ਨਵੀਂ ਦਿੱਲੀ, 11 ਜੂਨ (ਪੋਸਟ ਬਿਊਰੋ): ਕਾਂਗਰਸ ਨੇ ਭਾਜਪਾ-ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ 'ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਕਾਂਗਰਸ ਨੇ ਇਹ ਗੱਲ ਆਰ.ਐੱਸ.ਐੱਸ. ਮੈਂਬਰ ਸ਼ਾਂਤਨੂ ਸਿਨਹਾ ਦੀ ਫੇਸਬੁੱਕ ਪੋਸਟ 'ਤੇ ਆਧਾਰਿਤ ਕੀਤੀ ਸੀ। ਇਸ 'ਤੇ ਅਮਿਤ ਮਾਲਵੀਆ ਨੇ ਸ਼ਾਂਤਨੂ ਨੂੰ 10 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਸੀ ਅਤੇ ਉਸ ਨੂੰ ਪੋਸਟ ਡਿਲੀਟ ਕਰਨ ਅਤੇ ਬਿਨ੍ਹਾਂ ਸ਼ਰਤ ਮੁਆਫੀ ਮੰਗਣ ਲਈ ਕਿਹਾ ਸੀ।
ਮੰਗਲਵਾਰ (11 ਜੂਨ) ਨੂੰ ਸ਼ਾਂਤਨੂ ਨੇ ਅਮਿਤ ਮਾਲਵੀਆ ਨਾਲ ਸਬੰਧਤ ਪੋਸਟ ਲਈ ਬਿਨ੍ਹਾਂ ਸ਼ਰਤ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਕਿ ਮੈਨੂੰ ਇਸ ਗੱਲ ਤੋਂ ਬਹੁਤ ਦੁੱਖ ਹੋਇਆ ਹੈ ਕਿ ਦੇਸ਼ ਦੀ ਸਭ ਤੋਂ ਭ੍ਰਿਸ਼ਟ ਅਤੇ ਸਿਆਸੀ ਪਾਰਟੀ ਕਾਂਗਰਸ ਅਮਿਤ ਮਾਲਵੀਆ ਅਤੇ ਭਾਜਪਾ ਖਿਲਾਫ ਨਫ਼ਰਤ ਦੀ ਮੁਹਿੰਮ ਚਲਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੈਂ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਇਸ ਪੋਸਟ ਦਾ ਮਕਸਦ ਮਾਲਵੀਆ ਨੂੰ ਬਦਨਾਮ ਕਰਨਾ ਨਹੀਂ ਸੀ, ਸਗੋਂ ਇਹ ਚੇਤਾਵਨੀ ਸੀ ਕਿ ਉਹ ਹਨੀ ਟਰੈਪ ਵਿੱਚ ਨਾ ਫਸਣ, ਜਿਸ ਦਾ ਸਭ ਤੋਂ ਪਹਿਲਾਂ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤਥਾਗਤ ਰਾਏ ਨੇ ਪਰਦਾਫਾਸ਼ ਕੀਤਾ ਸੀ।
ਸਾਂਤਨੂ ਨੇ ਕਿਹਾ ਕਿ ਜੇਕਰ ਮੇਰੀ ਪੋਸਟ ਤੋਂ ਮਾਲਵੀਆ ਨੂੰ ਠੇਸ ਪਹੁੰਚੀ ਹੈ ਅਤੇ ਮੇਰੀ ਪਾਰਟੀ ਦੇ ਅਕਸ ਨੂੰ ਢਾਹ ਲੱਗੀ ਹੈ ਤਾਂ ਮੈਂ ਇਸ ਲਈ ਦਿਲੋਂ ਦੁੱਖ ਪ੍ਰਗਟ ਕਰਦਾ ਹਾਂ। ਹਾਲਾਂਕਿ ਸਿਨਹਾ ਨੇ ਵਿਵਾਦਤ ਪੋਸਟ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ।