ਲੁਧਿਆਣਾ, 24 ਦਸੰਬਰ (ਪੋਸਟ ਬਿਊਰੋ): ਪੰਜਾਬ ਦੇ ਗਾਇਕ ਅਤੇ ਕਲਾਕਾਰ ਦਿਲਜੀਤ ਦੋਸਾਂਝ ਨਵੇਂ ਸਾਲ 2025 ਦਾ ਜਸ਼ਨ ਮਨਾਉਣ ਲਈ ਲੁਧਿਆਣਾ ਪਹੁੰਚ ਰਹੇ ਹਨ। ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ 31 ਦਸੰਬਰ ਨੂੰ ਲੁਧਿਆਣਾ 'ਚ ਹੋਣ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਜਿਵੇਂ ਹੀ ਦਿਲਜੀਤ ਨੇ ਲੁਧਿਆਣਾ ਵਿੱਚ ਆਪਣੇ ਕੰਸਰਟ ਦਾ ਐਲਾਨ ਕੀਤਾ, ਹਰਿਆਣਾ, ਯੂਪੀ, ਚੰਡੀਗੜ੍ਹ, ਰਾਜਸਥਾਨ ਸਮੇਤ ਪੰਜਾਬ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਦਿਲਜੀਤ ਦੁਸਾਂਝ ਦੇ ਲੁਧਿਆਣਾ ਕੰਸਰਟ ਦੀ ਆਨਲਾਈਨ ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਜਿਵੇਂ ਹੀ ਜ਼ੋਮੈਟੋ ਲਾਈਵ 'ਤੇ ਬੁਕਿੰਗ ਸ਼ੁਰੂ ਹੋਈ, ਉਨ੍ਹਾਂ ਦੇ ਸਮਰਥਕਾਂ ਅਤੇ ਪ੍ਰਸ਼ੰਸਕਾਂ ਨੇ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ 29 ਦਸੰਬਰ ਨੂੰ ਦਿਲਜੀਤ ਦਾ ਕੰਸਰਟ ਗੁਹਾਟੀ 'ਚ ਹੋਵੇਗਾ।
ਦਿਲਜੀਤ ਦੋਸਾਂਝ ਨੇ ਸਾਲ 2024 ਵਿੱਚ ਪੂਰੇ ਭਾਰਤ ਦਾ ਦੌਰਾ ਕੀਤਾ ਅਤੇ ਵੱਖ-ਵੱਖ ਥਾਵਾਂ 'ਤੇ ਸੰਗੀਤ ਸਮਾਰੋਹ ਵੀ ਕੀਤੇ। ਉਨ੍ਹਾਂ ਨੇ ਆਪਣੇ ਟੂਰ ਦਾ ਨਾਂ ਦਿਲ-ਲੁਮੀਨਾਟੀ ਟੂਰ ਰੱਖਿਆ ਹੈ ਅਤੇ ਦਿਲਜੀਤ 31 ਦਸੰਬਰ ਨੂੰ ਲੁਧਿਆਣਾ 'ਚ ਇਸ ਦਿਲ-ਲੁਮੀਨਾਟੀ ਟੂਰ ਦਾ ਆਖਰੀ ਕੰਸਰਟ ਕਰਨ ਜਾ ਰਹੇ ਹਨ।
31 ਦਸੰਬਰ ਨੂੰ ਲੁਧਿਆਣਾ 'ਚ ਦਿਲਜੀਤ ਦਾ ਕੰਸਰਟ ਪੀਏਯੂ 'ਚ ਰਾਤ 8 ਵਜੇ ਤੋਂ ਬਾਅਦ ਸ਼ੁਰੂ ਹੋਵੇਗਾ, ਜੋ 12:30 ਤੱਕ ਜਾਰੀ ਰਹੇਗਾ। ਦਿਲਜੀਤ ਅਤੇ ਉਨ੍ਹਾਂ ਦੇ ਸਮਰਥਕ ਪੂਰੇ ਜੋਸ਼ੋ-ਖਰੋਸ਼ ਨਾਲ ਲੁਧਿਆਣਾ 'ਚ ਨੱਚ-ਗਾ ਕੇ ਨਵੇਂ ਸਾਲ ਦਾ ਜਸ਼ਨ ਮਨਾਉਣ ਜਾ ਰਹੇ ਹਨ।