ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਪਿਛਲੇ ਇੱਕ ਸਾਲ ਤੋਂ ਚੀਨ ਵਿੱਚ ਨਜ਼ਰਬੰਦ ਕੈਨੇਡੀਅਨ ਮਾਈਕਲ ਸਪੇਵਰ ਨਾਲ ਕਾਉਂਸਲਰ ਅਧਿਕਾਰੀਆਂ ਨੇ ਮੰਗਲਵਾਰ ਨੂੰ ਮੁਲਾਕਾਤ ਕੀਤੀ।
ਇੱਕ ਬਿਆਨ ਵਿੱਚ ਸਰਕਾਰੀ ਵਿਭਾਗ ਨੇ ਦੱਸਿਆ ਕਿ ਉਹ ਸਪੇਵਰ ਨਾਲ ਅੱਗੇ ਤੋਂ ਵੀ ਗੱਲ ਕਰਨੀ ਜਾਰੀ ਰੱਖਣਗੇ। ਗਲੋਬਲ ਅਫੇਅਰਜ਼ ਨੇ ਆਖਿਆ ਕਿ ਕੈਨੇਡੀਅਨ ਕਾਉਂਸਲਰ ਦੇ ਅਧਿਕਾਰੀ ਸਪੇਵਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਾਉਂਸਲਰ ਸੇਵਾਵਾਂ ਦੇਣੀਆਂ ਜਾਰੀ ਰੱਖਣਗੇ। ਪ੍ਰਾਈਵੇਸੀ ਐਕਟ ਦੇ ਪ੍ਰਾਵਧਾਨ ਕਾਰਨ ਇਸ ਤੋਂ ਜਿ਼ਆਦਾ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ।
10 ਦਸੰਬਰ, 2018 ਨੂੰ ਸਪੇਵਰ ਨੂੰ ਚੀਨ ਵਿੱਚ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਕੈਨੇਡੀਅਨ ਕਾਉਂਸਲਰ ਅਧਿਕਾਰੀ 14 ਵਾਰੀ ਉਸ ਨਾਲ ਮੁਲਾਕਾਤ ਕਰ ਚੁੱਕੇ ਹਨ। ਜਿ਼ਕਰਯੋਗ ਹੈ ਕਿ ਸਪੇਵਰ ਤੇ ਹੋਰ ਕੈਨੇਡੀਅਨ ਮਾਈਕਲ ਕੋਵਰਿਗ ਨੂੰ ਇੱਕੋ ਦਿਨ ਨਜ਼ਰਬੰਦ ਕੀਤਾ ਗਿਆ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਅਧਿਕਾਰੀਆਂ ਦੇ ਕਹਿਣ ਉੱਤੇ ਪਹਿਲੀ ਦਸੰਬਰ ਨੂੰ ਵੈਨਕੂਵਰ ਵਿੱਚ ਹੁਆਵੇਈ ਦੀ ਚੀਫ ਫਾਇਨਾਂਸ਼ੀਅਲ ਅਧਿਕਾਰੀ ਮੈਂਗ ਵਾਂਗਜ਼ੋਊ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਦਲਾਲਊ ਕਾਰਵਾਈ ਵਿੱਚ ਹੀ ਸਪੇਵਰ ਤੇ ਕੋਵਰਿਗ ਨੂੰ ਨਜ਼ਰਬੰਦ ਕੀਤਾ ਗਿਆ।
ਗਲੋਬਲ ਅਫੇਅਰਜ਼ ਦਾ ਕਹਿਣਾ ਹੈ ਕਿ ਅਧਿਕਾਰੀ ਕੋਵਰਿੱਗ ਤੇ ਉਸ ਦੇ ਪਰਿਵਾਰ ਨੂੰ ਕਾਉਂਸਲਰ ਸੇਵਾਵਾਂ ਦੇਣੀਆਂ ਜਾਰੀ ਰੱਖਣਗੇ ਤੇ ਕੋਵਰਿੱਗ ਤੱਕ ਪਹੁੰਚ ਬਣਾਉਣੀ ਜਾਰੀ ਰੱਖਣਗੇ। ਜਦੋਂ ਤੋਂ ਕੋਵਰਿੱਗ ਦੀ ਡਿਟੈਨਸ਼ਨ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੂੰ 13 ਕਾਉਂਸਲਰ ਵਿਜਿ਼ਟਸ ਮਿਲ ਚੁੱਕੀਆਂ ਹਨ।
ਗਲੋਬਲ ਅਫੇਅਰਜ਼ ਦਾ ਕਹਿਣਾ ਹੈ ਕਿ ਦਸੰਬਰ 2018 ਤੋਂ ਲੈ ਕੇ ਹੁਣ ਤੱਕ ਇਨ੍ਹਾਂ ਦੋ ਕੈਨੇਡੀਅਨਾਂ ਨੂੰ ਨਜ਼ਰਬੰਦ ਕਰਕੇ ਰੱਖਣਾ ਬਹੁਤ ਹੀ ਚਿੰਤਾ ਦਾ ਕਾਰਨ ਹੈ। ਉਨ੍ਹਾਂ ਵੱਲੋਂ ਇਨ੍ਹਾਂ ਦੋਵਾਂ ਕੈਨੇਡੀਅਨਾਂ ਨੂੰ ਰਿਹਾਅ ਕਰਨ ਦੀ ਮੰਗ ਵੀ ਕੀਤੀ ਗਈ। ਗਲੋਬਲ ਅਫੇਅਰਜ਼ ਨੇ ਦੱਸਿਆ ਕਿ ਕੈਨੇਡਾ ਉਨ੍ਹਾਂ ਸਾਰੇ ਦੇਸ਼ਾਂ ਦਾ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਇਨ੍ਹਾਂ ਕੈਨੇਡੀਅਨਾਂ ਦੇ ਸਮਰਥਨ ਵਿੱਚ ਹਾਅ ਦਾ ਨਾਅਰਾ ਮਾਰਿਆ। ਇਨ੍ਹਾਂ ਵਿੱਚ ਆਸਟਰੇਲੀਆ, ਡੈੱਨਮਾਰਕ, ਇਸਟੋਨੀਆ, ਫਰਾਂਸ, ਜਰਮਨੀ, ਲੈਟਵੀਆ, ਲਿਥੁਆਨੀਆ, ਨੀਦਰਲੈਂਡਜ਼, ਸਪੇਨ, ਯੂਨਾਈਟਿਡ ਕਿੰਗਡਮ ਤੇ ਯੂਨਾਈਟਿਡ ਸਟੇਟਸ ਤੋਂ ਇਲਾਵਾ ਯੂਰਪੀਅਨ ਯੂਨੀਅਨ, ਜੀ-7 ਤੇ ਨਾਟੋ ਦੇਸ਼ ਸ਼ਾਮਲ ਹਨ।