Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਪੰਜਾਬ ਵਿਚ ਨਾਇਕਤਵ ਦਾ ਸੰਕਟ

December 13, 2019 01:09 PM

-ਹਰਵਿੰਦਰ ਭੰਡਾਲ
ਆਪਣੀਆਂ ਸੁਚੇਤ ਸਮਾਜਿਕ ਪ੍ਰਕਿਰਿਆਵਾਂ ਕਾਰਨ ਬੰਦਾ ਇਸ ਗ੍ਰਹਿ ਉੱਤੇ ਰਹਿੰਦੇ ਸਾਰੇ ਪ੍ਰਾਣੀਆਂ ਤੋਂ ਵੱਖਰਾ ਹੈ। ਇੱਕ ਵੱਡੇ ਖਿੱਤੇ ਵਿਚ ਸਹਿ-ਹੋਂਦ ਅਤੇ ਮੁਕਾਬਲਤਨ ਸ਼ਾਂਤੀ ਨਾਲ਼ ਰਹਿਣ ਲਈ ਇਸ ਨੇ ਸਾਂਝੀ ਪਛਾਣ ਦੇ ਸੰਕਲਪ ਪੈਦਾ ਕੀਤੇ ਹਨ। ਸਮਾਜਿਕ-ਸਿਆਸੀ ਆਧਾਰਾਂ ਉੱਤੇ ਸਾਂਝੀ ਪਛਾਣ ਨੇ ਜਾਤੀ, ਧਰਮ, ਵਰਣ, ਰਾਸ਼ਟਰ ਆਦਿ ਦਾ ਵਰਗੀਕਰਨ ਪੈਦਾ ਕੀਤਾ ਹੈ, ਜਦ ਕਿ ਸਾਂਝੀ ਆਰਥਿਕ ਪਛਾਣ ਅਰਥਚਾਰੇ ਵਿਚ ਸਰਗਰਮ ਵੱਖ ਵੱਖ ਜਮਾਤਾਂ ਨਾਲ਼ ਜੁੜਦੀ ਹੈ। ਸਾਂਝੀ ਜ਼ੁਬਾਨ ਆਧਾਰਿਤ ਸਾਂਝੀ ਪਛਾਣ ਨੂੰ ਅੱਜ ਤੱਕ ਸਭ ਤੋਂ ਵਾਜਬ ਪਛਾਣ ਵਜੋਂ ਪੂਰੀ ਦੁਨੀਆ ਵਿਚ ਸਵੀਕਾਰਿਆ ਗਿਆ ਹੈ, ਹਾਲਾਂਕਿ ਮਾਰਕਸਵਾਦੀ ਦ੍ਰਿਸ਼ਟੀ ਜਮਾਤੀ ਵਖਰੇਂਵਿਆਂ ਨੂੰ ਮੂਲ ਮੰਨਦੀ ਹੋਈ ਕੌਮ ਦੇ ਇਸ ਸੰਕਲਪ ਨੂੰ ਭਰਮ-ਮੂਲਕ ਹੀ ਮੰਨਦੀ ਹੈ। ਕਿਸੇ ਵੀ ਸਾਂਝੀ ਪਛਾਣ ਵਾਲ਼ੇ ਲੋਕ ਆਪਣੇ ਲਈ ਮਿੱਥਾਂ ਅਤੇ ਬਿਰਤਾਂਤ ਘੜ ਕੇ ਹੀ ਇਕੱਠੇ ਰਹਿ ਸਕਦੇ ਹਨ ਅਤੇ ਵਿਰੋਧੀਆਂ ਦਾ ਮੁਕਾਬਲਾ ਕਰ ਸਕਦੇ ਹਨ। ਸਾਂਝੇ ਵਿਸ਼ਵਾਸ ਲੰਮੇ ਇਤਿਹਾਸ ਨਾਲ਼ ਸੰਬੰਧਤ ਮਿੱਥਾਂ ਅਤੇ ਬਿਰਤਾਂਤਾਂ ਰਾਹੀਂ ਹੀ ਘੜੇ ਜਾਂਦੇ ਹਨ।
ਸਮਕਾਲੀ ਪੰਜਾਬੀ ਸਾਂਝ ਵੀ ਨਾਥਾਂ, ਜੋਗੀਆਂ, ਪੀਰਾਂ, ਪੈਗੰਬਰਾਂ, ਗੁਰੂਆਂ, ਫ਼ਕੀਰਾਂ, ਸੂਫੀਆਂ, ਕਿੱਸਾਕਾਰਾਂ, ਲੋਕ ਯੋਧਿਆਂ, ਬਸਤੀਵਾਦ ਵਿਰੋਧੀ ਦੇਸ਼ਭਗਤ ਇਨਕਲਾਬੀਆਂ ਆਦਿ ਦੀ ਸਾਂਝੀ ਤੰਦ ਨਾਲ਼ ਜੁੜ ਕੇ ਬਣੀ ਹੈ। ਪੱਛਮ ਵੱਲੋਂ ਆਉਣ ਵਾਲ਼ੇ ਹਮਲਾਵਰਾਂ ਲਈ ਮੁੱਖ ਲਾਂਘਾ ਹੋਣ ਕਾਰਨ ਇਸ ਤੰਦ ਨਾਲ਼ ਹਿੰਸਾ ਵੀ ਜੁੜੀ। ਮੱਧ-ਕਾਲੀ ਦੌਰ ਵਿਚ ਦੂਸਰੇ ਤੋਂ ਖੋਹਣਾ-ਲੁੱਟਣਾ ਰੋਟੀ-ਰੋਜ਼ੀ ਦਾ ਜਾਇਜ਼ ਵਸੀਲਾ ਹੋਣ ਕਾਰਨ ਬਰਤਾਨਵੀ ਹਕੂਮਤ ਦੌਰਾਨ ਅਤੇ ਉਸ ਤੋਂ ਬਾਅਦ ਤੱਕ ਵੀ ਲੋਕ ਚੇਤਨਾ ਨੇ ਡਾਕੂ ਜਾਂ ਇਨਕਲਾਬੀ ਵਿਚ ਫ਼ਰਕ ਨਹੀਂ ਸੀ ਕੀਤਾ। ਗ਼ਦਰੀਆਂ, ਬੱਬਰ ਅਕਾਲੀਆਂ, ਭਗਤ ਸਿੰਘ, ਰਤਨ ਸਿੰਘ ਰੱਕੜ ਜਿਹੇ ਯੋਧਿਆਂ ਅਤੇ ਮਲੰਗੀ, ਜਿਊਣਾ ਮੌੜ ਜਾਂ ਜੱਗੇ ਜੱਟ ਨੂੰ ਲੋਕ, ਹਕੂਮਤ ਦੇ ਇੱਕੋ ਜਿਹੇ ਬਾਗ਼ੀ ਹੀ ਸਮਝਦੇ ਸਨ। ਇਸ ਲਈ ਇਹ ਸਾਰੇ ਬਿਨਾ ਕਿਸੇ ਫ਼ਰਕ ਤੋਂ ਲੋਕਾਂ ਲਈ ਨਾਇਕ ਸਨ ਤੇ ਉਨ੍ਹਾਂ ਦੀਆਂ ਨਜ਼ਰਾਂ ਵਿਚ ਉੱਚਾ ਰੁਤਬਾ ਰੱਖਦੇ ਸਨ। ਬਸਤੀਵਾਦੀ ਲੁੱਟ ਵੇਲ਼ੇ ਤੇ ਬਾਅਦ ਵਿਚ ਵੀ ਇਨ੍ਹਾਂ ਨਾਲ਼ ਜੁੜੀਆਂ ਗਾਥਾਵਾਂ ਗਾ-ਸੁਣ ਕੇ ਲੋਕ ਅਤਿ ਦਮਨ ਦੀਆਂ ਗੈਰ-ਮਾਨਵੀ ਹਾਲਤਾਂ ਵਿਚ ਵੀ ਆਪਣੀ ਬੰਦਿਆਈ ਨੂੰ ਸਲਾਮਤ ਰੱਖਣ ਵਿਚ ਕਾਮਯਾਬ ਹੁੰਦੇ ਸਨ।
...ਪਰ ਪਹਿਲਾਂ 1947 ਦੀ ਮੁਲਕ ਦੀ ਵੰਡ ਅਤੇ ਫ਼ਿਰ ਸਿਆਸੀ ਗਿਣਤੀਆਂ-ਮਿਣਤੀਆਂ ਆਧਾਰਿਤ ਬਣੇ ਪੰਜਾਬੀ ਸੂਬੇ ਨੇ ਪੰਜਾਬੀ ਪਛਾਣ ਨੂੰ ਬੁਰੀ ਤਰ੍ਹਾਂ ਕੱਟ-ਵੱਢ ਦਿੱਤਾ। ਬੀਤੇ 70 ਤੋਂ ਵੱਧ ਵਰ੍ਹਿਆਂ ਨੇ ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਦੀਆਂ ਵੱਖੋ-ਵੱਖਰੀਆਂ ਪਛਾਣਾਂ ਕਾਇਮ ਹੋਣ ਦਾ ਅਮਲ ਵੀ ਸ਼ੁਰੂ ਕਰ ਦਿੱਤਾ ਹੈ, ਹਾਲਾਂਕਿ ਹਾਲੇ ਇਸ ਅਮਲ ਨੇ ਬਹੁਤ ਜ਼ਿਆਦਾ ਦੂਰੀ ਤੈਅ ਨਹੀਂ ਕੀਤੀ। ਇਸ ਗੱਲ ਦਾ ਸਬੂਤ ਇਹ ਹੈ ਕਿ ਪਿਛਲੇ ਕੁਝ ਅਰਸੇ ਵਿੱਚ ਮੁਲਕ ਭਰ ਵਿਚ ਫੈਲਾਏ ਗਏ ਪਾਕਿਸਤਾਨ ਵਿਰੋਧੀ ਜਨੂਨ ਦਾ ਪੰਜਾਬ ਵਿਚ ਵਧੇਰੇ ਅਸਰ ਦੇਖਣ ਨੂੰ ਨਹੀਂ ਮਿਲ਼ਿਆ। ਫ਼ਿਰ ਵੀ ਵਾਹਗੇ ਦੇ ਦੋਵੇਂ ਪਾਸੇ ਦੀਆਂ ਵੱਖਰੀਆਂ ਆਰਥਿਕ ਪ੍ਰਕਿਰਿਆਵਾਂ ਨੇ ਦੋਹਾਂ ਨੂੰ ਇੱਕ ਦੂਜੇ ਲਈ ਕੁਝ ਓਪਰੇ ਜ਼ਰੂਰ ਕੀਤਾ ਹੈ।
ਵੰਡ ਅਤੇ ਪੰਜਾਬੀ ਸੂਬਾ ਬਣਨ ਤੋਂ ਬਾਅਦ ਚੜ੍ਹਦੇ ਪੰਜਾਬ ਵਿਚ ਨਾਇਕਤਵ ਉਸਾਰਨ ਦਾ ਵਧੇਰੇ ਪ੍ਰਸੰਗ ਸਿੱਖੀ ਆਧਾਰਿਤ ਬਣਿਆ। ਆਜ਼ਾਦੀ ਤੋਂ ਮਗਰੋਂ ਕਮਿਊਨਿਸਟਾਂ ਦੀ ਅਗਵਾਈ ਵਿਚ ਸ਼ੁਰੂ ਹੋਈ ਮੁਜ਼ਾਰਾ ਲਹਿਰ ਨੇ ਇਸ ਰੁਝਾਨ ਦਾ ਆਰੰਭ ਕੀਤਾ। ਕਿਸਾਨੀ ਆਪਣੇ ਸੁਭਾਵਿਕ ਸੁਭਾਅ ਵਿਚ ਕਿਸੇ ਤੰਗ ਜਾਂ ਸੌੜੇ ਧਾਰਮਿਕ ਬੰਧਨਾਂ ਵਿਚ ਨਹੀਂ ਬੱਝਦੀ, ਪਰ ਸਮਾਜਿਕ ਨਿਰਬਾਹ ਲਈ ਇਹਨੂੰ ਵੀ ਧਾਰਮਿਕ ਕਿਰਿਆਵਾਂ ਦੀ ਓਹੀ ਲੋੜ ਹੁੰਦੀ ਹੈ। ਮੁਜਾਰਿਆਂ ਤੋਂ ਮਾਲਕ ਬਣਨ ਦੇ ਅਮਲ ਨੇ ਨਾ ਸਿਰਫ਼ ਉਨ੍ਹਾਂ ਦੀ ਸਿਆਸੀ ਵਫ਼ਾਦਾਰੀ ਨੂੰ ਬਦਲਿਆ, ਸਗੋਂ ਉਨ੍ਹਾਂ ਦਾ ਧਰਮ ਵੀ ਪੂਰੀ ਤਰ੍ਹਾਂ ਮਾਲਕਾਂ ਦਾ ਧਰਮ ਬਣਾ ਦਿੱਤਾ। ਇਸ ਦੇ ਬਾਵਜੂਦ ਨਕਸਲਬਾੜੀ ਲਹਿਰ ਹਥਿਆਰਬੰਦ ਸੰਘਰਸ਼ ਲਈ ਆਪਣਾ ਤਰਕ ਜ਼ਫ਼ਰਨਾਮੇ ਵਿਚ ਦਰਜ ਸਤਰਾਂ ‘ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ` ਤੋਂ ਲੈਂਦੀ ਰਹੀ। ਜਸਵੰਤ ਸਿੰਘ ਕੰਵਲ ਦੇ ਨਕਸਲਬਾੜੀ ਲਹਿਰ ਬਾਰੇ ਨਾਵਲ ‘ਲਹੂ ਦੀ ਲੋਅ` ਵਿਚ ਸਾਰੇ ਨਕਸਲਬਾੜੀ ਨਾਇਕ ਸਿੱਖੀ ਦੀਆਂ ਜੁਝਾਰ ਪ੍ਰੰਪਰਾਵਾਂ ਤੋਂ ਹੀ ਪ੍ਰੇਰਨਾ ਲੈਂਦੇ ਦਿਸਦੇ ਹਨ ਤੇ ਇਸੇ ਕਾਰਨ ਹੀ ਕੰਵਲ ਖੁਦ ਪੰਜਾਬ ਸੰਕਟ ਦੇ ਦਿਨੀਂ ਸੁਭਾਵਿਕ ‘ਮੋੜਾ` ਕੱਟਦਾ ਹੋਇਆ ਸਿੱਖ ਸਫ਼ਾਂ ਵਿਚ ਜਾ ਖਲੋਂਦਾ ਹੈ। ਪੰਜਾਬ ਸੰਕਟ ਦੇ ਦਿਨੀਂ ਸਿੱਖੀ ਵਿਰਾਸਤ ਸਾਰੀਆਂ ਧਿਰਾਂ ਲਈ ਆਦਰਸ਼ ਜੀਵਨ-ਜਾਚ ਦਾ ਚਿੰਨ੍ਹ ਬਣੀ ਰਹੀ। ਇਸ ਦੀ ਵਿਆਖਿਆ ਹਰ ਧਿਰ ਆਪਣੇ ਅਨੁਸਾਰ ਕਰਦੀ ਸੀ।
ਨਵ-ਉਦਾਰੀਕਰਨ ਦੀ ਕੁੱਖ ਵਿਚੋਂ ਜੋ ਪੰਜਾਬ ਜਨਮਿਆ, ਉਸ ਦੇ ਸਾਹਮਣੇ ਨਾਇਕ ਸਿਰਜਣਾ ਦੀ ਵੱਡੀ ਚੁਣੌਤੀ ਆ ਖੜੀ ਹੋਈ ਹੈ। ਇਸ ਨਵ-ਪੰਜਾਬ ਵਿਚ ਕੁਦਰਤੀ ਵਸੀਲਿਆਂ ਨੂੰ ਪੁੱਟਣ-ਖੁਰਚਣ ਤੋਂ ਬਿਨਾ ਬਾਕੀ ਸਭ ਆਰਥਿਕ ਪ੍ਰਕਿਰਿਆਵਾਂ ਜਾਮ ਹੋ ਗਈਆਂ ਹਨ। ਨਵ-ਉਦਾਰਵਾਦੀ ਨੀਤੀਆਂ ਕਾਰਨ ਖੇਤੀ ਪੈਦਾਵਾਰ ਦੀਆਂ ਕੀਮਤਾਂ ਤੇ ਪੰਜਾਬੀਆਂ ਦੀਆਂ ਅਸਲ ਉਜਰਤਾਂ ਬੁਰੀ ਤਰ੍ਹਾਂ ਡਿੱਗੀਆਂ ਹਨ। ਨਿੱਜੀਕਰਨ ਦੀ ਹਨੇਰੀ ਨੇ ਨੌਜਵਾਨਾਂ ਲਈ ਅਸਲ ਰੁਜ਼ਗਾਰ ਦੇ ਸਾਰੇ ਅਵਸਰ ਜੜ੍ਹੋਂ ਪੁੱਟ ਦਿੱਤੇ ਹਨ। ਇਥੋਂ ਤੱਕ ਕਿ ਸਭ ਤੋਂ ਗਰੀਬ ਵਰਗਾਂ ਦੀ ਆਰਥਿਕ ਗਤੀਸ਼ੀਲਤਾ ਦੀਆਂ ਸੰਭਾਵਨਾਵਾਂ ਦੀ ਮੁਕੰਮਲ ਨਾਕਾਬੰਦੀ ਕਰ ਦਿੱਤੀ ਗਈ ਹੈ। ਮੱਧਲ਼ੀਆਂ ਜਮਾਤਾਂ ਦੇ ਹੋਣਹਾਰ ਮੁੰਡੇ-ਕੁੜੀਆਂ ਦੇ ਵਿਦੇਸ਼ੀ ਧਰਤੀ ਵੱਲ ਪਲਾਇਨ ਦੀ ਪ੍ਰਕਿਰਿਆ ਜ਼ੋਰ-ਸ਼ੋਰ ਨਾਲ਼ ਚੱਲ ਰਹੀ ਹੈ। ਹੇਠਲੀਆਂ ਜਮਾਤਾਂ ਉਸ ਧਰਤੀ ਉੱਤੇ ਆਪਣੀ ਹੋਣੀ ਦੀ ਉਡੀਕ ਕਰ ਰਹੀਆਂ ਹਨ, ਜਿਸ ਦਾ ਪਾਣੀ ਅਤੇ ਹਵਾ ਬੁਰੀ ਤਰ੍ਹਾਂ ਪਲੀਤ ਹੋ ਚੁੱਕਾ ਹੈ। ਲੋਕਾਂ ਦੇ ਹਿੱਤਾਂ ਦੀ ਬਾਤ ਪਾਉਣ ਵਾਲ਼ੀਆਂ ਖੱਬੀਆਂ ਧਿਰਾਂ ਆਪਣੇ ਅਤੀਤ ਦੇ ਪ੍ਰੇਤਾਂ ਤੋਂ ਖਹਿੜਾ ਛੁਡਾ ਕੇ ਅਗਾਂਹ-ਵਧੂ ਪੁਲਾਂਘਾਂ ਭਰਨ ਲਈ ਅਜੇ ਵੀ ਤਿਆਰ ਨਹੀਂ ਹੋ ਰਹੀਆਂ। ਇੱਕ ਤਰ੍ਹਾਂ ਨਾਲ਼ ਪੰਜਾਬ ਦੀ ਧਰਤੀ ਦਾ ਬੌਧਿਕ ਅਤੇ ਭੌਤਿਕ ਉਜਾੜਾ ਤੈਅ ਹੋ ਚੁੱਕਾ ਹੈ। ਹਾਲਾਤ ਦੀ ਇਸ ਵਿਕਰਾਲਤਾ ਨੇ ਅਤੀਤ ਵਿਚਲੀਆਂ ਨਾਇਕਤਵ ਦੀਆਂ ਸਾਰੀਆਂ ਪ੍ਰੰਪਰਾਵਾਂ ਨੂੰ ਅਰਥਹੀਣ ਕਰ ਦਿੱਤਾ ਹੈ।
ਐਸ਼ੋ-ਇਸ਼ਰਤੀ ਗੱਡੀਆਂ, ਜੁੱਤੀਆਂ, ਕੱਪੜਿਆਂ ਦੇ ਬਰਾਂਡਾਂ, ਹਥਿਆਰਾਂ, ਗੈਂਗ-ਯੁੱਧਾਂ ਤੇ ਜੱਟ ਹੋਣ ਦੀਆਂ ਫ਼ਿਲਮੀ ਪ੍ਰਦਰਸ਼ਨੀਆਂ-ਟਾਹਰਾਂ ਵਾਲ਼ੇ ਤਥਾ ਕਥਿਤ ‘ਪੰਜਾਬੀ ਗਾਇਕ ਸੂਰਮਿਆਂ` ਦੀ ਗੱਲ ਨਾ ਕਰੀਏ, ਤਾਂ ਇਨ੍ਹੀਂ ਦਿਨੀਂ ਪੌਪੂਲਰ ਕਲਚਰ ਵਿਚ ਦੋ ਤਰ੍ਹਾਂ ਦੇ ਗੰਭੀਰ ਨਾਇਕ ਦਿਸ ਰਹੇ ਹਨ। ਪਹਿਲਾ ਨਾਇਕ ਪੰਜਾਬੀ ਰਹਿਤਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਵਾਲ਼ੀਆਂ ਅਲਾਮਤਾਂ ਗੈਂਗਾਂ/ ਨਸ਼ਿਆਂ ਦਾ ਸ਼ਿਕਾਰ ਹੈ। ਇਸ ਦੀ ਸਿਰਫ਼ ਇੱਕ ਮਿਸਾਲ ‘ਡਾਕੂਆਂ ਦਾ ਮੁੰਡਾ` ਫ਼ਿਲਮ ਤੇ ਕਿਤਾਬ ਹੈ। ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਮਿਸਾਲਾਂ ਸੋਸ਼ਲ ਮੀਡੀਆ ਉੱਤੇ ਦੇਖੀਆਂ/ ਪੜ੍ਹੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਦੇ ਪਾਤਰ ਦਾ ਨਾਇਕਤਵ ਆਪਣੀਆਂ ਹੀ ਕਮਜ਼ੋਰੀਆਂ ਨਾਲ਼ ਜੰਗ ਵਿਚੋਂ ਲੱਭਿਆ ਜਾਂਦਾ ਹੈ। ਅੱਜ ਇਹ ਬੰਦਾ ਇਸ ਲਈ ਨਾਇਕ ਜਾਪਦਾ ਹੈ ਕਿ ਅਤੀਤ ਵਿਚ ਇਸ ਨੇ ਨੈਤਿਕ ਕਮਜ਼ੋਰੀਆਂ ਨੂੰ ਆਪਣੀ ਚੋਣ ਵਜੋਂ ਅਪਣਾਇਆ ਸੀ। ਆਪਣੀਆਂ ਕਮਜ਼ੋਰੀਆਂ ਵਿਚੋਂ ਸਫ਼ਲਤਾ ਪੂਰਵਕ ਉੱਭਰ ਕੇ ਇਸ ਤਰ੍ਹਾਂ ਦਾ ਬੰਦਾ ਹੋਰਨਾਂ ਕਮਜ਼ੋਰ ਲੋਕਾਂ ਲਈ ਮਿਸਾਲ ਅਤੇ ਪ੍ਰੇਰਨਾ ਸਰੋਤ ਬਣ ਗਿਆ ਹੈ। ਇਸ ਬੰਦੇ ਦੀ ਜੰਗ ਆਪਣੀ ਚੋਣ ਪ੍ਰਤੀ ਹੈ, ਹਾਲਾਤ ਤੋਂ ਨਿਰਾਸ਼ ਹੋ ਕੇ ਧੀਮੀ ਖੁਦਕੁਸ਼ੀ ਜਾਂ ਰੋਜ਼ਮੱਰਾ ਦੀ ਜ਼ਿੰਦਗੀ ਵਿਚਕਾਰ ਚੋਣ। ਰੋਜ਼ਮੱਰਾ ਤੋਂ ਅੱਗੇ ਦਾ ਦ੍ਰਿਸ਼ ਨਦਾਰਦ ਹੈ।
ਇਤਿਹਾਸ ਦੇ ਅੰਤ ਦੀ ਗੱਲ ਨੂੰ ਜੇ ਭੁੱਲ ਵੀ ਜਾਈਏ ਤਾਂ ਕੀ ਇਤਿਹਾਸ ਸਮੇਂ ਦੇ ਇਸ ਪਲ ਉੱਤੇ ਆ ਕੇ ਖੜ੍ਹਾ ਹੋ ਗਿਆ ਹੈ? ਕੀ ਇਸ ਸਮਾਜਿਕ ਵਿਵਸਥਾ ਦੇ ਕਿਸੇ ਬਦਲ ਨੂੰ ਚਿਤਵਣਾ ਜਾਂ ਭਾਲਣਾ ਬੰਦੇ ਦੇ ਸੁਫ਼ਨੇ ਅਤੇ ਕਲਪਨਾ ਤੋਂ ਬਾਹਰੀ ਗੱਲ ਹੋ ਗਈ ਹੈ? ਇਸ ਤੋਂ ਇਲਾਵਾ ਇੱਥੇ ਸਮੁੱਚਾ ਟਕਰਾਅ ਵੀ ਅੰਤਰ-ਮਨ ਦੀ ਪੱਧਰ ਉੱਤੇ ਹੈ। ਅੰਤਰ-ਮਨ ਉੱਤੇ ਕੰਟਰੋਲ ਕਰਕੇ ਵਿਰੋਧੀ ਵਰਤਾਰੇ ਨਾਲ਼ ਵਿੱਥ ਥਾਪੀ ਜਾ ਸਕਦੀ ਹੈ। ਵਿੱਥ ਥਾਪਣਾ ਮਸਲੇ ਦਾ ਹਲ ਬਣ ਜਾਂਦਾ ਹੈ, ਕਿਉਂਕਿ ਟਕਰਾਅ ਸਮੂਹਕ ਨਹੀਂ, ਵਿਅਕਤੀਗਤ ਹੈ। ਇਸੇ ਲਈ ਹਲ ਵੀ ਨਿੱਜੀ ਹੈ। ਨਾਇਕ ਦੀ ਆਪਣੀ ‘ਗਤੀ` ਹੋਣ ਵਾਂਗ। ਇਹ ‘ਗਤੀ` ਸਮਾਜਿਕ ਮੁਕਤੀ ਦੇ ਰਾਹ ਨਹੀਂ ਤੁਰਦੀ।
ਦੂਸਰੀ ਤਰ੍ਹਾਂ ਦਾ ਨਾਇਕ ਉਹ ਹੈ, ਜੋ ਗੈਰ-ਕਾਨੂੰਨੀ ਤਰੀਕਿਆਂ ਨਾਲ਼ ਵਿਦੇਸ਼ ਗਿਆ ਹੈ ਅਤੇ ਉਸ ਉੱਤੇ ਡਿਪੋਰਟ ਹੋਣ ਦੀ ਤਲਵਾਰ ਲਟਕ ਰਹੀ ਹੈ। ‘ਚੱਲ ਮੇਰਾ ਪੁੱਤ` ਅਤੇ ਹੋਰ ਕਈ ਫ਼ਿਲਮਾਂ ਵਿਚ ਇਸ ਤਰ੍ਹਾਂ ਦੇ ਕਿਰਦਾਰ ਦੇਖੇ ਜਾ ਸਕਦੇ ਹਨ। ਇਨ੍ਹਾਂ ਕਿਰਦਾਰਾਂ ਨੂੰ ਸਿਰਫ਼ ਇਸ ਲਈ ਨਾਇਕ ਕਿਹਾ ਜਾ ਸਕਦਾ ਹੈ ਕਿ ਉਹ ਮੁੱਖ ਕਿਰਦਾਰ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਦੀ ਸਾਰਥਕਤਾ ਤੇ ਸੰਘਰਸ਼ ਸਿਰਫ਼ ਵਿਦੇਸ਼ੀ ਭੂਮੀ ਦੀ ਨਾਗਰਿਕਤਾ ਹਾਸਲ ਕਰਨ ਵਿਚ ਹੀ ਹੈ। ਜਦੋਂ ਉਹ ਫੜੇ ਜਾਂਦੇ ਹਨ ਤਾਂ ਪੰਜਾਬੀ ਦਰਸ਼ਕ, ਆਪਣੇ ਪਰਵਾਸ ਸੰਬੰਧੀ ਸਮੂਹਕ ਅਵਚੇਤਨ ਵਿਚੋਂ ਉਨ੍ਹਾਂ ਉੱਤੇ ਤਰਸ ਕਰਦਾ ਹੈ। ਸ਼ਾਇਦ ਇਸੇ ਵਿਚੋਂ ਉਹ ਇਸ ਨੂੰ ਨਾਇਕ ਜਾਪਦੇ ਹਨ। ਇਹ ਕਿਰਦਾਰ ਸਿਰਫ਼ ਜਿਸਮਾਨੀ ਤੌਰ `ਤੇ ਨਹੀਂ, ਭਾਵਨਾਤਮਕ ਪੱਧਰ ਉੱਤੇ ਵੀ ਆਪਣੀ ਭੋਂ ਤੋਂ ਪਲਾਇਨ ਕਰ ਚੁੱਕੇ ਹਨ, ਪਰ ਇਨ੍ਹਾਂ ਦੀ ਇਸ ਭਾਂਜ ਨਾਲ਼ ਮਧਲ਼ੀ ਜਮਾਤ ਦੇ ਪੰਜਾਬੀ ਦਰਸ਼ਕ ਦਾ ਅਵਚੇਤਨੀ ਨਾਤਾ ਬਣਦਾ ਹੈ। ਇਸ ਦਾ ਅਰਥ ਇਹ ਹੈ ਕਿ ਘੱਟੋ-ਘੱਟ ਪੰਜਾਬ ਦੀਆਂ ਮਧਲ਼ੀਆਂ ਜਮਾਤਾਂ ਪੰਜਾਬ ਦੀ ਇਸ ਧਰਤੀ ਨੂੰ ਇਸ ਦੇ ਹਾਲ ਉੱਤੇ ਛੱਡ ਕੇ ਹੋਰ ਦੇਸ਼ਾਂ ਨੂੰ ਦੌੜ ਜਾਣ ਦਾ ਫੈਸਲਾ ਕਰ ਚੁੱਕੀਆਂ ਹਨ।
ਇਸ ਨਾਇਕ ਦਾ ਕਿਰਦਾਰ ਬੇਹੱਦ ਨੁਕਸਦਾਰ ਹੈ, ਕਿਉੱਕਿ ਕਿਸੇ ਵੀ ਪੱਖ ਤੋਂ ਉਹ ਆਪਣੀ ਹੋਣੀ ਨਿਰਧਾਰਤ ਕਰਨ ਦੇ ਸਮਰੱਥ ਨਹੀਂ। ਸਾਧਾਰਨ ਬੰਦਾ ਨਾਇਕਤਵ ਉਦੋਂ ਹਾਸਲ ਕਰਦਾ ਹੈ, ਜਦੋਂ ਆਪਣੀ ਸਾਧਾਰਨਤਾ ਤੋਂ ਉੱਪਰ ਉੱਠ ਕੇ ਹਾਲਾਤ ਵਿਚ ਦਖ਼ਲ ਅੰਦਾਜ਼ੀ ਕਰਨ ਦੇ ਯੋਗ ਹੁੰਦਾ ਹੈ। ਇਹ ਉਸ ਦੀ ਸਿਰਜਣਾਤਮਕ ਪ੍ਰਕਿਰਿਆ ਹੁੰਦੀ ਹੈ। ਇਹ ਕਿਰਦਾਰ ਪੂਰੀ ਤਰ੍ਹਾਂ ਆਪਣੇ ਵੱਸੋਂ ਬਾਹਰੀ ਸ਼ਕਤੀਆਂ ਦੇ ਅਧੀਨ ਹੈ। ਦੁਖਾਂਤਕ ਨਾਇਕ ਬਾਰੇ ਅਰਸਤੂ ਵੱਲੋਂ ਦਿੱਤੇ ਸ਼ਾਸਤਰੀ ਸਿਧਾਂਤ ਅਨੁਸਾਰ ਹੀ ਉਸ ਨੂੰ ਨਾਇਕ ਦਾ ਦਰਜਾ ਦਿੱਤਾ ਜਾ ਸਕਦਾ ਹੈ। ਇਸ ਸਿਧਾਂਤ ਦੇ ਅਨੁਸਾਰ ਦੁਖਾਂਤ ਭੋਗਦਾ ਨਾਇਕ ‘ਹੋਣੀ` ਜਾਂ ‘ਭਾਗਾਂ ਦੇ ਲਿਖੇ` ਦਾ ਸ਼ਿਕਾਰ ਹੋ ਸਕਦਾ ਹੈ। ਇਹ ਕਿਰਦਾਰ ਨਾਇਕਤਵ ਵਿਹੂਣੇ ਨਾਇਕ ਹੋਣ ਤੋਂ ਵੱਧ ਕੁਝ ਨਹੀਂ ਹੈ।
ਸਪੱਸ਼ਟ ਹੈ ਕਿ ਇਸ ਵੇਲ਼ੇ ਪੰਜਾਬੀ ਦੀ ਸੱਭਿਆਚਾਰਕ ਸਪੇਸ ਬੁਰੀ ਤਰ੍ਹਾਂ ਸਥਾਪਤੀ ਦੀ ਪਕੜ ਵਿਚ ਹੈ। ਦੁਨੀਆ ਭਰ ਵਿਚ ਸੱਭਿਆਚਾਰਕ ਪੂੰਜੀ ਦੇ ਗ਼ਾਲਬ ਹੋਣ ਦੀ ਹਾਲਤ ਨੇ ਪੰਜਾਬੀ ਬੰਦੇ ਦੀ ਮਨੋ-ਚੇਤਨਾ ਨੂੰ ਵੀ ਬੁਰੀ ਤਰ੍ਹਾਂ ਤੋੜਿਆ ਭੰਨਿਆ ਹੈ। ਇੱਕ ਪਾਸੇ ਨਵੀਆਂ ਨਸਲਾਂ ਨੂੰ ਨਵੀਂ ਤਕਨਾਲੋਜੀ ਦੇ ਮੱਕੜ ਜਾਲ਼ ਵਿਚ ਉਲਝਾ ਕੇ ਇਤਿਹਾਸ ਅਤੇ ਦਰਸ਼ਨ ਤੋਂ ਦੂਰ ਕੀਤਾ ਜਾ ਰਿਹਾ ਹੈ, ਦੂਸਰੇ ਪਾਸੇ ਉਨ੍ਹਾਂ ਦੇ ਜੀਵਨ ਨਿਰਬਾਹ ਦੀਆਂ ਸੰਭਾਵਨਾਵਾਂ ਪਲੀਤ ਕਰ, ਸਮੂਹਕ ਨਿਰਾਸ਼ਾ ਦੇ ਦਰ ਖੋਲ੍ਹੇ ਜਾ ਰਹੇ ਹਨ। ਪੰਜਾਬੀ ਬੰਦੇ ਦੀ ਪ੍ਰਫੁੱਲਤਾ ਦੇ ਹਾਲਾਤ ਕਿਤੇ ਨਹੀਂ। ਸਮਾਜਿਕ ਹਾਲਾਤ ਤੋਂ ਬਿਨਾ ਨਾਇਕਤਵ ਦਾ ਸਾਕਾਰ ਹੋਣਾ ਵੀ ਅਸੰਭਵ ਹੁੰਦਾ ਹੈ। ਜਿਵੇਂ ਅਮਰੀਕੀ ਨਾਵਲਕਾਰ ਨਾਥਾਨੀਲ ਹਾਥੌਰਨ ਨੇ ਲਿਖਿਆ ਸੀ ਕਿ ਨਾਇਕਾਨਾ ਦੁਨੀਆ ਤੋਂ ਬਿਨਾ ਨਾਇਕ ਵੀ ਨਾਇਕ ਨਹੀਂ ਬਣ ਸਕਦਾ।
ਪਿਛਲੇ ਦਿਨਾਂ ਦੌਰਾਨ ਖਾਸ ਤੌਰ `ਤੇ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚਲੀ ਹਲਚਲ ਨੇ ਕੁਝ ਚੰਗੇ ਸੰਕੇਤ ਦਿੱਤੇ ਹਨ। ਸੋਸ਼ਲ ਮੀਡੀਆ ਉੱਤੇ ਵੀ ਨੌਜਵਾਨ ਚਿਹਰੇ ਬੌਧਿਕ ਬਹਿਸਾਂ ਕਰਦੇ ਦਿਸਦੇ ਹਨ। ਪੰਜਾਬ ਅੰਦਰ ਉਸ ਭੀੜ-ਤੰਤਰ ਨੂੰ ਮਾਨਤਾ ਨਹੀਂ ਮਿਲ਼ੀ, ਜਿਸ ਨੇ ਇਸ ਵੇਲ਼ੇ ਬਾਕੀ ਮੁਲਕ ਉੱਤੇ ਗਲਬਾ ਪਾਇਆ ਹੋਇਆ ਹੈ। ਇਸ ਦਾ ਅਰਥ ਇਹ ਹੈ ਕਿ ਨਵੀਂ ਨਸਲ ਦਾ ਇੱਕ ਵਰਗ ਆਪਣੀ ਹੋਂਦ ਤੇ ਮਸਲਿਆਂ ਪ੍ਰਤੀ ਸੁਚੇਤ ਹੋ ਰਿਹਾ ਹੈ। ਤਸੱਲੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚ ਵੱਡੀ ਗਿਣਤੀ ਕੁੜੀਆਂ ਦੀ ਹੈ ਜੋ ਆਪਣੇ ਨਾਲ਼ ਹੋਣ ਵਾਲ਼ੇ ਹਰ ਵਿਤਕਰੇ ਵਿਰੁੱਧ ਡਟ ਰਹੀਆਂ ਹਨ। ਇਸੇ ਵਰਗ ਨੇ ਆਪਣੀ ਬੌਧਿਕ ਸਮਰੱਥਾ ਦੇ ਆਧਾਰ ਉੱਤੇ ਉੱਜੜ ਰਹੇ ਪੰਜਾਬ ਨੂੰ ਥੰਮ੍ਹਣਾ ਹੈ। ਇਹ ਵਰਗ ਹੀ ਪੰਜਾਬ ਦੇ ਨਿਮਾਣੇ ਤੇ ਨਿਤਾਣੇ ਲੋਕਾਂ ਦੀ ਹਰ ਤਰ੍ਹਾਂ ਅਗਵਾਈ ਕਰਨ ਦੇ ਸਮਰੱਥ ਹੋ ਸਕਦਾ ਹੈ। ਪੰਜਾਬੀ ਰਹਿਤਲ ਨਾਲ਼ ਜੁੜੀਆਂ ਅਸਵੀਕਾਰ ਦੀਆਂ ਪ੍ਰੰਪਰਾਵਾਂ ਨੂੰ ਪਛਾਣ ਕੇ ਇਥੋਂ ਹੀ ਪੰਜਾਬੀਆਂ ਦੇ ਨਵੇਂ ਨਾਇਕ ਪੈਦਾ ਹੋ ਸਕਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’