Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਨਾਨਕ ਬਾਣੀ ਵਿਚ ਵਿਗਿਆਨਕ ਸੋਚ ਦੀ ਝਲਕ

November 13, 2019 08:40 AM

-ਡਾ. ਵਿਦਵਾਨ ਸਿੰਘ ਸੋਨੀ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਖੋਂ ਉਚਰੀ ਬਾਣੀ ਵਿਚ ਵਿਗਿਆਨਕ ਸੋਚ ਸਪਸ਼ਟ ਦਿਸਦੀ ਹੈ। ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਗਿਆਨ ਦੀ ਪੁਸਤਕ ਨਹੀਂ, ਪਰ ਇਸ ਵਿਚ ਅੰਕਿਤ ਬਹੁਤ ਸਾਰੀ ਬਾਣੀ ਵਿਚ ਥਾਂ ਥਾਂ `ਤੇ ਵਿਗਿਆਨਕ ਸੋਚ ਦ੍ਰਿਸ਼ਟਮਾਨ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ ਪੜ੍ਹ ਕੇ ਬ੍ਰਹਿਮੰਡ ਬਾਰੇ ਉਨ੍ਹਾਂ ਦੀ ਸਮਝ ਬਾਰੇ ਪਤਾ ਲੱਗਦਾ ਹੈ। ਜਿਵੇਂ ਉਹ ਲਿਖਦੇ ਹਨ:
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ॥
ਇਸ ਨੂੰ ਸੁਣ ਕੇ ਸਮਝ ਆਉਂਦਾ ਹੈ ਕਿ ਕਿਵੇਂ ਉਨ੍ਹਾਂ ਦੀ ਦਿੱਬ ਦ੍ਰਿਸ਼ਟੀ ਵਿਚ ਅਣਗਿਣਤ ਧਰਤੀਆਂ ਤੇ ਆਕਾਸ਼ਾਂ ਦੀ ਸੋਝੀ ਸਮਾਈ ਹੋਈ ਸੀ। ਏਥੇ ਲੱਖ ਤੋਂ ਭਾਵ ‘ਅਣਗਿਣਤ` ਹੈ। ਗੁਰੂ ਸਾਹਿਬ ਆਖਦੇ ਹਨ:
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥
ਆਕਾਸ਼ਾਂ ਪਾਤਾਲਾਂ ਦੀ ਗਿਣਤੀ ਏਨੀ ਜ਼ਿਆਦਾ ਹੈ ਕਿ ਉਸ ਨੂੰ ਲੇਖੇ ਦੁਆਰਾ ਪ੍ਰਗਟ ਨਹੀਂ ਕੀਤਾ ਜਾ ਸਕਦਾ ਭਾਵ ਮਨੁੱਖ ਦੀਆਂ ਮਿਥੀਆਂ ਲੇਖੇ ਦੀਆਂ ਇਕਾਈਆਂ (ਲੱਖ, ਕਰੋੜ, ਅਰਬ, ਅਸੰਖ ਆਦਿ) ਇਸ ਲੇਖੇ ਨੂੰ ਪ੍ਰਗਟਾਉਣ ਵਿਚ ਅਸਮਰੱਥ ਹਨ। ਇਸ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ। ਜਿੰਨਾ ਖੋਜੋ, ਇਹ ਓਨਾ ਹੋਰ ਡੂੰਘੀ ਦਿਸਦੀ ਹੈ। ਇਸ ਸਥਿਤੀ ਦਾ ਵਿਗਿਆਨ ਨੂੰ ਹੁਣ ਅਹਿਸਾਸ ਹੋਇਆ ਹੈ। ਇਕ ਵਿਗਿਆਨਕ ਮਨ ਦੀ ਵਿਸ਼ਲੇਸ਼ਣਾਤਮਕ ਰੁਚੀ ਵੀ ਇਸ ਸੱਚ ਨੂੰ ਪਛਾਣ ਲੈਂਦੀ ਹੈ ਕਿ ਉਹ ਕਿੰਨੀ ਗਹਿਰਾਈ ਤੱਕ ਸੋਚ ਸਕਦੇ ਸਨ। ਇਹ ਤੁਕਾਂ ਵੀ ਹਨ:
ਏਹੁ ਅੰਤੁ ਨ ਜਾਣੈ ਕੋਇ॥
ਬਹੁਤਾ ਕਹੀਐ ਬਹੁਤਾ ਹੋਇ॥
ਮੈਂ ਇਸ ਦੇ ਅਰਥ ਨੂੰ ਵੀ ਸ੍ਰਿਸ਼ਟੀ ਨਾਲ ਜੋੜਦਾ ਹਾਂ ਜਿਸ ਦਾ ਅੰਤ ਕੋਈ ਨਹੀਂ ਪਾ ਸਕਦਾ। ਜਿੰਨੀ ਵੇਖ ਲਈਏ, ਓਨੀ ਹੀ ਹੋਰ ਬਚੀ ਨਜ਼ਰ ਆਉਂਦੀ ਹੈ।
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ॥
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ॥
ਭਾਵ ਕਿੰਨੀਆਂ ਧਰਤੀ ਵਰਗੀਆਂ ਹੋਰ ਧਰਤੀਆਂ (ਗ੍ਰਹਿ) ਹਨ ਤੇ ਕਿੰਨੇ ਧਰੂ ਭਗਤ (ਧਰੂ ਵਰਗੇ ਤਾਰੇ) ਤੇ ਕਿੰਨੇ ਉਨ੍ਹਾਂ ਨੂੰ ਉਪਦੇਸ਼ ਦੇਣ ਵਾਲੇ (ਨਾਰਦ ਮੁਨੀ) ਹਨ। ਕਿੰਨੇ ਇੰਦ ਰਾਜੇ, ਕਿੰਨੇ ਚੰਦਰਮਾ, ਕਿੰਨੇ ਹੀ ਸੂਰਜ (ਤਾਰੇ) ਹਨ ਤੇ ਅਣਗਿਣਤ ਹੀ ਤਾਰਾਮੰਡਲ ਹਨ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 1283 `ਤੇ ਵੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਵਿਚ ਬ੍ਰਹਿਮੰਡ ਦੀ ਵਿਸ਼ਾਲਤਾ ਬਾਰੇ ਕਿਹਾ ਗਿਆ ਹੈ:
ਖੰਡ ਪਤਾਲ ਅਸੰਖ ਮੈ ਗਣਤ ਨ ਹੋਈ॥
ਜਦੋਂ ਬ੍ਰਹਿਮੰਡ ਉਪਜਿਆ ਸੀ ਤਾਂ ਤਾਰਾ ਵਿਗਿਆਨੀਆਂ ਦੀ ਸੋਚ ਅਨੁਸਾਰ ਉਦੋਂ ਬ੍ਰਹਿਮੰਡ ਸੁੰਨ ਅਵਸਥਾ ਵਿਚ ਸੀ। ਸਮਾਂ ਅਜੇ ਸ਼ੁਰੂ ਨਹੀਂ ਸੀ ਹੋਇਆ ਤੇ ਪਦਾਰਥ ਇਕ ਬਿੰਦੂ-ਨੁਮਾ ਗੋਲੇ ਵਿਚ ਇਕੱਠਾ ਸੀ। ਨਾ ਧਰਤੀ ਸੀ ਤੇ ਨਾ ਹੀ ਓਦੋਂ ਅਜੇ ਦਿਨ-ਰਾਤ ਬਣੇ ਸਨ, ਕੋਈ ਚੰਨ ਨਹੀਂ ਸੀ ਤੇ ਨਾ ਹੀ ਅੱਜ ਵਾਂਗ ਕੋਈ ਸੂਰਜ ਸੀ। ਉਹ ਗੋਲਾ ਫਟਿਆ, ਗੈਸਾਂ ਦਾ ਅੰਬਾਰ ਉਪਜਿਆ ਜਿਵੇਂ ਗੁਰੂ ਜੀ ਨੇ ਲਿਖਿਆ ਹੈ:
ਅਰਬਦ ਨਰਬਦ ਧੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥
ਤੇ ਇਹ ਵੀ ਲਿਖਿਆ ਹੈ:
ਖੰਡ ਪਤਾਲ ਸਪਤ ਨਹੀ ਸਾਗਰ
ਨਦੀ ਨ ਨੀਰੁ ਵਹਾਇਦਾ॥
ਪਹਿਲਾਂ ਕਿਹਾ ਜਾਂਦਾ ਸੀ ਕਿ ਧਰਤੀ ਬਲਦ ਦੇ ਸਿੰਗਾਂ ਉੱਤੇ ਟਿਕੀ ਹੋਈ ਹੈ, ਪਰ ਗੁਰੂ ਜੀ ਨੇ ਕਿਹਾ:
ਜੇ ਕੋ ਬੁਝੈ ਹੋਵੈ ਸਚਿਆਰੁ॥
ਧਵਲੈ ਉਪਰਿ ਕੇਤਾ ਭਾਰੁ॥
ਧਰਤੀ ਹੋਰੁ ਪਰੈ ਹੋਰੁ ਹੋਰੁ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ॥
ਜੇ ਕੋਈ ਸੱਚ ਜਾਨਣਾ ਚਾਹੇ ਤਾਂ ਪਹਿਲਾਂ ਇਹ ਸਮਝੇ ਕਿ ਧਰਤੀ ਕਿੰਨੀ ਕੁ ਭਾਰੀ ਤੇ ਵਿਸ਼ਾਲ ਹੈ, ਵਿਚਾਰਾ ਬਲਦ ਇਸ ਭਾਰ ਨੂੰ ਕਿਵੇਂ ਚੁੱਕਦਾ ਹੋਵੇਗਾ? ਇਹ ਵੀ ਕੋਈ ਸੋਚੇ ਕਿ ਮੰਨ ਲਓ ਧਰਤੀ ਬਲਦ ਦੇ ਸਿੰਗਾਂ ਦੇ ਸਹਾਰੇ ਖੜ੍ਹੀ ਹੈ ਤਾਂ ਬਲਦ ਅੱਗੋਂ ਕਿਸ `ਤੇ ਖੜ੍ਹਾ ਹੈ? ਇਸੇ ਲਈ ਉਨ੍ਹਾਂ ਇਹ ਕਹਿਣ ਤੋਂ ਪਹਿਲਾਂ ਹੀ ਦੱਸ ਦਿੱਤਾ ਕਿ ਵਾਸਤਵ ਵਿਚ:
ਧੌਲੁ ਧਰਮੁ ਦਇਆ ਕਾ ਪੂਤੁ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥
ਗੁਰੂ ਜੀ ਨੇ ਬਾਣੀ ਰਚੀ:
ਕੀਤਾ ਪਸਾਉ ਏਕੋ ਕਵਾਉ॥
ਤਿਸ ਤੇ ਹੋਏ ਲਖ ਦਰੀਆਉ॥
ਜਦੋਂ ਧਰਤੀ ਬਣ ਗਈ, ਠੰਢੀ ਹੋਈ, ਇਸ `ਤੇ ਬੜੇ ਮੀਂਹ ਵਰ੍ਹੇ, ਵੱਡੇ ਹੜ੍ਹ ਆਏ। ਜਦੋਂ ਕੁਝ ਆਰਾਮ ਮਿਲਿਆ, ਲੱਖਾਂ ਦਰਿਆ ਵਗ ਪਏ। ਇਸ ਸ੍ਰਿਸ਼ਟੀ ਵਿਚ ਸਭ ਕੁਝ ਕਿਸੇ ਤਰਤੀਬ ਵਿਚ, ਕਿਸੇ ਹੁਕਮ ਵਿਚ (ਕੁਦਰਤ ਦੇ ਅਸੂਲਾਂ ਮੁਤਾਬਿਕ) ਚੱਲ ਰਿਹਾ ਹੈ:
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਸਭ ਦੇ ਪੁੱਛਣ `ਤੇ ਕਿ ਫਿਰ ਕਦੋਂ ਸਭ ਕੁਝ ਬਣਿਆ? ਉਨ੍ਹਾਂ ਨੇ ਆਖ਼ਰ ਇਹ ਜਵਾਬ ਦਿੱਤਾ:
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰ॥
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ॥
ਥਿਤਿ ਵਾਰ ਨ ਜੋਗੀ ਜਾਣੈ ਰੁਤਿ ਮਾਹ ਨ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥
ਉਹ ਕਿਹੜਾ ਵੇਲਾ ਸੀ, ਕਿਹੜੀ ਤਰੀਕ ਸੀ ਤੇ ਕਿਹੜਾ ਵਾਰ ਸੀ? ਉਹ ਕਿਹੜੀ ਰੁੱਤ ਸੀ ਤੇ ਕਿਹੜਾ ਮਹੀਨਾ ਸੀ ਜਦੋਂ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਗਈ? ਉਸ ਵੇਲੇ ਦਾ ਪੰਡਤਾਂ ਜਾਂ ਕਾਜ਼ੀਆਂ ਕਿਸੇ ਨੂੰ ਨਹੀਂ ਸੀ ਪਤਾ! ਜੇ ਪਤਾ ਹੁੰਦਾ ਤਾਂ ਉਹ ਕਿਸੇ ਨਾ ਕਿਸੇ ਧਰਮ ਗ੍ਰੰਥ ਵਿਚ ਲਿਖ ਦਿੰਦੇ? ਤਿੱਥ ਤੇ ਵਾਰ, ਮਹੀਨੇ ਰੁੱਤ ਆਦਿ ਦਾ ਕਿਸੇ ਜੋਗੀ ਨੂੰ ਵੀ ਨਹੀਂ ਪਤਾ। ਸੱਚ ਇਹ ਹੈ ਕਿ ਜਿਸ ਨੇ ਸ੍ਰਿਸ਼ਟੀ ਸਾਜੀ ਹੈ, ਉਹੀ ਜਾਣਦਾ ਹੈ।ਉਨ੍ਹਾਂ ਦਾ ਇਸ਼ਾਰਾ ਭਾਵੇਂ ਪਰਮਾਤਮਾ ਵੱਲ ਹੈ, ਪਰ ਦ੍ਰਿਸ਼ਟੀਕੋਣ ਵਿਗਿਆਨਕ ਹੈ। ਤੇ ਵਿਗਿਆਨੀ ਵੀ ਅਜੇ ਤੱਕ ਭੰਬਲਭੂਸੇ ਵਿਚ ਹਨ ਕਿਉਂਕਿ ਉਨ੍ਹਾਂ ਤੋਂ ਵੀ ਸ੍ਰਿਸ਼ਟੀ ਦੇ ਆਰੰਭ ਦਾ ਮਸਲਾ ਹੱਲ ਨਹੀਂ ਹੋ ਰਿਹਾ, ਭਾਵੇਂ ਉਨ੍ਹਾਂ ਦੀ ਪ੍ਰਵਿਰਤੀ ਵੀ ਅੰਤਿਮ ਸੱਚ ਪਾਉਣ ਦੀ ਹੈ।
ਗੁਰੂ ਨਾਨਕ ਦੇਵ ਜੀ ਕਿਸੇ ਵੀ ਬਹਿਸ ਵਿਚ ਆਪਣਾ ਸੰਤੁਲਿਤ ਦ੍ਰਿਸ਼ਟੀਕੋਣ ਕਾਇਮ ਰੱਖਦੇ। ਸਰਬ ਮਾਨਵ ਏਕਤਾ ਦਾ ਸਿਧਾਂਤ ਅਪਨਾਉਣਾ ਤੇ ਸਰਬ ਧਰਮ ਏਕਤਾ ਦੀ ਗੱਲ ਕਰਨਾ ਤਾਰਕਿਕ ਦ੍ਰਿਸ਼ਟੀਕੋਣ ਅਨੁਸਾਰ ਹੀ ਹੈ। ਜਦੋਂ ਗੁਰੂ ਸਾਹਿਬ ਮੱਕੇ ਗਏ ਤਾਂ ਉਨ੍ਹਾਂ ਦੀ ਹਾਜੀਆਂ ਨਾਲ ਬਹਿਸ ਹੋਈ। ਹਾਜੀ ਕੁਰਾਨ ਖੋਲ੍ਹ ਕੇ ਪੁੱਛਣ ਲੱਗੇ ਕਿ ਹਿੰਦੂ ਚੰਗਾ ਹੁੰਦਾ ਹੈ ਜਾਂ ਮੁਸਲਮਾਨ? ਤਾਂ ਭਾਈ ਗੁਰਦਾਸ ਅਨੁਸਾਰ ਗੁਰੂ ਸਾਹਿਬ ਦਾ ਉੱਤਰ ਸੀ:
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ॥
ਗੁਰੂ ਨਾਨਕ ਸਾਹਿਬ ਦੀ ਪਾਖੰਡਾਂ ਵਿਰੁੱਧ ਨਿਰੋਲ ਵਿਗਿਆਨਕ ਸੋਚ ਸੀ। ਜਦੋਂ ਉਹ ਹਰਿਦੁਆਰ ਗਏ ਤਾਂ ਉਨ੍ਹਾਂ ਦੇਖਿਆ ਕਿਲੋਕ ਸੂਰਜ ਵੱਲ ਮੂੰਹ ਕਰਕੇ ਆਪਣੇ ਪਿੱਤਰਾਂ ਵੱਲ ਗੰਗਾ ਜਲਸੁੱਟ ਰਹੇ ਹਨ। ਗੁਰੂ ਜੀ ਨੇ ਓਧਰ ਪਿੱਠ ਕਰਕੇ ਕਰਤਾਰਪੁਰਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਹੋਰ ਲੋਕ ਪੁੱਛਣ ਲੱਗੇ ਕਿ ਇਹ ਕੀ ਕਰ ਰਹੇ ਹੋ? ਗੁਰੂ ਜੀ ਨੇ ਅੱਗੋਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਤੁਸੀਂ ਕੀ ਰਹੇ ਸੀ? ਲੋਕ ਕਹਿਣ ਲੱਗੇ ਕਿ ਅਸੀਂ ਆਪਣੇ ਪਿੱਤਰਾਂ ਨੂੰ ਪਾਣੀ ਦੇ ਰਹੇ ਹਾਂ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੈਂ ਕਰਤਾਰਪੁਰ ਵਿਖੇ ਆਪਣੇ ਖੇਤਾਂ ਵੱਲ ਪਾਣੀ ਸੁੱਟ ਰਿਹਾ ਹਾਂ। ਲੋਕੀਂ ਹੱਸ ਕੇ ਕਹਿਣ ਲੱਗੇ ਕਿ ਤੁਹਾਡਾ ਪਿੰਡ ਏਥੋਂ ਸੈਂਕੜੇ ਮੀਲ ਦੂਰ ਹੈ, ਓਥੇ ਪਾਣੀ ਕਿਵੇਂ ਪੁੱਜੇਗਾ? ਇਸ `ਤੇ ਗੁਰੂ ਜੀ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਜੇ ਸੈਂਕੜੇ ਮੀਲਾਂ ਤੱਕ ਮੇਰਾ ਪਾਣੀ ਨਹੀਂ ਪੁੱਜ ਸਕਦਾ ਤਾਂ ਕਰੋੜਾਂ ਮੀਲ ਦੂਰ ਸੂਰਜ ਤੋਂ ਪਾਰ ਤੁਹਾਡੇ ਪਿੱਤਰਾਂ ਤੱਕ ਤੁਹਾਡਾ ਦਿੱਤਾ ਪਾਣੀ ਕਿਵੇਂ ਪੁੱਜ ਜਾਵੇਗਾ? ਲੋਕਾਂ ਨੂੰ ਗੁਰੂ ਜੀ ਦੀ ਇਹ ਗੱਲ ਸਮਝ ਆ ਗਈ।
ਗੁਰੂ ਨਾਨਕ ਦੇਵ ਜੀ ਨੇ ਇਕ ਜਗ੍ਹਾ ਰਾਸ ਲੀਲਾ ਦੇਖੀ ਤੇ ਉਸ ਵਿਚ ਵੀ ਪਾਖੰਡ ਨੂੰ ਦੇਖ ਕੇ ਉਚਰਿਆ:
ਵਇਨਿ ਚੇਲੇ ਨਚਨਿ ਗੁਰ॥
ਪੈਰ ਹਲਾਇਨਿ ਫੇਰਨਿ ਸਿਰ॥
ਉਡਿ ਉਡਿ ਝਾਟੈ ਪਾਇ॥
ਵੇਖੈ ਲੋਕੁ ਹਸੈ ਘਰਿ ਜਾਇ॥
ਰੋਟੀਆ ਕਾਰਣਿ ਪੂਰਹਿ ਤਾਲ॥
ਆਪੁ ਪਛਾੜਹਿ ਧਰਤੀ ਨਾਲਿ॥
ਭਾਵ ਇਨ੍ਹਾਂ ਲੋਕਾਂ ਦਾ ਭਗਵਾਨ ਦੀ ਭਗਤੀ ਵਿਚ ਨੱਚਣਾ ਭੁੜਕਣਾ ਮਹਿਜ਼ ਦਿਖਾਵਾ ਹੈ ਜਿਸ ਨੂੰ ਵੇਖ ਕੇ ਲੋਕ ਹੱਸਦੇ ਤੇ ਘਰਾਂ ਨੂੰ ਚਲੇ ਜਾਂਦੇ ਹਨ। ਅਸਲ ਵਿਚ ਇਹ ਰੋਟੀਆਂ ਦੀ ਇਕ ਕਮਾਈ ਦਾ ਸਾਧਨ ਹੀ ਹੈ ਕਿ ਕਿਵੇਂ ਉਹ ਝਾਟੇ ਖਿਲਾਰ ਕੇ ਸਿਰ ਮਾਰਦੇ ਹਨ ਤੇ ਪੂਰੇ ਤਾਲ ਵਿਚ ਨੱਚਦੇ ਹਨ। ਇਸ ਤਰ੍ਹਾਂ ਲੋਕਾਂ ਨੂੰ ਸਹੀ ਰਸਤੇ `ਤੇ ਪਾਉਣ ਵਾਸਤੇ ਗੁਰੂ ਜੀ ਆਪਣੀਆਂ ਤਾਰਕਿਕ ਦਲੀਲਾਂ ਵਾਲੀ ਕਥਨੀ ਨੂੰ ਕਰਨੀ ਵਿਚ ਬਦਲਦੇ ਸਨ।ਪਾਖੰਡੀ ਲੋਕ ਗ਼ਰੀਬ ਬੰਦਿਆਂ `ਤੇ ਜ਼ੁਲਮ ਢਾਹੁੰਦੇ ਸਨ, ਪਰ ਕਿਸੇ ਜੀਵ ਦੀ ਹੱਤਿਆ ਕਾਰਨ ਲਹੂ ਦੀਆਂ ਛਿੱਟਾਂ ਕੱਪੜਿਆਂ `ਤੇ ਪੈ ਜਾਂਦੀਆਂ ਤਾਂ ਆਪਣੇ ਕੱਪੜੇ ਭਿੱਟੇ ਗਏ ਸਮਝਦੇ ਸਨ। ਗੁਰੂ ਨਾਨਕ ਦੇਵ ਜੀ ਦਾ ਉੱਤਰ ਸੀ:
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥
ਵਣਾਂ ਵਿਚ ਰਹਿਣ ਵਾਲੇ ਸਾਧੂਆਂ ਦੀ ਤੁਲਨਾ ਵਿਚ ਭਗਵੇਂ ਵੇਸ ਵਾਲੇ ਭੁੱਖੇ ਪਾਖੰਡੀ ਸਾਧੂਆਂ ਬਾਰੇ ਕਹਿੰਦੇ ਹਨ:
ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ॥
ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ॥
ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ॥
ਖੁਦਾ ਦਾ ਨਾਂ ਲੈਣ ਵਾਲੇ ਅਤੇ ਫਿਰ ਕੋਝੇ ਅਮਲ ਕਰਨ ਵਾਲਿਆਂ ਨੂੰ ਕਹਿੰਦੇ ਹਨ:
ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ॥
ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ॥
ਗੁਰੁ ਨਾਨਕ ਦੇਵ ਜੀ ਕੁਦਰਤ ਦੇ ਕਵੀ ਸਨ। ਉਨ੍ਹਾਂ ਨੇ ਆਰਤੀ ਨੂੰ ਬ੍ਰਹਿਮੰਡੀ ਰੂਪ ਦੇ ਦਿੱਤਾ ਸੀ ਤੇ ਸਾਰੀ ਸ੍ਰਿਸ਼ਟੀ ਦੀ ਹੀ ਆਰਤੀ ਉਚਾਰੀ:
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥੧॥
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ॥
ਭਾਰਤ ਵਿਚ ਔਰਤ ਨੂੰ ਨੀਵਾਂ ਮੰਨਿਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਮਰਦ ਬਰਾਬਰ ਸਮਝਿਆ। ਉਨ੍ਹਾਂ ਨੇ ਆਪਣੀ ਤਾਰਕਿਕ ਸੋਚਣੀ ਤਹਿਤ ਕਿਹਾ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਇਸੇ ਵਿਗਿਆਨਕ ਵਿਚਾਰਧਾਰਾ ਅਨੁਸਾਰ ਉਹ ਅਖੌਤੀ ਨੀਵੀਂਆਂ ਜਾਤਾਂ ਦੇ ਲੋਕਾਂ ਨੂੰ ਵੀ ਉੱਚੀ ਜਾਤ ਵਾਲਿਆਂ ਦੇ ਬਰਾਬਰ ਮੰਨਦੇ ਸਨ। ਕਿਸੇ ਨੂੰ ਵੀ ਨੀਚ ਕਹਿਣ ਦੇ ਹੱਕ ਵਿਚ ਨਹੀਂ ਸਨ। ਉਨ੍ਹਾਂ ਨੇ ਊਚ ਨੀਚ ਦਾ ਵਿਤਕਰਾ ਮਿਟਾਉਣ ਖ਼ਾਤਰ ਕਿਹਾ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥
ਇਉਂ ਸਾਰੀ ਗੁਰਬਾਣੀ ਵਿਚ ਵਿਗਿਆਨਕ ਸੋਚ ਸੰਮਿਲਿਤ ਹੈ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਅਧਿਐਨ ਵਿਗਿਆਨਕ ਸੋਚ ਦੇ ਧਾਰਨੀਆਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’