ਨਵੀਂ ਦਿੱਲੀ , 7 ਜੂਨ (ਪੋਸਟ ਬਿਊਰੋ): ਲੋਕ ਸਭਾ ਚੋਣਾਂ ਲਈ ਆਈ.ਐੱਨ.ਡੀ.ਆਈ. ਕਾਂਗਰਸ ਨਾਲ ਗਠਜੋੜ ਹੇਠ ਆਈ ਆਮ ਆਦਮੀ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ। ਪਾਰਟੀ ਦੇ ਦਿੱਲੀ ਕਨਵੀਨਰ ਗੋਪਾਲ ਰਾਏ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕਾਂਗਰਸ ਨਾਲ ਗਠਜੋੜ ਸਿਰਫ ਲੋਕ ਸਭਾ ਚੋਣਾਂ ਲਈ ਹੈ। ਅਸੀਂ ਵਿਧਾਨ ਸਭਾ ਚੋਣਾਂ ਇਕੱਲਿਆਂ ਹੀ ਲੜਾਂਗੇ।
ਦੂਜੇ ਪਾਸੇ ਭਾਜਪਾ ਨੇਤਾ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਇਹ ਸਿਰਫ਼ ਮਤਲਬ ਦੀ ਦੋਸਤੀ ਸੀ। ਹੁਣ ਇਹ ਲੋਕ ਇੱਕ ਦੂਜੇ ਨੂੰ ਗਾਲ੍ਹਾਂ ਕੱਢਣਗੇ।
ਦਰਅਸਲ, ਵੀਰਵਾਰ ਸ਼ਾਮ ਨੂੰ ਸੀਐੱਮ ਹਾਊਸ 'ਚ ਪਾਰਟੀ ਦੇ ਦਿੱਲੀ ਦੇ ਸਾਰੇ ਵਿਧਾਇਕਾਂ ਅਤੇ ਨੇਤਾਵਾਂ ਦੀ ਬੈਠਕ ਬੁਲਾਈ ਗਈ ਸੀ। ਇਸ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਕੀਤੀ ਗਈ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਏ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਸਾਫ ਹੈ ਕਿ ਇੰਡੀਆ ਦਾ ਗਠਜੋੜ ਲੋਕ ਸਭਾ ਚੋਣਾਂ ਲਈ ਸੀ। ਦੋਵੇਂ ਪਾਰਟੀਆਂ ਨੇ ਪੂਰੀ ਇਮਾਨਦਾਰੀ ਨਾਲ ਮਿਲ ਕੇ ਚੋਣਾਂ ਲੜੀਆਂ, ਪਰ ਵਿਧਾਨ ਸਭਾ ਲਈ ਦੇਸ਼ ਭਰ ਵਿੱਚ ਕੋਈ ਗਠਜੋੜ ਨਹੀਂ ਹੈ।
ਦਿੱਲੀ ਦੀਆਂ ਸਾਰੀਆਂ 7 ਸੀਟਾਂ 'ਤੇ 25 ਮਈ ਨੂੰ ਵੋਟਿੰਗ ਹੋਈ ਸੀ। 4 ਜੂਨ ਨੂੰ ਐਲਾਨੇ ਗਏ ਨਤੀਜਿਆਂ 'ਚ ਭਾਜਪਾ ਨੇ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕੀਤੀ। ਕਾਂਗਰਸ-ਆਪ ਗਠਜੋੜ ਇਕ ਵੀ ਸੀਟ ਨਹੀਂ ਜਿੱਤ ਸਕਿਆ।