Welcome to Canadian Punjabi Post
Follow us on

26

February 2020
ਨਜਰਰੀਆ

ਚਿੜੀ ਵਿਚਾਰ ਕੀ ਕਰੇ

September 19, 2019 10:03 AM

-ਜਗਦੀਸ਼ ਕੌਰ ਮਾਨ
ਘਰ ਦਾ ਮੁੱਖ ਦਰਵਾਜ਼ਾ ਹੀ ਘਰ ਦੀ ਤਰਸ ਯੋਗ ਹਾਲਤ ਬਿਆਨ ਕਰਦਾ ਸੀ। ਐਵੇਂ ਤਿੰਨ ਕੁ ਮੰਜਿਆਂ ਜੋਗਾ ਵਿਹੜਾ। ਵਿਹੜੇ ਵਿੱਚ ਖੜ੍ਹਾ ਜਾਮਣ ਦਾ ਦਰੱਖਤ ਤੇ ਨਲਕੇ ਕੋਲ ਆਪੇ ਉਗਿਆ ਤੂਤ ਦਾ ਦਰੱਖਤ। ਬਿਨਾਂ ਗਾਰੇ ਚੂਨੇ ਤੋਂ ਇੱਟਾਂ ਚਿਣ ਕੀਤੀ ਹੋਈ ਛੋਟੀ ਬੇਢੱਬੀ ਜਿਹੀ ਕੰਧ ਇਸ ਘਰ ਨੂੰ ਗੁਆਂਢਆਂ ਦੇ ਵਿਹੜੇ ਤੋਂ ਵੱਖ ਕਰਦੀ ਸੀ।
ਇਹ ਮਕਾਨ ਮੇਰੇ ਭਰਾ ਦੇ ਘਰ ਦੇ ਬਿਲਕੁਲ ਸਾਹਮਣੇ ਸੀ, ਪਰ ਮੈਂ ਕਦੇ ਉਸ ਵੱਲ ਧਿਆਨ ਨਹੀਂ ਦਿੱਤਾ। ਬੱਸ ਭਰਾ ਦੇ ਘਰ ਜਾਣਾ ਤੇ ਉਥੋਂ ਮੁੜ ਆਉਣਾ। ਇੱਕ ਦਿਨ ਅਸੀਂ ਨਣਦ ਭਰਜਾਈ ਘਰੇਲੂ ਦੁੱਖ ਸੁੱਖ ਕਰਨ ਵਿੱਚ ਮਗਨ ਸਾਂ ਕਿ ਮੇਰੀ ਭਾਬੀ ਦੇ ਫੋਨ ਦੀ ਘੰਟੀ ਵੱਜੀ। ਹੈਲੋ ਕਹਿਣ 'ਤੇ ਦੂਜੇ ਪਾਸਿਉਂ ਲੰਮੀ ਗੱਲਬਾਤ ਸ਼ੁਰੂ ਹੋ ਗਈ। ਉਹ ਲੰਮੀ ਕਾਲ ਮੇਰਾ ਸਮਾਂ ਚੁਰਾ ਰਹੀ ਸੀ। ਮੇਰੀ ਝੁੰਜਲਾਹਟ ਨੂੰ ਮਹਿਸੂਸ ਕਰਦਿਆਂ ਭਰਜਾਈ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਘਰ ਮਹਿਮਾਨ ਆਏ ਹੋਏ ਹਨ, ਬਾਕੀ ਗੱਲਾਂ ਆਪਾਂ ਫੇਰ ਕਰਾਂਗੇ।
ਮੇਰੇ ਪੁੱਛਣ 'ਤੇ ਭਰਜਾਈ ਨੇ ਦੱਸਿਆ, ‘‘ਆਪਣੇ ਸਾਹਮਣੇ ਵਾਲੀ ਗੁਆਂਢਣ ਦਾ ਫੋਨ ਸੀ। ਇਨ੍ਹਾਂ ਦਾ ਪਿੰਡ ਤੁਹਾਡੇ ਪਿੰਡ ਦੇ ਨੇੜੇ ਹੈ। ਵਿਚਾਰਿਆਂ ਨੇ ਮਸਾਂ ਇਹ ਸੌ ਕੁ ਗਜ਼ ਦਾ ਪਲਾਟ ਲੈ ਕੇ ਸਿਰ ਢਕਣ ਜੋਗੀ ਛੱਤ ਪਾਈ। ਅਖੇ, ਸ਼ਹਿਰ ਵਿੱਚ ਨਾਲੇ ਤਾਂ ਨਿਆਣੇ ਪੜ੍ਹ ਜਾਣਗੇ ਤੇ ਨਾਲੇ ਨਸ਼ਿਆਂ ਤੋਂ ਬਚੇ ਰਹਿਣਗੇ। ਸਾਰੇ ਬੱਚੇ ਪੜ੍ਹਾਈ ਵਿੱਚ ਹੁਸ਼ਿਆਰ ਹਨ। ਵੱਡੇ ਮੁੰਡੇ ਨੇ ਪਿਛਲੇ ਸਾਲ ਬਾਰ੍ਹਵੀਂ ਬਹੁਤ ਵਧੀਆ ਨੰਬਰ ਲੈ ਕੇ ਪਾਸ ਕਰ ਲਈ ਸੀ ਤੇ ਆਈਲੈਟਸ ਕਰਨ ਦੀ ਜ਼ਿੱਦ ਕਰਨ ਲੱਗਿਆ। ਇਹਨੇ ਔਖੀ ਸੌਖੇ ਨੇ ਆਈਲੈਟਸ ਕਰਾ ਦਿੱਤੀ। ਮੁੰਡੇ ਦੇ ਕੈਨੇਡਾ ਪਹੰੁਚਣ ਦੀ ਸ਼ਰਤ ਜੋਗੇ ਬੈਂਡ ਆ ਗਏ। ਘਰ ਵਿੱਚ ਅਤਿ ਦੀ ਦੀ ਤੰਗੀ ਸੀ। ਵਿਚਾਰੀ ਵਿਧਵਾ ਔਰਤ ਨੇ ਕੋਈ ਰਿਸ਼ਤੇਦਾਰੀ ਨਹੀਂ ਛੱਡੀ ਜਿੱਥੋਂ ਪੈਸੇ ਉਧਾਰ ਨਾ ਲਏ ਹੋਣ। ਔਖੀ ਸੌਖੀ ਨੇ ਮੰੁਡਾ ਕੈਨੇਡਾ ਤੋਰ ਦਿੱਤਾ। ਅਜੇ ਮੁੰਡੇ ਗਏ ਨੂੰ ਦੋ ਮਹੀਨੇ ਨਹੀਂ ਹੋਏ ਕਿ ਦੂਜੇ ਸਮੈਸਟਰ ਦੀ ਫੀਸ ਭਰਨ ਦਾ ਸੁਨੇਹਾ ਆ ਗਿਆ। ਮਾਂ ਦੇ ਸਾਹ ਸੂਤੇ ਪਏ ਹਨ। ਕਿਤੇ ਹੱਥ ਨਾ ਪੈਂਦਾ ਦੇਖ ਕੇ ਉਸ ਨੇ ਇਹ ਮਕਾਨ ਵੇਚਣ ਦੀ ਸੋਚ ਲਈ। ਆਪ ਉਹ ਨਿਆਣੇ ਲੈ ਕੇ ਪਿੰਡ ਵਾਲੇ ਘਰ ਚਲੀ ਗਈ। ਹੈ। ਚਾਬੀ ਮੈਨੂੰ ਫੜਾ ਗਈ ਕਿ ਭੈਣ ਜੇ ਕੋਈ ਗਾਹਕ ਆਵੇ ਤਾਂ ਜਿੰਦਾ ਖੋਲ੍ਹ ਕੇ ਮਕਾਨ ਵਿਖਾ ਦਿਆ ਕਰੀਂ। ਇਸੇ ਬਾਰੇ ਉਸ ਦਾ ਫੋਨ ਆਇਆ ਸੀ। ਫੋਨ ਤਾਂ ਉਹ ਰੋਜ਼ ਕਰਦੀ ਐ। ਏਧਰ ਮਕਾਨ ਨਹੀਂ ਵਿਕਦਾ ਤੇ ਉਧਰੋਂ ਮੁੰਡੇ ਦੇ ਫੀਸ ਭਰਨ ਬਾਬਤ ਰੋਜ਼ ਫੋਨ ਆਉਂਦੇ ਨੇ।”
‘‘ਮਕਾਨ ਦੇ ਕਿੰਨੇ ਕੁ ਪੈਸੇ ਮੰਗਦੀ ਹੈ?” ਮੇਰੇ ਪੁੱਛਣ 'ਤੇ ਭਾਬੀ ਨੇ ਦੱਸਿਆ, ‘‘ਉਹ ਪੰਜ ਲੱਖ ਮੰਗਦੀ ਏ, ਪਰ ਜਾਇਦਾਦ ਦੇ ਭਾਅ ਲਗਾਤਾਰ ਡਿੱਗ ਰਹੇ ਨੇ। ਸਾਢੇ ਚਾਰ ਲੱਖ ਦੇ ਇੱਕ ਦੋ ਗਾਹਕ ਆਏ ਸਨ। ਬੱਸ ਦੇਖ ਕੇ ਮੁੜ ਗਏ। ਸਾਡੇ ਘਰਾਂ ਕੋਲ ਟਰੀਟਮੈਂਟ ਪਲਾਂਟ ਬਣ ਰਿਹਾ ਹੈ, ਇਸ ਲਈ ਕੀਮਤਾਂ ਹੋਰ ਥੱਲੇ ਚਲੀਆਂ ਗਈਆਂ ਹਨ। ਤਿੰਨ ਲੱਖ ਦੇ ਗਾਹਕ ਹੀ ਆਉਂਦੇ ਹਨ। ਉਧਰੋਂ ਮੁੰਡੇ ਦੀ ਫੀਸ ਚਾਰ ਲੱਖ ਭਰਨੀ ਹੈ, ਵਿਚਾਰੀ ਬਹੁਤ ਫਿਕਰਮੰਦ ਹੈ।”
ਭਾਬੀ ਅੱਗੋਂ ਬੋਲੀ, ‘‘ਉਹ ਮੈਨੂੰ ਕਹਿ ਕੇ ਗਈ ਸੀ ਕਿ ਤੂਤ ਤੇ ਜਾਮਣ ਨੂੰ ਪਾਣੀ ਪਾ ਦਿਆਂ ਕਰੀਂ। ਚੱਲ ਆ! ਆਪਾਂ ਦੋ ਬਾਲਟੀਆਂ ਪਾਣੀ ਦੀਆਂ ਪਾ ਆਈਏ।” ਅਸੀਂ ਪਹਿਲਾਂ ਪਾਣੀ ਪਾ ਕੇ ਨਲਕੇ ਦਾ ਉਤਰਿਆ ਪਾਣੀ ਚੜ੍ਹਾਇਆ। ਜ਼ੋਰ ਜ਼ੋਰ ਨਾਲ ਪੰਪ ਗੇੜ ਕੇ ਪਾਣੀ ਚਾਲੂ ਕੀਤਾ। ਨਲਕਾ ਬੜਾ ਸੋਹਣਾ ਚੱਲ ਪਿਆ। ਦੋਵੇਂ ਦਰੱਖਤਾਂ ਨੂੰ ਦੋ ਦੋ ਬਾਲਟੀਆਂ ਪਾਣੀ ਪਾ ਕੇ ਅਸੀਂ ਘਰ ਪਹੁੰਚ ਗਈਆਂ, ਪਰ ਮੇਰੇ ਜ਼ਿਹਨ ਵਿੱਚ ਉਸ ਗੁਆਂਢਣ ਔਰਤ ਦੀ ਮਜਬੂਰੀ ਘੁੰਮਦੀ ਰਹੀ।
ਮਹੀਨੇ ਕੁ ਬਾਅਦ ਫਿਰ ਭਰਾ ਦੇ ਘਰ ਜਾਣ ਦਾ ਸਬੱਬ ਬਣ ਗਿਆ। ਮੈਂ ਮਕਾਨ ਵਿਕਣ ਬਾਰੇ ਪੁੱਛਿਆ ਤਾਂ ਭਾਬੀ ਨੇ ਦੱਸਿਆ, ‘‘ਭੈਣੇ ਗਰੀਬਣੀ ਦੀ ਰੱਬ ਨੇ ਸੁਣ ਲਈ ਹੈ। ਇਹ ਮਕਾਨ ਨਾਲ ਦੇ ਗੁਆਂਢੀਆਂ ਨੇ ਹੀ ਖਰੀਦ ਲਿਆ। ਸੋਚਦੇ ਹੋਣਗੇ, ਖੌਰੇ ਕਿੱਦਾਂ ਦੇ ਬੰਦੇ ਨੇ ਖਰੀਦਣਾ ਹੈ, ਕਿਹੋ ਜਿਹਾ ਗੁਆਂਢ ਆਵੇ। ਇਸ ਨਾਲੋਂ ਤਾਂ ਚਾਰ ਪੈਸੇ ਵੱਧ ਖਰਚੇ ਹੀ ਚੰਗੇ ਰਹਿਣਗੇ। ਉਨ੍ਹਾਂ ਨੇ ਸਾਢੇ ਚਾਰ ਲੱਖ ਵਿੱਚ ਖਰੀਦ ਲਿਆ। ਜੁਆਕ ਦੀ ਫੀਸ ਦਾ ਪ੍ਰਬੰਧ ਹੋ ਗਿਆ। ਬੱਸ ਏਨਾ ਹੀ ਬਹੁਤ ਹੈ ਕਿ ਹਾਲ ਦੀ ਘੜੀ ਕੰਮ ਸਰ ਗਿਆ। ਫੇਰ ਦੀ ਫੇਰ ਦੇਖੀ ਜਾਊ।”
ਮੈਂ ਮਨ ਵਿੱਚ ਹਿਸਾਬ ਕਿਤਾਬ ਲਾਉਣ ਲੱਗੀ ਕਿ ਇਹ ਦੂਜੇ ਸਮੈਸਟਰ ਦੀ ਫੀਸ ਸੀ ਤੇ ਦੋ ਸਮੈਸਟਰ ਅਜੇ ਹੋਰ ਪਏ ਹਨ। ਉਸ ਕੋਲ ਹੋਰ ਜਾਇਦਾਦ ਵੀ ਨਹੀਂ। ਕੀ ਕਰੇਗੀ ਵਿਚਾਰੀ। ਉਹਨੇ ਕਾਹਨੂੰ ਅੱਡੀਆਂ ਚੁੱਕ ਕੇ ਫਾਹਾ ਲੈਣਾ ਸੀ? ਉਹਨੇ ਕਾਹਨੂੰ ਮੁੰਡਾ ਕੈਨੇਡਾ ਭੇਜਣਾ ਸੀ। ਇਨਸਾਨ ਨੂੰ ਆਪਣੀ ਪਰੋਖੋਂ ਦਾ ਪਤਾ ਹੁੰਦਾ ਹੈ, ਪਰ ਦੂਜੇ ਹੀ ਪਲ ਦਿਮਾਗ ਨੇ ਮਨ ਨੂੰ ਲਾਹਣਤ ਭੇਜੀ, ਹੋਰ ਕੀ ਕਰਦੀ ਵਿਚਾਰੀ? ਇਥੇ ਕਿਹੜਾ ਪੜ੍ਹੇ ਲਿਖੇ ਨੌਜਵਾਨਾਂ ਨੂੰ ਸਰਕਾਰ ਨੌਕਰੀਆਂ ਦਿੰਦੀ ਹੈ? ਨਹੀਂ ਤਾਂ ਕਿਸ ਦਾ ਦਿਲ ਕਰਦਾ ਹੈ ਨਿਆਣਿਆਂ ਨੂੰ ਘਰੋਂ ਕੱਢਣ ਨੂੰ? ਮਜਬੂਰ ਹੋਏ ਮਾਪਿਆਂ ਨੇ ਬੱਚਿਆਂ ਨੂੰ ਸੈਟ ਕਰਨ ਲਈ ਕੋਈ ਖੂਹ ਤਾਂ ਪੁੱਟਣਾ ਹੀ ਹੋਇਆ।

Have something to say? Post your comment