Welcome to Canadian Punjabi Post
Follow us on

24

March 2019
ਨਜਰਰੀਆ

ਜਦੋਂ ਸਟਿੱਕਰ ਤੋਂ ਸੁਰਾਗ ਮਿਲਿਆ

October 22, 2018 09:02 AM

-ਮਲਕੀਤ ਦਰਦੀ
ਸੰਨ 1979 ਵਿੱਚ ਮੇਰੀ ਨਹਿਰੀ ਮਹਿਕਮੇ ਵਿੱਚ ਮੁਕਤਸਰ ਤੈਨਾਤੀ ਸੀ। ਨਵਾਂ-ਨਵਾਂ ਭਰਤੀ ਹੋਇਆ ਸੀ। ਕੁਝ ਮਹੀਨਿਆਂ ਮਗਰੋਂ ਸਾਡੇ ਦਫਤਰ ਵਿੱਚ ਤਲਵਾੜੇ ਤੋਂ ਬਦਲ ਕੇ ਕਲਰਕ ਤਰਸੇਮ ਸਿੰਘ ਆ ਗਿਆ, ਕਿਉਂਕਿ ਉਦੋਂ ਪੌਂਗ ਡੈਮ ਦੇ ਮੁਕੰਮਲ ਹੋਣ ਉਪਰੰਤ ਛਾਂਟੀ ਕਰ ਕੇ ਮੁਲਾਜ਼ਮਾਂ ਨੂੰ ਦੂਜੇ ਦਫਤਰਾਂ ਵਿੱਚ ਭੇਜ ਦਿੱਤਾ ਗਿਆ ਸੀ। ਸੀਨੀਅਰ ਹੋਣ ਕਰ ਕੇ ਉਸ ਨੂੰ ਮੇਰੇ ਵਾਲੀ ਲੇਖਾ ਬ੍ਰਾਂਚ 'ਚ ਲਾ ਦਿੱਤਾ ਗਿਆ। ਉਹ ਹਮੇਸ਼ਾ ਚੁੱਪਚਾਪ ਰਹਿੰਦਾ ਸੀ। ਕਿਸੇ ਨਾਲ ਫਾਲਤੂ ਗੱਲ ਨਾ ਕਰਦਾ। ਆਪਣੇ ਦਫਤਰੀ ਕੰਮ 'ਚ ਮਗਨ ਰਹਿੰਦਾ। ਵਕਤ ਦਾ ਬੜਾ ਪਾਬੰਦ। ਪੂਰੇ ਸਮੇਂ ਦਫਤਰ ਆਉਂਦਾ। ਛੁੱਟੀ ਹੋਣ ਉਪਰੰਤ ਚੁੱਪ ਕਰ ਕੇ ਆਪਣੇ ਕਿਰਾਏ ਦੇ ਮਕਾਨ 'ਚ ਚਲਾ ਜਾਂਦਾ। ਕਦੇ ਕਿਸੇ ਅਫਸਰ ਨੂੰ ਨਮਸਤੇ ਨਾ ਕਰਦਾ।
ਖਾਣ-ਪੀਣ ਦਾ ਬੜਾ ਸ਼ੌਕੀਨ ਸੀ, ਪਰ ਕੱਪੜੇ ਹਮੇਸ਼ਾ ਪੁਰਾਣੇ ਫੈਸ਼ਨ ਦੇ ਪਾਉਂਦਾ। ਜੇ ਕੋਈ ਉਸ ਨੂੰ ਬੈੱਲ ਬੌਟਮ ਪੈਂਟ ਪਾਉਣ ਦੀ ਸਲਾਹ ਦਿੰਦਾ ਤਾਂ ਨੱਕ ਸੁਕੋੜ ਕੇ ਕਹਿ ਦਿੰਦਾ ਕਿ ਮੈਨੂੰ ਨਹੀਂ ਘੱਗਰੀ ਜਿਹੀ ਚੰਗੀ ਲੱਗਦੀ। ਅਸੀਂ ਰੋਟੀ ਇੱਕੋ ਹੋਟਲ ਖਾਂਦੇ ਸੀ। ਉਦੋਂ ਬਸ ਅੱਡਾ ਬਠਿੰਡੇ ਵਾਲੀ ਸੜਕ ਉਤੇ ਅਜੀਤ ਸਿਨੇਮਾ ਕੋਲ ਸੀ। ਸਾਹਮਣੇ ਗੁਰਬਚਨ ਦਾ ਹੋਟਲ ਹੁੰਦਾ ਸੀ। ਉਹ ਰੋਟੀ ਖਾਣ ਤੋਂ ਪਹਿਲਾਂ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕਰਦਾ। ਸਾਬਣ ਨਾ ਹੁੰਦਾ ਤਾਂ ਹੋਟਲ ਵਾਲੇ ਨੂੰ ਕਹਿ ਕੇ ਮੰਗਵਾ ਲੈਂਦਾ। ਆਪਣੇ ਹੱਥ ਉਹ ਰੋਟੀ ਖਾਣ ਤੋਂ ਪਹਿਲਾਂ ਵੀ ਸਾਫ ਕਰਦਾ ਤੇ ਬਾਅਦ 'ਚ ਵੀ। ਸ਼ਾਮ ਨੂੰ ਪਊਏ ਦਾ ਨਿੱਤ ਨੇਮੀ ਸੀ। ਮੀਟ-ਮੁਰਗਾ ਖਾਣ ਲਈ ਉਸ ਲਈ ਕੋਈ ਮੰਗਲਵਾਰ ਅਤੇ ਕੋਈ ਵੀਰਵਾਰ ਨਹੀਂ। ਸਾਰੇ ਦਿਨ ਬੁੱਧਵਾਰ ਹੀ ਹੁੰਦੇ। ਹੌਲੀ ਹੌਲੀ ਸਾਡੀ ਪੈੱਗ ਲਾਉਣ ਦੀ ਸਾਂਝ ਬਣ ਗਈ।
ਖਾਂਦੇ-ਪੀਂਦਿਆਂ ਹੀ ਉਸ ਨੇ ਦੱਸਣਾ ਕਿ ਉਸ ਦੇ ਮਾਂ-ਪਿਓ ਗੁਜ਼ਰ ਚੁੱਕੇ ਹਨ। ਵੱਡੇ ਭਰਾਵਾਂ ਨਾਲ ਬਣਦੀ ਨਹੀਂ। ਜੇ ਵਿਆਹ ਬਾਰੇ ਪੁੱਛਣਾ ਤਾਂ ਮੂੰਹ ਵੱਟ ਕੇ ਕਹਿ ਦੇਣਾ ਕਿ ਗਲ ਫਾਹਾ ਲੈ ਕੇ ਕੀ ਕਰਨਾ। ਮੈਂ ਆਪਣਾ ਜੀ ਪੀ ਫੰਡ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂਅ ਕੀਤਾ ਹੋਇਐ। ਉਸ ਨੇ ਮੁੜ ਕੇ ਬਦਲੀ ਕਰਵਾ ਲਈ ਤੇ ਸ਼ਾਹਪੁਰ ਕੰਡੀ ਡੈਮ ਉਤੇ ਚਲਾ ਗਿਆ। ਮੇਰੀ ਬਦਲੀ ਫਰੀਦਕੋਟ ਹੋ ਗਈ। ਉਸ ਦੀ ਫਿਰ ਡੈਮ ਤੋਂ ਬਦਲੀ ਫਰੀਦਕੋਟ ਹੋ ਗਈ ਤੇ ਘੋਲੀਆ ਸਬ ਡਵੀਜ਼ਨ 'ਚ ਤੈਨਾਤ ਕਰ ਦਿੱਤਾ ਗਿਆ। ਉਥੇ ਰੋਟੀ ਦਾ ਜੁਗਾੜ ਕਰਨਾ ਔਖਾ ਸੀ, ਉਹ ਪਸੰਦੀਦਾ ਖਾਣੇ ਦਾ ਸ਼ੌਕੀਨ ਸੀ। ਉਹ ਨਹਿਰ ਤੋਂ ਰੋਟੀ ਖਾਣ ਲਈ ਬਾਘੇ ਪੁਰਾਣੇ ਆਉਂਦਾ। ਰੋਜ਼ ਦੀ ਖੱਜਲ-ਖੁਆਰੀ ਤੋਂ ਦੁਖੀ ਹੋ ਕੇ ਉਸ ਨੇ ਬਦਲੀ ਫਿਰ ਸ਼ਾਹਪੁਰ ਕੰਡੀ ਡੈਮ ਦੀ ਕਰਵਾ ਲਈ। 1987 ਵਿੱਚ ਸੂਏ ਪੱਕੇ ਕਰਨ ਵਾਲੇ ਬਹੁਤੇ ਦਫਤਰ ਬੰਦ ਹੋਣ ਕਰ ਕੇ ਮੈਨੂੰ ਵੀ ਸ਼ਾਹਪੁਰ ਕੰਡੀ ਆਉਣਾ ਪੈ ਗਿਆ। ਅਸੀਂ ਫਿਰ ਤੀਜੀ ਵਾਰੀ ਇਕੱਠੇ ਹੋ ਗਏ।
ਉਸ ਦਾ ਦਫਤਰ ਕਲੋਨੀ ਦੇ ਮੰਦਰ ਦੇ ਪਿਛਲੇ ਪਾਸੇ ਸੀ। ਮੈਂ ਦਫਤਰ ਆਉਂਦਾ-ਜਾਂਦਾ ਮਿਲਦਾ ਰਹਿੰਦਾ। ਕਈ ਵਾਰੀ ਮੈਨੂੰ ਮਖੌਲ ਕਰਦਾ ਕਿ ਇਥੇ ਨਹਿਰਾਂ ਵਾਲੀ ਐਸ਼ ਨਾ ਭਾਲੀਂ। ਫਿਰ ਉਸ ਨੇ ਪੰਜਾਹ ਹਜ਼ਾਰ ਰੁਪਏ ਜੀ ਪੀ ਫੰਡ ਐਡਵਾਂਸ ਕਢਵਾਇਆ ਤੇ ਮੁੜ ਕੇ ਦਫਤਰ ਨਾ ਆਇਆ। ਕਲੋਨੀ 'ਚ ਉਸ ਨੇ ਕੁਆਰਟਰ ਅਲਾਟ ਨਹੀਂ ਕਰਵਾਇਆ ਸੀ ਤੇ ਪਠਾਨਕੋਟ ਕਿਰਾਏ 'ਤੇ ਰਹਿੰਦਾ ਸੀ। ਦਫਤਰ ਦੇ ਕਿਸੇ ਮੁਲਾਜ਼ਮ ਨੂੰ ਉਸ ਦੇ ਮਕਾਨ ਬਾਰੇ ਪਤਾ ਨਹੀਂ ਸੀ। ਪੰਦਰਾਂ ਕੁ ਦਿਨਾਂ ਮਗਰੋਂ ਪੁਲਸ ਦੀ ਗੱਡੀ ਡੈਮ ਦੇ ਦਫਤਰਾਂ 'ਚੋਂ ਪੁੱਛਦੀ ਹੋਈ ਉਸ ਦੇ ਦਫਤਰ ਆਈ ਤਾਂ ਕਹਾਣੀ ਹੋਰ ਹੀ ਨਿਕਲੀ। ਪੁਲਸ ਦੇ ਅਫਸਰ ਨੇ ਤਫਸੀਲ ਨਾਲ ਦੱਸਿਆ ਕਿ ਉਨ੍ਹਾਂ ਨੂੰ ਪਠਾਨਕੋਟ ਸ਼ਹਿਰ ਦੇ ਬਾਹਰ ਇੱਕ ਖੱਡ 'ਚ ਪਈ ਲਾਸ਼ ਬਾਰੇ ਸੂਚਨਾ ਮਿਲੀ ਸੀ, ਪਰ ਮਰੇ ਹੋਏ ਬੰਦੇ ਦੀ ਸ਼ਨਾਖਤ ਨਹੀਂ ਹੋ ਰਹੀ ਸੀ। ਉਸ ਦੀ ਕਮੀਜ਼ ਦੇ ਕਾਲਰ ਤੇ ਬਾਘੇ ਪੁਰਾਣੇ ਦੀ ਦੁਕਾਨ ਦੇ ਦਰਜੀ ਦਾ ਸਟਿੱਕਰ ਲੱਗਾ ਦੇਖ ਕੇ ਅਸੀਂ ਉਥੇ ਗਏ ਤਾਂ ਦਰਜੀ ਨੇ ਦੱਸਿਆ ਕਿ ਇਹ ਬੰਦਾ ਨਹਿਰੀ ਮਹਿਕਮੇ ਦੇ ਘੋਲੀਆ ਸਬ ਡਵੀਜ਼ਨ 'ਚ ਲੱਗਿਆ ਹੋਇਆ ਸੀ। ਉਥੋਂ ਇਸ ਦੇ ਦਫਤਰ ਫਰੀਦਕੋਟ ਗਏ। ਉਨ੍ਹਾਂ ਰਿਕਾਰਡ ਦੇਖ ਕੇ ਦੱਸਿਆ ਹੈ ਕਿ ਇਹ ਬੰਦਾ ਫਰੀਦਕੋਟ ਤੋਂ ਬਦਲ ਕੇ ਤੁਹਾਡੇ ਦਫਤਰ 'ਚ ਕੰਮ ਕਰਦਾ ਸੀ।
ਡੈਮ ਦੇ ਦਫਤਰ ਵਾਲਿਆਂ ਨੇ ਪੁਲਸ ਅਫਸਰ ਨੂੰ ਦੱਸਿਆ ਕਿ ਇਸ ਮੁਲਾਜ਼ਮ ਨੇ ਪੰਜਾਹ ਹਜ਼ਾਰ ਰੁਪਏ ਜੀ ਪੀ ਫੰਡ ਐਡਵਾਂਸ ਕਢਵਾਇਆ ਸੀ, ਉਸੇ ਦਿਨ ਤੋਂ ਡਿਊਟੀ ਤੋਂ ਗੈਰ ਹਾਜ਼ਰ ਹੈ। ਰਿਹਾਇਸ਼ ਪਠਾਨਕੋਟ ਹੈ, ਪਰ ਕਿਸੇ ਨੂੰ ਪਤਾ ਨਹੀਂ। ਜਦੋਂ ਪੁਲਸ ਵਾਲਿਆਂ ਨੂੰ ਪੰਜਾਹ ਹਜ਼ਾਰ ਰੁਪਏ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਮਾਮਲਾ ਪੈਸਿਆਂ ਦੀ ਲੁੱਟ ਦਾ ਲੱਗਿਆ। ਹੌਲੀ-ਹੌਲੀ ਪੁਲਸ ਨੂੰ ਉਸ ਨਾਲ ਪਠਾਨਕੋਟ ਤੋਂ ਆਉਣ ਵਾਲੇ ਹੋਰ ਮੁਲਾਜ਼ਮਾਂ ਤੋਂ ਸੂਹ ਲੱਗ ਗਈ ਤੇ ਪੁਲਸ ਨੇ ਉਸ ਦੇ ਕਿਰਾਏ ਦੇ ਮਕਾਨ ਦਾ ਪਤਾ ਲੱਭ ਲਿਆ। ਜਦੋਂ ਪੁਲਸ ਵਾਲਿਆਂ ਨੇ ਦੇਖਿਆ ਕਿ ਉਸ ਦੇ ਮਕਾਨ ਵਿੱਚ ਦੋ-ਤਿੰਨ ਹੋਰ ਬੰਦੇ ਵੀ ਕਿਰਾਏ 'ਤੇ ਰਹਿੰਦੇ ਸਨ, ਜਿਸ ਬਾਰੇ ਮਕਾਨ ਮਾਲਕਾਂ ਨੂੰ ਵੀ ਪਤਾ ਨਹੀਂ ਸੀ। ਪੁਲਸ ਨੇ ਦੂਜੇ ਕਿਰਾਏਦਾਰਾਂ ਉਪਰ ਸਖਤੀ ਕੀਤੀ ਤਾਂ ਉਨ੍ਹਾਂ ਜੁਰਮ ਕਬੂਲ ਕਰ ਲਿਆ ਕਿ ਪੈਸੇ ਦੇਖ ਕੇ ਲਾਲਚ ਮਾਰ ਗਿਆ। ਪਹਿਲਾਂ ਸਭ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ, ਫਿਰ ਸੁੱਤੇ ਪਏ ਦਾ ਗਲਾ ਘੁੱਟਿਆ ਤੇ ਲਾਸ਼ ਚੁੱਕ ਕੇ ਸ਼ਹਿਰੋਂ ਬਾਹਰ ਖੱਡ ਵਿੱਚ ਸੁੱਟ ਗਏ। ਪੰਜਾਹ ਹਜ਼ਾਰ ਰੁਪਏ ਆਪਸ 'ਚ ਵੰਡ ਲਏ। ਇਸ ਤਰ੍ਹਾਂ ਕਮੀਜ਼ ਦੇ ਸਟਿੱਕਰ ਤੋਂ ਪੁਲਸ ਨੇ ਕਤਲ ਦਾ ਸੁਰਾਗ ਲੱਭ ਲਿਆ ਸੀ।

Have something to say? Post your comment