Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਨਵੇਂ ਦੌਰ ਦੇ ਭਾਰਤ ਵਿੱਚ ਅਕਲ ਦੀ ਗੱਲ ਵੀ ਦੇਸ਼ ਧਰੋਹ ਜਾਪਣ ਲੱਗ ਪਈ

October 07, 2019 09:26 AM

-ਜਤਿੰਦਰ ਪਨੂੰ
ਅਸੀਂ ਉਹ ਦਿਨ ਵੇਖੇ ਹੋਏ ਹਨ, ਜਦੋਂ ਪੰਜਾਬ ਦੇ ਗੱਭਰੂ ਕਮਾਈਆਂ ਕਰਨ ਲਈ ਟਰੈਵਲ ਏਜੰਟਾਂ ਦੇ ਰਾਹੀਂ ਕਦੀ ਇਰਾਕ, ਇਰਾਨ ਅਤੇ ਲੀਬੀਆ ਵੱਲ ਜਾਂਦੇ ਹੁੰਦੇ ਸਨ। ਸਾਨੂੰ ਓਦੋਂ ਅਜੇ ਇਨ੍ਹਾਂ ਗੱਲਾਂ ਦੀ ਬਹੁਤੀ ਸਮਝ ਨਹੀਂ ਸੀ, ਪਰ ਏਨਾ ਕੁ ਪਤਾ ਸੀ ਕਿ ਓਥੋਂ ਦੇ ਨੋਟਾਂ ਦੀ ਕੀਮਤ ਬੜੀ ਵੱਧ ਹੈ, ਜਿਸ ਕਾਰਨ ਓਥੋਂ ਕੀਤੀ ਕਮਾਈ ਜਦੋਂ ਭਾਰਤ ਦੇ ਦਰਾਂ ਤੱਕ ਪਹੁੰਚਦੀ ਹੈ ਤਾਂ ਕਈ ਗੁਣਾਂ ਵਧ ਜਾਂਦੀ ਹੈ। ਅੱਜ ਸਾਨੂੰ ਇਸ ਬਾਰੇ ਕੁਝ ਵੱਧ ਪਤਾ ਹੋ ਸਕਦਾ ਹੈ, ਪਰ ਜਿਹੜੀ ਗੱਲ ਨੋਟ ਕਰਨ ਵਾਲੀ ਹੈ, ਉਹ ਇਹ ਕਿ ਇਨ੍ਹਾਂ ਦੇਸ਼ਾਂ ਵਿੱਚ ਉਸ ਤੋਂ ਬਾਅਦ ਹਾਲਾਤ ਵਿਗੜਦੇ ਗਏ ਤੇ ਅੱਜ ਓਥੇ ਲੋਕ ਭੁੱਖ ਨਾਲ ਮਰਨ ਵਾਲੀ ਹਾਲਤ ਬਣੀ ਪਈ ਹੈ। ਭਾਰਤ ਦੇ ਲੋਕਾਂ ਨੂੰ ਇਸ ਵਿਗਾੜ ਦੀ ਜੜ੍ਹ ਸਮਝਣ ਦੀ ਲੋੜ ਹੈ।
ਅਸੀਂ ਚਾਰਟ ਕੱਢ ਕੇ ਵੇਖਿਆ ਤਾਂ ਪਤਾ ਲੱਗਾ ਕਿ ਸਾਲ 2000 ਵਿੱਚ ਲਿਬੀਆ ਦੇ ਇੱਕ ਦੀਨਾਰ ਦੇ ਬਦਲੇ ਵਿੱਚ ਅਮਰੀਕਾ ਦੇ ਢਾਈ ਡਾਲਰ ਮਿਲ ਜਾਂਦੇ ਹੋਣਗੇ ਤੇ ਅੱਜ ਇਸ ਤੋਂ ਉਲਟ ਇੱਕ ਅਮਰੀਕੀ ਡਾਲਰ ਦੇ ਬਦਲੇ ਲਿਬੀਆ ਦਾ ਸਵਾ ਦੀਨਾਰ ਦੇਣਾ ਪੈਂਦਾ ਹੈ। ਇਹ ਬਦ-ਅਮਨੀ ਦੇ ਕਾਰਨ ਹੋਇਆ ਹੈ। ਕੋਈ ਵੀ ਦੇਸ਼ ਬਦ-ਅਮਨੀ ਦੇ ਦੌਰਾਨ ਤਰੱਕੀ ਨਹੀਂ ਕਰ ਸਕਦਾ, ਸਗੋਂ ਇਹ ਮੰਨਣਾ ਵੱਧ ਠੀਕ ਹੈ ਕਿ ਕੋਈ ਤਰੱਕੀ ਵਾਲਾ ਦੇਸ਼ ਵੀ ਬਦ-ਅਮਨੀ ਦੇ ਦੌਰ ਵਿੱਚ ਦਾਖਲ ਹੋ ਜਾਵੇ ਤਾਂ ਆਪਣੀ ਕੀਤੀ ਤਰੱਕੀ ਨਹੀਂ ਸੰਭਾਲ ਸਕਦਾ ਤੇ ਡਿੱਗਣ ਲੱਗਦਾ ਹੈ। ਖੁਦ ਸੱਟ ਖਾ ਕੇ ਅਕਲ ਵੱਲ ਮੁੜਨ ਦੀ ਥਾਂ ਕਿਸੇ ਦੂਸਰੇ ਨੂੰ ਪਈ ਸੱਟ ਦੇ ਹਸ਼ਰ ਤੋਂ ਸਿੱਖਿਆ ਜਾ ਸਕਦਾ ਹੈ, ਪਰ ਇਸ ਸੋਚ ਲਈ ਜਿਹੜੇ ਸਿਰਾਂ ਦੀ ਲੋੜ ਹੁੰਦੀ ਹੈ, ਉਹ ਭੀੜਾਂ ਦੀ ਅਗਵਾਈ ਕਰਨ ਵਾਲੇ ਲੀਡਰਾਂ ਦੇ ਪੱਲੇ ਬਹੁਤੀ ਵਾਰ ਹੁੰਦੇ ਹੀ ਨਹੀਂ। ਜਿਹੜਾ ਦੇਸ਼ ਫੌਜੀ ਜਰਨੈਲ ਜਾਂ ਜਰਨੈਲੀ ਸੁਭਾਅ ਵਾਲੇ ਵਿਅਕਤੀ ਨੂੰ ਆਪਣਾ ਲੀਡਰ ਮੰਨ ਲਵੇ ਤੇ ਉਸ ਦੇ ਖਿਲਾਫ ਕਹੀ ਗਈ ਹਰ ਗੱਲ ਨੂੰ ਦੇਸ਼ ਦੇ ਖਿਲਾਫ ਕਹੀ ਮੰਨਣ ਲੱਗ ਪਵੇ, ਉਹ ਦੇਸ਼ ਫਿਰ ਅੱਗੇ ਨਹੀਂ ਜਾਂਦਾ ਹੁੰਦਾ, ਓਸੇ ਤਰ੍ਹਾਂ ਪਿੱਛੇ ਜਾਣ ਦਾ ਖਤਰਾ ਸਹੇੜ ਲੈਂਦਾ ਹੈ, ਜਿਵੇਂ ਲਿਬੀਆ ਵਰਗੇ ਦੇਸ਼ਾਂ ਵਿੱਚ ਵਾਪਰ ਚੁੱਕਾ ਹੈ ਤੇ ਕਈ ਹੋਰਨਾਂ ਵਿੱਚ ਵਾਪਰਦਾ ਪਿਆ ਹੈ।
ਭਾਰਤ ਵੀ ਇਸ ਵਕਤ ਏਸੇ ਭਵਿੱਖੀ ਖਤਰੇ ਦੀ ਦੰਦੀ ਉੱਤੇ ਖੜੋਤਾ ਦਿੱਸਦਾ ਹੈ। ਇਸ ਦੀ ਅਗਵਾਈ ਇਸ ਤਰ੍ਹਾਂ ਦੇ ਆਗੂ ਦੇ ਹੱਥ ਵਿੱਚ ਹੈ, ਜਿਹੜਾ ਖੁਦ ਭ੍ਰਿਸ਼ਟ ਨਹੀਂ ਮੰਨਿਆ ਜਾਂਦਾ, ਪਰ ਆਪਣੇ ਨਾਲ ਜੁੜੇ ਸਾਰੀਆਂ ਹੱਦਾਂ ਨੂੰ ਟੱਪਣ ਵਾਲੇ ਭ੍ਰਿਸ਼ਟਾਚਾਰੀਏ ਲੋਕਾਂ ਨੂੰ ਇਸ ਕਰ ਕੇ ਨਹੀਂ ਰੋਕਦਾ ਕਿ ਉਸ ਨੂੰ ਦੇਸ਼ ਦੀ ਅਗਵਾਈ ਕਰਨ ਨਾਲੋਂ ਵੱਧ ਇਸ ਗੱਲ ਦੀ ਲੋੜ ਹੈ ਕਿ ਦੁਨੀਆ ਭਰ ਵਿੱਚ ਮੇਰਾ ਡੰਕਾ ਵੱਜਦਾ ਰਹੇ। ਭਾਰਤ ਵਿੱਚ ਕਾਨੂੰਨ ਮੁਤਾਬਕ ਰਾਜ ਪ੍ਰਬੰਧ ਦੀ ਥਾਂ ਭੀੜਾਂ ਦੀ ਮਰਜ਼ੀ ਚੱਲਣ ਲੱਗੀ ਹੈ, ਉਹ ਲੀਡਰ ਕਦੇ-ਕਦਾਈਂ ਇਸ ਵਿਹਾਰ ਦੇ ਵਿਰੋਧ ਲਈ ਏਨੇ ਕੁ ਸ਼ਬਦ ਕਹਿ ਛੱਡਦਾ ਹੈ ਕਿ ਬਾਅਦ ਵਿੱਚ ਸੱਚਾ ਹੋ ਸਕੇ ਕਿ ਮੈਂ ਇਸ ਦਾ ਵਿਰੋਧ ਕੀਤਾ ਸੀ, ਅਸਲ ਵਿੱਚ ਵਿਰੋਧ ਨਹੀਂ ਕਰਦਾ। ਉਹ ਜਾਣਦਾ ਹੈ ਕਿ ਇਹ ਭੀੜਾਂ ਉਸ ਦੀ ਗੱਦੀ ਦੀ ਸੁੱਖ ਮੰਗਦੀਆਂ ਹਨ, ਵਰਨਾ ਲੋਕਾਂ ਦੇ ਭਲੇ ਦੇ ਕੰਮਾਂ ਵਾਲੇ ਪੱਖੋਂ ਇਸ ਦੇਸ਼ ਦੀ ਅਗੇਤ ਦੀ ਕੋਈ ਗੱਲ ਦੇਸ਼ ਅਤੇ ਦੁਨੀਆ ਦੇ ਲੋਕਾਂ ਨੂੰ ਖਿੱਚ ਪਾਉਣ ਵਾਲੀ ਨਹੀਂ ਲੱਭਦੀ। ਚੰਦ ਵੱਲ ਉੱਪ-ਗ੍ਰਹਿ ਭੇਜਣਾ ਜਾਂ ਕਦੇ ਕੋਈ ਤੇਜਸ ਜਹਾਜ਼ ਉਡਾ ਲੈਣਾ ਤੇ ਓਸੇ ਨਾਂਅ ਦੀ ਤੇਜ਼ ਰਫਤਾਰ ਗੱਡੀ ਸ਼ੁਰੂ ਕਰ ਦੇਣਾ ਕਿਸੇ ਵੀ ਸਰਕਾਰ ਵੇਲੇ ਹੋ ਜਾਣਾ ਸੀ। ਛਕ-ਛਕ ਕਰਦੇ ਕੋਲੇ ਵਾਲੇ ਇੰਜਣਾਂ ਪਿੱਛੋਂ ਡੀਜ਼ਲ ਤੇ ਫਿਰ ਬਿਜਲੀ ਵਾਲੇ ਰੇਲ ਇੰਜਣ ਵੀ ਕਿਸੇ ਆਗੂ ਦੇ ਹੁੰਦਿਆਂ ਆਏ ਸਨ ਤੇ ਜਦੋਂ ਕੰਪਿਊਟਰ ਆਉਣ ਲੱਗੇ ਤਾਂ ਉਸ ਵੇਲੇ ਦਾ ਆਗੂ ਵੀ ਰਾਤ-ਦਿਨ ਕਹਿੰਦਾ ਸੀ ਕਿ ਮੇਰੀ ਸਰਕਾਰ ਨੇ ਆਹ ਕਰ ਵਿਖਾਇਆ ਹੈ, ਅੱਜ ਉਸ ਲੀਡਰ ਦੀ ਕੋਈ ਗੱਲ ਤੱਕ ਨਹੀਂ ਕਰਦਾ। ਚਰਚਾ ਉਸ ਕੰਮ ਦੀ ਹੁੰਦੀ ਹੈ, ਜਿਹੜਾ ਸਥਾਈ ਹੋਵੇ ਤੇ ਜਿਸ ਨੂੰ ਕਰਨ ਜੋਗਾ ਦੂਸਰਾ ਕੋਈ ਨਾ ਹੋਵੇ। ਇਸ ਦਾ ਧਿਆਨ ਰੱਖਣ ਕਰ ਕੇ ਅੱਜ ਦੇ ਭਾਰਤ ਦਾ ਆਗੂ ਕਦੀ ਸਰਜੀਕਲ ਸਟਰਾਈਕ ਤੇ ਕਦੀ ਏਅਰ ਸਟਰਾਈਕ ਵੱਲ ਲੋਕਾਂ ਦਾ ਧਿਆਨ ਖਿੱਚਣ ਲੱਗਾ ਰਹਿੰਦਾ ਹੈ, ਪਰ ਲੋਕਾਂ ਦੇ ਘਰਾਂ ਵਿੱਚ ਰੋਟੀ-ਦਾਲ ਦਾ ਕੀ ਹਾਲ ਹੈ, ਇਸ ਦੀ ਚਰਚਾ ਨਹੀਂ ਕਰਦਾ। ਜਿਸ ਵਕਤ ਉਹ ਕਰਨ ਲੱਗੇਗਾ ਤਾਂ ਅੰਕੜਿਆਂ ਤੋਂ ਖਾਲੀ ਕਹਾਣੀਆਂ ਸੁਣਾ ਕੇ ਵੀ ਭੀੜਾਂ ਤੋਂ ਤਾੜੀਆਂ ਉਸ ਨੇ ਮਰਵਾ ਲੈਣੀਆਂ ਹਨ।
ਇਸ ਹਫਤੇ ਭਾਰਤੀ ਰਿਜ਼ਰਵ ਬੈਂਕ ਨੇ ਕੁਝ ਅੰਕੜੇ ਰਿਲੀਜ਼ ਕੀਤੇ ਹਨ ਤੇ ਇਨ੍ਹਾਂ ਵਿੱਚ ਕਨਜਿ਼ਊਮਰ ਕਨਫੀਡੈਂਸ ਇੰਡੈਕਸ (ਖਪਤਕਾਰ ਭਰੋਸੇਯੋਗਤਾ ਸੂਚਕ ਅੰਕ) ਵੀ ਸ਼ਾਮਲ ਹੈ, ਜਿਹੜਾ ਇਹ ਦੱਸਣ ਨੂੰ ਕਾਫੀ ਹੈ ਕਿ ਸਰਕਾਰ ਬਾਰੇ ਦੇਸ਼ ਦੇ ਲੋਕਾਂ ਦਾ ਭਰੋਸਾ ਖੁਰ ਰਿਹਾ ਹੈ। ਇਸ ਸੂਚਕ ਅੰਕ ਮੁਤਾਬਕ ਪ੍ਰਧਾਨ ਮੰਤਰੀ ਵੀ ਪੀ ਸਿੰਘ ਦੇ ਰਾਜ ਵੇਲੇ ਭਾਰਤ ਦੀ ਜਿਹੜੀ ਆਰਥਿਕਤਾ ਏਨੀਂ ਨੀਵੀਂ ਚਲੀ ਗਈ ਕਿ ਰਿਜ਼ਰਵ ਬੈਂਕ ਨੂੰ ਸੋਨਾ ਵਿਦੇਸ਼ ਵਿੱਚ ਗਹਿਣੇ ਰੱਖਣਾ ਪਿਆ ਸੀ ਤੇ ਫਿਰ ਏਨੀ ਸੁਧਰ ਗਈ ਕਿ ਵਿਦੇਸ਼ੀ ਕਰੰਸੀ ਦੇ ਭੰਡਾਰ ਭਰਨ ਲੱਗੇ ਸਨ, ਉਹ ਫਿਰ ਡਿੱਗਣ ਲੱਗੀ ਹੈ। ਕਿਸੇ ਹੋਰ ਦੇ ਦੱਸੇ ਦੀ ਗੱਲ ਅਸੀਂ ਨਾ ਕਰੀਏ, ਭਾਰਤ ਦੇ ਪੁਰਾਣੇ ਯੋਜਨਾ ਕਮਿਸ਼ਨ ਦਾ ਨਾਂਅ ਬਦਲ ਕੇ ਬਣਾਏ ਨੀਤੀ ਆਯੋਗ ਦੇ ਮੀਤ ਪ੍ਰਧਾਨ ਨੇ ਪਿਛਲੇ ਮਹੀਨੇ ਇਹ ਸੱਚ ਮੰਨ ਲਿਆ ਕਿ ਜਿੰਨੀ ਮੰਦੀ ਹਾਲਤ ਅੱਜ ਹੈ, ਏਨੀ ਬੀਤੇ ਦਸ ਸਾਲ ਵਿੱਚ ਕਦੇ ਵੀ ਨਹੀਂ ਹੋਈ। ਅਗਲਾ ਹਫਤਾ ਸਾਰੀ ਕੇਂਦਰ ਸਰਕਾਰ ਇਸ ਬਿਆਨ ਦਾ ਅਸਰ ਪੂੰਝਣ ਲੱਗੀ ਰਹੀ। ਪਿਛਲੇ ਹਫਤੇ ਦੇਸ਼ ਦੇ ਰਿਜ਼ਰਵ ਬੈਂਕ ਨੇ ਉਹ ਸੱਚ ਪੇਸ਼ ਕਰ ਦਿੱਤਾ ਹੈ ਕਿ ਇਸ ਦਾ ਦਾਗ ਪੂੰਝਣ ਲਈ ਸਰਕਾਰ ਨੂੰ ਅਗਲਾ ਹਫਤਾ ਫੇਰ ਪੋਚਾ ਮਾਰਨ ਦਾ ਕੰਮ ਕਰਨਾ ਪੈਣਾ ਹੈ। ਦੇਸ਼ ਦੀ ਆਰਥਿਕਤਾ ਦੀ ਮਜ਼ਬੂਤੀ ਏਥੋਂ ਲੱਭਦੀ ਹੈ ਕਿ ਲੋਕਾਂ ਦਾ ਆਪਣੀ ਸਰਕਾਰ ਤੇ ਸਿਸਟਮ ਵਿੱਚ ਭਰੋਸਾ ਕਿੰਨਾ ਹੈ ਤੇ ਇਸ ਸੂਚਕ ਅੰਕ ਦੇ ਅੰਕੜੇ ਸੌ ਤੋਂ ਉੱਪਰ ਚਲੇ ਜਾਣ ਤਾਂ ਸਰਕਾਰ ਦਾ ਪੱਖ ਮਜ਼ਬੂਤ ਅਤੇ ਸੌ ਤੋਂ ਹੇਠਾਂ ਡਿੱਗਣ ਤਾਂ ਸਰਕਾਰ ਵੱਲ ਬੇਭਰੋਸਗੀ ਪਤਾ ਲੱਗਦੀ ਹੈ। ਇਸ ਹਫਤੇ ਰਿਜ਼ਰਵ ਬੈਂਕ ਨੇ ਜਿਹੜਾ ਚਾਰਟ ਪੇਸ਼ ਕੀਤਾ ਹੈ, ਉਹ ਦੱਸਦਾ ਹੈ ਕਿ ਬੇਭਰੋਸਗੀ ਪਹਿਲਾਂ ਬੜੀ ਘੱਟ ਸੀ ਅਤੇ ਨਰਿੰਦਰ ਮੋਦੀ ਦਾ ਰਾਜ ਆਏ ਤੋਂ ਇਸ ਦਾ ਅਕਸ ਵਧਿਆ ਸੀ, ਫਿਰ ਏਨਾ ਡਿੱਗ ਪਿਆ ਹੈ ਕਿ ਅੱਜ ਉਸ ਦਾ ਜਿ਼ਕਰ ਵੀ ਕੰਬਣੀ ਛੇੜ ਦੇਂਦਾ ਹੈ।
ਆਹ ਅਕਤੂਬਰ ਸ਼ੁਰੂ ਹੋਣ ਲੱਗਿਆਂ ਰਿਜ਼ਰਵ ਬੈਂਕ ਨੇ ਜਿਹੜਾ ਲੇਖਾ ਰੱਖਿਆ ਹੈ, ਉਸ ਮੁਤਾਬਕ ਮਾਰਚ 2014 ਵਿੱਚ ਮਨਮੋਹਨ ਸਿੰਘ ਦੇ ਸਮੇਂ ਦੇਸ਼ ਦੀ ਸਰਕਾਰ ਉੱਤੇ ਲੋਕਾਂ ਦਾ ਭਰੋਸਾ ਸੌ ਦੇ ਅੰਕੜੇ ਤੋਂ ਹੇਠਾਂ ਮਸਾਂ ਅਠਾਨਵੇਂ ਤੋਂ ਕੁਝ ਕੁ ਉੱਪਰ ਸੀ। ਦੋ ਮਹੀਨੇ ਬਾਅਦ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਭਰੋਸਾ ਵਧ ਕੇ ਇੱਕ ਸਾਲ ਦੇ ਅੰਦਰ ਇੱਕ ਸੌ ਪੰਜ ਦੇ ਅੰਕੜੇ ਤੱਕ ਪਹੁੰਚ ਗਿਆ ਤੇ ਬੇਭਰੋਸਗੀ ਦੀ ਕੋਈ ਗੱਲ ਤੱਕ ਨਹੀਂ ਸੀ ਕਰ ਸਕਦਾ। ਫਿਰ ਇਹ ਭਰੋਸਾ ਡਿੱਗਣ ਲੱਗ ਪਿਆ ਤੇ ਡਿੱਗਦਾ-ਡਿੱਗਦਾ ਮਨਮੋਹਨ ਸਿੰਘ ਦੇ ਅਠਾਨਵੇਂ ਵਾਲੇ ਅੰਕ ਤੋਂ ਵੀ ਹੇਠਾਂ ਪਚਾਨਵੇਂ ਉੱਤੇ ਆ ਗਿਆ, ਪਰ ਅਗਲੀਆਂ ਪਾਰਲੀਮੈਂਟ ਚੋਣਾਂ ਨੇੜੇ ਜਾ ਕੇ ਸਰਕਾਰ ਨੇ ਕੁਝ ਏਦਾਂ ਦੇ ਕਦਮ ਚੁੱਕੇ ਕਿ ਭਰੋਸਾ ਫਿਰ ਵਧ ਕੇ ਬਰਾਬਰੀ ਦੇ ਸੌ ਨੰਬਰ ਦਾ ਅੰਕੜਾ ਟੱਪਿਆ ਅਤੇ ਇੱਕ ਸੌ ਪੰਜ ਤੱਕ ਚਲਾ ਗਿਆ। ਫਿਰ ਲੋਕ ਸਭਾ ਚੋਣ ਵਿੱਚ ਨਰਿੰਦਰ ਮੋਦੀ ਸਰਕਾਰ ਦੋਹਰੀ ਵਾਰ ਬਣੀ ਤੇ ਇਸ ਦੇ ਮਗਰੋਂ ਲੁਕਵੀਂ ਹਾਲਤ ਬਾਹਰ ਆਉਣ ਲੱਗ ਪਈ ਅਤੇ ਇਸ ਦੇ ਨਾਲ ਹੀ ਸਰਕਾਰ ਵਿੱਚ ਬੇਭਰੋਸਗੀ ਦੋਬਾਰਾ ਵਧਣ ਲੱਗ ਪਈ। ਪਾਰਲੀਮੈਂਟ ਦੇ ਚੋਣ ਨਤੀਜੇ ਤੋਂ ਇੱਕਦਮ ਪਿੱਛੋਂ ਇਹ ਭਰੋਸਾ ਡਿੱਗ ਕੇ ਸਤਾਨਵੇਂ ਨੰਬਰ ਉੱਤੇ ਆ ਗਿਆ ਤੇ ਜੁਲਾਈ ਵਿੱਚ ਛਿਆਨਵੇਂ ਤੋਂ ਡਿੱਗਦਾ ਇਹ ਸਤੰਬਰ ਦੇ ਅੰਤ ਤੱਕ ਨੱਬੇ ਤੋਂ ਵੀ ਹੇਠਾਂ ਪਹੁੰਚ ਗਿਆ। ਇਸ ਦੌਰਾਨ ਬੈਂਕਾਂ ਵਿੱਚ ਆਮ ਲੋਕਾਂ ਦੀ ਬੇਭਰੋਸਗੀ ਕਾਰਨ ਰੋਜ਼ ਅਫਵਾਹਾਂ ਦੇ ਦੌਰ ਚੱਲੇ ਤੇ ਏਸੇ ਕਾਰਨ ਸ਼ੇਅਰ ਮਾਰਕੀਟ ਦੀ ਊਠਕ-ਬੈਠਕ ਦਿਖਾਈ ਦਿੱਤੀ, ਪਰ ਸਰਕਾਰ ਇਸ ਨੂੰ ਨੁਕਸ ਹੀ ਨਹੀਂ ਮੰਨਦੀ।
ਜਦੋਂ ਦੇਸ਼ ਦੀ ਸਰਕਾਰ ਨੂੰ ਡਿੱਗ ਰਹੀ ਆਰਥਿਕਤਾ ਸੰਭਾਲਣ ਵੱਲ ਧਿਆਨ ਦੇਣਾ ਚਾਹੀਦਾ ਹੈ, ਪ੍ਰਧਾਨ ਮੰਤਰੀ ਦਾ ਧਿਆਨ ਇਸ ਗੱਲ ਵਿੱਚ ਲੱਗਾ ਰਿਹਾ ਕਿ ਫਲਾਣਾ ਦੇਸ਼ ਮੈਂ ਗਾਹ ਲਿਆ ਹੈ ਅਤੇ ਫਲਾਣਾ ਰਹਿ ਗਿਆ ਹੈ। ਇਹ ਗੱਲ ਵੀ ਚਰਚਾ ਵਿੱਚ ਰਹਿੰਦੀ ਹੈ ਕਿ ਭਾਰਤ ਦੀ ਰਾਜਨੀਤੀ ਦਾ ਢੰਡੋਰਾ ਪ੍ਰਧਾਨ ਮੰਤਰੀ ਵਿਦੇਸ਼ ਜਾ ਕੇ ਪਿੱਟਦਾ ਹੈ ਤੇ ਓਥੇ ਜਿਹੜੇ ਵੱਡੇ ਇਕੱਠ ਮੋਟਾ ਪੈਸਾ ਖਰਚ ਕੇ ਕਰਾਏ ਜਾਂਦੇ ਹਨ, ਉਨ੍ਹਾਂ ਨਾਲ ਭਾਰਤ ਦੇ ਲੋਕਾਂ ਨੂੰ ਇਹ ਵਿਸ਼ਵਾਸ ਦੇਣ ਵਾਸਤੇ ਯਤਨ ਕੀਤਾ ਜਾਂਦਾ ਹੈ ਕਿ ਤੁਹਾਡੀ ਕਿਸਮਤ ਸੰਸਾਰ ਪੱਧਰ ਦੀ ਹਸਤੀ ਦੇ ਹੱਥਾਂ ਵਿੱਚ ਹੈ। ਹਰ ਵਾਰੀ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਪਿੱਛੋਂ ਵਿਦੇਸ਼ੀ ਪੂੰਜੀ ਦਾ ਹੜ੍ਹ ਆ ਜਾਵੇਗਾ, ਪਰ ਲੋਕ ਬਰਸਾਤੀ ਪਾਣੀ ਦੇ ਹੜ੍ਹ ਵਿੱਚ ਹੀ ਗੋਤੇ ਖਾਂਦੇ ਰਹਿੰਦੇ ਹਨ, ਪੂੰਜੀ ਨਿਵੇਸ਼ ਦਾ ਹੜ੍ਹ ਨਹੀਂ ਆਉਂਦਾ। ਕਿਸੇ ਨਾ ਕਿਸੇ ਦਿਨ ਆਮ ਲੋਕਾਂ ਦਾ ਧਿਆਨ ਇਸ ਪਾਸੇ ਹੋ ਸਕਦਾ ਹੈ, ਉਸ ਮੌਕੇ ਇਸ ਤਰ੍ਹਾਂ ਦੀਆਂ ਭੀੜਾਂ ਦੀ ਲੋੜ ਹੈ, ਜਿਹੜੀਆਂ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਪਾ ਸਕਣ ਕਿ ਚਾਰ ਦਿਨ ਰੋਟੀ-ਦਾਲ ਨਹੀਂ ਮਿਲੀ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ, ਧਰਮ ਦੀ ਜੈਕਾਰ ਦਾ ਮੌਕਾ ਹੱਥੋਂ ਨਹੀਂ ਜਾਣ ਦੇਣਾ। ਕਿਸੇ ਨੂੰ ਸਾਈਕਲ ਚੋਰ ਕਹਿ ਕੇ ਕੁੱਟਣਾ ਹੈ ਤਾਂ ਨਾਅਰਾ ਉਸ ਕੋਲੋਂ ‘ਜੈ ਸ਼੍ਰੀ ਰਾਮ’ ਦਾ ਇਸ ਲਈ ਲਵਾਉਣਾ ਹੈ ਕਿ ਇਸ ਕੁਟਾਪੇ ਨੂੰ ਧਰਮ ਦੀ ਸੇਵਾ ਕਹਿ ਕੇ ਲੋਕਾਂ ਦਾ ਧਿਆਨ ਉਨ੍ਹਾਂ ਦੀ ਜਿ਼ੰਦਗੀ ਦੇ ਮੁੱਦਿਆਂ ਵੱਲੋਂ ਹਟਾਇਆ ਜਾ ਸਕੇ। ਇਹ ਖੇਡ ਪੰਜ ਸਾਲ ਪਹਿਲਾਂ ਬਿਸਾਹੜਾ ਪਿੰਡ ਵਿੱਚ ਅਖਲਾਕ ਖਾਨ ਦੇ ਕਤਲ ਤੋਂ ਸ਼ੁਰੂ ਹੋਈ ਤੇ ਕਿਹਾ ਗਿਆ ਸੀ ਕਿ ਉਸ ਦੇ ਘਰ ਵਿੱਚੋਂ ਗਾਂ ਦਾ ਮਾਸ ਮਿਲਿਆ ਹੈ। ਫਿਰ ਉਸ ਤੋਂ ਬਾਅਦ ਕਈ ਰਾਜਾਂ ਤੋਂ ਹੁੰਦੀ ਪਤਾ ਨਹੀਂ ਕਿੱਥੋਂ ਤੱਕ ਗਈ, ਪਰ ਨਾ ਇਹ ਖੇਡ ਕਈ ਆਪ ਹੀ ਰੁਕੀ ਤੇ ਨਾ ਸਰਕਾਰ ਨੇ ਇਸ ਨੂੰ ਰੋਕਣ ਦੀ ਕਦੀ ਕੋਸਿ਼ਸ਼ ਕੀਤੀ ਹੈ।
ਇਸ ਦੀ ਥਾਂ ਹੋਇਆ ਇਹ ਕਿ ਇੱਕ ਵਾਰੀ ਦੇਸ਼ ਦੀਆਂ ਉਨੰਜਾ ਪ੍ਰਮੁੱਖ ਹਸਤੀਆਂ ਨੇ ਇਸ ਦੇ ਵਿਰੋਧ ਦਾ ਮਨ ਬਣਾਇਆ ਤੇ ਪ੍ਰਧਾਨ ਮੰਤਰੀ ਨੂੰ ਇੱਕ ਖੁੱਲ੍ਹੀ ਚਿੱਠੀ ਲਿਖੀ ਅਤੇ ਭੀੜਾਂ ਵੱਲੋਂ ਜਣੇ-ਖਣੇ ਨੂੰ ਕੁੱਟ-ਕੁੱਟ ਮਾਰ ਦੇਣ ਦੇ ਕਾਂਡ ਵਾਪਰਨ ਤੋਂ ਰੋਕਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਦੇ ਵਿਰੋਧ ਵਿੱਚ ਇੱਕ ਕੁੜੱਤਣਾਂ ਭਰਪੂਰ ਚਿੱਠੀ ਇਕਾਹਠ ਹਸਤੀਆਂ ਨੇ ਲਿਖ ਦਿੱਤੀ ਕਿ ਤੁਸੀਂ ਇਹ ਚਿੱਠੀ ਲਿਖ ਕੇ ਦੇਸ਼ ਦੀ ਬਦਨਾਮੀ ਹੀ ਨਹੀਂ ਕੀਤੀ, ਤੁਸੀਂ ਦੇਸ਼ ਧਰੋਹ ਕੀਤਾ ਹੈ। ਇੱਕ ਜਣੇ ਨੇ ਉਨ੍ਹਾਂ ਨੇਕ ਸਲਾਹ ਦੇਣ ਵਾਲਿਆਂ ਵਿਰੁੱਧ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ। ਅਗਲੀ ਗੱਲ ਇਹ ਵਾਪਰੀ ਕਿ ਭੀੜਾਂ ਭੜਕਾਉਣ ਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲਿਆਂ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਤੇ ਨੇਕੀ ਦੀ ਸਲਾਹ ਦੇਣ ਵਾਲੇ ਉਨੰਜਾ ਲੋਕਾਂ ਉੱਤੇ ਬੀਤੇ ਹਫਤੇ ਦੇਸ਼-ਧਰੋਹ ਦਾ ਕੇਸ ਬਣ ਗਿਆ। ਜਿਹੜੇ ਦੇਸ਼ਾਂ ਵਿੱਚ ਵੀ ਲੋਕਾਂ ਦਾ ਧਿਆਨ ਓਥੋਂ ਦੀ ਵਿਗੜੀ ਆਰਥਿਕਤਾ ਅਤੇ ਹੋਰ ਮਸਲਿਆਂ ਤੋਂ ਹਟਾਉਣ ਦੀ ਖੇਡ ਖੇਡੀ ਗਈ ਅਤੇ ਜਿਨ੍ਹਾਂ ਦੇਸ਼ਾਂ ਨੂੰ ਉਹ ਲੀਡਰ ਮਿਲ ਗਏ, ਜਿਨ੍ਹਾਂ ਦੇ ਪਿੱਛੇ ਖੜੀ ਭੀੜ ਕੁਝ ਵੀ ਕਰਨ ਨੂੰ ਤਿਆਰ ਹੋਵੇ, ਓਥੇ ਅਕਲਾਂ ਨੂੰ ਜਿੰਦਰੇ ਲੱਗਣ ਵਾਲਾ ਦੌਰ ਸ਼ੂਰੂ ਹੁੰਦਾ ਅਤੇ ਫਿਰ ਪਿਛਲੀ ਸਭ ਕੀਤੀ-ਕੱਤਰੀ ਖੂਹ ਵਿੱਚ ਪੈਣ ਵਾਲੀ ਗੱਲ ਵਾਪਰਦੀ ਹੈ। ਭਾਰਤ ਸਦੀਆਂ ਦੇ ਸਫਰ ਵਿੱਚ, ਯੁੱਗਾਂ ਦੇ ਪੈਂਡੇ ਵਿੱਚ ਜਿਸ ਲੀਹ ਤੋਂ ਕਦੇ ਨਹੀਂ ਸੀ ਲੱਥਾ, ਇਸ ਵੇਲੇ ਲੱਥ ਰਿਹਾ ਜਾਪਦਾ ਹੈ ਅਤੇ ਇਸ ਦੌਰਾਨ ਇਸ ਦੇਸ਼ ਦੀ ਅਗਵਾਈ ਏਨੇ ਸੁਲੱਖਣੇ ਹੱਥਾਂ ਵਿੱਚ ਹੈ ਕਿ ਅਕਲ ਦੀ ਗੱਲ ਕਰਨਾ ਵੀ ‘ਦੇਸ਼ ਧਰੋਹ’ ਮੰਨਿਆ ਜਾਣ ਲੱਗਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’