ਓਟਵਾ, 29 ਅਪ੍ਰੈਲ (ਪੋਸਟ ਬਿਊਰੋ): ਮਾਰਕ ਕਾਰਨੀ ਨੇ ਕੈਨੇਡਾ ਦੀਆਂ ਚੋਣਾਂ `ਚ ਜਿੱਤ ਹਾਸਿਲ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਅਮਰੀਕਾ ਤੋਂ ਖਤਰੇ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਕੈਨੇਡਾ ਨੂੰ ਮਜ਼ਬੂਤ ਕੈਨੇਡੀਅਨ ਕਦਰਾਂ-ਕੀਮਤਾਂ ਰਾਹੀਂ ਨਿਰਦੇਸਿ਼ਤ ਵੱਡੇ ਬਦਲਾਅ ਦੀ ਲੋੜ। ਭੀੜ ਵੱਲੋਂ ‘ਯੂ ਬੈਚਾ’ ਦੇ ਨਾਅਰੇ ਲਾਉਣ ਮਗਰੋਂ ਉਨ੍ਹਾਂ ਕਿਹਾ ਕਿ ਉਹ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਆਪਣੀ ਪੂਰੀ ਕੋਸਿ਼ਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਅਤੀਤ ਵਿੱਚ ਗਲਤੀਆਂ ਕੀਤੀਆਂ ਹਨ ਅਤੇ ਜੇ ਅੱਗੇ ਵੀ ਹੋਣਗੀਆਂ, ਉਹ ਉਨ੍ਹਾਂ ਨੂੰ ਸਵੀਕਾਰ ਕਰਨਗੇ, ਸੁਧਾਰਨਗੇ ਅਤੇ ਉਨ੍ਹਾਂ ਤੋਂ ਸਿੱਖਣਗੇ। ਉਹ ਦੇਸ਼ ਨੂੰ ਅੱਗੇ ਵਧਾਉਣ ਅਤੇ ਕੈਨੇਡਾ ਦੀ ਰੱਖਿਆ ਲਈ ਸਾਰੇ ਕੈਨੇਡੀਅਨਾਂ ਨੂੰ ਨਾਲ ਲੈ ਕੇ ਕੰਮ ਕਰਨ ਦਾ ਵਾਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਸਾਡੀ ਜ਼ਮੀਨ, ਸਾਡੇ ਸਰੋਤ, ਸਾਡਾ ਪਾਣੀ ਚਾਹੁੰਦਾ ਹੈ। ਟਰੰਪ ਸਾਨੂੰ ਤੋੜਨ ਦੀ ਕੋਸਿ਼ਸ਼ ਕਰ ਰਹੇ ਹਨ ਤਾਂ ਜੋ ਅਮਰੀਕਾ ਸਾਡਾ ਮਾਲਕ ਬਣ ਸਕੇ। ਅਜਿਹਾ ਕਦੇ ਨਹੀਂ ਹੋਵੇਗਾ।