੂੰ ਕਾਵਿਕ ਬੋਲੀ ਵਿੱਚ ਪ੍ਰਗਟ ਕਰਦੀਆਂ ਹਨ। ਸਮੁੰਦਰ ਮੰਥਨ ਵਿੱਚੋਂ ਨਿਕਲੇ ਅੰਮ੍ਰਿਤ ਨਾਲ ਸਿਰਫ ਦੇਵਤਿਆਂ ਅਰਥਾਤ ਸੱਚਾਈ ਨੂੰ ਅਮਰ ਕੀਤਾ ਜਾਂਦਾ ਹੈ। ਅਸੁਰ, ਜੋ ਬੁਰਾਈ ਦੇ ਪ੍ਰਤੀਕ ਹਨ, ਅਮਰ ਨਹੀਂ ਹਨ, ਚਾਹੇ ਇਹ ਮਰ ਕੇ ਫਿਰ ਦੁਬਾਰਾ ਜਨਮ ਲੈ ਲੈਂਦੇ ਹਨ ਅਰਥਾਤ ਬੁਰਾਈ ਖਤਮ ਹੋ ਸਕਦੀ ਹੈ ਚਾਹੇ ਵਕਤੀ ਤੌਰ 'ਤੇ ਹੀ ਸਹੀ, ਪਰ ਸੱਚਾਈ ਸਦਾ ਰਹਿੰਦੀ ਹੈ। ਇਨ੍ਹਾਂ ਸਾਰੀਆਂ ਕਥਾਵਾਂ ਵਿੱਚ ਇਕ ਗੱਲ ਸਾਂਝੀ ਹੈ, ਉਹ ਹੈ ਅਥਾਹ ਪਾਣੀ। ਜਨਮ ਤੇ ਮ੍ਰਿਤੂ ਦਾ ਚੱਕਰ ਇਨ੍ਹਾਂ ਪਾਣੀਆਂ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਕਥਾਵਾਂ ਵਿੱਚ ਕਾਵਿ-ਮਈ ਕਲਪਨਾ ਰਾਹੀਂ ਸੰਸਾਰ ਦੀ ਉਤਪਤੀ ਤੇ ਵਿਨਾਸ਼ ਨੂੰ ਸਮਝਣ ਦੇ ਯਤਨ ਨਾਲ ਮਨੁੱਖੀ ਮਨ ਦੀਆਂ ਖਾਹਿਸ਼ਾਂ, ਡਾਰਾਂ ਅਤੇ ਉਮੀਦਾਂ ਨੂੰ ਉਜਾਗਰ ਕਰਨ ਦਾ ਕੰਮ ਵੀ ਕੀਤਾ ਗਿਆ ਹੈ। ਇਹ ਕਥਾਵਾਂ ਭਾਰਤੀ ਸੱਭਿਆਚਾਰ ਵਿੱਚੋਂ ਪੈਦਾ ਹੋਈਆਂ ਹਨ ਇਸ ਲਈ ਇਥੇ ਹੀ ਇਹ ਅਰਥਪੂਰਨ ਹਨ ਕਿਉਂਕਿ ਵੱਖ-ਵੱਖ ਸੱਭਿਆਚਾਰ ਇਨ੍ਹਾਂ ਮਸਲਿਆਂ ਨੂੰ ਵੱਖ-ਵੱਖ ਤਰੀਕੇ ਨਾਲ ਸਮਝਣ ਦਾ ਯਤਨ ਕਰਦੇ ਹਨ ਤੇ ਵੱਖਰੀਆਂ ਕਹਾਣੀਆਂ ਦੀ ਕਲਪਨਾ ਕਰਦੇ ਹਨ। ਇਹ ਕਥਾਵਾਂ ਵਿਗਿਆਨ ਦਾ ਬਦਲ ਨਹੀਂ ਕਿਉਂਕਿ ਵਿਗਿਆਨਕ ਲੱਭਤ ਦਾ ਸੱਚ ਸਾਰੇ ਸੰਸਾਰ ਦੇ ਮਨੁੱਖਾਂ ਲਈ ਇਕ ਹੀ ਹੁੰਦਾ ਹੈ। ਜੇ ਇਹ ਸੱਚ ਰੱਦ ਹੁੰਦਾ ਹੈ ਤਾਂ ਉਸ ਦੀ ਥਾਂ ਉਸ ਤੋਂ ਵੱਧ ਤਾਰਕਿਕ ਸੱਚ ਵਾਲਾ ਉਤਰ ਸਹੀ ਮੰਨਿਆ ਜਾਂਦਾ ਹੈ, ਪਰ ਮਿਥਕ ਕਥਾਵਾਂ ਅਨੰਤ ਹਨ ਤੇ ਇਹ ਇਕ ਮਸਲੇ ਨੂੰ ਵੱਖਰੇ-ਵੱਖਰੇ ਅੰਦਾਜ਼ ਵਿੱਚ ਸਮਝਣ ਦੇ ਯਤਨ 'ਚੋਂ ਪੈਦਾ ਹੋਈਆਂ ਹਨ।

Have something to say? Post your comment