ਇਸਲਾਮਾਬਾਦ, 29 ਮਈ (ਪੋਸਟ ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੰਗਲਵਾਰ 28 ਮਈ ਨੂੰ ਕਿਹਾ, 'ਪਾਕਿਸਤਾਨ ਨੇ ਮੇਰੇ ਅਤੇ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਵਿਚਕਾਰ 1999 'ਚ ਕੀਤੇ ਸਮਝੌਤੇ ਨੂੰ ਤੋੜ ਦਿੱਤਾ।
ਸ਼ਰੀਫ ਨੇ ਆਪਣੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਬੈਠਕ 'ਚ ਕਿਹਾ ਕਿ 28 ਮਈ 1998 ਨੂੰ ਪਾਕਿਸਤਾਨ ਨੇ 5 ਪ੍ਰਮਾਣੂ ਪ੍ਰੀਖਣ ਕੀਤੇ ਸਨ। ਇਸ ਤੋਂ ਬਾਅਦ ਵਾਜਪਾਈ ਸਾਹਿਬ ਪਾਕਿਸਤਾਨ ਆਏ ਅਤੇ ਅਸੀਂ ਸਮਝੌਤਾ ਕੀਤਾ, ਪਰ ਇਸਦੀ ਉਲੰਘਣਾ ਹੋਈ। ਇਹ ਸਾਡੀ ਗਲਤੀ ਸੀ।
ਸ਼ਰੀਫ ਅਤੇ ਵਾਜਪਾਈ ਨੇ 21 ਫਰਵਰੀ 1999 ਨੂੰ ਲਾਹੌਰ ਐਲਾਨਨਾਮੇ (ਲਾਹੌਰ ਸਮਝੌਤਾ) 'ਤੇ ਦਸਤਖਤ ਕੀਤੇ ਸਨ। ਇਸ ਸਮਝੌਤੇ ਵਿੱਚ ਭਾਰਤ ਅਤੇ ਪਾਕਿਸਤਾਨ ਨੇ ਸ਼ਾਂਤੀ ਅਤੇ ਸਥਿਰਤਾ ਦੀ ਗੱਲ ਕੀਤੀ ਸੀ। ਸਮਝੌਤੇ ਨੂੰ ਵੱਡਾ ਕਦਮ ਮੰਨਿਆ ਗਿਆ। ਕੁਝ ਮਹੀਨਿਆਂ ਬਾਅਦ ਹੀ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਕਾਰਗਿਲ ਵਿਚ ਘੁਸਪੈਠ ਕੀਤੀ, ਜਿਸ ਕਾਰਨ ਕਾਰਗਿਲ ਯੁੱਧ ਸ਼ੁਰੂ ਹੋ ਗਿਆ।
ਦੱਸ ਦੇਈਏ ਕਿ ਇਹ ਦੋ ਗੁਆਂਢੀਆਂ ਵਿਚਕਾਰ ਸ਼ਾਂਤੀ ਸਮਝੌਤਾ ਹੈ, ਜਿਸ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਅਤੇ ਦੋਹਾਂ ਦੇਸ਼ਾਂ ਦਰਮਿਆਨ ਲੋਕਾਂ ਤੋਂ ਲੋਕਾਂ ਦੇ ਸੰਪਰਕ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ ਗਿਆ ਸੀ। ਹਾਲਾਂਕਿ ਸ਼ਰੀਫ ਮੁਤਾਬਕ ਪਾਕਿਸਤਾਨ ਨੇ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਕਾਰਗਿਲ 'ਚ ਘੁਸਪੈਠ ਕਰਕੇ ਇਸ ਦੀ ਉਲੰਘਣਾ ਕੀਤੀ।