Welcome to Canadian Punjabi Post
Follow us on

15

October 2019
ਨਜਰਰੀਆ

ਪੌਣੇ ਤਿੰਨ ਕਿੱਲਿਆਂ ਵਾਲੀ ਬੇਬੇ

September 20, 2019 10:20 AM

-ਬਲਰਾਜ ਸਿੰਘ ਸਰਾਂ
ਜਦੋਂ ਵੀ ਪਿੰਡ ਵਿੱਚ ਕੋਈ ਚੰਗੀ ਮਾੜੀ ਘਟਨਾ ਹੁੰਦੀ ਜਾਂ ਕਿਸੇ ਉਗਰਾਹੀ ਦੀ ਲੋੜ ਪੈਂਦੀ ਤਾਂ ਬੇਬੇ ਹਮੇਸ਼ਾ ਆਪਣੇ ਪੁੱਤਾਂ ਤੋਂ ਇਲਾਵਾ ਆਪਣਾ ਹਿੱਸਾ ਅਲੱਗ ਪਾਉਂਦੀ ਅਤੇ ਆਖਦੀ, ‘ਪੂਰੇ ਪੌਣੇ ਤਿੰਨ ਕਿੱਲਿਆਂ ਦੀ ਮਾਲਕਣ ਹਾਂ, ਥੋਡੇ ਬਾਪੂ ਨੇ ਜਦੋਂ ਆਪ ਮੈਨੂੰ ਤੀਜੇ ਹਿੱਸੇ ਦੀ ਮਾਲਕਣ ਬਣਾਇਆ ਏ ਤਾਂ ਮੈਂ ਕਿਉਂ ਪਿੱਛੇ ਹਟਾਂ?' ਬੇਬੇ ਪਿੰਡ ਦੇ ਹਰ ਗਰੀਬ ਅਮੀਰ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੀ। ਜਦੋਂ ਕਿਸੇ ਗਰੀਬ ਦੀ ਧੀ ਦਾ ਵਿਆਹ ਜਾਂ ਕਿਸੇ ਦਾ ਇਲਾਜ ਕਰਾਉਣਾ ਹੁੰਦਾ ਜਾਂ ਕਿਸਾਨ ਯੂਨੀਅਨ ਨੂੰ ਫੰਡ ਦੇਣਾ ਹੁੰਦਾ ਤਾਂ ਬੇਬੇ ਦਿਲ ਖੋਲ੍ਹ ਕੇ ਮਦਦ ਕਰਦੀ। ਉਸ ਨੂੰ ਇਹੀ ਹੌਸਲਾ ਬਹੁਤ ਸੀ ਕਿ ਉਸ ਦੇ ਸਿਰ ਦਾ ਸਾਈ ਵਿਛੜਨ ਤੋਂ ਪਹਿਲਾਂ ਉਸ ਨੂੰ ਪੌਣੇ ਤਿੰਨ ਕਿੱਲਿਆਂ ਦੀ ਮਾਲਕਣ ਬਣਾ ਕੇ ਗਿਆ ਸੀ।
ਫਿਰ ਇਕ ਦਿਨ ਹੋਇਆ ਇਹ ਕਿ ਅਧਰੰਗ ਦਾ ਦੌਰਾ ਪੈਣ ਉਤੇ ਦੋਵਾਂ ਪੁੱਤਾਂ ਨੇ ਉਸ ਨੂੰ ਪਤਿਆ ਕੇ ਅੱਧੀ-ਅੱਧੀ ਜ਼ਮੀਨ ਆਪਣੇ ਨਾਂ ਕਰਵਾ ਲਈ, ਇਸ ਵਾਅਦੇ ਨਾਲ ਕਿ ਇਕ ਪੁੱਤ ਰੋਟੀ ਦਿਆ ਕਰੇਗਾ ਅਤੇ ਦੂਜਾ ਇਲਾਜ ਦਾ ਖਰਚਾ ਝੱਲੇਗਾ। ਜਦੋਂ ਥੋੜ੍ਹਾ ਜਿਹਾ ਠੀਕ ਹੋਣ ਤੇ ਬੇਬੇ ਨੂੰ ਪਤਾ ਲੱਗਿਆ ਕਿ ਜਿਹੜੀ ਜ਼ਮੀਨ ਦੇ ਸਿਰ ਉਤੇ ਉਹ ਬੜ੍ਹਕਾਂ ਮਾਰਦੀ ਸੀ ਤੇ ਕਿਸੇ ਦੀ ਟੈਂ ਨਹੀਂ ਮੰਨਦੀ, ਉਹ ਤਾਂ ਪੁੱਤਾਂ ਨੇ ਕਬਜ਼ੇ ਕਰ ਲਈ ਹੈ, ਬੇਬੇ ਨੂੰ ਇੰਨਾ ਨਿਢਾਲ ਬਿਮਾਰੀ ਨੇ ਨਹੀਂ ਸੀ ਕੀਤਾ, ਜਿੰਨਾ ਜ਼ਮੀਨ ਖੁੱਸਣ ਦੇ ਝੋਰੇ ਨੇ ਕਰ ਦਿੱਤਾ, ਪਰ ਉਹ ਕਰ ਕੀ ਸਕਦੀ ਸੀ, ਪੁੱਤਾਂ ਕੋਲ ਜੋ ਰਹਿਣਾ ਸੀ। ਜਦੋਂ ਵੀ ਕੋਈ ਲੋੜਵੰਦ ਜਾਂ ਉਗਰਾਹੀ ਵਾਲਾ ਆਉਂਦਾ ਤਾਂ ਬੇਬੇ ਦੱਬੇ ਪੈਰੀਂ ਅੰਦਰ ਵੜ ਕੇ ਪਾਠ ਕਰਨ ਦਾ ਬਹਾਨਾ ਕਰਨ ਲੱਗ ਪੈਂਦੀ। ਜ਼ਮੀਨ ਖੁੱਸਣ ਦੀ ਚੀਸ ਕਾਲਜੇ ਧੂਹ ਪਾਉਂਦੀ, ਪਰ ‘ਪੁੱਤਾਂ ਕੋਲ ਹੀ ਗਈ ਹੈ' ਸੋਚ ਕੇ ਧਰਵਾਸਾ ਕਰ ਲੈਂਦੀ।
ਇਕ ਦਿਨ ਜਦੋਂ ਬੇਬੇ ਦੀ ਦਵਾਈ ਮੁੱਕ ਗਈ ਤਾਂ ਵੱਡੇ ਪੁੱਤ, ਜਿਸ ਨਾਲ ਬੇਬੇ ਰਹਿੰਦੀ ਸੀ, ਨੂੰ ਉਸ ਨੇ ਸ਼ਹਿਰੋਂ ਦਵਾਈ ਦਿਵਾ ਕੇ ਲਿਆਉਣ ਲਈ ਕਿਹਾ ਤਾਂ ਉਹ ਝੱਟ ਬੋਲ ਪਿਆ, ‘ਮੈਂ ਤੇਰੀ ਦਵਾਈ ਦਾ ਠੇਕਾ ਲਿਐ, ਮੈਂ ‘ਕੱਲੀ ਰੋਟੀ ਦੇਣੀ ਆ, ਖਾਣੀ ਐ ਤਾਂ ਬੈਠੀ ਰਹਿ ਚੁੱਪ ਕਰਕੇ।' ਉਹ ਡਿੱਗਦੀ ਢਹਿੰਦੀ ਛੋਟੇ ਕੋਲ ਗਈ ਤਾਂ ਉਹ ਵੀ ਚਾਰੇ ਪੌੜ ਚੁੱਕ ਕੇ ਪੈ ਗਿਆ, ‘ਅਜੇ ਪੰਦਰਾਂ ਦਿਨ ਹੋਏ ਨੀ ਦਵਾਈ ਲਿਆਂਦੀ ਨੂੰ, ਮੈਂ ਕਿੱਥੋਂ ਤੈਨੂੰ ਰੋਜ਼ ਸ਼ਹਿਰ ਚੁੱਕੀ ਫਿਰਾਂ।' ਕਰਦੇ ਕਰਾਉਂਦੇ ਦੋਵੇਂ ਭਰਾ ਬੇਬੇ ਨੂੰ ਘਰ ਰੱਖਣ ਤੋਂ ਵੀ ਔਖੇ ਹੋ ਗਏ। ਵੱਡਾ ਕਹਿੰਦਾ, ‘ਬੁੜ੍ਹੀ ਟੋਕਾ ਟਕਾਈ ਬਹੁਤ ਕਰਦੀ ਐ, ਸਾਰਾ ਦਿਨ ਭਕਾਈ ਮਾਰਦੀ ਰਹਿੰਦੀ ਐ, ਸਾਡੇ ਕੋਲੋਂ ਨਹੀਂ ਹੋਰ ਝੱਲੀ ਜਾਂਦੀ। ਤੂੰ ਲੈ ਜਾ ਇਹਨੂੰ ਆਪਣੇ ਘਰ।' ਅੱਗਿਓਂ ਛੋਟਾ ਕਿਹੜਾ ਘੱਟ ਸੀ, ਕਹਿੰਦਾ, ‘ਅਸੀਂ ਨਹੀਂ ਇਹਦਾ ਗੰਦ ਸਾਫ ਕਰ ਸਕਦੇ, ਇਹ ਸਾਰਾ ਦਿਨ ਖੰਘਦੀ ਅਤੇ ਥੁੱਕਦੀ ਰਹਿੰਦੀ ਐ।' ਇੰਨਾ ਸੁਣ ਕੇ ਕਿਸੇ ਦੀ ਕਨੌੜ ਨਾ ਝੱਲਣ ਵਾਲੀ ਬੇਬੇ ਦਾ ਦਿਲ ਧਰਤੀ ਵਿੱਚ ਗਰਕਣ ਨੂੰ ਕੀਤਾ, ਪਰ ਥੋੜ੍ਹਾ ਜੇਰਾ ਕਰਕੇ ਬੋਲੀ, ‘ਵੇ ਪੁੱਤ ਤੁਸੀਂ ਮੇਰੀ ਆਂਦਰ ਦੇ ਟੁਕੜੇ ਹੋ, ਥੋਨੂੰ ਕਾਹਨੂੰ ਤੰਗ ਕਰਨਾ। ਮੈਂ ਦਿਨ ਕਟੀ ਕਰਨ ਦਾ ਕੋਈ ਟਿਕਾਣਾ ਲੱਭ ਲਊ।' ਇੰਨਾ ਸੁਣ ਕੇ ਦੋਨੋਂ ਪੁੱਤ ਸਣੇ ਨੂੰਹਾਂ ਤੇ ਪੋਤਰੇ, ਇਕੋ ਸਾਹ ਬੋਲੇ, ‘ਜਿੱਥੇ ਮਰਜ਼ੀ ਦਫਾ ਹੋ, ਮਗਰੋਂ ਲਹਿ।'
ਰਾਤ ਨੂੰ ਨਾ ਕਿਸੇ ਨੇ ਬੇਬੇ ਨੂੰ ਰੋਟੀ ਟੁੱਕ ਖਵਾਇਆ, ਨਾ ਬੇਬੇ ਨੇ ਮੰਗਿਆ। ਸਾਰੀ ਰਾਤ ਸੋਚਦੀ ਅਤੇ ਡੁਸਕਦੀ ਨੇ ਕੱਢ ਦਿੱਤੀ ਕਿ ਉਹਦੇ ਸਿਰ ਦਾ ਸਾਈਂ ਕਿੰਨਾ ਸਿਆਣਾ ਸੀ ਕਿ ਉਹਦੇ ਨਾਂ ਪੌਣੇ ਤਿੰਨ ਕਿੱਲੇ ਕਰਵਾ ਗਿਆ। ਮੇਰੀ ਸਾਰੀ ਉਮਰ ਦੀ ਰੋਟੀ ਦਾ ਪੱਕਾ ਪ੍ਰਬੰਧ ਕਰਕੇ ਗਿਆ ਸੀ ਮਰ ਜਾਣਾ! ਫਿਰ ਅੱਕ ਦੇ ਵੇਲੇ ਸੋਚਿਆ ਕਿ ਸੁੱਖਾਂ ਸੁੱਖ ਸੁੱਖ ਕੇ, ਮੰਗ ਕੇ ਲਏ ਅਤੇ ਹਮੇਸ਼ਾ ਤੱਤੀ 'ਵਾਅ ਤੋਂ ਬਚਾ ਕੇ ਪਾਲੇ ਪੁੱਤਾਂ ਨੇ ਜ਼ਮੀਨ ਖੋਹ ਕੇ ਅਤੇ ਰੋਟੀ ਟੁੱਕ ਤੋਂ ਠੋਕਰ ਮਾਰ ਕੇ ਕੁੱਖ ਨੂੰ ਹੀ ਦਾਗ ਲਾ ਦਿੱਤਾ ਹੈ। ਫਿਰ ਉਸ ਨੇ ਸੋਚਿਆ ਕਿ ਦੋ ਧੀਆਂ ਹੀ ਹੋਰ ਹੋ ਜਾਂਦੀਆਂ ਤਾਂ ਕਿੰਨਾ ਚੰਗਾ ਸੀ!
ਇਸ ਘਰ ਵਿੱਚ ਵਿਆਹ ਕੇ ਆਉਣ ਤੋਂ ਲੈ ਕੇ ਅੱਜ ਤੱਕ ਦੀਆਂ ਸਾਰੀਆਂ ਤੰਗੀਆਂ ਤੁਰਸ਼ੀਆਂ, ਚੰਗੀਆਂ ਮਾੜੀਆਂ ਘਟਨਾਵਾਂ ਬੇਬੇ ਦੇ ਮਨ ਵਿੱਚ ਰੀਲ ਵਾਂਗੂ ਘੁੰਮ ਗਈਆਂ। ਉਹ ਬਾਪੂ ਦੀ ਫੋਟੋ ਹਿੱਕ 'ਤੇ ਰੱਖ ਕੇ ਰੱਜ ਕੇ ਰੋਈ ਅਤੇ ਫਿਰ ਫੈਸਲਾ ਕਰ ਲਿਆ ਕਿ ਇਸ ਵਾਰ ਉਹ ਆਪਣੀ ਧੀ ਕੋਲ ਵੀ ਨਹੀਂ ਜਾਵੇਗੀ, ਸ਼ਹਿਰ ਵਿੱਚ ਬਿਰਧ ਆਸ਼ਰਮ ਵਿੱਚ ਬਾਕੀ ਜ਼ਿੰਦਗੀ ਕੱਟੇਗੀ। ਇਕ ਵਿਚਾਰ ਉਸ ਦੇ ਮਨ ਵਿੱਚ ਆਇਆ ਕਿ ਕਿਸੇ ਨਹਿਰ, ਸੂਏ ਵਿੱਚ ਛਾਲ ਮਾਰ ਕੇ ਇਨ੍ਹਾਂ ਦੁੱਖਾਂ ਦਾ ਸਿਆਪਾ ਵੱਢ ਦੇਵੇ ਪਰ ਪੁੱਤਾਂ ਨੂੰ ਹੋਣ ਵਾਲੀ ਸਮਾਜਿਕ ਨਮੋਸ਼ੀ ਤੇ ਆਪਣੀ ਧਾਰਮਿਕ ਬਿਰਤੀ ਨੇ ਉਸ ਦੇ ਪੈਰ ਰੋਕ ਲਏ। ਬੋਦੇ ਝੋਲੇ ਵਿੱਚ ਕੁਝ ਲੀੜੇ ਕੱਪੜੇ, ਦਵਾਈ ਦੀਆਂ ਖਾਲੀ ਸ਼ੀਸ਼ੀਆਂ, ਆਪਣੇ ਘਰ ਵਾਲੇ, ਧੀ ਤੇ ਜੁਆਨੀ ਵਿੱਚ ਮਰ ਚੁੱਕੇ ਇਕ ਪੁੱਤ ਦੀਆਂ ਤਸਵੀਰਾਂ ਅਤੇ ਮਾਲਾ ਪਾ ਕੇ ਮੂੰਹ ਹਨੇਰੇ ਬੇਬੇ ਦੱਬੀ ਪੈਰੀਂ ਘਰੋਂ ਨਿਕਲ ਸ਼ਹਿਰ ਪਹੁੰਚ ਗਈ ਤੇ ਬਿਰਧ ਆਸ਼ਰਮ ਦੇ ਗੇਟ 'ਤੇ ਜਾ ਹਾਜ਼ਰ ਹੋਈ।
ਆਸ਼ਰਮ ਦੇ ਮੈਨੇਜਰ ਨੇ ਬਿਠਾ ਕੇ ਘਰ ਪਰਵਾਰ ਬਾਰੇ ਪੁੱਛਿਆ ਤਾਂ ਬੇਬੇ ਨੇ ਪੁੱਤਾਂ ਦੀ ਇੱਜ਼ਤ ਦੀ ਲਾਜ ਰੱਖਦੇ ਹੋਏ ਕਾਲਜੇ ਪੱਥਰ ਧਰ ਕੇ ਕਿਹਾ, ‘ਵੇ ਪੁੱਤ ਮੇਰਾ ਨਿਭਾਗਣੀ ਦਾ ਇਸ ਜਹਾਨ ਵਿੱਚ ਕੋਈ ਨਹੀਂ, ਤਦੇ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹਾਂ।' ਥੋੜ੍ਹਾ ਅਫਸੋਸ ਪ੍ਰਗਟ ਕਰਕੇ ਮੈਨੇਜਰ ਨੇ ਫਿਰ ਪੁੱਛਿਆ, ‘ਬੇਬੇ ਕੋਈ ਘਰ ਬਾਰ, ਜਾਇਦਾਦ?' = ਬੇਬੇ ਦੇ ਕਾਲਜੇ ਵਿੱਚੋਂ ਬੜੀ ਤਿੱਖੀ ਪੀੜ ਉਠੀ ਤੇ ਉਹ ਖੜੀ ਹੋ ਕੇ ਬੋਲੀ, ‘ਵੇ ਮੈਂ ਪੂਰੇ ਪੌਣੇ ਤਿੰਨ ਕਿੱਲਿਆਂ ਦੀ ਮਾਲਕਣ ਆਂ।' ਇੰਨਾ ਕਹਿੰਦਿਆਂ ਬੇਬੇ ਦਾ ਗੱਚ ਭਰ ਆਇਆ ਅਤੇ ਉਹ ਅਗਲੇ ਪਲ ਥਾਏਂ ਢੇਰੀ ਹੋ ਗਈ।

Have something to say? Post your comment