ਲਾਹੌਰ, 14 ਮਾਰਚ (ਪੋਸਟ ਬਿਊਰੋ): ਪਾਕਿਸਤਾਨ 'ਚ ਅੱਤਵਾਦੀ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਹਮਲਾ ਜਨਗਣਨਾ ਲਈ ਪਹੁੰਚੀ ਟੀਮ 'ਤੇ ਹੋਇਆ, ਜਿਸ 'ਚ ਦੋ ਪੁਲਿਸ ਮੁਲਾਜ਼ਮ ਮਾਰੇ ਗਏ। ਹਮਲੇ 'ਚ 5 ਪੁਲਸ ਕਰਮਚਾਰੀ ਵੀ ਜ਼ਖਮੀ ਹੋਏ ਹਨ। ਅੱਤਵਾਦੀਆਂ ਨੇ ਦੋ ਵੱਖ-ਵੱਖ ਜ਼ਿਿਲਆਂ 'ਚ ਕੰਮ ਕਰ ਰਹੀ ਜਨਗਣਨਾ ਟੀਮ ਨੂੰ ਨਿਸ਼ਾਨਾ ਬਣਾਇਆ ਹੈ। ਹਮਲੇ ਦੀ ਮਾਰ ਹੇਠ ਆਈਆਂ ਟੀਮਾਂ ਖੈਬਰ ਪਖਤੂਨਖਵਾ ਦੇ ਟਾਂਕ ਅਤੇ ਲੱਕੀ ਮਰਵਾਤ ਜ਼ਿਿਲ੍ਹਆਂ ਵਿੱਚ ਜਨਗਣਨਾ ਕਰ ਰਹੀਆਂ ਸਨ।
ਪਹਿਲਾ ਹਮਲਾ ਟਾਂਕ ਜ਼ਿਲ੍ਹੇ ਦੇ ਕੋਟ ਆਜ਼ਮ ਵਿੱਚ ਹੋਇਆ। ਇੱਥੇ ਅੱਤਵਾਦੀਆਂ ਨੇ ਜਨਗਣਨਾ ਕਰਮਚਾਰੀਆਂ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਵੈਨ ਨੂੰ ਨਿਸ਼ਾਨਾ ਬਣਾਇਆ ਅਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਹਮਲੇ ਵਿੱਚ ਕਾਂਸਟੇਬਲ ਖਾਨ ਨਵਾਬ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਪੁਲਿਸ ਕਾਂਸਟੇਬਲ ਸ਼ਾਹ ਨਵਾਜ਼, ਅਸਲਮ ਖ਼ਾਨ, ਲੇਵੀ ਅਫ਼ਸਰ ਬਿਸਮਿੱਲਾ, ਫਰੰਟੀਅਰ ਕਾਂਸਟੇਬਲਰੀ ਅਫ਼ਸਰ ਅਬਦੁੱਲਾ ਅਤੇ ਡਰਾਈਵਰ ਈਦ ਜਾਨ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ । ਪੁਲਿਸ ਨੇ ਵੀ ਅੱਤਵਾਦੀਆਂ 'ਤੇ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਅੱਤਵਾਦੀ ਹਮਲੇ ਤੋਂ ਬਾਅਦ ਪੁਲਿਸ ਦੀ ਇੱਕ ਨਵੀਂ ਟੀਮ ਮੌਕੇ 'ਤੇ ਪਹੁੰਚੀ ਅਤੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ। ਟੀਮ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਟਾਂਕ ਸਥਿਤ ਜ਼ਿਲਾ ਹੈੱਡਕੁਆਰਟਰ ਹਸਪਤਾਲ ਪਹੁੰਚਾਇਆ, ਜਿੱਥੇ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ।
ਦੂਜਾ ਹਮਲਾ ਸਦਰ ਥਾਣੇ ਦੇ ਨੇੜੇ ਲੱਕੀ ਮਰਵਤ ਦੇ ਪਰਵਾਲਾ ਪਿੰਡ ਵਿੱਚ ਹੋਇਆ। ਇੱਥੇ ਦੋ ਅੱਤਵਾਦੀਆਂ ਨੇ ਜਨਗਣਨਾ ਡਿਊਟੀ 'ਤੇ ਤਾਇਨਾਤ ਕਾਂਸਟੇਬਲ ਦਿਲ ਜਾਨ ਨੂੰ ਨਿਸ਼ਾਨਾ ਬਣਾਇਆ ਅਤੇ ਤੇਜ਼ੀ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀ ਲੱਗਣ ਕਾਰਨ ਦਿਲ ਜਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਥੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਏ। ਹਮਲੇ ਤੋਂ ਕੁਝ ਦੇਰ ਬਾਅਦ ਹੀ ਪੁਲਿਸ ਨੇ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।