ਨਵੀਂ ਦਿੱਲੀ, 10 ਜੂਨ (ਪੋਸਟ ਬਿਊਰੋ): ਮਣੀਪੁਰ ਵਿਚ ਸੋਮਵਾਰ ਨੂੰ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਕਾਫਲੇ `ਤੇ ਹਮਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਮੁੱਖ ਮੰਤਰੀ ਕਾਫਲੇ ਵਿੱਚ ਸ਼ਾਮਿਲ ਨਹੀਂ ਸਨ। ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੀ ਅਗਾਊਂ ਸੁਰੱਖਿਆ ਟੀਮ `ਤੇ ਹੋਏ ਹਮਲੇ `ਚ ਦੋ ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਏ ਹਨ।
ਜਿ਼ਕਰਯੋਗ ਹੈ ਕਿ ਮੁੱਖ ਮੰਤਰੀ ਨੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਸੰਕਟਗ੍ਰਸਤ ਜਿਰੀਬਾਮ ਜਿ਼ਲ੍ਹੇ ਦਾ ਦੌਰਾ ਕਰਨਾ ਸੀ। ਘਟਨਾ ਤੋਂ ਬਾਅਦ ਮਣੀਪੁਰ ਪੁਲਿਸ ਕਮਾਂਡੋ ਅਤੇ ਅਸਾਮ ਰਾਈਫਲਜ਼ ਨੇ ਇੱਕ ਸਾਂਝੀ ਟੀਮ ਬਣਾਈ ਹੈ ਅਤੇ ਹਮਲਾਵਰਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਮੰਗਲਵਾਰ ਨੂੰ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਹਿੰਸਾ ਪ੍ਰਭਾਵਿਤ ਜਿਰੀਬਾਮ ਦਾ ਦੌਰਾ ਕਰਨ ਸੀ। ਇਸ ਸਬੰਧੀ ਮੁੱਖ ਮੰਤਰੀ ਦੀ ਅਗਾਊਂ ਸੁਰੱਖਿਆ ਟੀਮ ਸਥਿਤੀ ਦਾ ਜਾਇਜ਼ਾ ਲੈਣ ਲਈ ਜੀਰੀਬਾਮ ਜਾ ਰਹੀ ਸੀ। ਇਸ ਦੌਰਾਨ ਮਨੀਪੁਰ ਦੇ ਕਮਾਂਡੋਜ਼ ਨੇ ਸਿਨਮ ਨੇੜੇ ਹਮਲਾ ਕਰ ਦਿੱਤਾ।