Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਗਨਗੌਰਾਂ ਤੇ ਦੁਸਹਿਰਾ

October 08, 2019 09:45 AM

-ਪਰਮਜੀਤ ਕੌਰ ਸਰਹਿੰਦ
ਦੁਸਹਿਰਾ ਵੀ ਦੀਵਾਲੀ ਵਾਂਗ ਤਕਰੀਬਨ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ, ਪਰ ਪੰਜਾਬੀ ਲੋਕ ਇਸ ਨੂੰ ਨਿਵੇਕਲੇ ਢੰਗ ਨਾਲ ਮਨਾਉਂਦੇ ਹਨ। ਇਹ ਤਿਉਹਾਰ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਸ਼ੁਰੂ ਵਿੱਚ ਮਨਾਇਆ ਜਾਂਦਾ ਹੈ। ਦੁਸਹਿਰਾ ਆਉਣ ਤੋਂ ਪਹਿਲਾਂ ਜੌਂ ਬੀਜੇ ਜਾਂਦੇ ਹਨ, ਜਿਨ੍ਹਾਂ ਨੂੰ ‘ਗਨਗੌਰਾਂ' ਕਿਹਾ ਜਾਂਦਾ ਹੈ। ਇਹ ਗਨਗੌਰਾਂ ਦੁਸਹਿਰੇ ਤੋਂ ਗਿਆਰਾਂ ਦਿਨ ਪਹਿਲਾਂ ਅੱਸੂ ਮਹੀਨੇ ਦੇ ਅਖੀਰਲੇ ਪੱਖ ਸ਼ਰਾਧਾਂ ਤੋਂ ਬਾਅਦ ਬੀਜੀਆਂ ਜਾਂਦੀਆਂ ਹਨ। ਕਈ ਲੋਕ ਇਹ ਗਨਗੌਰਾਂ ਮੱਸਿਆ ਵਾਲੇ ਦਿਨ ਬੀਜਦੇ ਹਨ ਅਤੇ ਇਸ ਨੂੰ ਸਾਂਝਾ ਦਿਨ ਮੰਨਦੇ ਹਨ। ਬਹੁਤੇ ਲੋਕ ਪਹਿਲੇ ਨਰਾਤੇ ਨੂੰ ਬੀਜਦੇ ਹਨ। ਹਰ ਇਲਾਕੇ ਦਾ ਆਪੋ-ਆਪਣਾ ਰਿਵਾਜ ਹੈ, ਪਰ ਬਹੁਤਾ ਮਿਲਦਾ-ਜੁਲਦਾ ਹੀ ਹੈ। ਗਨਗੌਰਾਂ ਬੀਜਣ ਲਈ ‘ਸੰਨਵੇਂ' ਖੇਤ ਦੀ ਮਿੱੱਟੀ ਲਿਆਂਦੀ ਜਾਂਦੀ ਹੈ, ਇਸ ਵਿੱਚ ਜੌਂ ਬਹੁਤ ਸੋਹਣੇ ਤੇ ਭਰਵੇਂ ਜੰਮਦੇ ਹਨ। ਅੱਜ ਤਾਂ ਸੰਨਵੇਂ ਖੇਤ ਰਹੇ ਹੀ ਨਹੀਂ। ਸੰਨਵੇਂ ਖੇਤ ਉਹ ਹੁੰਦੇ, ਜਿਨ੍ਹਾਂ ਵਿੱਚ ਸਾਉਣੀ ਦੀ ਫਸਲ ਨਾ ਬੀਜੀ ਜਾਂਦੀ ਹੋਵੇ।
ਗਨਗੌਰਾਂ ਬੀਜਣ ਲਈ ਆਮ ਤੌਰ ਉੱਤੇ ਪੰਜ ਕੱਚੇ-ਪੱਕੇ ਬੇਕਾਰ ਪਏ ਭਾਂਡੇ ਜਾਂ ਕੁੱਜੇ-ਠੂਠੀਆਂ ਇਕੱਠੀਆਂ ਕਰ ਲਈਆਂ ਜਾਂਦੀਆਂ ਹਨ। ਇੱਕ ਵੱਡਾ ਭਾਂਡਾ ਜਾਂ ਮਿੱਟੀ ਦਾ ਕੰਡੀਰਾ ਲਿਆ ਜਾਂਦਾ ਹੈ, ਉਸ ਵਿੱਚ ਬੀਜੇ ਜੌਆਂ ਨੂੰ ‘ਦੁਸਹਿਰਾ' ਕਿਹਾ ਜਾਂਦਾ ਹੈ। ਕਈ ਵਾਰ ਘਰਾਂ ਵਿੱਚ ਜਿੰਨੇ ਪੁੱਤਰ ਹੁੰਦੇ, ਓਨੀਆਂ ਹੀ ਗਨਗੌਰਾਂ ਬੀਜੀਆਂ ਜਾਂਦੀਆਂ ਅਤੇ ਵੱਡੇ ਭਾਂਡੇ ਦੀ ਥਾਂ ਕੱਚੇ ਵਿਹੜੇ ਵਿੱਚ ‘ਦੁਸਹਿਰਾ' ਇੱਕ ਕਿਆਰੀ ਬਣਾ ਕੇ ਬੀਜਿਆ ਜਾਂਦਾ। ਜਿਨ੍ਹਾਂ ਪਰਵਾਰਾਂ ਵਿੱਚ ਪੁੱਤਰ ਨਾ ਹੁੰਦਾ, ਉਹ ਕਈ ਵਾਰ ਇਕੱਲਾ ‘ਦੁਸਹਿਰਾ' ਬੀਜਦੇ। ਘਰ ਦੀ ਵੱਡੀ ਸੁਆਣੀ ਨੂੰਹਾਂ ਨੂੰ ਕੋਲ ਬਿਠਾ ਕੇ ਗਨਗੌਰਾਂ ਬੀਜਦੀ। ਜੌਂ ਮਿੱਟੀ ਵਿੱਚ ਰਲਾ ਲਏ ਜਾਂਦੇ ਅਤੇ ਭਾਂਡਿਆਂ ਵਿੱਚ ਪਾ ਦਿੱਤੇ ਜਾਂਦੇ, ਉਤੋਂ ਪਾਣੀ ਤਰੌਂਕ ਦਿੱਤਾ ਜਾਂਦਾ। ਇਨ੍ਹਾਂ ਕੁੱਜੇ-ਠੂਠੀਆਂ ਤੇ ਭਾਂਡਿਆਂ ਨੂੰ ਅਰਿੰਡ ਜਾਂ ਅੱਕ ਦੇ ਪੱਤਿਆਂ ਨਾਲ ਚੰਗੀ ਤਰ੍ਹਾਂ ਢੱਕ ਕੇ ਉਪਰੋਂ ਫੇਰ ਕਿਸੇ ਮੋਟੇ-ਪੁਰਾਣੇ ਕੱਪੜੇ ਜਾਂ ਬੋਰੀ ਨਾਲ ਇਕੱਠਿਆਂ ਢੱਕ ਦਿੱਤਾ ਜਾਂਦਾ ਅਤੇ ਕਿਤੇ ਸੁਰੱਖਿਅਤ ਥਾਂ ਰੱਖ ਦਿੱਤਾ ਜਾਂਦਾ। ਗਨਗੌਰਾਂ ਵਾਲੇ ਦਿਨ ਕੌੜੇ ਅੱਕ ਦੇ ਪੱਤਿਆਂ ਦੀ ਬੜੀ ਪੁੱਛ ਪੈਂਦੀ, ਜਿਸ ਨੂੰ ਔੜਾਂ-ਉਜਾੜਾਂ 'ਚ ਖੜ੍ਹੇ ਨੂੰ ਸਾਲ ਭਰ ਕੋਈ ਨਾ ਪੁੱਛਦਾ। ਗਨਗੌਰਾਂ ਦੇ ਦਿਨੀਂ ਅੱਕ ਦੂਰ-ਪਾਰ ਦੇ ਖੇਤਾਂ ਵਿੱਚੋਂ ਲੱਭ ਕੇ ਲਿਆਉਂਦੇ।
ਜੌਂ ਉਗਣ ਲੱਗਦੇ ਤਾਂ ਰਾਤ ਨੂੰ ਉਨ੍ਹਾਂ ਨੂੰ ਚੁੱਕ ਕੇ ਤ੍ਰੇਲ ਵਿੱਚ ਰੱਖਿਆ ਜਾਂਦਾ ਤੇ ਧੁੱਪ ਚੜ੍ਹਨ ਤੋਂ ਪਹਿਲਾਂ ਫਿਰ ਛਾਂ ਵਿੱਚ ਕਰ ਦਿੱਤਾ ਜਾਂਦਾ। ਗਨਗੌਰਾਂ ਆਮ ਤੌਰ 'ਤੇ ਕੋਠੇ ਜਾਂ ਚੁਬਾਰੇ ਦੇ ਬਰਾਂਡੇ 'ਚ ਰੱਖੀਆਂ ਜਾਂਦੀਆਂ, ਰਾਤ ਨੂੰ ਕੋਠੇ ਉਤੇ ਰੱਖੀਆਂ ਜਾਂਦੀਆਂ। ਕਈਆਂ ਦੀਆਂ ਗਨਗੌਰਾਂ ‘ਸੂਤ ਕੱਤ ਕੇ' ਭਾਵ ਚਿੱਟੇ ਜਿਹੇ ਧਾਗੇ ਬਣ ਕੇ ਰਹਿ ਜਾਂਦੀਆਂ ਜਾਂ ਕਈ ਵਾਰ ‘ਤੂਈਆਂ ਕੱਢ ਕੇ' ਥੋੜ੍ਹੀਆਂ ਜਿਹੀਆਂ ਪੁੰਗਰ ਕੇ ਰਹਿ ਜਾਂਦੀਆਂ। ਕਦੇ-ਕਦੇ ਇਹ ਪੱਲਰ ਕੇ ਪੀਲੀਆਂ ਪੈ ਜਾਂਦੀਆਂ ਸਨ। ਪੱਲਰੀਆਂ, ਹਰੀਆਂ ਕਚੂਰ ਗਨਗੌਰਾਂ ਤੋਂ ਪੱਤੇ ਤੇ ਕੱਪੜੇ ਚੁੱਕ ਦਿੱਤੇ ਜਾਂਦੇ, ਉਹ ਫਿਰ ਛਾਵੇਂ ਹੀ ਰਹਿੰਦੀਆਂ, ਸਵੇਰੇ ਉਨ੍ਹਾਂ ਨੂੰ ਪਾਣੀ ਜ਼ਰੂਰ ਦਿੱਤਾ ਜਾਂਦਾ। ਕਈ ਘਰਾਂ ਦੀਆਂ ਗਨਗੌਰਾਂ ਹਰੀਆਂ ਕਚੂਰ ਗਿੱਠ-ਡੇਢ ਗਿੱਠ ਲੰਮੀਆਂ ਹੋ ਜਾਂਦੀਆਂ ਅਤੇ ਕਿਸੇ ਦੇ ਬਹੁਤ ਮਰੀਆਂ ਜਿਹੀਆਂ ਹੁੰਦੀਆਂ। ਹਰੀਆਂ-ਭਰੀਆਂ ਲੰਮੀਆਂ ਗਨਗੌਰਾਂ ਨੂੰ ਖੁਸ਼ਹਾਲੀ ਦਾ ਸੁਨੇਹਾ ਮੰਨਿਆ ਜਾਂਦਾ ਤੇ ਕੁਮਲਾਈਆਂ ਅੱਧ ਪੱਲਰੀਆਂ ਨੂੰ ਮੰਦਹਾਲੀ ਦਾ ਸੰਦੇਸ਼ ਮੰਨਿਆ ਜਾਂਦਾ, ਪਰ ਅਸਲ ਵਿੱਚ ਇਹ ਬੀਜਣ-ਸਾਂਭਣ ਵਾਲੀ ਦੇ ਸੁਚੱਜ 'ਤੇ ਵੀ ਨਿਰਭਰ ਹੁੰਦਾ ਹੈ। ਸਮੇਂ ਸਿਰ ਧੁੱਪੇ-ਛਾਵੇਂ ਕਰਨਾ ਤੇ ਪਾਣੀ ਦੇਣਾ ਜ਼ਰੂਰੀ ਹੁੰਦਾ।
ਦੁਸਹਿਰੇ ਤੋਂ ਪਹਿਲਾਂ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਬਣਾਈਆਂ ਜਾਂਦੀਆਂ। ਕੋਈ ਉਨ੍ਹਾਂ ਵਿੱਚ ਘਰ ਦਾ ਕੱਢਿਆ ਖੋਆ ਵੀ ਪਾ ਲੈਂਦਾ। ਕੋਈ ਸੁਆਣੀ ਪੰਜੀਰੀ ਰਲਾ ਲੈਂਦੀ। ਦੁਸਹਿਰੇ ਤੋਂ ਪਹਿਲੇ ਦਿਨ ਤੜਕੇ, ਮੂੰਹ ਹਨ੍ਹੇਰੇ ਉਹ ਗਨਗੌਰਾਂ ਚੱਕਲੀ ਸਮੇਤ ਭਾਂਡਿਆਂ ਵਿੱਚੋਂ ਕੱਢ ਲੈਣੀਆਂ ਤੇ ਧੋਤੇ-ਸੁਆਰੇ ਸਾਫ ਤਸਲੇ ਵਿੱਚ ਰੱਖ ਦੇਣੀਆਂ। ਗਨਗੌਰਾਂ ਦਾ ‘ਦੁਸਹਿਰੇ' ਵਾਲਾ ਵੱਡਾ ਭਾਂਡਾ ਨਾ ਛੇੜਿਆ ਜਾਂਦਾ, ਉਹ ਜਿਉ ਦਾ ਤਿਉਂ ਘਰ ਵਿੱਚ ਰੱਖਿਆ ਜਾਂਦਾ। ਸਾਰੇ ਘਰਾਂ ਦੇ ਜੁਆਕ ਤੜਕੇ ਹੀ ਨਹਾ-ਧੋ ਕੇ ਤਿਆਰ ਹੋ ਜਾਂਦੇ। ਜਿਨ੍ਹਾਂ ਨੇ ‘ਸਾਂਝੀ' ਅਤੇ ‘ਬਰੋਟੇ' ਲਾਏ ਹੁੰਦੇ, ਉਹ ਕੁਝ ਟਿੱਕੀਆਂ ਰੱਖ ਕੇ ਬਾਕੀ ਤਸਲਿਆਂ ਵਿੱਚ ਪਾ ਲੈਂਦੀਆਂ। ਕਈ ਘਰਾਂ ਵਿੱਚ ਪੂਰਾ ਬਰੋਟਾ ਰੱਖ ਲਿਆ ਜਾਂਦਾ। ਸਾਂਝੀ ਤੇ ਬਰੋਟਾ ਵੀ ਗਨਗੌਰਾਂ ਬੀਜਣ ਵਾਲੇ ਦਿਨ ਹੀ ਲਾਏ ਹੁੰਦੇ। ਗਨਗੌਰਾਂ ਤੇ ਸਾਂਝੀ-ਬਰੋਟਾ ਪਿੰਡ ਦੇ ਛੱਪੜ ਜਾਂ ਟੋਭੇ ਜਾਂ ਇਨ੍ਹਾਂ ਦੇ ਨਾ ਹੋਣ 'ਤੇ ਨਾਲ ਵਗਦੇ ਨਦੀ-ਨਹਿਰ ਵਿੱਚ ਤਾਰੇ ਜਾਂਦੇ। ਇਸ ਦਿਨ ਟੋਭੇ ਉਤੇ ਕਿਸੇ ਚੰਗੇ ‘ਪਿਕਨਿਕ ਸਪੌਟ' ਜਿਹੀ ਰੌਣਕ ਹੁੰਦੀ। ਉਥੇ ਬੱਚੇ ਵੀ ਹੁੰਦੇ ਤੇ ਵੱਡੇ ਵੀ। ਕਈ ਥਾਈਂ ਇਹ ਰਸਮ ਦੁਸਹਿਰੇ ਵਾਲੇ ਦਿਨ ਕੀਤੀ ਜਾਂਦੀ ਹੈ, ਭਾਵ ਦੁਸਹਿਰੇ ਨੂੰ ਗਨਗੌਰਾਂ ਪਾਣੀ ਵਿੱਚ ਤਾਰੀਆਂ ਜਾਂਦੀਆਂ ਹਨ। ਕੁਝ ਜੌਂ ਵਾਪਸ ਘਰ ਮੋੜ ਕੇ ਲਿਆਂਦੇ ਜਾਂਦੇ।
ਦੁਸਹਿਰੇ ਵਾਲੇ ਦਿਨ ਘਰ ਦੀਆਂ ਧੀਆਂ-ਭੈਣਾਂ ਭਰਾਵਾਂ ਦੇ ਅਤੇ ਘਰ ਦੇ ਵੱਡੇ ਬੰਦਿਆਂ ਬਾਪ, ਤਾਏ, ਚਾਚੇ ਦੀਆਂ ਪੱਗਾਂ ਵਿੱਚ ‘ਦੁਸਹਿਰੇ' ਵਿੱਚੋਂ ਪੁੱਟ ਕੇ ਜੌਂ ਟੰਗਦੀਆਂ। ਛੋਟੇ ਬਾਲਾਂ ਦੇ ਜੂੜਿਆਂ 'ਚ ਜੌ ਟੰਗੇ ਜਾਂਦੇ ਅਤੇ ਕਿਸੇ ਦੀ ਜੇਬ 'ਚ ਪਾਏ ਜਾਂਦੇ। ਸਾਰੇ ਧੀਆਂ-ਭੈਣਾਂ ਨੂੰ ਸਰਦਾ-ਬਣਦਾ ਸ਼ਗਨ ਦਿੰਦੇ। ਲਾਗੀ-ਤੱਥੀ ਵੀ ਜੌਂ ਲੈ ਕੇ ਆਉਂਦੇ, ਉਨ੍ਹਾਂ ਨੂੰ ਕਣਕ, ਗੁੱੜ, ਮੱਕੀ ਤੇ ਪੰਜ-ਦਸ ਰੁਪਏ ਦਿੱਤੇ ਜਾਂਦੇ। ਉਨ੍ਹਾਂ ਨੂੰ ਕੋਈ ਚੌਲ, ਸ਼ੱਕਰ, ਬੂਰਾ ਤੇ ਰੋਟੀ ਵੀ ਦੇ ਦਿੰਦਾ ਤਾਂ ਉਹ ਅਸੀਸਾਂ ਦਿੰਦੇ ਜਾਂਦੇ। ਇਸ ਤਰ੍ਹਾਂ ਗਨਗੌਰਾਂ ਦੁਸਹਿਰੇ ਤੋਂ ਬਿਨਾਂ ਵੀ ਛੋਟਾ ਜਿਹਾ ਤਿਉਹਾਰ ਬਣ ਜਾਂਦੀਆਂ। ਅੱਜ ਸ਼ਹਿਰੀਂ ਆ ਵਸੇ ਪੇਂਡੂ ਲੋਕ ਬਹੁਤਾ ਕਰਕੇ ਗਨਗੌਰਾਂ ਬੀਜਣੀਆਂ ਛੱਡ ਚੁੱਕੇ ਹਨ, ਪਰ ਉਹ ਹਰੀਆਂ-ਕਚੂਰ ਗਨਗੌਰਾਂ ਮੇਰੇ ਚੇਤੇ ਵਿੱਚ ਅੱਜ ਵੀ ਲਹਿ-ਲਹਾਉਂਦੀਆਂ ਹਨ ਜਿਨ੍ਹਾਂ ਦਾ ਸਾਡੀ ਅਗਲੀ ਪੀੜ੍ਹੀ ਨੂੰ ਪਤਾ ਹੀ ਨਹੀਂ ਲੱਗਣਾ ਕਿ ਗਨਗੌਰਾਂ ਕੀ ਹੁੰਦੀਆਂ ਹਨ?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’