ਜਨੇਵਾ, 17 ਸਤੰਬਰ (ਪੋਸਟ ਬਿਊਰੋ)- ਹਾਂਗ ਕਾਂਗ 'ਚ ਬੀਤੀ ਜੂਨ ਤੋਂ ਲੋਕਤੰਤਰ ਹਮਾਇਤੀਆਂ ਦੇ ਵਿਰੋਧ ਮੁੁਜ਼ਾਹਰੇ 'ਤੇ ਪੁਲਸ ਦੀ ਜ਼ਾਲਮਾਨਾ ਕਾਰਵਾਈ ਦੀ ਜਾਂਚ ਦੀ ਮੰਗ ਉਠਣ ਲੱਗੀ ਹੈ।
ਹਾਂਗ ਕਾਂਗ ਦੀ ਵਿਧਾਇਕਾ ਦੀ ਮੈਂਬਰ ਤਾਨਿਆ ਚਾਨ ਨੇ ਯੂ ਐਨ ਮਨੁੱਖੀ ਅਧਿਕਾਰ ਸੰਸਥਾ ਤੋਂ ਪੁਲਸ ਦੀ ਜ਼ਾਲਮ ਕਾਰਵਾਈ ਦੀ ਜਾਂਚ ਦੀ ਮੰਗ ਕੀਤੀ ਹੈ। ਏਥੇ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਪੁਲਸ ਕਈ ਵਾਰ ਲਾਠੀਚਾਰਜ ਦੇ ਨਾਲ ਅੱਥਰੂ ਗੈਸ ਦੇ ਗੋਲੇ ਦਾਗ ਚੁੱਕੀ ਹੈ ਤੇ ਰਬੜ ਦੀਆਂ ਗੋਲੀਆਂ ਵਰ੍ਹਾ ਚੁੱਕੀ ਹੈ। ਲੋਕਤੰਤਰ ਹਮਾਇਤੀ ਚਾਨ ਨੇ ਯੂ ਐਨ ਮਨੁੱਖੀ ਅਧਿਕਾਰ ਕੌਂਸਲ ਨੂੰ ਸੰਬੋਧਨ ਕਰਦਿਆਂ ਕਿਹਾ, ‘ਹਾਂਗ ਕਾਂਗ ਵਿੱਚ ਅੰਦੋਲਨ ਸ਼ੁਰੂ ਹੋਏ 100 ਦਿਨ ਹੋ ਚੁੱਕੇ ਹਨ, ਪਰ ਅਜਿਹਾ ਕੋਈ ਸੰਕੇਤ ਨਹੀਂ ਦਿਸਿਆ ਕਿ ਪੁਲਸ ਸੰਜਮ ਵਰਤੇਗੀ। ਹਾਂਗ ਕਾਂਗ 'ਚ ਲੋਕਤੰਤਰ ਦੀ ਕਮੀ ਦਾ ਇਹ ਸਿੱਧਾ ਨਤੀਜਾ ਹੈ। ਪੁਲਸ ਦੀ ਦੁਰਵਰਤੋਂ ਲਈ ਸਰਕਾਰ ਦੀ ਕੋਈ ਜਵਾਬਦੇਹੀ ਨਹੀਂ ਹੈ।' ਉਨ੍ਹਾਂ ਯੂ ਐਨ ਮਨੁੱਖੀ ਅਧਿਕਾਰ ਮੁਖੀ ਮਾਈਕਲ ਬੈਚਲੈਟ ਤੋਂ ਪੁੱਛਿਆ, ‘ਹਾਂਗ ਕਾਂਗ ਦੇ ਲੋਕਾਂ ਲਈ ਮਨੁੱਖੀ ਅਧਿਕਾਰ ਤੇ ਨਿਆਂ ਯਕੀਨੀ ਕਰਨ ਲਈ ਕੀ ਉਹ ਕੌਂਸਲ ਦੀ ਤੁਰੰਤ ਬੈਠਕ ਬੁਲਾਉਣ ਤੇ ਜਾਂਚ ਗਠਿਤ ਕਰਨ ਦੀ ਹਮਾਇਤ ਕਰਨਗੇ?'
ਇਸ ਦੌਰਾਨ ਹਾਂਗ ਕਾਂਗ ਦੀ ਪੁਲਸ ਨੇ ਚੀਨ ਹਮਾਇਤੀ ਮੁਜ਼ਾਹਰਾਕਾਰੀਆਂ ਪ੍ਰਤੀ ਨਰਮ ਰੁਖ ਅਤੇ ਲੋਕਤੰਤਰ ਪੱਖੀਆਂ ਉੱਤੇ ਸਖਤੀ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਪੁਲਸ ਬੁਲਾਰੇ ਨੇ ਕਿਹਾ ਕਿ ਦੋਹਰਾ ਮਾਪਦੰਡ ਨਹੀਂ ਅਪਣਾਇਆ ਜਾ ਰਿਹਾ ਹੈ। ਸਾਲ 1997 'ਚ ਬ੍ਰਿਟੇਨ ਤੋਂ ਚੀਨ ਦੇ ਕੰਟਰੋਲ 'ਚ ਆਏ ਹਾਂਗ ਕਾਂਗ 'ਚ ਬੀਤੇ ਜੂਨ 'ਚ ਵਿਰੋਧ ਪ੍ਰਦਰਸ਼ਨ ਦਾ ਦੌਰ ਚੱਲ ਰਿਹਾ ਹੈ। ਚੀਨ ਨੇ ਲੋਕਤੰਤਰ ਹਮਾਇਤੀ ਤਾਨਿਆ ਚਾਨ ਨੂੰ ਜਨੇਵਾ 'ਚ ਮਨੁੱਖੀ ਅਧਿਕਾਰ ਕੌਂਸਲ ਦੀ ਬੈਠਕ 'ਚ ਬੋਲਣ ਤੋਂ ਰੋਕਣ ਲਈ ਯੂ ਐਨ ਨੂੰ ਪੱਤਰ ਲਿਖ ਕੇ ਚਾਨ ਦਾ ਸੱਦਾ ਰੱਦ ਕਰਨ ਦੀ ਮੰਗ ਕੀਤੀ ਸੀ।