ਸਾਨ ਸਲਵਾਡੋਰ, 21 ਮਈ (ਪੋਸਟ ਬਿਊਰੋ):ਅਲ ਸਲਵਾਡੋਰ ਦੀ ਰਾਜਧਾਨੀ ਸਾਨ ਸਲਵਾਡੋਰ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਅਚਾਨਕ ਲੋਕ ਸਟੇਡੀਅਮ ਤੋਂ ਭੱਜਣ ਲੱਗੇ। ਇਸ ਫੁੱਟਬਾਲ ਸਟੇਡੀਅਮ 'ਚ ਮਚੀ ਭਗਦੜ 'ਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਸੀ। ਜਦਕਿ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਭਗਦੜ ਕਾਰਨ ਕਈ ਲੋਕਾਂ ਦਾ ਸਾਹ ਚੜ੍ਹ ਗਿਆ ਅਤੇ ਉਹ ਸਟੇਡੀਅਮ ਵਿੱਚ ਹੀ ਬੇਹੋਸ਼ ਹੋ ਕੇ ਡਿੱਗ ਪਏ। ਪੈਰਾਮੈਡਿਕਸ ਨੇ ਵੀ ਉਸਨੂੰ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਵਜੂਦ ਸਥਿਤੀ ਕਾਬੂ ਵਿੱਚ ਨਹੀਂ ਆ ਸਕੀ।
ਵਿਦੇਸ਼ੀ ਮੀਡੀਆ ਨੇ ਅਲ ਸਲਵਾਡੋਰ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਟੀਮ ਅਲੀਅੰਜ਼ਾ ਅਤੇ ਸਾਂਤਾ ਅਨਾ ਆਧਾਰਿਤ ਟੀਮ ਫਾਸ ਵਿਚਕਾਰ ਮੈਚ ਦੇਖਣ ਲਈ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਆਏ ਸਨ। ਸਮਾਰਕ ਸਟੇਡੀਅਮ ਦੇ ਗੇਟ ਬੰਦ ਹੋਣ ਦੇ ਬਾਵਜੂਦ ਉਨ੍ਹਾਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭਗਦੜ ਕਾਰਨ 18 ਸਾਲ ਤੋਂ ਵੱਧ ਉਮਰ ਦੇ ਸੱਤ ਪੁਰਸ਼ ਅਤੇ ਦੋ ਔਰਤਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਦੁਆਰਾ ਸਾਂਝੀ ਕੀਤੀ ਗਈ ਇੱਕ ਫੁਟੇਜ ਵਿੱਚ, ਫੁੱਟਬਾਲ ਪ੍ਰਸ਼ੰਸਕਾਂ ਨੂੰ ਸਟੇਡੀਅਮ ਦੇ ਪ੍ਰਵੇਸ਼ ਦੁਆਰ 'ਤੇ ਬੈਰੀਕੇਡਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਅਲ ਸਲਵਾਡੋਰ ਦੇ ਸਿਹਤ ਮੰਤਰੀ ਫਰਾਂਸਿਸਕੋ ਐਲਬੀ ਨੇ ਕਿਹਾ ਕਿ ਨੇੜੇ ਦੇ ਹਸਪਤਾਲਾਂ ਤੋਂ ਐਂਬੂਲੈਂਸ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਰਹੀਆਂ ਹਨ।