ਲੀਮਾ, 29 ਜਨਵਰੀ (ਪੋਸਟ ਬਿਊਰੋ)- ਉੱਤਰੀ-ਪੱਛਮੀ ਪੇਰੂ ’ਚ ਸ਼ਨੀਵਾਰ ਨੂੰ ਇਕ ਭਿਆਨਕ ਬੱਸ ਹਾਦਸੇ ’ਚ 24 ਲੋਕਾਂ ਦੀ ਮੌਤ ਹੋ ਗਈ। ਇੱਥੇ ਉੱਤਰੀ-ਪੱਛਮੀ ਪੇਰੂ ਵਿਚ 60 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਇੱਕ ਚੱਟਾਨ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।ਪੁਲਿਸ ਮੁਤਾਬਕ ਕੋਰਿਅੰਕਾ ਟੂਰ ਕੰਪਨੀ ਦੀ ਬੱਸ ਲੀਮਾ ਤੋਂ ਰਵਾਨਾ ਹੋ ਕੇ ਇਕਵਾਡੋਰ ਦੀ ਸਰਹੱਦ ‘ਤੇ ਤੁੰਬੇਸ ਜਾ ਰਹੀ ਸੀ ਤਾਂ ਨੇੜੇ ਸੜਕ ਤੋਂ ਤਿਲਕ ਗਈ। ਇਸ ਘਟਨਾ ਵਿੱਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਬੱਸ ਵਿੱਚ ਸਵਾਰ 24 ਲੋਕਾਂ ਦੀ ਮੌਤ ਹੋ ਗਈ। ਜਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮੌਕੇ ’ਤੇ ਮੌਜੂਦ ਪੁਲਿਸ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਹਾਦਸਾ “ਡੈਵਿਲਜ ਕਰਵ“ ਨੇੜੇ ਵਾਪਰਿਆ। ਇਹ ਥਾਂ ਦੁਰਘਟਨਾ ਵਾਲਾ ਖੇਤਰ ਹੈ। ਹਾਲਾਂਕਿ ਪੁਲਿਸ ਅਧਿਕਾਰੀ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਦੇ ਆਦੇਸ ਦੇ ਦਿੱਤੇ ਗਏ ਹਨ। ਅਸਲ ਕਾਰਨ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।
ਲੀਮਾ ਦੇ ਉੱਤਰ ਵਿੱਚ ਲਗਭਗ 1,000 ਕਿਲੋਮੀਟਰ (620 ਮੀਲ) ਦੂਰ, ਐਲ ਆਲਟੋ ਅਤੇ ਮਾਨਕੋਰਾ ਦੇ ਪ੍ਰਸਿੱਧ ਰਿਜੋਰਟਾਂ ਵਿਚ ਅਣਪਛਾਤੇ ਜਖਮੀ ਯਾਤਰੀਆਂ ਨੂੰ ਹਸਪਤਾਲਾਂ ਵਿੱਚ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਹਾਦਸੇ ’ਚ ਮਾਰੇ ਗਏ ਕੁਝ ਲੋਕ ਹੈਤੀ ਦੇ ਰਹਿਣ ਵਾਲੇ ਸਨ। ਪੇਰੂ ਵਿੱਚ ਹੈਤੀਆਈ ਪ੍ਰਵਾਸੀਆਂ ਦੀ ਗਿਣਤੀ ਵੱਧ ਰਹੀ ਹੈ, ਹਾਲਾਂਕਿ ਬੱਸ ਵਿੱਚ ਸਵਾਰ ਲੋਕਾਂ ਦੀ ਸਥਿਤੀ ਅਸਪੱਸ਼ਟ ਹੈ।