ਗਾਜ਼ਾ, 27 ਮਈ (ਪੋਸਟ ਬਿਊਰੋ): ਐਤਵਾਰ (26 ਮਈ) ਦੇਰ ਰਾਤ ਗਾਜ਼ਾ ਦੇ ਸ਼ਰਨਾਰਥੀ ਕੈਂਪ 'ਤੇ ਹੋਏ ਹਵਾਈ ਹਮਲੇ ਵਿਚ 35 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਜਿ਼ਆਦਾਤਰ ਬੱਚੇ ਅਤੇ ਔਰਤਾਂ ਹਨ। ਫਲਸਤੀਨੀ ਸਿਹਤ ਮੰਤਰਾਲੇ ਦਾ ਦਾਅਵਾ ਹੈ ਕਿ ਇਹ ਹਮਲਾ ਇਜ਼ਰਾਈਲ ਵੱਲੋਂ ਕੀਤਾ ਗਿਆ ਸੀ। ਹਮਲੇ 'ਚ ਦਰਜਨਾਂ ਲੋਕ ਜ਼ਖਮੀ ਵੀ ਹੋਏ ਹਨ।
ਜਾਣਕਾਰੀ ਮੁਤਾਬਕ ਗਾਜ਼ਾ ਦੇ ਅਧਿਕਾਰੀਆਂ ਅਤੇ ਫਲਸਤੀਨ ਰੈੱਡ ਕ੍ਰੀਸੈਂਟ ਸੋਸਾਇਟੀ ਨੇ ਕਿਹਾ ਕਿ ਹਮਲਾ ਇੱਕ ਸ਼ਰਨਾਰਥੀ ਕੈਂਪ 'ਤੇ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਈਲ ਦੇ ਕਬਜ਼ੇ ਵਾਲੇ ਇਨ੍ਹਾਂ ਇਲਾਕਿਆਂ ਨੂੰ ਫੌਜ ਵੱਲੋਂ ਸੁਰੱਖਿਅਤ ਜ਼ੋਨ ਐਲਾਨਿਆ ਗਿਆ ਸੀ, ਪਰ ਜਦੋਂ ਉਜਾੜੇ ਗਏ ਲੋਕਾਂ ਨੂੰ ਇੱਥੇ ਰੱਖਿਆ ਗਿਆ ਤਾਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ।
ਇਸ ਦੇ ਨਾਲ ਹੀ ਇਜ਼ਰਾਈਲ ਡਿਫੈਂਸ ਫੋਰਸ (ਆਈ.ਡੀ.ਐੱਫ.) ਨੇ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਸ ਨੇ ਰਫਾਹ 'ਚ ਹਮਾਸ ਦੇ ਉਸ ਕੰਪਾਊਂਡ 'ਤੇ ਹਮਲਾ ਕੀਤਾ, ਜਿਸ 'ਚ ਕੁਝ ਸਮਾਂ ਪਹਿਲਾਂ ਹਮਾਸ ਦੇ ਅੱਤਵਾਦੀ ਕੰਮ ਕਰ ਰਹੇ ਸਨ।
ਆਈ.ਡੀ.ਐੱਫ. ਨੇ ਇਹ ਵੀ ਕਿਹਾ ਕਿ ਹਮਲੇ ਤੋਂ ਬਾਅਦ ਲੱਗੀ ਅੱਗ ਨਾਲ ਕਈ ਨਾਗਰਿਕਾਂ ਨੂੰ ਨੁਕਸਾਨ ਪਹੁੰਚਿਆ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।