ਤਾਪਸੀ ਪਨੂੰ ਕੋਲ ਇਸ ਸਮੇਂ ਕੁਝ ਬਹੁਤ ਚੰਗੀਆਂ ਫਿਲਮਾਂ ਹਨ। ਇਨ੍ਹਾਂ ਵਿੱਚੋਂ ਇੱਕ ‘ਰਸ਼ਮੀ ਰਾਕੇਟ’ ਜਿਸ ਵਿੱਚ ਉਹ ਇੱਕ ਐਥਲੀਟ ਦਾ ਕਿਰਦਾਰ ਨਿਭਾਏਗੀ। ਪਿੱਛੇ ਜਿਹੇ ਇਸ ਫਿਲਮ ਦੀ ਫਸਟ ਲੁਕ ਰਿਲੀਜ਼ ਹੋਈ ਹੈ। ਪਿਛਲੀਆਂ ਕੁਝ ਫਿਲਮਾਂ ਤੋਂ ਬਾਅਦ ਸਾਰਿਆਂ ਦੀ ਫੇਵਰਟ ਬਣ ਚੁੱਕੀ ਤਾਪਸੀ ਇਸ ਫਿਲਮ ਲਈ ਖੂਬ ਉਤਸ਼ਾਹਤ ਹੈ। ਖਾਸ ਗੱਲ ਇਹ ਹੈ ਕਿ ਉਸ ਨੇ ਇੱਕ ਤਰ੍ਹਾਂ ਦੀਆਂ ਫਿਲਮਾਂ ਨਾਲ ਟਾਈਪ ਕਾਸਟ ਹੋਣ ਦੀ ਬਜਾਏ ਵੱਖ ਵੱਖ ਤਰ੍ਹਾਂ ਦੀਆਂ ਫਿਲਮਾਂ ਚੁਣੀਆਂ। ਉਸ ਨੂੰ ਆਪਣੇ ਕਿਰਦਾਰ ਨਾਲ ਪ੍ਰਯੋਗ ਕਰਨਾ ਵੀ ਬਹੁਤ ਪਸੰਦ ਹੈ। ਉਸ ਦੀਆਂ ਪਿਛਲੀਆਂ ਫਿਲਮਾਂ ‘ਬਦਲਾ', ‘ਮਨਮਰਜ਼ੀਆਂ’, ‘ਗੇਮ ਪਲਾਨ’ ਵਿੱਚ ਉਸ ਨੇ ਇਕਦਮ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾਏ ਸਨ।
ਅੱਗੋਂ ਤਾਪਸੀ ਐਥਲੀਟ ਦਾ ਕਿਰਦਾਰ ਨਿਭਾਉਣ ਵਾਲੀ ਹੈ। ‘ਰਸ਼ਮੀ ਰਾਕੇਟ’ ਦੀ ਪਹਿਲੀ ਝਲਕ ਵਿੱਚ ਤਾਪਸੀ ਵੱਖਰੇ ਰੂਪ ਵਿੱਚ ਨਜ਼ਰ ਆ ਰਹੀ ਹੈ। ਉਹ ਪਿੰਡ ਤੋਂ ਬਾਅਦ ਰੇਸਿੰਗ ਟਰੈਕ 'ਤੇ ਭੱਜਦੀ ਦਿਸਦੀ ਹੈ। ਫੋਟੋ ਵਿੱਚ ਤਾਪਸੀ ਦੇ ਗਲੇ 'ਤੇ ਟੈਟੂ ਬਣੇ ਹਨ। ਉਸ ਦੀ ਲੁਕ ਨੂੰ ਇੱਕ ਕਾਲੇ ਚੋਕਰ, ਕੋਕੇ ਅਤੇ ਸਟੱਡ ਨਾਲ ਨਿਖਾਰਿਆ ਗਿਆ ਹੈ। ਫਸਟ ਲੁਕ ਨਾਲ ਟਵਿੱਟਰ 'ਤੇ ਲਿਖਿਆ ਸੀ, ‘‘ਉਸ ਦੀ ਸਾਦਗੀ ਹੀ ਉਸ ਦੀ ਸਭ ਤੋਂ ਵੱਡੀ ਤਾਕਤ ਹੈ। ਰਸ਼ਮੀ ਆਪਣੀ ਜਰਨੀ ਸ਼ੇਅਰ ਕਰਨ ਲਈ ਆ ਰਹੀ ਹੈ। ਉਸ ਨੇ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਰਵਾਇਤੀ ਬੇੜੀਆਂ ਨੂੰ ਤੋੜ ਦਿੱਤਾ।”
ਕਿਹਾ ਜਾ ਰਿਹਾ ਹੈ ਕਿ ‘ਰਸ਼ਮੀ ਰਾਕੇਟ' ਗੁਜਰਾਤ ਦੇ ਕੱਛ ਦੀ ਤੇਜ਼ ਦੌੜਾਕ ਰਸ਼ਮੀ 'ਤੇ ਆਧਾਰਤ ਹੈ। ਫਿਲਮ ਬਾਰੇ ਤਾਪਸੀ ਨੇ ਕਿਹਾ, ‘‘ਜਦੋਂ ਮੈਂ ਇਹ ਆਇਡੀਆ ਸੁਣਿਆ ਤਾਂ ਇਸ ਦੀ ਕਹਾਣੀ ਮੈਨੂੰ ਤੁਰੰਤ ਪਸੰਦ ਆ ਗਈ। ਇਹ ਉਨ੍ਹਾਂ ਚੰਦ ਫਿਲਮਾਂ 'ਚੋਂ ਇੱਕ ਹੈ, ਜਿਸ ਦੀ ਸਕ੍ਰਿਪਟ ਬਣਨ ਦੀ ਮੈਨੂੰ ਉਡੀਕ ਸੀ। ਇਹ ਕਾਫੀ ਫਨੀ ਹੈ ਕਿ ਮੈਨੂੰ ਹਰ ਦੂਜੀ ਸ਼ੈਲੀ ਦੀ ਫਿਲਮ ਵਿੱਚ ਭਜਾਇਆ ਜਾਂਦਾ ਹੈ, ਪਰ ਇਸ ਵਾਰ ਐਥਲੀਟ ਦੀ ਕਹਾਣੀ ਹੈ। ਮੈਨੂੰ ਉਸ ਦੀ ਜ਼ਿੰਦਗੀ ਵਿੱਚ ਹੋਣ ਵਾਲੇ ਹਿਊਮਨ ਡਰਾਮਾ ਨੇ ਸਭ ਤੋਂ ਵੱਧ ਉਤਸ਼ਾਹਤ ਕੀਤਾ, ਜੋ ਇਸ ਨੂੰ ਇੱਕ ਐਥਲੀਟ ਦੀ ਆਮ ਜਿਹੀ ਕਹਾਣੀ ਤੋਂ ਵੱਖਰੀ ਬਣਾਉਂਦਾ ਹੈ।”