ਕੋਲੰਬੀਆ, 18 ਮਈ (ਪੋਸਟ ਬਿਊਰੋ): ਬੀਤੀ 1 ਮਈ ਨੂੰ ਕੋਲੰਬੀਆ ਦੇ ਐਮਾਜ਼ੋਨ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਉਦੋਂ ਤੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ। ਹੁਣ ਇਸ ਹਾਦਸੇ ਦੇ ਕਰੀਬ ਦੋ ਹਫ਼ਤਿਆਂ ਬਾਅਦ ਬੁੱਧਵਾਰ ਨੂੰ ਚਾਰ ਬੱਚੇ ਜ਼ਿੰਦਾ ਮਿਲੇ ਹਨ। ਇਹ ਜਾਣਕਾਰੀ ਖੁਦ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਦਿੱਤੀ ਹੈ।
ਪੈਟਰੋ ਨੇ ਕਿਹਾ ਕਿ ਫੌਜ ਨੇ ਮੁਸ਼ਕਲ ਤਲਾਸ਼ੀ ਮੁਹਿੰਮ ਚਲਾਈ ਅਤੇ ਅੱਜ ਉਨ੍ਹਾਂ ਨੂੰ ਜਿੱਤ ਮਿਲੀ ਹੈ। ਇਹ ਦੇਸ਼ ਲਈ ਖੁਸ਼ੀ ਦੀ ਗੱਲ ਹੈ। ਕੋਲੰਬੀਆ ਦੇ ਸੰਘਣੇ ਐਮਾਜ਼ਾਨ 'ਚ ਕਰੀਬ ਦੋ ਹਫਤੇ ਪਹਿਲਾਂ ਹੋਏ ਹਾਦਸੇ ਤੋਂ ਬਾਅਦ ਬੁੱਧਵਾਰ ਨੂੰ ਚਾਰ ਬੱਚੇ ਜ਼ਿੰਦਾ ਮਿਲੇ ਹਨ। ਇਨ੍ਹਾਂ ਵਿੱਚ ਇੱਕ 11 ਮਹੀਨੇ ਦਾ ਬੱਚਾ ਵੀ ਹੈ।
ਤੁਹਾਨੂੰ ਦੱਸ ਦਈਏ, ਅਧਿਕਾਰੀਆਂ ਨੇ ਸੁੰਘਣ ਵਾਲੇ ਕੁੱਤਿਆਂ ਨਾਲ ਸਰਚ ਅਭਿਆਨ ਵਿੱਚ 100 ਤੋਂ ਵੱਧ ਸੈਨਿਕਾਂ ਨੂੰ ਲਗਾਇਆ ਸੀ। ਇਹ 1 ਮਈ ਨੂੰ ਜਹਾਜ਼ ਹਾਦਸੇ ਤੋਂ ਬਾਅਦ ਲਾਪਤਾ ਹੋਏ ਬੱਚਿਆਂ ਦੀ ਭਾਲ ਵਿਚ ਲੱਗਾ ਹੋਇਆ ਸੀ। ਇਸ ਘਟਨਾ ਵਿੱਚ ਤਿੰਨ ਬਾਲਗ ਮਾਰੇ ਗਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਚੇ ਦੱਖਣੀ ਕਾਕੇਟਾ ਦੇ ਜੰਗਲ ਵਿੱਚ ਭਟਕ ਰਹੇ ਸਨ। ਇਨ੍ਹਾਂ ਬੱਚਿਆਂ ਦੀ ਉਮਰ 4, 9 ਅਤੇ 13 ਸਾਲ ਦੱਸੀ ਜਾ ਰਹੀ ਹੈ ਅਤੇ ਇੱਕ ਬੱਚਾ ਸਿਰਫ 11 ਮਹੀਨੇ ਦਾ ਹੈ। ਤਲਾਸ਼ੀ ਮੁਹਿੰਮ ਦੌਰਾਨ ਬੱਚੇ ਦੀ ਪੀਣ ਵਾਲੀ ਬੋਤਲ ਅਤੇ ਅੱਧਾ ਖਾਧਾ ਫਲ ਮਿਿਲਆ। ਇਸ ਤੋਂ ਬਾਅਦ ਤਲਾਸ਼ੀ ਤੇਜ਼ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਸੋਮਵਾਰ ਅਤੇ ਮੰਗਲਵਾਰ ਨੂੰ ਸੈਨਿਕਾਂ ਨੂੰ ਪਾਇਲਟ ਅਤੇ ਦੋ ਬਾਲਗਾਂ ਦੀਆਂ ਲਾਸ਼ਾਂ ਮਿਲੀਆਂ ਸਨ। ਮਰਨ ਵਾਲੇ ਯਾਤਰੀਆਂ ਵਿੱਚੋਂ ਇੱਕ ਮੁਕੁਤੁਈ ਚਾਰ ਬੱਚਿਆਂ ਦੀ ਮਾਂ ਸੀ।