Welcome to Canadian Punjabi Post
Follow us on

26

February 2020
ਨਜਰਰੀਆ

ਅੰਧ ਵਿਸ਼ਵਾਸ ਦੀਆਂ ਬੇਲਗਾਮ ਰਵਾਇਤਾਂ

September 19, 2019 10:02 AM

-ਮਹਿੰਦਰ ਸਿੰਘ ‘ਦੋਸਾਂਝ'
ਆਜ਼ਾਦੀ ਪ੍ਰਾਪਤੀ ਪਿੱਛੋਂ ਭਾਰਤ ਵਿੱਚ ਪਿੰਡ-ਪਿੰਡ ਸਕੂਲ ਤੇ ਅਨੇਕਾਂ ਕਾਲਜ ਖੋਲ੍ਹੇ ਤੇ ਕਈ ਯੂਨੀਵਰਸਿਟੀਆਂ ਦੀ ਸਥਾਪਨਾ ਵੀ ਕੀਤੀ ਗਈ ਹੈ। ਆਪਣੇ ਬੱਚਿਆਂ ਨੂੰ ਉਚੀ ਤੋਂ ਉਚੀ ਵਿੱਦਿਆ ਨਾਲ ਜੋੜਨ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਬੀਤੇ ਲਗਭਗ ਸੱਤਰਾਂ ਸਾਲਾਂ ਵਿੱਚ ਕਈ ਦੇਸ਼ਾਂ ਦੇ ਅਨੇਕਾਂ ਲੋਕ ਗਿਆਨ ਵਿਗਿਆਨ ਦੀ ਰੌਸ਼ਨ ਵਿੱਚ ਕਿਤੇ ਦੀ ਕਿਤੇ ਪਹੁੰਚ ਗਏ ਹਨ ਤੇ ਸਾਡੇ ਦੇਸ਼ ਦੇ ਸਮਾਜ ਦਾ ਇਕ ਵੱਡਾ ਹਿੱਸਾ ਹਜ਼ਾਰਾਂ ਸਾਲ ਪਹਿਲਾਂ ਦੀਆਂ ਨਿਰਾਰਥਕ ਧਾਰਨਾਵਾਂ ਵਿੱਚ ਫਸਿਆ ਅੰਧ ਵਿਸ਼ਵਾਸ ਦੇ ਹਨੇਰੇ ਵਿੱਚ ਭਟਕਦਾ ਨਿਰੰਤਰ ਠੋਕਰਾਂ ਖਾ ਰਿਹਾ ਹੈ। ਸਾਰਾ ਵਿਸ਼ਵ ਆਪਣੇ ਦੇਸ਼ ਦੇ ਉਥਾਨ ਵਾਸਤੇ ਗਿਆਨ ਵਿਗਿਆਨ ਦੀ ਰੌਸ਼ਨੀ ਵਿੱਚ ਲੱਭੇ ਰਾਹਾਂ 'ਤੇ ਤੇਜ਼ੀ ਨਾਲ ਵੱਧ ਰਿਹਾ ਹੈ। ਆਪਣੇ ਪੈਰ ਆਪੇ ਪਾਈਆਂ ਅੰਧ ਵਿਸ਼ਵਾਸ ਦੀ ਫੌਲਾਦੀ ਜ਼ੰਜ਼ੀਰਾਂ ਖੋਲ੍ਹ ਕੇ ਭਾਰਤ ਤੇ ਸਮਾਜ ਕਿਵੇਂ ਤੇ ਕਦੋਂ ਜਾਗਰੂਕ ਦੇਸ਼ਾਂ ਦੇ ਲੋਕਾਂ ਨਾਲ ਰਲੇਗਾ?
ਭਾਰਤ ਵਿੱਚ ਬਹੁਤ ਸਾਰੇ ਲਾਵਾਰਸ ਲੋਕ ਅਕਸਰ ਮਾਨਸਿਕ ਰੋਗੀ ਹੋ ਜਾਂਦੇ ਹਨ ਅਤੇ ਆਮ ਲੋਕਾਂ ਨੂੰ ਉਚਾ ਨੀਵਾਂ ਬੋਲਣ ਲੱਗ ਜਾਂਦੇ ਹਨ, ਕਈ ਵਾਰ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ, ਇਥੋਂ ਤੱਕ ਕਿ ਲੋਕਾਂ ਦੇ ਇੱਟਾਂ ਰੋੜੇ ਮਾਰਨ ਲੱਗ ਜਾਂਦੇ ਹਨ, ਫੇਰ ਉਹ ਸਾਰੇ ਕੱਪੜੇ ਲਾਹ ਕੇ ਅਲਫ ਨੰਗੇ ਹੋ ਜਾਂਦੇ ਹਨ।
ਕੋਈ ਵਿਅਕਤੀ, ਕੋਈ ਸੰਸਥਾ ਨਹੀਂ ਸੋਚਦੀ ਕਿ ਅਜਿਹੇ ਰੋਗੀ ਨੂੰ ਕਿਸੇ ਚੰਗੇ ਹਸਪਤਾਲ ਵਿੱਚ ਦਾਖਲ ਕਰਵਾ ਕੇ ਉਸ ਦਾ ਇਲਾਜ ਕਰਵਾਇਆ ਜਾਵੇ ਤੇ ਉਸ ਨੂੰ ਸੁਖਾਵਾਂ ਜੀਵਨ ਪੇਸ਼ ਕੀਤਾ ਜਾਵੇ, ਇਸ ਦੇ ਉਲਟ ਪਹਿਲਾਂ ਦਰਜਨਾਂ, ਫੇਰ ਸੈਂਕੜੇ ਤੇ ਫੇਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅਜਿਹੇ ਰੋਗੀਆਂ ਦੇ ਅੱਗੇ ਵਧ-ਵੱਧ ਕੇ ਪੈਰ ਫੜਨ ਲੱਗ ਜਾਂਦੇ ਹਨ, ਉਨ੍ਹਾਂ ਦੇ ਨਾਮ 'ਤੇ ਸੜਕਾਂ ਦੇ ਨਾਮ ਰੱਖੇ ਤੇ ਗੇਟ ਬਣਾਏ ਜਾਂਦੇ ਹਨ, ਕਈ ਥਾਂ ਧਾਰਮਿਕ ਸਥਾਨ ਉਸਾਰੇ ਜਾਂਦੇ ਹਨ, ਉਨ੍ਹਾਂ ਦੇ ਨਾਮ 'ਤੇ ਦੁਕਾਨਾਂ ਦੇ ਨਾਮ ਰੱਖੇ ਜਾਂਦੇ ਹਨ, ਔਰਤਾਂ ਆਪਣੇ ਬੱਚਿਆਂ ਦੀ ਸੁੱਖ ਸ਼ਾਂਤੀ ਲਈ ਅਜਿਹੇ ਰੋਗੀਆਂ ਕੋਲ ਬੱਚਿਆਂ ਨੂੰ ਗਾਲ੍ਹਾਂ ਖਿਲਾਉਣ ਲਿਆਂਦੀਆਂ ਤੇ ਸੋਚਦੀਆਂ ਹਨ ਕਿ ਜਿਸ ਬੱਚੇ ਨੂੰ ਸੰਤ ਗਾਲ ਕੱਢਣਗੇ, ਉਹ ਤੁਰ ਪਵੇਗਾ।
ਇਹ ਮਾਨਸਿਕ ਰੋਗੀ ਨਿਰੰਤਰ ਬੋਲੀ ਜਾਂਦੇ ਹਨ ਤੇ ਇਨ੍ਹਾਂ ਦੇ ਅੱਗੇ ਬੈਠੇ ਸ਼ਰਧਾਲੂ ਇਨ੍ਹਾਂ ਦੀਆਂ ਗੱਲਾਂ ਵਿੱਚੋਂ ਆਪਣੀਆਂ ਲੋੜਾਂ ਲਈ ਅਰਥ ਕੱਢਦੇ ਹਨ, ਕਈ ਗੱਲਾਂ ਸੁਭਾਵਿਕ ਹੀ ਲੋਕਾਂ ਦੀ ਜ਼ਿੰਦਗੀ ਅਤੇ ਲੋੜਾਂ ਤੇ ਮਸਲਿਆਂ ਦੇ ਅਨੁਸਾਰ ਢੁੱਕ ਜਾਂਦੀਆਂ ਹਨ, ਇਸ ਅਵਸਥਾ ਵਿੱਚ ਸਮਾਜ ਅੰਦਰ ਅੰਧ ਵਿਸ਼ਵਾਸ ਅੱਗੇ ਤੋਂ ਅੱਗੇ ਪ੍ਰਫੁੱਲਤ ਹੋਈ ਜਾਂਦਾ ਹੈ। ਸ਼ਰਧਾਲੂਆਂ ਦੀ ਭੀੜ ਵਿੱਚ ਗ੍ਰੈਜੁਏਟ ਪੋਸਟ ਗ੍ਰੈਜੁਏਟ ਤੇ ਪੀ ਐਚ ਡੀ ਤੱਕ ਵਿੱਦਿਆ ਵਾਲੇ ਲੋਕ ਵੀ ਰਲ ਜਾਂਦੇ ਹਨ।
ਕੁਝ ਸਾਲ ਪਹਿਲਾਂ ਪੰਜਾਬ ਵਿੱਚ ਅਜਿਹੇ ਇਕ ਮਾਨਸਿਕ ਰੋਗੀ ਨਾਲ ਸਬੰਧਤ ਇਕ ਘਟਨਾ ਮੈਨੂੰ ਯਾਦ ਆ ਰਹੀ ਹੈ। ਇਸ ਮਾਨਸਿਕ ਰੋਗੀ ਨੇ ਇੱਟਾਂ ਰੋੜੇ ਮਾਰ ਕੇ ਦੋ ਬੱਚਿਆਂ ਤੇ ਇਕ ਔਰਤ ਨੂੰ ਮਾਰ ਦਿੱਤਾ ਸੀ, ਇਸ ਤੋਂ ਬਾਅਦ ਉਸ ਨੇ ਇੱਟਾਂ ਮਾਰ ਕੇ ਇਕ ਚੌਥੇ ਸ਼ਰਧਾਲੂ ਦਾ ਵੀ ਕਤਲ ਕਰ ਦਿੱਤਾ ਸੀ। ਸਥਾਨਕ ਪੁਲਸ ਤੇ ਪ੍ਰਸ਼ਾਸਨ ਟੱਸ ਤੋਂ ਮੱਸ ਨਾ ਹੋਇਆ ਤਾਂ ਤਰਕਸ਼ੀਲਾਂ ਨੇ ਥਾਣੇ ਵਿੱਚ ਪਰਚਾ ਦਰਜ ਕਰਆਇਆ, ਕਾਰਵਾਈ ਅਦਾਲਤ ਤੱਕ ਗਈ ਤੇ ਉਸ ਬੰਦੇ ਨੂੰ ਜ਼ਿਲਾ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਦੇ ਗੇਟ ਅੱਗੇ ਸ਼ਰਧਾਲੂਆਂ ਨੇ ਦੇਸੀ ਘਿਉ ਨਾਲ ਕੜਾਹ ਪ੍ਰਸ਼ਾਦ ਤੇ ਵੰਨ ਸੁਵੰਨੇ ਖਾਣੇ ਤਿਆਰ ਕਰਕੇ ਸ਼ਾਮਿਆਨੇ ਤੇ ਦਰੀਆ ਵਿਛਾਈਆਂ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਲੰਗਰ ਛਕਾਉਣਾ ਸ਼ੁਰੂ ਕਰ ਦਿੱਤਾ। ਕੁਝ ਚਿਰ ਬਾਅਦ ਉਸ ਮਾਨਸਿਕ ਰੋਗੀ ਨੂੰ ਦੂਜੇ ਜ਼ਿਲੇ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤੇ ਲੰਗਰ ਦਾ ਸਾਰਾ ਸਾਮਾਨ ਚੁੱਕ ਕੇ ਸ਼ਰਧਾਲੂਆਂ ਨੇ ਉਸ ਨਵੀਂ ਜੇਲ੍ਹ ਦੇ ਗੇਟ ਅੱਗੇ ਜਾ ਕੇ ਪਹਿਲਾਂ ਤੋਂ ਵੀ ਵੱਧ ਉਤਸ਼ਾਹ ਨਾਲ ਲੰਗਰ ਚਲਾਉਣਾ ਸ਼ੁਰੂ ਕਰ ਦਿੱਤਾ। ਅਜਿਹੀ ਸੇਵਾ ਕਰਕੇ ਉਹ ਖੂਬ ਖੁਸ਼ ਹੋ ਰਹੇ ਸਨ। ਸੈਂਕੜਿਆਂ 'ਚੋਂ ਕਿਸੇ ਇਕ ਅਜਿਹੇ ਮਾਨਸਿਕ ਰੋਗੀ ਨੂੰ ਜੇ ਜੇਲ੍ਹ ਵਿੱਚ ਲਿਜਾਇਆ ਜਾਂਦਾ ਹੈ ਤਾਂ ਸਰਕਾਰ, ਸਰਕਾਰ ਦਾ ਸਿਹਤ ਵਿਭਾਗ ਜਾਂ ਸਮਾਜ ਭਲਾਈ ਵਿਭਾਗ ਇਹੋ ਜਿਹੇ ਵਿਅਕਤੀ ਦਾ ਇਲਾਜ ਕਰਾਉਣ ਵਾਸਤੇ ਕਦੇ ਨਹੀਂ ਸੋਚਦਾ।
ਭਾਰਤ ਵਿੱਚ ਕੋਈ ਵੀ ਕੰਮ ਚਾਲੂ ਕਰਨ ਲਈ ਅਕਸਰ ਪੈਸੇ ਅਤੇ ਕਈ ਤਰ੍ਹਾਂ ਦੇ ਵਸੀਲਿਆਂ ਦੀ ਲੋੜ ਪੈਂਦੀ ਹੈ, ਪਰ ਇਕ ਕੰਮ ਬਿਨਾਂ ਪੈਸੇ ਤੇ ਬਿਨਾਂ ਕਿਸੇ ਤਰਦੱਦ ਦੇ ਸ਼ੁਰੂ ਕੀਤਾ ਜਾ ਸਕਦਾ ਹੈ, ਇਸ ਕੰਮ ਲਈ ਕਿਸੇ ਲਾਇਸੈਂਸ ਅਤੇ ਸਰਕਾਰੀ ਆਗਿਆ ਦੀ ਵੀ ਕੋਈ ਲੋੜ ਨਹੀਂ, ਅਜਿਹੇ ਕੰਮ ਲਈ ਨਾ ਬਹੁਤੀ ਪੜ੍ਹਾਈ ਦੀ, ਨਾ ਕਿਸੇ ਹੁਨਰ ਜਾਂ ਸਿਖਲਾਈ ਦੀ ਲੋੜ ਪੈਂਦੀ ਹੈ, ਬਸ ਥੋੜ੍ਹੀ ਜਿਹੀ ਚੁਸਤੀ ਦੀ ਲੋੜ ਪੈਂਦੀ ਹੈ। ਅਜਿਹੇ ਕਾਰੋਬਾਰ ਲਈ ਕੋਈ ਵੀ ਥੋੜ੍ਹੇ ਚੁਸਤ ਸੁਭਾਅ ਦਾ ਬੰਦਾ ਆਪਣਾ ਇਲਾਕਾ ਛੱਡ ਕੇ ਦੂਰ ਕਿਸੇ ਪਿੰਡ ਨੇੜੇ ਬਿਰਛਾਂ ਦੀ ਝਿੜੀ ਵਿੱਚ ਬੈਠ ਜਾਵੇ। ਭਗਵੇਂ ਰੰਗ ਦੇ ਕੱਪੜੇ ਪਾ ਕੇ ਸਿਰ 'ਤੇ ਇਸੇ ਰੰਗ ਦਾ ਸਾਫਾ ਲਪੇਟ ਲਵੇਂ ਤੇ ਹੇਠਾਂ ਵਿਛਾ ਲਵੇ ਕਿਸੇ ਕਿਸਾਨ ਦੀ ਪਾਟੀ ਜਿਹੀ ਆਲੂਆਂ ਵਾਲੀ ਖਾਲੀ ਬੋਰੀ ਅਤੇ ਖਾਮੋਸ਼ ਬੈਠ ਜਾਵੇ। ਸਵੇਰ ਹੋਣ ਤੱਕ ਸੰਤਾਂ ਦੇ ਪਧਾਰਨ ਦੀ ਖਬਰ ਦੂਰ-ਦੂਰ ਤੱਕ ਫੈਲ ਜਾਵੇਗੀ ਤੇ ਲੋਕ ਵਾਰੋ ਵਾਰੀ ਪੈਰ ਛੱਡਣ ਤੇ ਪੈਰਾਂ 'ਤੇ ਸਿਰ ਧਰਨ ਲਈ ਆ ਕੇ ਇਕੱਠੇ ਹੋ ਜਾਣਗੇ।
ਅਜਿਹੇ ਬੰਦੇ ਨੂੰ ਬਹੁਤਾ ਝੂਠ ਬੋਲਣ ਦੀ ਵੀ ਕੋਈ ਲੋੜ ਨਹੀਂ ਪਵੇਗੀ, ਬਸ ਇਹੋ ਆਖੇ; ਚਲੇ ਜਾਓ ਇਥੋਂ! ਇਥੇ ਕੀ ਕਰਨ ਆਏ ਆਂ? ਮੇਰੇ ਕੋਲ ਕੁਛ ਨਹੀਂ, ਮੈਂ ਤਾਂ ਸੁਦਾਈਆਂ!! ਜਿੰਨੀਆਂ ਏਦਾਂ ਦੀਆਂ ਗੱਲਾਂ ਉਹ ਕਰੇਗਾ ਉਨੇ ਵੱਧ ਲੋਕ ਅੱਗੇ ਵੱਧ-ਵੱਧ ਕੇ ਉਸ ਦੇ ਪੈਰ ਫੜਨ ਤੇ ਉਹਦੀ ਪੂਜਾ ਕਰਨ ਦੇ ਕੰਮ ਵਿੱਚ ਜੁੱਟ ਜਾਣਗੇ। ਸਹਿਜੇ-ਸਹਿਜੇ ਸਮਾਜ 'ਚੋਂ ਕਈ ਵਿਹਲੜ ਤੇ ਚਲਾਕ ਲੋਕ ਅਜਿਹੇ ਸੰਤ ਦੇ ਚੇਲੇ ਬਣ ਜਾਣਗੇ, ਅਜਿਹੇ ਚੇਲੇ ਸੰਤਾਂ ਦੇ ਡੇਰੇ ਦਾ ਪ੍ਰਚਾਰ ਕਰਨ ਤੇ ਡੇਰੇ ਦਾ ਕਾਰੋਬਾਰ ਵਧਾਉਣ ਲਈ ਵਰਦਾਨ ਸਾਬਤ ਹੁੰਦੇ ਹਨ, ਵੇਖਦਿਆਂ-ਵੇਖਦਿਆਂ ਅਜਿਹੇ ਡੇਰੇ ਸਿਖਰਾਂ ਛੋਹਣ ਲੱਗ ਜਾਂਦੇ ਹਨ ਤੇ ਲੋਕਾਂ ਦੇ ਚੜ੍ਹਾਵੇ ਦਾ ਥੋਕ ਪੈਸਾ ਡੇਰੇ ਵਾਲੇ ਤੰਗਲੀਆਂ ਨਾਲ ਖਿੱਚਣ, ਤਾਂ ਵੀ ਢੇਰ ਊਣੇਂ ਨਹੀਂ ਹੋਣਗੇ, ਕੋਈ ਸ਼ਰਧਾਲੂ ਕਦੇ ਵੀ ਇਹ ਜਾਨਣ ਦੀ ਕੋਸ਼ਿਸ ਕਰੇਗਾ ਕਿ ਇਹ ਸੰਤ ਕੌਣ ਹੈ ਤੇ ਕਿੱਥੋਂ ਆਇਆ ਹੈ।
ਆਮ ਲੋਕ ਕਈ ਤਰ੍ਹਾਂ ਦੀਆਂ ਲੋੜਾਂ ਦੀ ਪੂਰਤੀ ਦੇ ਲਈ ਅਜਿਹੇ ਡੇਰਿਆਂ ਵਿੱਚ ਆਉਂਦੇ ਹਨ ਜਿਵੇਂ ਉਨ੍ਹਾਂ ਦੇ ਬੇਟਾ ਹੋਵੇਗਾ ਜਾਂ ਬੇਟੀ? ਉਨ੍ਹਾਂ ਦੇ ਪਰਵਾਰ ਦਾ ਕੋਈ ਬੰਦਾ ਵਿਦੇਸ਼ ਚਲਾ ਜਾਵੇਗਾ ਜਾਂ ਨਹੀਂ? ਉਨ੍ਹਾਂ ਦਾ ਮਰੀਜ਼ ਠੀਕ ਹੋਵੇਗਾ ਜਾਂ ਨਹੀਂ? ਕੀ ਉਨ੍ਹਾਂ ਦਾ ਕਾਰੋਬਾਰ ਸਫਲ ਹੋ ਜਾਵੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਸੰਤ ਅੰਦਾਜ਼ੇ ਨਾਲ ਜਿਵੇਂ ਦਾ ਮਰਜ਼ੀ ਜਵਾਬ ਦੇ ਦੇਣ, ਜਿਥੇ ਕੰਮਾਂ ਤੇ ਲੋੜਾਂ ਵਾਸਤੇ ਲੋਕ ਆਪ ਵੀ ਯਤਨ ਕਰਦੇ ਰਹਿੰਦੇ ਹਨ, ਉਥੇ ਕੁਦਰਤ ਦੇ ਨਿਯਮ ਅਨੁਸਾਰ ਸਫਲਤਾ ਅਸਫਲਤਾ ਦਾ ਨਤੀਜਾ ਲਗਭਗ ਪੰਜਾਹ-ਪੰਜਾਹ ਫੀਸਦੀ ਨਿਕਲਦਾ ਹੈ, ਪਰ ਜੇ ਸੌਂ ਤੋਂ ਕੇਵਲ ਇਕ ਬੰਦੇ ਦਾ ਨਤੀਜਾ ਵੀ ਸੰਤਾਂ ਦੇ ਕਹੇ 'ਤੇ ਸ਼ਰਧਾਲੂਆਂ ਦੀ ਇੱਛਾ ਅਨੁਸਾਰ ਨਿਕਲ ਆਵੇ ਤਾਂ ਅਜਿਹਾ ਸ਼ਰਧਾਲੂ ਤੇ ਉਹਦਾ ਪਰਵਾਰ ਹੋਰ ਲੋਕਾਂ ਨੂੰ ਨਾਲ ਲੈ ਕੇ ਭੰਡਾਰਾ ਰੱਖ ਕੇ ਤੇ ਉਪਰ ਚਿੱਟਾ ਕੱਪੜਾ ਦੇ ਕੇ ਨੰਗੇ ਪੈਰੀਂ ਸੰਤਾਂ ਦੇ ਡੇਰੇ ਪਹੁੰਚਦਾ ਹੈ ਤੇ ਡੇਰੇ ਦਾ ਅਜਿਹਾ ਧੁੰਆਂ ਧਾਰ ਪ੍ਰਚਾਰ ਕਰਦਾ ਹੈ, ਜਿਸ ਤਰ੍ਹਾਂ ਦਾ ਪ੍ਰਚਾਰ ਕਿਸੇ ਵੀ ਸਰਕਾਰ ਦਾ ਲੋਕ ਸੰਪਰਕ ਵਿਭਾਗ ਵੀ ਨਹੀਂ ਕਰ ਸਕਦਾ। ਅੱਜ ਲੱਖਾਂ ਲੋਕਾਂ ਨੂੰ ਗੁਮਰਾਹ ਕਰਕੇ ਨਾਲ ਤੋਰਨ ਵਾਲੇ ਵੱਡੇ-ਵੱਡੇ ਡੇਰਿਆਂ ਦੇ ਸੰਚਾਲਕ ਸੰਤਾਂ 'ਚੋਂ ਕਈ ਅਪਰਾਧਕ ਮਾਮਲਿਆਂ ਵਿੱਚ ਫਸੇ ਜੇਲ੍ਹਾਂ ਵਿੱਚ ਬੈਠੇ ਹਨ ਤੇ ਕਈਆਂ 'ਤੇ ਕੇਸ ਚੱਲ ਰਹੇ ਹਨ। ਇਨ੍ਹਾਂ ਸੰਤਾਂ ਦੇ ਅਪਰਾਧਕ ਕਾਰਨਾਮੇ ਉਜਾਗਰ ਹੋਣ 'ਤੇ ਵੀ ਅਜਿਹੇ ਸੰਤਾਂ ਲਈ ਉਨ੍ਹਾਂ ਦੇ ਸ਼ਰਧਾਲੂ ਹਾਉਕੇ ਭਰ ਰਹੇ ਹਨ ਤੇ ਉਨ੍ਹਾਂ ਦੇ ਦਰਸ਼ਨਾਂ ਲਈ ਤਰਸ ਰਹੇ ਹਨ।

Have something to say? Post your comment