ਪਿਓਂਗਯਾਂਗ, 29 ਮਈ (ਪੋਸਟ ਬਿਊਰੋ): ਉੱਤਰੀ ਕੋਰੀਆ ਗੁਬਾਰਿਆਂ ਦੀ ਮਦਦ ਨਾਲ ਆਪਣੇ ਗੁਆਂਢੀ ਦੇਸ਼ ਦੱਖਣੀ ਕੋਰੀਆ ਨੂੰ ਕੂੜੇ ਦੇ ਥੈਲੇ ਭੇਜ ਰਿਹਾ ਹੈ। ਦੱਖਣੀ ਕੋਰੀਆ ਦੀ ਫੌਜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਮੀਡੀਆ ਸੀਐੱਨਐੱਨ ਮੁਤਾਬਕ ਮੰਗਲਵਾਰ ਰਾਤ ਨੂੰ ਪਹਿਲੀ ਵਾਰ ਉੱਤਰੀ ਕੋਰੀਆ ਤੋਂ ਗੁਬਾਰੇ ਆਉਣੇ ਸ਼ੁਰੂ ਹੋ ਗਏ।
ਇਸ ਤੋਂ ਬਾਅਦ ਬੁੱਧਵਾਰ ਸਵੇਰੇ ਇੱਥੇ 150 ਗੁਬਾਰੇ ਦੇਖੇ ਗਏ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਵੀ ਇਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਹ ਦੋ ਵੱਡੇ ਗੁਬਾਰੇ ਇੱਕ ਰੱਸੀ ਨਾਲ ਬੰਨ੍ਹੇ ਹੋਏ ਹਨ।
ਇਸ ਰੱਸੀ ਨਾਲ ਇਕ ਪਲਾਸਟਿਕ ਦਾ ਬੈਗ ਵੀ ਬੰਨ੍ਹਿਆ ਹੋਇਆ ਹੈ, ਜੋ ਕੂੜੇ ਨਾਲ ਭਰਿਆ ਹੋਇਆ ਹੈ। ਇਸ ਕਾਰਨ ਦੱਖਣੀ ਕੋਰੀਆ ਦੀਆਂ ਕਈ ਸੜਕਾਂ 'ਤੇ ਕੂੜਾ ਇਕੱਠਾ ਹੋ ਗਿਆ ਹੈ। ਦੱਖਣੀ ਕੋਰੀਆ ਦੀਆਂ ਸਰਕਾਰੀ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ।
ਜੇਸੀਐੱਸ ਨੇ ਕਿਹਾ ਕਿ ਅਜਿਹਾ ਕਰਕੇ ਉੱਤਰੀ ਕੋਰੀਆ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਹੈ। ਇਸ ਤੋਂ ਇਲਾਵਾ ਇਹ ਸਾਡੇ ਦੇਸ਼ ਦੇ ਨਾਗਰਿਕਾਂ ਦੀ ਜਾਨ ਲਈ ਵੀ ਖਤਰਾ ਹੈ। ਜੇਸੀਐੱਸ ਨੇ ਕਿਹਾ ਕਿ ਉਹ ਉੱਤਰੀ ਕੋਰੀਆ ਨੂੰ ਆਪਣੀਆਂ ਕਾਰਵਾਈਆਂ ਬੰਦ ਕਰਨ ਲਈ ਚੇਤਾਵਨੀ ਦਿੰਦੇ ਹਨ। ਜੇਕਰ ਇਸ ਕਾਰਨ ਦੱਖਣੀ ਕੋਰੀਆ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਉਹ ਇਸ ਲਈ ਜਿ਼ੰਮੇਵਾਰ ਹੋਵੇਗਾ।
ਇਸ ਤੋਂ ਇਲਾਵਾ ਦੱਖਣੀ ਕੋਰੀਆ ਦੀਆਂ ਖੇਤਰੀ ਸਰਕਾਰਾਂ ਨੇ ਉੱਤਰੀ ਸੂਬਿਆਂ 'ਚ ਰਹਿਣ ਵਾਲੇ ਨਾਗਰਿਕਾਂ ਲਈ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਨੂੰ ਕਿਸੇ ਵੀ ਸ਼ੱਕੀ ਵਸਤੂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।