ਅੰਮ੍ਰਿਤਸਰ, 25 ਨਵੰਬਰ (ਪੋਸਟ ਬਿਊਰੋ): ਪੰਜਾਬ ਦੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਰੀਬ 1.50 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਇਹ ਸੋਨਾ ਦੁਬਈ ਤੋਂ ਭਾਰਤ ਲਿਆਂਦਾ ਜਾ ਰਿਹਾ ਸੀ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸੋਨਾ ਜ਼ਬਤ ਕਰਕੇ ਸੋਨਾ ਲਿਆਉਣ ਵਾਲੇ ਵਿਅਕਤੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਮੁਲਜ਼ਮ ਬੀਤੇ ਦਿਨ ਦੁਬਈ ਤੋਂ ਸਪਾਈਸ ਜੈੱਟ ਦੀ ਫਲਾਈਟ ਰਾਹੀਂ ਅੰਮ੍ਰਿਤਸਰ ਪਹੁੰਚੇ ਸਨ। ਕਸਟਮ ਵਿਭਾਗ ਦੀ ਜਾਂਚ ਦੌਰਾਨ ਉਨ੍ਹਾਂ ਨੂੰ ਇੱਕ ਵਿਅਕਤੀ 'ਤੇ ਸ਼ੱਕ ਹੋਇਆ। ਜਦੋਂ ਵਿਅਕਤੀ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਉਸ ਦੇ ਅੰਡਰਗਾਰਮੈਂਟਸ ਵਿੱਚੋਂ ਸੋਨੇ ਦੀ ਪੇਸਟ ਬਰਾਮਦ ਹੋਈ। ਜਿਸ ਦਾ ਭਾਰ 2.64 ਕਿਲੋ ਸੀ।
ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸਦੇ ਅੰਡਰਵੀਅਰ 'ਤੇ ਲੱਗਾ ਪੇਸਟ ਸਾਫ਼ ਕੀਤਾ ਗਿਆ। ਇਸ 'ਚੋਂ ਕਰੀਬ 2 ਕਿਲੋ ਸੋਨਾ ਮਿਲਿਆ, ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੀਬ 1.50 ਕਰੋੜ ਰੁਪਏ ਹੈ।
ਪੇਸਟ ਬਣਾ ਕੇ ਸੋਨੇ ਦੀ ਤਸਕਰੀ ਕਰਨ ਦਾ ਇਹ ਤਰੀਕਾ ਬਿਲਕੁਲ ਨਵਾਂ ਹੈ। ਹਾਲ ਹੀ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਦੋਂ ਤਸਕਰ ਸੋਨੇ ਦੀ ਪੇਸਟ ਬਣਾ ਕੇ ਕੱਪੜੇ 'ਤੇ ਪੇਂਟ ਕਰਦੇ ਹਨ। ਇਹ ਚਮਕਦਾਰ ਪੇਂਟ ਵਰਗਾ ਲੱਗਦਾ ਹੈ। ਤਸਕਰ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਇਸ ਪੇਸਟ ਨੂੰ ਮੈਟਲ ਡਿਟੈਕਟਰ ਨਾਲ ਖੋਜਿਆ ਨਹੀਂ ਜਾ ਸਕਦਾ।