Welcome to Canadian Punjabi Post
Follow us on

10

July 2025
ਬ੍ਰੈਕਿੰਗ ਖ਼ਬਰਾਂ :
ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੋਰੀ `ਚ ਪਾ ਕੇ ਡਿਵਾਈਡਰ `ਤੇ ਸੁੱਟੀ ਲੜਕੀ ਦੀ ਲਾਸ਼ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ
 
ਨਜਰਰੀਆ

ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ

June 16, 2025 12:57 AM

-ਜਤਿੰਦਰ ਪਨੂੰ
ਅਹਿਮਦਾਬਾਦ ਤੋਂ ਉਡਾਰੀ ਭਰਕੇ ਲੰਡਨ-ਗੈਟਵਿਕ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਦਾ ਕੁਝ ਕੁ ਮਿੰਟਾਂ ਪਿੱਛੋਂ ਡਿੱਗ ਪੈਣਾ ਭਾਰਤੀ ਲੋਕਾਂ ਨੂੰ ਹਿਲਾ ਦੇਣ ਦੇਣ ਵਾਲਾ ਹਾਦਸਾ ਸੀ। ਇਸ ਹਾਦਸੇ ਦਾ ਝਟਕਾ ਪੂਰੀ ਦੁਨੀਆ ਦੇ ਲੋਕਾਂ ਨੇ ਮਹਿਸੂਸ ਕੀਤਾ ਹੋਵੇਗਾ, ਪਰ ਭਾਰਤ ਲਈ ਇਹ ਕਈ ਪੱਖਾਂ ਤੋਂ ਮਾਰੂ ਸੱਟ ਸੀ। ਪਹਿਲੀ ਗੱਲ ਇਹ ਕਿ ਡਿੱਗਣ ਵਾਲਾ ਜਹਾਜ਼ ਭਾਰਤ ਦਾ ਸੀ ਅਤੇ ਉਸ ਕੰਪਨੀ ਦਾ ਸੀ, ਜਿਹੜੀ ਕਈ ਦਹਾਕਿਆਂ ਤੱਕ ਭਾਰਤ ਸਰਕਾਰ ਦੀ ਮਾਲਕੀ ਰਹਿਣ ਦੇ ਬਾਅਦ ਜਦੋਂ ਡੁੱਬਣ ਵਾਲੇ ਹਾਲਾਤ ਨੂੰ ਪੁੱਜ ਗਈਤਾਂ ਓਦੋਂ ਇਹ ਇੱਕ ਨਿੱਜੀ ਕੰਪਨੀ ‘ਟਾਟਾ ਗਰੁੱਪ’ ਨੂੰ ਵੇਚਣ ਦੇ ਨਾਲ ਸਰਕਾਰ ਨੇ ਇੱਕ ਤਰ੍ਹਾਂ ਖਹਿੜਾ ਛੁਡਾਇਆ ਸੀ। ਉਸ ਵਕਤ ਦੇ ਟਾਟਾ ਗਰੁੱਪ ਦੇ ਮੁਖੀ ਰਤਨ ਟਾਟਾ ਲਈ ਪਰਵਾਰ ਦੀ ਵਿਰਾਸਤ ਦਾ ਸਵਾਲ ਬਣ ਗਿਆ ਸੀ, ਕਿਉਂਕਿ ਇਹ ਕੰਪਨੀ ਪਿਛਲੀ ਸਦੀ ਦੇ ਚੌਥੇ ਦਹਾਕੇ ਵਿੱਚ ਸ਼ੁਰੂ ਵੀ ਏਸੇ ਟਾਟਾ ਪਰਵਾਰ ਨੇ ਕੀਤੀ ਸੀ ਅਤੇ ਜਦੋਂ ਭਾਰਤ ਸਰਕਾਰ ਨੇ ਆਪਣੇ ਹੱਥਾਂ ਵਿੱਚ ਲੈਣੀ ਚਾਹੀ ਤਾਂ ਦੇ ਦਿੱਤੀ ਸੀ। ਬਹੁਤ ਵਧੀਆ ਚੱਲਦੀ ਕੰਪਨੀ ਦਾ ਭੱਠਾ ਵੱਖ-ਵੱਖ ਸਮੇਂ ਆਈਆ ਭਾਰਤ ਦੀਆਂ ਸਰਕਾਰਾਂ ਨੇ ਬਿਠਾਇਆ ਸੀ। ਇਹ ਚਰਚਾ ਕਈ ਵਾਰ ਹੁੰਦੀ ਰਹੀ ਸੀ ਕਿ ਸਰਕਾਰਾਂ ਇਸ ਕੰਪਨੀ ਦੇ ਜਹਾਜ਼ ਵੀ ਵਰਤਦੀਆਂ ਸਨ, ਸੀਟਾਂ ਵੀ ਮੰਤਰੀਆਂ, ਅਫਸਰਾਂ ਤੇ ਸਰਕਾਰੀ ਕੰਮਾਂ ਲਈ ਆਉਣ-ਜਾਣ ਵਾਲੇ ਲੋਕਾਂ ਲਈ ਚੋਖਾ ਵਰਤਦੀਆਂ ਸਨ, ਪਰ ਮਗਰੋਂ ਪੈਸੇ ਦੇਣ ਵਿੱਚ ਉਹ ਕਦੇ ਵੀ ਵਾਅਦੇ ਉੱਤੇ ਪੂਰੀਆਂ ਨਹੀਂ ਸੀ ਉੱਤਰੀਆਂ। ਪਾਰਲੀਮੈਂਟ ਵਿੱਚ ਇਸ ਸਰਕਾਰੀ ਹਵਾਈ ਕੰਪਨੀ ਬਾਰੇ ਬਹਿਸ ਬਹੁਤ ਵਾਰੀ ਹੋਈ ਸੀ, ਪਰ ਇਸ ਦੀ ਹਾਲਤ ਸੁਧਾਰਨ ਦਾ ਕੋਈ ਫੈਸਲਾ ਲੈਣ ਦੀ ਥਾਂ ਪਾਰਲੀਮੈਂਟ ਮੈਂਬਰਾਂ ਨੂੰ ਇਸ ਕੰਪਨੀ ਦੇ ਜਹਾਜ਼ਾਂ ਦਾ ਸਫਰ ਕਰਨ ਦੇ ਵਕਤ ਹੋਰ ਵੱਧ ਸਨਮਾਨਤ ਢੰਗ ਨਾਲ ਪੇਸ਼ ਹੋਣ ਦੀਆਂ ਹਦਾਇਤਾਂ ਤੱਕ ਗੱਲ ਰੁਕ ਜਾਂਦੀ ਸੀ।
ਇਸ ਸਰਕਾਰੀ ਕੰਪਨੀ ਅਤੇ ਇਸ ਨਾਲ ਜੁੜੇ ਲੋਕਾਂ ਨਾਲ ਜਿੱਦਾਂ ਦਾ ਦੁਰ-ਵਿਹਾਰ ਹੁੰਦਾ ਰਿਹਾ ਸੀ, ਉਹ ਆਪਣੇ ਆਪ ਵਿੱਚ ਇੱਕ ਭੱਦਾ ਰਿਕਾਰਡ ਹੈ। ਮਨਮੋਹਨ ਸਿੰਘ ਦੀ ਸਰਕਾਰ ਦੇ ਵਕਤ ਇੱਕ ਵਾਰੀ ਜਦੋਂ ਆਈ ਪੀ ਐੱਲ ਕ੍ਰਿਕਟ ਚੱਲ ਰਿਹਾ ਸੀ ਤਾਂ ਦਿੱਲੀ ਤੋਂ ਮੁੰਬਈ ਲਈ ਉੱਡਿਆ ਜਹਾਜ਼ ਅਚਾਨਕ ਰਾਹ ਵਿੱਚੋਂ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ ਤੇ ਓਥੋਂ ਇੱਕ ਕ੍ਰਿਕਟ ਟੀਮ ਚੜ੍ਹਾ ਕੇ ਉਸ ਨੂੰ ਕੋਲਕਾਤਾ ਪੁਚਾਉਣ ਦੇ ਬਾਅਦ ਮੁੰਬਈ ਵੱਲ ਮੋੜਿਆ ਗਿਆ। ਨਤੀਜਾ ਇਹ ਨਿਕਲਿਆ ਕਿ ਜਿਹੜੇ ਮੁਸਾਫਰਾਂ ਨੇ ਢਾਈ ਘੰਟੇ ਬਾਅਦ ਮੁੰਬਈ ਪੁੱਜ ਜਾਣਾ ਸੀ, ਉਹ ਕਰੀਬ ਗਿਆਰਾਂ ਘੰਟੇ ਜਹਾਜ਼ ਜਾਂ ਏਅਰਪੋਰਟਾਂ ਉੱਤੇ ਬਿਠਾ ਕੇ ਖੱਜਲ ਕੀਤੇ ਜਾਂਦੇ ਰਹੇ ਸਨ। ਕਾਰਨ ਇਹ ਸੀ ਕਿ ਉਸ ਵੇਲੇ ਦੇ ਹਵਾਈ ਜਹਾਜ਼ ਮੰਤਰਾਲੇ ਦਾ ਮੰਤਰੀ ਕਾਂਗਰਸ ਦੀ ਭਾਈਵਾਲ ਪਾਰਟੀ ਦਾ ਸੀ ਤੇ ਉਸ ਦੀ ਧੀ ਇੱਕ ਆਈ ਪੀ ਐੱਲ ਵਾਲੀ ਕ੍ਰਿਕਟ ਟੀਮ ਦੀ ਲੋਕ ਸੰਪਰਕ ਅਫਸਰ ਸੀ। ਉਨ੍ਹਾਂ ਨੇ ਆਪਣੀ ਟੀਮ ਵਾਸਤੇ ਜਿਸ ਜਹਾਜ਼ ਦੀ ਬੁੱਕਿੰਗ ਕਰਾਉਣੀ ਸੀ, ਉਸ ਦਾ ਸ਼ਾਇਦ ਚੇਤਾ ਨਹੀਂ ਸੀ ਰਿਹਾ ਅਤੇ ਅਚਾਨਕ ਜਦੋਂ ਚੰਡੀਗੜ੍ਹ ਬੈਠੀ ਟੀਮ ਕੋਲਕਾਤਾ ਪੁਚਾਉਣ ਦੀ ਮੁਸ਼ਕਲ ਬਣ ਗਈ ਤਾਂ ਉਸ ਵਕਤ ਧੀ ਨੇ ਮੰਤਰੀ ਬਾਪ ਨੂੰ ਕਿਹਾ ਤੇ ਬਾਪ ਦੇ ਕਹਿਣ ਉੱਤੇ ਏਅਰ ਇੰਡੀਆ ਨੇ ਮੁੰਬਈ ਜਾਂਦਾ ਜਹਾਜ਼ ਚੰਡੀਗੜ੍ਹ ਨੂੰ ਮੋੜ ਕੇ ਮੰਤਰੀ ਦੀ ਧੀ ਦੀ ਮੁਸ਼ਕਲ ਹੱਲ ਕਰਨ ਲਈ ਮੁਸਾਫਰਾਂ ਦੇ ਲਈ ਮੁਸ਼ਕਲਾਂ ਵਧਾ ਦਿੱਤੀਆਂ ਸਨ। ਉਸ ਦਿਨ ਸਿਖਰਾਂ ਦੀ ਖੱਜਲ-ਖੁਆਰੀ ਝੱਲ ਚੁੱਕੇ ਲੋਕ ਫਿਰ ਕਿਸੇ ਅਗਲੀ ਵਾਰੀ ਏਅਰ ਇੰਡੀਆ ਵੱਲ ਮੂੰਹ ਕਦੇ ਨਹੀਂ ਕਰਨਗੇ।
ਦੂਸਰਾ ਮਾਮਲਾ ਇਸ ਨਾਲੋਂ ਥੋੜ੍ਹਾ ਜਿਹਾ ਵੱਖਰਾ ਸੀ। ਆਮ ਕਰ ਕੇ ਹਵਾਈ ਕੰਪਨੀਆਂ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਫਤ ਸਫਰ ਦੀ ਸਹੂਲਤ ਦੇਂਦੀਆਂ ਹਨ, ਪਰ ਬਹੁਤ ਹੀ ਖਾਸ ਕਾਰਨ ਤੋਂ ਬਿਨਾਂ ਉਨ੍ਹਾਂ ਨੂੰ ਮੁਸਾਫਰਾਂ ਤੋਂ ਪਹਿਲ ਕਦੇ ਨਹੀਂ ਦਿੱਤੀ ਜਾਂਦੀ। ਆਮ ਕਰ ਕੇ ਉਨ੍ਹਾਂ ਨੂੰ ਹਦਾਇਤ ਹੁੰਦੀ ਹੈ ਕਿ ਜੇ ਮੁਸਾਫਰ ਵੱਧ ਮਿਲਦੇ ਹਨ ਤਾਂ ਉਨ੍ਹਾਂ ਮੁਸਾਫਰਾਂ ਨੂੰ ਪਹਿਲ ਦੇਣ ਲਈ ਕੰਪਨੀ ਦੇ ਆਪਣੇ ਕਰਮਚਾਰੀ ਜਾਂ ਅਫਸਰ ਨੂੰ ਔਖ ਵੀ ਝੱਲਣੀ ਪੈ ਸਕਦੀ ਹੈ ਤੇ ਉਹ ਇਨਕਾਰ ਨਹੀਂ ਕਰਨਗੇ। ਇੱਕ ਵਾਰੀ ਚੰਡੀਗੜ੍ਹ ਤੋਂ ਜਹਾਜ਼ ਜਾਣਾ ਸੀ। ਜਿਸ ਮੁਸਾਫਰ ਦੀ ਕਨਫਰਮ ਟਿਕਟ ਸੀ, ਉਸ ਨੂੰ ਸੀਟ ਨੰਬਰ ਅਲਾਟ ਹੋ ਚੁੱਕਾ ਸੀ, ਉਸ ਦੀ ਥਾਂ ਕੰਪਨੀ ਦੇ ਇੱਕ ਅਫਸਰ ਦੇ ਰਿਸ਼ਤੇਦਾਰਾਂ ਨੂੰ ਉਹੋ ਸੀਟ ਅਲਾਟ ਕਰ ਦਿੱਤੀ ਗਈ ਅਤੇ ਸੰਬੰਧਤ ਮੁਸਾਫਰ ਨੂੰ ਇਸ ਦੀ ਥਾਂ ਉਹ ਸੀਟ ਲੈਣ ਲਈ ਕਹਿ ਦਿੱਤਾ ਗਿਆ, ਜਿਸ ਉੱਤੇ ਸਫਰ ਦੌਰਾਨ ਵਾਰ-ਵਾਰ ਟਰਾਲੀ ਅਤੇ ਏਅਰ ਹੋਸਟੈੱਸ ਦੇ ਲੰਘਣ ਵੇਲੇ ਉੱਠਣਾ ਪੈ ਜਾਂਦਾ ਹੈ। ਏਦਾਂ ਦੀ ਸੀਟ ਲੈਣ ਤੋਂ ਬਹੁਤ ਸਾਰੇ ਮੁਸਾਫਰ ਨਾਂਹ ਕਰਦੇ ਹਨ, ਪਰ ਮਜਬੂਰੀ ਵਿੱਚ ਲੈਣੀ ਪੈ ਜਾਂਦੀ ਹੈ, ਜਦ ਕਿ ਓਥੇ ਕੋਈ ਮਜਬੂਰੀ ਨਹੀਂ, ਮੁਸਾਫਰ ਦੀ ਥਾਂ ਏਅਰ ਇੰਡੀਆ ਦੇ ਇੱਕ ਅਧਿਕਾਰੀ ਦੇ ਰਿਸ਼ਤੇਦਾਰ ਨੂੰ ਪਹਿਲ ਦਿੱਤੀ ਜਾਣ ਦਾ ਮਾਮਲਾ ਸੀ।
ਇਹੋ ਨਹੀਂ, ਭਾਰਤ ਦੇ ਮੰਤਰੀ ਅਤੇ ਪਾਰਲੀਮੈਂਟ ਮੈਂਬਰ ਜਿੱਦਾਂ ਦੀ ਬਦਤਮੀਜ਼ੀ ਏਅਰ ਇੰਡੀਆ ਦੇ ਸਟਾਫ ਨਾਲ ਕਰਦੇ ਰਹੇ ਹਨ, ਉਹ ਕੰਪਨੀ ਦੀ ਬਦਨਾਮੀ ਦਾ ਕਾਰਨ ਬਣਦੀ ਸੀ। ਨਰਿੰਦਰ ਮੋਦੀ ਦੀ ਪਹਿਲੀ ਸਰਕਾਰ ਦੌਰਾਨ ਕੇਂਦਰ ਵਿੱਚ ਮਹਾਰਾਸ਼ਟਰ ਦੀ ਸਿ਼ਵ ਸੈਨਾ ਵੀ ਭਾਈਵਾਲ ਸੀ ਅਤੇ ਉਸ ਦੇ ਪਾਰਲੀਮੈਂਟ ਮੈਂਬਰ ਹਰ ਗੱਲ ਵਿੱਚ ਹੱਦਾਂ ਟੱਪਣ ਦਾ ਰਿਕਾਰਡ ਬਣਾਈ ਜਾਂਦੇ ਸਨ। ਇੱਕ ਵਾਰੀ ਮੁੰਬਈ ਤੋਂ ਚੜ੍ਹਿਆ ਸਿ਼ਵ ਸੈਨਾ ਦਾ ਇੱਕ ਪਾਰਲੀਮੈਂਟ ਮੈਂਬਰ ਕਿਸੇ ਗੱਲ ਤੋਂ ਏਨਾ ਭੜਕ ਪਿਆ ਕਿ ਦਿੱਲੀ ਆਣ ਕੇ ਜਹਾਜ਼ ਵਿੱਚ ਹੀ ਏਅਰ ਇੰਡੀਆ ਦੇ ਏਅਰਪੋਰਟ ਮੈਨੇਜਰ ਨੂੰ ਸੱਦ ਕੇ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਇਸ ਨਾਲ ਵੀ ਮਨ ਨਾ ਭਰਿਆ ਤਾਂ ਆਪਣੇ ਪੈਰ ਦੀ ਜੁੱਤੀ ਲਾਹੀ ਤੇ ਉਸ ਨੂੰ ਛਿੱਤਰਾਂ ਨਾਲ ਕੁੱਟਣ ਲੱਗ ਪਿਆ ਤੇ ਜਦੋਂ ਬਾਹਰ ਆਇਆ ਤਾਂ ਮੀਡੀਆ ਕੈਮਰਿਆਂ ਸਾਹਮਣੇ ਬੜੇ ਮਾਣ ਨਾਲ ਇਹ ਕਹਿੰਦਾ ਸੀ, ‘ਮੈਨੇ ਉਸ ਕੋ ਗਿਨ-ਗਿਨ ਕਰ ਪੱਚੀਸ ਜੂਤੇ ਲਗਾਏ।’ ਮਾਮਲਾ ਸਾਰੇ ਦੇਸ਼ ਦੀ ਚਰਚਾ ਦਾ ਮੁੱਦਾ ਬਣਿਆ, ਸਿ਼ਵ ਸੈਨਾ ਆਪਣੇ ਆਗੂ ਦੇ ਹੱਕ ਵਿੱਚ ਖੜੋ ਗਈ ਅਤੇ ਮੋਦੀ ਸਰਕਾਰ ਉਸ ਦਾ ਬਚਾਅ ਕਰਨ ਲੱਗ ਪਈ। ਕਈ ਦਿਨ ਚਰਚਾ ਤੋਂ ਬਾਅਦ ਉਹ ਮਾਮਲਾ ਠੱਪ ਕਰ ਦਿੱਤਾ ਗਿਆ। ਏਦਾਂ ਦੇ ਮਾਹੌਲ ਵਿੱਚ ਕਰਮਚਾਰੀ ਕੰਮ ਕਿਹੋ ਜਿਹਾ ਕਰ ਸਕਦੇ ਹਨ!
ਸਿਰਫ ਇਹ ਨਹੀਂ ਕਿ ਏਅਰ ਇੰਡੀਆ ਨੂੰ ਏਥੇ ਵਰਤਿਆ ਅਤੇ ਕਰਮਚਾਰੀਆਂ ਨਾਲ ਬਦ-ਸਲੂਕੀ ਕੀਤੀ ਜਾਂਦੀ ਸੀ, ਇਸ ਕੰਪਨੀ ਨੂੰ ਸਰਕਾਰਾਂ ਨੇ ਆਪਣੇ ਬੰਦੇ ਵਿਦੇਸ਼ਾਂ ਵਿੱਚ ਸੈੱਟ ਕਰਨ ਵਾਸਤੇ ਵੀ ਵਰਤਿਆ ਸੀ। ਇੱਕ ਵਾਰੀ ਇਹ ਵੱਡੀ ਹੈਰਾਨੀ ਵਾਲੀ ਖਬਰ ਆਈ ਸੀ ਕਿ ਏਅਰ ਇੰਡੀਆ ਨੇ ਢਾਈ ਦਰਜਨ ਦੇ ਕਰੀਬ ਇਹੋ ਜਿਹੇ ਦੇਸ਼ਾਂ ਵਿੱਚ ਆਪਣੇ ਦਫਤਰ ਖੋਲ੍ਹ ਹੋਏ ਅਤੇ ਓਥੇ ਸਟਾਫ ਬਿਠਾ ਰੱਖਿਆ ਹੈ, ਜਿੱਥੇ ਇਸ ਦੀ ਕੋਈ ਫਲਾਈਟ ਹੀ ਨਹੀਂ ਜਾਂਦੀ। ਸਪੱਸ਼ਟ ਗੱਲ ਸੀ ਕਿ ਓਥੇ ਬੈਠਾ ਮੈਨੇਜਰ, ਉਸ ਨਾਲ ਲਾਇਆ ਸਹਾਇਕ ਅਤੇ ਸੇਵਾਦਾਰ ਬਿਨਾਂ ਕੰਮ ਕਰਨ ਤੋਂ ਤਨਖਾਹਾਂ ਲਈ ਜਾਂਦੇ ਸਨ ਅਤੇ ਕੁਝ ਸਮਾਂ ਓਥੇ ਆਰਜ਼ੀ ਡਿਊਟੀ ਕਰਨ ਮਗਰੋਂ ਜਦੋਂ ਉਨ੍ਹਾਂ ਦੇਸ਼ਾਂ ਵਿੱਚ ਪੈਰ ਪੱਕੇ ਲੱਗ ਜਾਂਦੇ ਤਾਂ ਉਸ ਵਕਤ ਉਨ੍ਹਾਂ ਦੀ ਥਾਂ ਕੋਈ ਹੋਰ ਇਹੋ ਜਿਹਾ ਲੋੜਵੰਦ ਓਥੇ ਐਡਜਸਟ ਕਰਵਾ ਲਿਆ ਜਾਂਦਾ ਸੀ। ਪਾਰਲੀਮੈਂਟ ਵਿੱਚ ਇਸਚੱਕਰ ਦਾ ਸਵਾਲ ਪੁੱਛਿਆ ਗਿਆ ਤਾਂ ਉਸ ਵਕਤ ਦੀ ਸਰਕਾਰ ਨੇ ਗੱਲ ਗੋਲ ਕਰ ਦਿੱਤੀ ਤੇ ਮਸਲਾ ਟਲ ਗਿਆ ਸੀ।
ਏਅਰ ਇੰਡੀਆ ਨਾਲ ਤਾਂ ਜੋ ਹੁੰਦਾ ਰਿਹਾ, ਉਹ ਸਭ ਨੂੰ ਪਤਾ ਹੈ, ਏਅਰ ਪੋਰਟ ਸਕਿਓਰਟੀ ਦੇ ਮਾਮਲੇ ਵਿੱਚ ਵੀ ਕਿਸੇ ਨਿਯਮ-ਕਾਨੂੰਨ ਦੀ ਪ੍ਰਵਾਹ ਭਾਰਤ ਦੇ ਸਿਆਸੀ ਆਗੂ ਬਹੁਤੀ ਨਹੀਂ ਕਰਦੇ। ਇੱਕ ਵਾਰ ਉੱਤਰ ਪ੍ਰਦੇਸ਼ ਦੇ ਇੱਕ ਏਅਰ ਪੋਰਟ ਉੱਤੇ ਤੇ ਇੱਕ ਵਾਰੀ ਪਟਨੇ ਦੇ ਏਅਰ ਪੋਰਟ ਉੱਤੇ ਕੇਂਦਰੀ ਆਗੂਆਂ ਨੂੰ ਲੈਣ ਵਾਸਤੇ ਪਹੁੰਚੇ ਹੋਏ ਉਨ੍ਹਾਂ ਦੀ ਪਾਰਟੀ ਦੇ ਲੀਡਰ ਅਤੇ ਵਰਕਰ ਰੰਨਵੇਅ ਤੱਕ ਜਾਣ ਦੀ ਅੜੀ ਕਰ ਬੈਠੇ ਸਨ। ਆਖਰ ਨੂੰ ਸਰਕਾਰ ਨੇ ਦਬਾਅ ਹੇਠ ਉਨ੍ਹਾਂ ਦੀ ਗੱਲ ਮੰਨੀ ਸੀਅਤੇ ਸਾਰੇ ਨਿਯਮ-ਕਾਨੂੰਨ ਤੋੜ ਕੇ ਅੰਦਰ ਤੱਕ ਜਾਣ ਦਿੱਤਾ ਗਿਆ ਸੀ। ਗੁਜਰਾਤ ਦੇ ਇੱਕ ਏਅਰਪੋਰਟ ਉੱਤੇ ਇੱਕ ਵਾਰੀ ਕੁਝ ਪਾਰਲੀਮੈਂਟ ਮੈਂਬਰਾਂ ਨੇ ਰੰਨਵੇਅ ਉੱਤੇ ਖੜੇ ਹੋ ਕੇ ਫੋਟੋ ਖਿਚਵਾਏ ਸਨ ਅਤੇ ਇਹ ਸਭ ਕੁਝ ਉਸ ਵਕਤ ਕੀਤਾ ਗਿਆ, ਜਦੋਂ ਉਨ੍ਹਾਂ ਦੇ ਪਿੱਛੇ ਇੱਕ ਜਹਾਜ਼ ਲੈਂਡ ਕਰਦਾ ਪਿਆ ਸੀ। ਉਸ ਵਕਤ ਵਾਲੀ ਫੋਟੋ ਅੱਜ ਤੱਕ ਮੇਰੀ ਫਾਈਲ ਵਿੱਚ ਪਈ ਹੈ, ਪਰ ਕਮਾਲ ਦੀ ਗੱਲ ਇਹ ਕਿ ਉਨ੍ਹਾਂ ਲੀਡਰਾਂ ਜਾਂ ਏਅਰਪੋਰਟ ਅਥਾਰਟੀ ਵਾਲੇ ਅਫਸਰਾਂ ਦਾ ਵਾਲ਼ ਵੀ ਵਿੰਗਾ ਨਹੀਂ ਸੀ ਹੋਇਆ, ਕਿਉਂਕਿ ਜਿਨ੍ਹਾਂ ਲੋਕਾਂ ਨੇ ਇਹ ਗਲਤ ਹਰਕਤ ਕੀਤੀ ਤੇ ਕਰਵਾਈ ਸੀ, ਉਹ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਨਾਲ ਸੰਬੰਧਤ ਪਾਰਲੀਮੈਂਟ ਮੈਂਬਰ ਸਨ। ਜਿਹੜੇ ਏਅਰਪੋਰਟਾਂ ਉੱਤੇ ਇਸ ਹੱਦ ਤੱਕ ਨਿਯਮਾਂ ਦੀ ਉਲੰਘਣਾ ਹੁੰਦੀ ਹੋਵੇ ਅਤੇ ਓਥੋਂ ਦੇ ਅਧਿਕਾਰੀ ਅਤੇ ਕਰਮਚਾਰੀ ਨਾ ਚਾਹੁੰਦੇ ਹੋਏ ਵੀ ਸਿਆਸਤ ਦੇ ਧਨੰਤਰਾਂ ਅੱਗੇ ਝੁਕਣ ਲਈ ਮਜਬੂਰ ਹੋ ਜਾਂਦੇ ਹੋਣ, ਓਥੇ ਸੁਰੱਖਿਆ ਖਾਮੀ ਹੋਣਾ ਹੈਰਾਨੀ ਵਾਲੀ ਗੱਲ ਨਹੀਂ ਹੁੰਦੀ।
ਇਸ ਵੇਲੇ ਏਅਰ ਇੰਡੀਆ ਫਿਰ ਚਰਚਾ ਵਿੱਚ ਹੈ ਅਤੇ ਜਿਸ ਰਤਨ ਟਾਟਾ ਨੇ ਆਪਣੇ ਖਾਨਦਾਨ ਦੀ ਵਿਰਾਸਤ ਦਾ ਖਿਆਲ ਕਰ ਕੇ ਇਸ ਨੂੰ ਡੁੱਬਦੀ ਪਈ ਨੂੰ ਆਪਣੇ ਕੰਟਰੋਲ ਵਿੱਚ ਲੈ ਕੇ ਸੁਧਾਰਨ ਦਾ ਵਾਅਦਾ ਕੀਤਾ ਸੀ, ਉਹ ਵਾਅਦੇ ਉੱਤੇ ਪੂਰਾ ਉੱਤਰਨ ਵਾਲਾ ਸਨਅਤਕਾਰ ਅੱਜ ਦੁਨੀਆ ਵਿੱਚ ਨਹੀਂ ਹੈ। ਜਿਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਏਅਰ ਇੰਡੀਆ ਦੀ ਕਮਾਨ ਇਸ ਵਕਤ ਹੈ, ਉਨ੍ਹਾਂ ਦੀ ਅਕਲਮੰਦੀ ਅਤੇ ਫਰਜ਼ ਵੱਲ ਸੰਜੀਦਗੀ ਉੱਤੇ ਕਈ ਲੋਕਾਂ ਵੱਲੋਂ ਸਮੇਂ ਸਮੇਂ ਉਂਗਲਾਂ ਉਠਾਈਆਂ ਜਾਂਦੀਆਂ ਰਹੀਆਂ ਹਨ। ਨਾ ਉਨ੍ਹਾਂ ਦਾ ਇਸ ਅਦਾਰੇ ਨਾਲ ਕੋਈ ਖਾਸ ਮੋਹ ਜਾਪਦਾ ਹੈ, ਨਾ ਇਸ ਨੂੰ ਸੰਭਾਲਣ ਅਤੇ ਸੁਧਾਰਨ ਦਾ ਬੀੜਾ ਚੁੱਕਣ ਵਾਲੇ ਸਨਅਤਕਾਰ ਦੇ ਪਰਵਾਰਕ ਪਿਛੋਕੜ ਅਤੇ ਵਿਰਾਸਤ ਨਾਲ ਵਾਸਤਾ ਹੈ, ਉਨ੍ਹਾਂ ਦੀ ਲੋੜ ਸਿਰਫ ਆਪਣੀ ਨੌਕਰੀ ਚੱਲਦੀ ਰੱਖਣ ਤੇ ਲਾਭ ਮਾਨਣ ਤੱਕ ਦੀ ਜਾਪਦੀ ਹੈ। ਸੰਸਾਰ ਦੇ ਕਿਸੇ ਵੀ ਵਿਕਸਤ ਦੇਸ਼ ਦੇ ਕਿਸੇ ਅਦਾਰੇ, ਕਿਸੇ ਟਰੇਨ ਜਾਂ ਬੱਸ ਸਹੂਲਤ ਜਾਂ ਕਿਸੇ ਕਿਸ਼ਤੀ ਅਤੇ ਜਹਾਜ਼ ਵਿੱਚ ਚੜ੍ਹਨ ਜਾਵੋ ਤਾਂ ਆਮ ਕਰ ਕੇ ਇੱਕ ਨਾਅਰਾ ਲਿਖਿਆ ਦਿੱਸ ਪੈਂਦਾ ਹੈ, ‘ਯੁਅਰ ਸੇਫਟੀ, ਅਵਰ ਪਰਿਓਰਟੀ’, ਭਾਵ ਤੁਹਾਡੀ ਸੁਰੱਖਿਆ ਸਾਡੇ ਲਈ ਹਰ ਹੋਰ ਗੱਲ ਤੋਂ ਵੱਡੀ ਪਹਿਲ ਹੈ, ਪਰ ਭਾਰਤ ਵਿੱਚ ਇਹੋ ਗੱਲ ਕਿਤੇ ਲਿਖੀ ਜਾਂ ਲਾਗੂ ਹੁੰਦੀ ਨਹੀਂ ਵੇਖੀ ਜਾਂਦੀ। ਭਾਰਤ ਦੇ ਲੋਕ ਜਿੱਦਾਂ ਦਾ ਰਾਜ-ਪ੍ਰਬੰਧ ਭੁਗਤਦੇ ਪਏ ਹਨ, ਉਸ ਵਿੱਚ ਏਅਰ ਇੰਡੀਆ ਦੀ ਹਾਲਤ ਵਿਗੜਨਾ, ਹਾਦਸੇ ਵਾਪਰ ਜਾਣਾ ਤੇ ਇੱਕੋ ਵਾਰ ਢਾਈ ਸੌ ਤੋਂ ਵੱਧ ਲੋਕਾਂ ਦਾ ਮਾਰਿਆ ਜਾਣਾ ਇੱਕ ਕੇਂਦਰੀ ਮੰਤਰੀ ਦੇ ਕਹਿਣ ਮੁਤਾਬਕ ‘ਆਮ ਜਿਹੀ’ ਘਟਨਾ ਹੈ। ਉਨ੍ਹਾਂ ਲਈ ਹਾਦਸੇ ਹੋਣਾ ਬੇਸ਼ੱਕ ਆਮ ਗੱਲ ਹੋ ਸਕਦੀ ਹੈ, ਆਮ ਲੋਕਾਂ ਵਾਸਤੇ ਨਹੀਂ ਅਤੇ ਜਿਨ੍ਹਾਂ ਲੋਕਾਂ ਨੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾਣਾ-ਆਉਣਾ ਹੁੰਦਾ ਹੈ, ਉਨ੍ਹਾਂ ਲਈ ਤਾਂ ਏਨੀ ਆਮ ਗੱਲ ਕਦੇ ਨਹੀਂ ਹੋ ਸਕਦੀ। ਵਿਸ਼ਵ ਗੁਰੂ ਬਣਨ ਦੇ ਦਾਅਵੇ ਕਰਨ ਵਾਲੇ ਭਾਰਤ ਦੀ ਸਰਕਾਰ ਜੇ ਇਨ੍ਹਾਂ ਗੱਲਾਂ ਵੱਲੋਂ ਅੱਖਾਂ ਮੀਟੀ ਰੱਖੇਗੀ ਤਾਂ ਇਸ ਤਰ੍ਹਾਂ ਦੇ ਨੁਕਸਾਨ ਕਦੀ ਵੀ ਰੋਕੇ ਨਹੀਂ ਜਾ ਸਕਣੇ। ਆਖਰ ਕਦੋਂ ਤੱਕ ਚੱਲਦਾ ਰਹੇਗਾ ਇਹ ਕੁਝ!

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ!