ਪਿਓਬਲੋ, ਕੋਲੋਰਾਡੋ, 22 ਫਰਵਰੀ (ਪੋਸਟ ਬਿਊਰੋ) : ਪੁਲਿਸ ਤੇ ਪਬਲਿਕ ਜੇਲ੍ਹ ਰਿਕਾਰਡਜ਼ ਮੁਤਾਬਕ ਇੱਕ ਬੱਚੀ ਦੀ ਲਾਸ਼ ਕੌਂਕਰੀਟ ਤੇ ਇੱਕ ਲੜਕੇ ਦੀ ਲਾਸ਼ ਸੂਟਕੇਸ ਵਿੱਚੋਂ ਮਿਲਣ ਤੋਂ ਬਾਅਦ ਕਤਲ ਦੇ ਚਾਰਜਿਜ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸਿਟੀ ਆਫ ਪਿਓਬਲੋ ਦੇ ਪੁਲਿਸ ਡਿਪਾਰਟਮੈਂਟ ਵੱਲੋਂ ਐਲਾਨ ਕੀਤਾ ਗਿਆ ਕਿ ਸ਼ੁੱਕਰਵਾਰ ਨੂੰ ਕੋਰੇਨਾ ਦੇ 36 ਸਾਲਾ ਰੋਜ਼ ਮਿੰਜਾਰੇਂ ਤੇ ਐਤਵਾਰ ਨੂੰ ਦੂਜੇ ਮਸ਼ਕੂਕ 35 ਸਾਲਾ ਜੀਸਸ ਡੌਮਿੰਗੁਏਜ਼ ਨੂੰ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਅਨੁਸਾਰ ਪਿਛਲੇ ਮਹੀਨੇ ਇੱਕ ਸਟੋਰੇਜ ਯੁਨਿਟ ਤੋਂ ਪੁਲਿਸ ਨੂੰ ਇੱਕ ਬੱਚੀ ਦੀ ਲਾਸ਼ ਮੈਟਲ ਦੇ ਇੱਕ ਕੰਟੇਨਰ, ਜੋ ਕਿ ਕੌਂਕਰੀਟ ਦਾ ਭਰਿਆ ਹੋਇਆ ਸੀ, ਵਿੱਚੋਂ ਮਿਲੀ। ਇਸ ਯੂਨਿਟ ਨੂੰ ਉਸ ਸਮੇਂ ਖਾਲੀ ਕੀਤਾ ਜਾ ਰਿਹਾ ਸੀ ਜਦੋਂ ਇਸ ਦਾ ਕਿਰਾਇਆ ਨਹੀਂ ਦਿੱਤਾ ਗਿਆ। ਜਾਂਚ ਦੇ ਹਿੱਸੇ ਵਜੋਂ ਪੁਲਿਸ ਨੇ ਉਨ੍ਹਾਂ ਦੋ ਬੱਚਿਆਂ ਦੀ ਭਾਲ ਸੁ਼ਰੂ ਕੀਤੀ ਜਿਨ੍ਹਾਂ ਨੂੰ ਆਖਰੀ ਵਾਰੀ 2018 ਦੀਆਂ ਗਰਮੀਆਂ ਵਿੱਚ ਵੇਖਿਆ ਗਿਆ ਸੀ। ਇਨ੍ਹਾਂ ਦੇ ਨਾਂ ਜੀਸਸ ਡੌਮਿੰਗੁਏਜ਼ ਜੂਨੀਅਰ ਤੇ ਯੇਸੇਨੀਆ ਡੌਮਿੰਗੁਏਜ਼ ਸਨ।
ਪੁਲਿਸ ਡਿਪਾਰਟਮੈਂਟ ਦੀ ਨਿਊਜ਼ ਰਲੀਜ਼ ਅਨੁਸਾਰ ਬੱਚਿਆਂ ਦੇ ਲਾਪਤਾ ਹੋਣ ਦੀ ਕੋਈ ਰਿਪੋਰਟ ਨਹੀਂ ਸੀ ਲਿਖਵਾਈ ਗਈ।ਫਿਰ ਪੁਲਿਸ ਨੂੰ ਇੱਕ ਸਕਰੈਪ ਯਾਰਡ ਵਿੱਚੋਂ ਮਿੰਜਾਰੇਂ ਦੀ ਗੱਡੀ ਮਿਲੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਥੋਂ ਕਾਰ ਦੇ ਟਰੰਕ ਵਿੱਚੋਂ ਇੱਕ ਸੂਟਕੇਸ ਵਿੱਚੋਂ ਲੜਕੇ ਦਾ ਪਿੰਜਰ ਮਿਲਿਆ। 15 ਫਰਵਰੀ ਨੂੰ ਆਈ ਡੀਐਨਏ ਟੈਸਟ ਦੀ ਰਿਪੋਰਟ ਵਿੱਚ ਇਹ ਸਪਸ਼ਟ ਹੋ ਗਿਆ ਕਿ ਇਹ ਲਾਸ਼ਾਂ ਦੋਵਾਂ ਲਾਪਤਾ ਬੱਚਿਆਂ ਦੀਆਂ ਹਨ।ਪੁਲਿਸ ਵੱਲੋਂ ਮ੍ਰਿਤਕ ਬੱਚਿਆਂ ਤੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਰਮਿਆਨ ਕਿਸੇ ਤਰ੍ਹਾਂ ਦੇ ਸਬੰਧ ਹੋਣ ਬਾਰੇ ਕੋਈ ਵੇਰਵੇ ਨਹੀਂ ਦਿੱਤੇ।