ਵਾਸਿ਼ੰਗਟਨ, 24 ਮਈ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਵ੍ਹਾਈਟ ਹਾਊਸ ਵਿੱਚ ਇੱਕ ਟਰੱਕ ਨੂੰ ਬੈਰੀਕੇਡ ਨਾਲ ਟੱਕਰ ਮਾਰਨ ਦੇ ਮੁਲਜ਼ਮ 19 ਸਾਲਾ ਭਾਰਤੀ ਮੂਲ ਦੇ ਨੌਜਵਾਨ ਨੇ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਉਹ ਵਾਈਟ ਹਾਊਸ ਵਿੱਚ ਸੱਤਾ ਹਥਿਆਉਣ ਅਤੇ ਰਾਸ਼ਟਰਪਤੀ ਜੋਅ ਬਾਈਡਨ ਨੂੰ ਮਾਰਨ ਲਈ ਅੰਦਰ ਜਾਣਾ ਚਾਹੁੰਦਾ ਸੀ। ਵਾਈਟ ਹਾਊਸ ਦੇ ਅਧਿਕਾਰੀਆਂ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਸਰਕਾਰੀ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਵਾਸ਼ਿੰਗਟਨ ਦੀ ਪੁਲਿਸ ਅਤੇ ਅਮਰੀਕੀ ਖੁਫੀਆ ਏਜੰਸੀਆਂ ਇਸ ਮਾਮਲੇ ਦੀ ਜਾਂਚ ਜਾਰੀ ਰੱਖ ਰਹੀਆਂ ਹਨ। ਉੱਚ ਅਧਿਕਾਰੀਆਂ ਨੇ ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਗੱਲ ਕਹੀ ਹੈ। ਇਸ ਦੌਰਾਨ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੀ ਇਸ ਸਾਜ਼ਿਸ਼ ਪਿੱਛੇ ਕਿਸੇ ਹੋਰ ਵਿਅਕਤੀ ਜਾਂ ਸੰਗਠਨ ਦਾ ਹੱਥ ਹੈ। ਰਿਪੋਰਟ ਅਨੁਸਾਰ, ਯੂਐਸ ਪਾਰਕ ਪੁਲਿਸ ਨੇ ਸਾਈ ਵਸ਼ਿਸ਼ਟ ਕੰਦੂਲਾ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਸ ਨੇ ਟਰੱਕ ਲਾਫਾਇਏਟ ਪਾਰਕ ਦੇ ਉੱਤਰੀ ਪਾਸੇ ਲਗਾਏ ਗਏ ਸੁਰੱਖਿਆ ਬੈਰੀਕੇਡਾਂ ਨਾਲ ਟਕਰਾਇਆ।
ਇਹ ਘਟਨਾ ਬੀਤੇ ਸੋਮਵਾਰ ਰਾਤ ਕਰੀਬ 10 ਵਜੇ (ਸਥਾਨਕ ਸਮੇਂ ਅਨੁਸਾਰ) ਵਾਪਰੀ। ਘਟਨਾ ਵਾਲੀ ਥਾਂ ਅਤੇ ਵਾਈਟ ਹਾਊਸ ਦੇ ਗੇਟ ਵਿਚਕਾਰ ਕਾਫੀ ਦੂਰੀ ਹੈ। ਇਸ ਦੇ ਬਾਵਜੂਦ ਇਸ ਘਟਨਾ ਤੋਂ ਬਾਅਦ ਸੜਕ ਅਤੇ ਸਾਈਡ ਵਾਕ ਨੂੰ ਬੰਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਨੇੜਲੇ ਐਡਮਜ਼ ਹੋਟਲ ਨੂੰ ਵੀ ਤੁਰੰਤ ਖਾਲੀ ਕਰਵਾ ਲਿਆ ਗਿਆ। ਟਰੱਕ ਦੀ ਟੱਕਰ 'ਚ ਕੋਈ ਜ਼ਖਮੀ ਨਹੀਂ ਹੋਇਆ।