ਨਿਊ ਬਰੰਜ਼ਵਿਕ, 28 ਅਪ੍ਰੈਲ (ਪੋਸਟ ਬਿਊਰੋ) : ਨਿਊ ਬਰੰਜ਼ਵਿਕ ਵਿੱਚ ਆਰਸੀਐੱਮਪੀ ਨੇ ਅਗਵਾਹ ਕਰਨ ਦੀ ਕੋਸਿ਼ਸ਼ ਦੇ ਮਾਮਲੇ ਵਿਚ ਦੋ ਲੋਕਾਂ ਦੀ ਪਛਾਣ ਕਰਨ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਸ਼ਨੀਵਾਰ ਨੂੰ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਦਾ ਸਕੈੱਚ ਜਾਰੀ ਕੀਤਾ। ਇਹ ਘਟਨਾ 21 ਅਪ੍ਰੈਲ ਨੂੰ ਹੈਂਡਰਸਨ ਸੈਟਲਮੈਂਟ ਖੇਤਰ ਵਿੱਚ ਰੂਟ 710 'ਤੇ ਵਾਪਰੀ ਸੀ। ਪੁਲਿਸ ਨੇ ਕਿਹਾ ਕਿ ਉਸ ਦਿਨ ਸ਼ਾਮ 5:15 ਵਜੇ ਦੇ ਕਰੀਬ ਦੋ ਲੋਕ ਇੱਕ ਬੱਚੇ ਕੋਲ ਪਹੁੰਚੇ, ਜੋ ਸਾਈਕਲ ਚਲਾ ਰਿਹਾ ਸੀ, ਉਸਨੂੰ ਕੈਂਡੀ ਦੇ ਕੇ ਆਪਣੀ ਗੱਡੀ ਵਿੱਚ ਲੁਭਾਉਣ ਦੀ ਕੋਸ਼ਿਸ਼ ਕੀਤੀ। ਫਿਰ ਬੱਚਾ ਗੁਆਂਢ ‘ਚ ਘਰ ਵੱਲ ਭੱਜ ਗਿਆ।
ਆਰਸੀਐੱਮਪੀ ਨੇ ਕਿਹਾ ਕਿ ਦੋਵੇਂ ਵਿਅਕਤੀ ਇੱਕ ਕਾਲੇ ਚਾਰ-ਦਰਵਾਜ਼ੇ ਵਾਲੀ ਸੁਬਾਰੂ ਕਾਰ, ਜਿਸ ਦੀਆਂ ਰੰਗੀਨ ਖਿੜਕੀਆਂ, ਇੱਕ ਸਨਰੂਫ ਅਤੇ ਸਾਹਮਣੇ ਵਾਲੇ ਯਾਤਰੀ ਬੰਪਰ ਦੇ ਜੰਗਾਲ ਦੇ ਨਿਸ਼ਾਨ ਸਨ, ‘ਚ ਸਵਾਰ ਹੋ ਕੇ ਚਲੇ ਗਏ। ਪੁਲਿਸ ਡਰਾਈਵਰ ਬਾਰੇ ਦੱਸਿਆ ਕਿ ਉਹ ਹਲਕੇ ਰੰਗ ਦੀ ਔਰਤ ਹੈ, ਜਿਸ ਦੇ ਮੋਢਿਆਂ ਤੱਕ ਘੁੰਗਰਾਲੇ ਵਾਲ ਹਨ। ਜਦਕਿ ਉਸ ਦੇ ਨਾਲ ਵਿਅਕਤੀ ਉਮਰ ਕਰੀਬ 25 ਸਾਲ, ਮਾਸਪੇਸ਼ੀਆਂ ਵਾਲਾ ਤਕੜਾ ਸਰੀਰ, ਬਿਨਾਂ ਮੁੱਛਾਂ ਅਤੇ ਘੁੰਗਰਾਲੇ ਵਾਲਾਂ ਵਾਲਾ ਸੀ। ਪੁਲਿਸ ਨੇ ਕਿਹਾ ਕਿ ਘਟਨਾ ਦੇ ਸਮੇਂ, ਉਸ ਨੇ ਨੀਲੇ ਰੰਗ ਦੀ ਐਨਕ ਅਤੇ ਪੀਲੇ ਤੇ ਹਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ। ਪੁਲਿਸ ਕਿਸੇ ਵੀ ਜਾਣਕਾਰੀ ਰੱਖਣ ਵਾਲੇ ਨੂੰ ਸਸੇਕਸ ਆਰਸੀਐਮਪੀ ਨਾਲ 506-433-7700 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।