ਇਸਲਾਮਾਬਾਦ, 13 ਮਾਰਚ (ਪੋਸਟ ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਕ ਵਾਰ ਫਿਰ ਸੜਕਾਂ 'ਤੇ ਆ ਗਏ ਹਨ। ਉਨ੍ਹਾਂ ਨੇ ਸੋਮਵਾਰ ਨੂੰ ਆਪਣੇ ਹਜ਼ਾਰਾਂ ਸਮਰਥਕਾਂ ਨਾਲ ਮਾਰਚ ਕੱਢਿਆ। ਇਸ ਦੌਰਾਨ ਇਸਲਾਮਾਬਾਦ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਹੈਲੀਕਾਪਟਰ 'ਚ ਪਹੁੰਚੀ। ਪਰ ਇਸ ਦੌਰਾਨ ਇਮਰਾਨ ਖਾਨ ਚੋਣ ਰੈਲੀ ਲਈ ਸਮਰਥਕਾਂ ਦੀ ਭੀੜ ਨਾਲ ਸੜਕਾਂ 'ਤੇ ਨਿਕਲ ਗਏ।
ਇਸ ਦੌਰਾਨ 70 ਸਾਲਾ ਇਮਰਾਨ ਖਾਨ ਦੇ ਸਮਰਥਕਾਂ ਨੇ ਉਨ੍ਹਾਂ ਦੇ ਕਾਫਲੇ 'ਤੇ ਗੁਲਾਬ ਦੀ ਵਰਖਾ ਕੀਤੀ। ਉਨ੍ਹਾਂ ਦਾ ਕਾਫਲਾ ਦਾਤਾ ਦਰਬਾਰ ਵੱਲ ਵਧ ਗਿਆ।
ਜਿਵੇਂ ਹੀ ਇਸਲਾਮਾਬਾਦ ਪੁਲਸ ਇਕ ਵਿਸ਼ੇਸ਼ ਹੈਲੀਕਾਪਟਰ 'ਚ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਲਾਹੌਰ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੀ। ਇਮਰਾਨ ਨੇ ਆਪਣਾ ਘਰ ਛੱਡ ਦਿੱਤਾ। ਇੱਕ ਮਹਿਲਾ ਜੱਜ ਨੂੰ ਧਮਕੀਆਂ ਦੇਣ ਅਤੇ ਤੋਸ਼ਾਖਾਨਾ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਨਾ ਹੋਣ ਦੇ ਦੋਸ਼ ਵਿੱਚ ਉਨ੍ਹਾਂ ਖ਼ਿਲਾਫ਼ ਦੋ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਲਾਹੌਰ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਰੈਲੀ, ਇਸ ਦੇ ਰੂਟ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਚਰਚਾ ਕੀਤੀ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਸ਼ਰਤ ਵੀ ਰੱਖੀ ਸੀ ਕਿ ਪੀਟੀਆਈ ਪਾਰਟੀ ਦਾ ਕੋਈ ਵੀ ਆਗੂ ਨਿਆਂਪਾਲਿਕਾ ਜਾਂ ਕਿਸੇ ਹੋਰ ਸੰਸਥਾ ਖ਼ਿਲਾਫ਼ ਬਿਆਨਬਾਜ਼ੀ ਨਹੀਂ ਕਰੇਗਾ।
ਇਸ ਤੋਂ ਪਹਿਲਾਂ ਐਤਵਾਰ ਨੂੰ ਇਮਰਾਨ ਖਾਨ ਨੇ ਪ੍ਰਸ਼ਾਸਨ ਦੀ ਪਾਬੰਦੀ ਤੋਂ ਬਾਅਦ ਲਾਹੌਰ 'ਚ ਆਪਣੀ ਚੋਣ ਰੈਲੀ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਇਮਰਾਨ ਖਾਨ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਹ ਐਤਵਾਰ ਨੂੰ ਲਾਹੌਰ 'ਚ ਚੋਣ ਰੈਲੀ ਦੀ ਅਗਵਾਈ ਕਰਨਗੇ ਪਰ ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਸੂਬਾਈ ਰਾਜਧਾਨੀ 'ਚ ਧਾਰਾ 144 ਲਗਾ ਦਿੱਤੀ ਗਈ।
ਖਾਨ ਨੇ ਸਰਕਾਰ ਦੇ ਇਸ ਕਦਮ ਦਾ ਵਿਰੋਧ ਕੀਤਾ ਅਤੇ ਚੋਣ ਕਮਿਸ਼ਨ ਦਾ ਰੁਖ ਕਰਦੇ ਹੋਏ ਕਿਹਾ ਕਿ ਧਾਰਾ 144 ਲਗਾਉਣਾ ਕਈ ਤਰ੍ਹਾਂ ਨਾਲ ਗਲਤ ਹੈ। ਇਸ ਦੇ ਨਾਲ ਹੀ ਇਮਰਾਨ ਖਾਨ ਨੇ ਆਪਣੀ ਰੈਲੀ ਮੁਲਤਵੀ ਕਰ ਦਿੱਤੀ ਅਤੇ ਵਰਕਰਾਂ ਨੂੰ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਜਾਲ ਵਿੱਚ ਨਾ ਫਸਣ।