Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਹਮਲੇ ਸਾਊਦੀ ਅਰਬ ਉੱਤੇ, ਫਾਇਦਾ ਅਮਰੀਕਾ ਨੂੰ

October 07, 2019 09:22 AM

-ਸੰਜੀਵ ਪਾਂਡੇ
ਸਾਊਦੀ ਅਰਬ ਤੇ ਇਰਾਨ ਵਿਚਾਲੇ ਤਣਾਅ ਇੱਕ ਵਾਰ ਫਿਰ ਵਧ ਗਿਆ ਹੈ। ਸਾਊਦੀ ਅਰਬ ਦੇ ਅਬਕੈਕ ਅਤੇ ਖੁਰਾਇਸ ਵਾਲੇ ਦੋ ਤੇਲ ਉਤਪਾਦਨ ਕੇਂਦਰਾਂ ਉੱਤੇ ਡਰੋਨ ਹਮਲੇ ਹੋਏ ਹਨ ਤਾਂ ਜ਼ਿੰਮੇਵਾਰੀ ਭਾਵੇਂ ਯਮਨ ਦੇ ਹੂਦੀ ਬਾਗੀਆਂ ਨੇ ਲਈ, ਪਰ ਅਮਰੀਕਾ ਇਸ ਪਿੱਛੇ ਇਰਾਨ ਦਾ ਹੱਥ ਮੰਨਦਾ ਹੈ। ਹਮਲੇ ਕਾਰਨ ਕੌਮਾਂਤਰੀ ਤੇਲ ਬਾਜ਼ਾਰ ਵਿੱਚ ਹਲਚਲ ਮੱਚ ਗਈ। ਤਣਾਅ ਜਾਰੀ ਰਿਹਾ ਤਾਂ ਤੇਲ ਦੀ ਕੀਮਤ ਵਧਣ ਲੱਗ ਪਈ। ਜੇ ਅਜਿਹੇ ਹੋਰ ਹਮਲੇ ਹੋਏ ਤਾਂ ਸਾਊਦੀ ਅਰਬ ਦੇ ਅਰਥਚਾਰੇ ਨੂੰ ਨੁਕਸਾਨ ਹੋਵੇਗਾ, ਨਾਲ ਦੁਨੀਆ ਭਰ ਦੀ ਤੇਲ ਸਪਲਾਈ 'ਤੇ ਵੀ ਮਾੜਾ ਅਸਰ ਪਵੇਗਾ।
ਇਨ੍ਹਾਂ ਕੇਂਦਰਾਂ ਵਿੱਚ ਰੋਜ਼ਾਨਾ 57 ਲੱਖ ਬੈਰਲ ਤੇਲ ਦੀ ਪੈਦਾਵਾਰ ਹੁੰਦੀ ਸੀ, ਜੋ ਫਿਲਹਾਲ ਸਾਊਦੀ ਅਰਬ ਨੇ ਰੋਕ ਦਿੱਤੀ ਹੈ। ਇਹ ਸਾਊਦੀ ਅਰਬ ਦੀ ਕੁੱਲ ਤੇਲ ਪੈਦਾਵਾਰ ਦਾ ਕਰੀਬ 60 ਫੀਸਦੀ ਅਤੇ ਦੁਨੀਆ ਦੀ ਕੁੱਲ ਤੇਲ ਸਪਲਾਈ ਦਾ ਪੰਜ ਫੀਸਦੀ ਹੈ। ਸਾਊਦੀ ਅਰਬ ਰੋਜ਼ਾਨਾ ਨੱਬੇ ਤੋਂ 100 ਲੱਖ ਬੈਰਲ ਤੇਲ ਕੱਢਦਾ ਹੈ। ਜਿਨ੍ਹਾਂ ਤੇਲ ਉਤਪਾਦਨ ਕੇਂਦਰਾਂ ਉਤੇ ਹਮਲਾ ਹੋਇਆ, ਉਥੇ ਕੌੜੇ ਤੇਲ ਨੂੰ ਮਿੱਠਾ ਬਣਾਇਆ ਜਾਂਦਾ ਹੈ।
ਅਮਰੀਕਾ ਦਾ ਕਹਿਣਾ ਹੈ ਕਿ ਹਮਲੇ ਲਈ ਇਰਾਨ ਜ਼ਿੰਮੇਵਾਰ ਹੈ। ਇਰਾਨ ਨੇ ਹਮਲੇ ਵਿੱਚ ਆਪਣਾ ਹੱਥ ਹੋਣ ਤੋਂ ਨਾਂਹ ਕੀਤੀ, ਪਰ ਜੇ ਹਮਲੇ ਲਈ ਹੂਦੀ ਬਾਗੀ ਜ਼ਿੰਮੇਵਾਰ ਹੋਣ ਤਾਂ ਇਹ ਪੱਛਮੀ ਏਸ਼ੀਆ ਵਿੱਚ ਅਮਰੀਕੀ ਗਠਜੋੜ ਲਈ ਵੱਡੀ ਵੰਗਾਰ ਹੈ। ਹਮਲੇ ਰਾਹੀਂ ਇਰਾਨ ਤੇ ਇਸ ਦੇ ਹਮਾਇਤੀ ਜੰਗਜੂ ਗਰੁੱਪਾਂ ਨੇ ਸਾਫ ਕਰ ਦਿੱਤਾ ਹੈ ਕਿ ਉਹ ਅਮਰੀਕਾ ਦੇ ਹਮਾਇਤੀ ਸਾਊਦੀ ਅਰਬ ਅਤੇ ਅਮਰੀਕੀ ਫੌਜੀ ਟਿਕਾਣਿਆਂ ਉੱਤੇ ਵਾਰ ਕਰ ਸਕਦੇ ਹਨ। ਗੌਰਤਲਬ ਹੈ ਕਿ ਸਾਊਦੀ ਤੇਲ ਕੰਪਨੀ ਅਰਾਮਕੋ ਦੇ ਤੇਲ ਟਿਕਾਣਿਆਂ ਉਤੇ ਇਹ ਕੋਈ ਪਹਿਲਾ ਹਮਲਾ ਨਹੀਂ। ਪਹਿਲਾਂ ਵੀ ਸਾਊਦੀ ਅਰਬ ਦੀ ਹੱਦ ਦੇ ਅੰਦਰ ਤੇਲ ਪਾਈਪ ਲਾਈਨ ਤੇ ਐਲ ਐਨ ਜੀ ਕੇਂਦਰ ਉੱਤੇ ਹਮਲਾ ਹੋਇਆ ਸੀ। ਇਨ੍ਹਾਂ ਹਮਲਿਆਂ ਵਿੱਚ ਵੀ ਇਰਾਨ ਤੇ ਹੂਦੀ ਬਾਗੀਆਂ ਦਾ ਹੱਥ ਦੱਸਿਆ ਗਿਆ ਸੀ। ਜ਼ਿਕਰ ਯੋਗ ਹੈ ਕਿ ਯਮਨ ਵਿਚਲੇ ਹੂਦੀ ਬਾਗੀਆਂ ਦੀ ਇਰਾਨ ਖੁੱਲ੍ਹ ਕੇ ਮਦਦ ਕਰਦਾ ਹੈ। ਹੂਦੀਆਂ ਨੇ 2014 ਵਿੱਚ ਯਮਨ ਦੀ ਰਾਜਧਾਨੀ ਸਨਾ 'ਤੇ ਕਬਜ਼ਾ ਕਰ ਲਿਆ ਸੀ ਅਤੇ ਸਾਲ 2015 ਤੋਂ ਸਾਊਦੀ ਅਰਬ ਤੇ ਉਸ ਦਾ ਸਾਥੀ ਅਮਰੀਕਾ ਓਥੇ ਹੂਦੀ ਬਾਗੀਆਂ 'ਤੇ ਹਮਲੇ ਕਰ ਰਹੇ ਹਨ, ਪਰ ਹੂਦੀਆਂ ਦੀ ਤਾਕਤ ਕਾਇਮ ਹੈ।
ਅਰਬ ਮੁਲਕਾਂ 'ਚ ਤਣਾਅ ਦਾ ਕਾਰਨ ਅਮਰੀਕੀ ਕੂਟਨੀਤੀ ਹੈ ਜਿਹੜੀ 20ਵੀਂ ਸਦੀ ਦੇ ਸ਼ੁਰੂ ਵਿੱਚ ਆਰੰਭ ਹੋਈ ਸੀ ਤੇ ਇਹ ਤਣਾਅ ਘਟਣ ਦੀ ਥਾਂ ਵਧ ਹੀ ਰਿਹਾ ਹੈ। ਇਸ ਵੇਲੇ ਅਮਰੀਕਾ ਲਗਾਤਾਰ ਇਰਾਨ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਰਾਨ ਵੀ ਅਮਰੀਕਾ ਨਾਲ ਸਮਝੌਤੇ ਦੇ ਰੌਂਅ ਵਿੱਚ ਨਹੀਂ। ਉਹ ਆਪਣੇ ਅਰਥਚਾਰੇ ਦੀ ਤਬਾਹੀ ਹੋਣ ਦਾ ਕਾਰਨ ਅਮਰੀਕੀ ਨੀਤੀਆਂ ਨੂੰ ਮੰਨਦਾ ਹੈ। ਇਰਾਨ ਅਤੇ ਸਾਊਦੀ ਅਰਬ ਦੀ ਪੁਰਾਣੀ ਦੁਸ਼ਮਣੀ ਹੈ। ਇਰਾਨ ਆਪਣੇ ਖਿਲਾਫ ਅਮਰੀਕੀ ਪਾਬੰਦੀਆਂ ਲਈ ਸਾਊਦੀ ਅਰਬ ਨੂੰ ਜ਼ਿੰਮੇਵਾਰ ਮੰਨਦਾ ਤੇ ਲਗਾਤਾਰ ਉਸ ਨੂੰ ਨਿਸ਼ਾਨਾ ਬਣਾ ਰਿਹਾ ਹੈ। ਸਾਊਦੀ ਅਰਬ ਦਾ ਅਰਥਚਾਰਾ ਕਿਉਂਕਿ ਪੂਰੀ ਤਰ੍ਹਾਂ ਇਸ ਦੀ ਕੰਪਨੀ ਅਰਾਮਕੋ ਦੀ ਆਮਦਨ 'ਤੇ ਨਿਰਭਰ ਹੈ ਜਿਸ ਲਈ ਇਰਾਨ ਅਤੇ ਇਸ ਦੇ ਹਮਾਇਤੀ ਲੜਾਕੇ ਅਰਾਮਕੋ 'ਤੇ ਹਮਲੇ ਕਰ ਰਹੇ ਹਨ। ਇਸੇ ਕਮਾਈ ਨਾਲ ਸਾਊਦੀ ਅਰਬ ਅਮਰੀਕਾ ਤੋਂ ਹਥਿਆਰ ਖਰੀਦਦਾ ਹੈ। ਅਰਾਮਕੋ ਉਤੇ ਹਮਲੇ ਵਿੱਚ ਇਰਾਨੀ ਰਣਨੀਤੀ ਸਾਫ ਦਿਖਾਈ ਦੇ ਰਹੀ ਹੈ ਤੇ ਭਵਿੱਖ ਵਿੱਚ ਅਜਿਹੇ ਹੋਰ ਹਮਲੇ ਵੀ ਹੋਣਗੇ। ਦੂਜੇ ਪਾਸੇ ਲਿਬਨਾਨ ਤੇ ਸੀਰੀਆ ਤੋਂ ਲੈ ਕੇ ਯਮਨ ਤੱਕ ਇਸ ਵੇਲੇ ਇਰਾਨ ਹਮਾਇਤੀਆਂ ਸ਼ੀਆ ਜੰਗਜੂ ਧੜੇ ਮਜ਼ਬੂਤ ਹਨ। ਇਲਾਕੇ ਦੇ ਅਹਿਮ ਕਾਰੋਬਾਰੀ ਰੂਟਾਂ 'ਤੇ ਇਨ੍ਹਾਂ ਦਾ ਕਬਜ਼ਾ ਹੈ।
ਅਰਬ ਦੇਸ਼ਾਂ ਦਾ ਤਣਾਅ, ਤੇਲ ਦੀ ਸਿਆਸਤ ਤੇ ਇਸ ਵਿੱਚ ਅਰਾਮਕੋ ਦੀ ਭੂਮਿਕਾ ਸਮਝਣੀ ਜ਼ਰੂਰੀ ਹੈ। ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਅਰਾਮਕੋ ਮੁਤਾਬਕ ਸਾਊਦੀ ਅਰਬ ਕੋਲ ਕੁੱਲ 336 ਅਰਬ ਬੈਰਲ ਦਾ ਤੇਲ ਭੰਡਾਰ ਹੈ ਜਿਸ ਦੀ ਉਹ ਮਾਲਕ ਹੈ। ਅਰਾਮਕੋ ਨੂੰ ਤੇਲ ਤੋਂ ਸਾਲਾਨਾ ਅਰਬਾਂ ਡਾਲਰ ਦੀ ਕਮਾਈ ਹੁੰਦੀ ਹੈ। ਕੰਪਨੀ ਨੇ 2018 ਵਿੱਚ 111 ਅਰਬ ਡਾਲਰ ਤੇ 2017 ਵਿੱਚ 75 ਅਰਬ ਡਾਲਰ ਦਾ ਸ਼ੁੱਧ ਮੁਨਾਫਾ ਕਮਾਇਆ। ਇਸ ਵਰ੍ਹੇ ਪਹਿਲੇ ਛੇ ਮਹੀਨਿਆਂ ਦੌਰਾਨ ਕੰਪਨੀ ਨੇ 47 ਅਰਬ ਡਾਲਰ ਕਮਾਏ ਹਨ। ਇਸ ਤੋਂ ਇਰਾਨ ਦਾ ਖਫਾ ਹੋਣਾ ਲਾਜ਼ਮੀ ਹੈ ਕਿਉਂਕਿ ਉਹ ਅਮਰੀਕੀ ਪਾਬੰਦੀਆਂ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਨਹੀਂ ਵੇਚ ਸਕਦਾ। ਭਾਰਤ ਵਰਗੇ ਗ੍ਰਾਹਕ ਵੀ ਪਾਬੰਦੀ ਕਾਰਨ ਇਰਾਨ ਤੋਂ ਤੇਲ ਨਹੀਂ ਲੈ ਰਹੇ। ਦੂਜੇ ਪਾਸੇ ਅਰਾਮਕੋ ਨੇ ਭਾਰਤ ਵਿੱਚ ਰਿਲਾਇੰਸ ਦੀ ਜਾਮਨਗਰ ਰਿਫਾਈਨਰੀ ਦਾ ਹਿੱਸਾ ਖਰੀਦਣ ਦਾ ਫੈਸਲਾ ਕੀਤਾ ਹੈ। ਇਸ ਤੋਂ ਵੀ ਇਰਾਨ ਨਾਰਾਜ਼ ਹੈ। ਉਸ ਦਾ ਕਹਿਣਾ ਹੈ ਕਿ ਸਾਊਦੀ ਅਰਬ, ਇਸਰਾਈਲ ਤੇ ਅਮਰੀਕਾ ਮਿਲ ਕੇ ਉਸ ਨੂੰ ਤਬਾਹ ਕਰ ਰਹੇ ਹਨ। ਉਂਝ ਇਸਰਾਈਲ ਤੇ ਸਾਊਦੀ ਅਰਬ ਵੀ ਇੱਕ ਦੂਜੇ ਨੂੰ ਫੁੱਟੀ ਅੱਖ ਨਹੀਂ ਭਾਉਂਦੇ, ਪਰ ਅਮਰੀਕਾ ਦੇ ਕੇਸ ਵਿੱਚ ਇਕੱਠੇ ਹਨ। ਅਮਰੀਕੀ ਪਾਬੰਦੀਆਂ ਨਾਲ ਇਰਾਨ ਦੀ ਮਾਲੀ ਹਾਲਤ ਵਿਗੜ ਰਹੀ ਹੈ। ਇਰਾਨ ਯੂਰਪੀ ਮੁਲਕਾਂ ਨੂੰ ਇਹ ਪਾਬੰਦੀਆਂ ਖਤਮ ਕਰਾਉਣ ਲਈ ਆਖ ਰਿਹਾ ਹੈ, ਪਰ ਅਮਰੀਕਾ ਯੂਰਪੀਅਨ ਮੁਲਕਾਂ ਦੀ ਗੱਲ ਨਹੀਂ ਮੰਨ ਰਿਹਾ।
ਅਮਰੀਕਾ ਦੀ ਆਪਣੀ ਰਣਨੀਤੀ ਹੈ। ਸਾਊਦੀ ਅਰਬ ਤੇ ਇਰਾਨ ਦੇ ਤਣਾਅ ਤੋਂ ਅਮਰੀਕਾ ਨੂੰ ਦੋਹਰਾ ਲਾਭ ਹੈ। ਅਰਬ ਮੁਲਕਾਂ ਵਿੱਚ ਤਣਾਅ ਵਧਦਿਆਂ ਹੀ ਅਮਰੀਕਾ ਦੀ ਹਥਿਆਰ ਸਨਅਤ ਦੀ ਚਾਂਦੀ ਹੋ ਜਾਂਦੀ ਹੈ। ਇੱਕ ਵਾਰ ਫਿਰ ਸਾਊਦੀ ਅਰਬ ਨੂੰ ਅਮਰੀਕਾ ਤੋਂ ਹਥਿਆਰ ਖਰੀਦਣੇ ਪੈਣਗੇ ਜਿਸ ਨੇ 2017 ਵਿੱਚ ਅਮਰੀਕਾ ਨਾਲ 350 ਅਰਬ ਡਾਲਰ ਦੇ ਹਥਿਆਰ ਖਰੀਦਣ ਦਾ ਸੌਦਾ ਕੀਤਾ ਸੀ। ਇਨ੍ਹਾਂ ਹਥਿਆਰਾਂ ਦੀ ਸਪਲਾਈ ਦਸ ਸਾਲਾਂ ਦੌਰਾਨ ਹੋਵੇਗੀ ਤੇ 110 ਅਰਬ ਡਾਲਰ ਦੇ ਹਥਿਆਰ ਫੌਰੀ ਖਰੀਦਣੇ ਹਨ। ਤਣਾਅ ਤੋਂ ਅਮਰੀਕੀ ਹਥਿਆਰ ਸਨਅਤ ਵਾਂਗ ਇਸ ਦੀ ਤੇਲ ਸਨਅਤ ਦੇ ਵੀ ਵਾਰੇ-ਨਿਆਰੇ ਹੁੰਦੇ ਹਨ। ਅਮਰੀਕੀ ਸ਼ੈਲ ਆਇਲ ਇੰਡਸਟਰੀ ਅਰਾਮਕੋ ਦੇ ਤੇਲ ਕੇਂਦਰਾਂ ਉੱਤੇ ਹਮਲੇ ਦਾ ਵੱਧ ਤੋਂ ਵੱਧ ਕਾਰੋਬਾਰੀ ਲਾਹਾ ਲੈਣ ਦੇ ਚੱਕਰ ਵਿੱਚ ਹੈ ਕਿਉਂਕਿ ਹਮਲੇ ਕਾਰਨ ਅਰਾਮਕੋ ਨੂੰ ਆਪਣੀ ਤੇਲ ਉਤਪਾਦਨ ਸਮਰੱਥਾ ਕੁਝ ਦੇਰ ਲਈ ਘਟਾਉਣੀ ਪਈ ਹੈ ਜਿਸ ਦਾ ਅਰਥ ਦੁਨੀਆ ਦੀ ਤੇਲ ਸਪਲਾਈ ਨੂੰ ਆਪਣੇ ਸ਼ੈਲ ਤੇਲ ਨਾਲ ਪੂਰਨਾ ਚਾਹੁੰਦਾ ਹਨ। ਇਸ ਵੇਲੇ ਅਮਰੀਕਾ ਰੋਜ਼ ਨੱਬੇ ਲੱਖ ਬੈਰਲ ਸ਼ੈਲ ਤੇਲ ਪੈਦਾ ਕਰਦਾ ਹੈ ਤੇ ਇਸ ਨੂੰ ਯੂਰਪ ਤੋਂ ਲੈ ਕੇ ਏਸ਼ੀਆਈ ਬਾਜ਼ਾਰਾਂ ਵਿੱਚ ਵੇਚਣ ਦੀ ਕੋਸ਼ਿਸ਼ ਵਿੱਚ ਹੈ। ਅਰਾਮਕੋ 'ਤੇ ਹਮਲਾ ਅਮਰੀਕੀ ਸ਼ੈਲ ਆਇਲ ਲਈ ਖੁਸ਼ਖਬਰੀ ਹੈ।
ਸਾਊਦੀ ਅਰਬ ਦੇ ਤੇਲ ਟਿਕਾਣਿਆਂ ਉੱਤੇ ਇਹ ਹਮਲਾ ਭਾਵੇਂ ਕਿਸੇ ਨੇ ਕੀਤਾ ਹੋਵੇ, ਇਸ ਨੇ ਸਾਊਦੀ ਰੱਖਿਆ ਢਾਂਚੇ ਦੀ ਪੋਲ ਖੋਲ੍ਹ ਦਿੱਤੀ ਹੈ। ਪਿਛਲੇ ਸਮੇਂ ਦੌਰਾਨ ਸਾਊਦੀ ਅਰਬ ਦੇ ਤੇਲ ਕੇਂਦਰਾਂ ਅਤੇ ਪਾਈਪ ਲਾਈਨਾਂ 'ਤੇ ਅਜਿਹੇ ਤਿੰਨ ਹਮਲੇ ਹੋਏ ਹਨ। ਜੇ ਤਾਜ਼ਾ ਹਮਲੇ ਹੂਦੀ ਬਾਗੀਆਂ ਨੇ ਕੀਤੇ ਹਨ ਤਾਂ ਇਹ ਹੋਰ ਜ਼ਿਆਦਾ ਖਤਰਨਾਕ ਹੈ। ਗੌਰਤਲਬ ਹੈ ਕਿ ਜੇ ਹੂਦੀ ਬਾਗੀ 500 ਕਿਲੋਮਟੀਰ ਦੂਰ ਤੋਂ ਸਾਊਦੀ ਅਰਬ ਅੰਦਰ ਡਰੋਨ ਹਮਲੇ ਕਰ ਸਕਦੇ ਹਨ ਤਾਂ ਇਸ ਦਾ ਅਸਰ ਏਸ਼ੀਆ ਤੋਂ ਅਮਰੀਕਾ ਤੱਕ ਜਹਾਜ਼ਰਾਨੀ 'ਤੇ ਪਵੇਗਾ। ਹੂਦੀਆਂ ਮੁਤਾਬਕ ਇਹ ਹਮਲਾ ਡਰੋਨ ਰਾਹੀਂ ਕੀਤਾ ਗਿਆ, ਭਾਵ ਹੂਦੀਆਂ ਕੋਲ 1200 ਕਿਲੋਮੀਟਰ ਤੱਕ ਮਾਰ ਕਰਨ ਵਾਲੇ ਉਚ ਮਿਆਰੀ ਡਰੋਨ ਹਨ। ਹੂਦੀਆਂ ਨੂੰ ਡਰੋਨ ਤਕਨੀਕ ਇਰਾਨ ਨੇ ਦਿੱਤੀ ਹੈ। ਅਮਰੀਕਾ ਤੇ ਇਸ ਦੇ ਸਾਥੀ ਫਿਕਰਮੰਦ ਹਨ ਕਿ ਅਗਾਂਹ ਸਮੁੰਦਰ ਰਾਹੀਂ ਤੇਲ ਲਿਜਾਣ ਵਾਲੇ ਉਨ੍ਹਾਂ ਦੇ ਜਹਾਜ਼ਾਂ 'ਤੇ ਵੀ ਅਜਿਹੇ ਹਮਲੇ ਹੋ ਸਕਦੇ ਹਨ।
ਦੂਜੇ ਪਾਸੇ ਸਾਊਦੀ ਅਰਬ ਦੀ ਆਪਣੀ ਚਿੰਤਾ ਹੈ। ਉਹ ਅਮਰੀਕੀ ਹਥਿਆਰਾਂ ਦਾ ਵੱਡਾ ਖਰੀਦਦਾਰ ਹੈ ਜਿਸ ਨੇ ਅਮਰੀਕਾ ਤੋਂ ਅਰਬਾਂ ਡਾਲਰ ਦੇ ਵਧੀਆ ਹਥਿਆਰ ਖਰੀਦੇ ਹਨ। ਉਸ ਦਾ ਰੱਖਿਆ ਬਜਟ ਅਮਰੀਕਾ ਤੇ ਚੀਨ ਤੋਂ ਬਾਅਦ ਦੁਨੀਆ 'ਚੋਂ ਸਭ ਤੋਂ ਵੱਡਾ ਹੈ। ਇਹ 2018 ਵਿੱਚ 68 ਅਰਬ ਡਾਲਰ ਸੀ, ਜੋ ਇਸ ਦੀ ਕੁੱਲ ਘਰੇਲੂ ਪੈਦਾਵਾਰ (ਜੀ ਡੀ ਪੀ) ਦਾ ਨੌਂ ਫੀਸਦੀ ਹੈ। ਬੀਤੇ ਦਸ ਸਾਲਾਂ ਦੌਰਾਨ ਸਾਊਦੀ ਅਰਬ ਨੇ ਆਪਣਾ ਰੱਖਿਆ ਬਜਟ 26 ਫੀਸਦੀ ਵਧਾਇਆ ਹੈ। ਇਸ ਦਾ ਸਭ ਤੋਂ ਵੱਧ ਫਾਇਦਾ ਅਮਰੀਕੀ ਹਥਿਆਰ ਸਨਅਤ ਨੂੰ ਹੋਇਆ, ਪਰ ਜੇ ਸ਼ੀਆ ਜੰਗਜੂਆਂ ਜਾਂ ਇਰਾਨ ਦੇ ਡਰੋਨ ਸਾਊਦੀ ਅਰਬ ਦੇ ਇਸ ਰੱਖਿਆ ਢਾਂਚੇ ਨੂੰ ਸੰਨ੍ਹ ਲਾ ਗਏ ਤਾਂ ਇਸ 'ਤੇ ਖਰਚੇ ਅਰਬਾਂ ਡਾਲਰ ਕਿਸ ਅਰਥ ਲੱਗੇ?

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’