Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਹੋਰਨਾਂ ਗ੍ਰਹਿਆਂ ਉੱਤੇ ਜੀਵਨ ਦੀਆਂ ਸੰਭਾਵਨਾਵਾਂ ਭਾਲਦਾ ਮਨੁੱਖ

September 10, 2019 09:54 AM

-ਆਕਾਰ ਪਟੇਲ
ਜੇ ਅਸੀਂ ਜੀਵਨ ਨੂੰ ਵਿਕਾਸਵਾਦੀ ਨਜ਼ਰੀਏ ਤੋਂ ਦੇਖੀਏ ਤਾਂ ਅਹਿਮ ਪ੍ਰਾਪਤੀਆਂ ਕੀ ਹਨ? ਉਹ ਹਨ 350 ਕਰੋੜ ਸਾਲ ਪਹਿਲਾਂ ਇੱਕ ਸੈੱਲ ਵਿੱਚ ਧਰਤੀ 'ਤੇ ਜੀਵਨ ਦੀ ਸ਼ੁਰੂਆਤ ਅਤੇ ਅਗਲਾ ਕਦਮ ਸੀ ਬਹੁ-ਸੈੱਲ ਜੀਵਨ, ਫਿਰ ਥਣ-ਧਾਰੀ ਜੀਵਾਂ ਦਾ ਵਿਕਾਸ ਅਤੇ ਹੋਰ ਗੁੰਝਲਦਾਰ ਪ੍ਰਾਣੀ। ਇਸ ਤੋਂ ਬਾਅਦ ਸਮੁੰਦਰ ਤੋਂ ਧਰਤੀ ਉਤੇ ਜੀਵਨ ਦਾ ਵਿਕਾਸ ਹੋਇਆ ਅਤੇ ਫਿਰ ਅਕਲ ਜਾਂ ਸਮਝਦਾਰੀ ਦਾ ਵਿਕਾਸ ਹੋਇਆ। ਇਸੇ ਕੜੀ 'ਚ ਅਸੀਂ ਮੌਜੂਦਾ ਸਮੇਂ ਤੱਕ ਪਹੁੰਚੇ ਹਾਂ।
ਇੰਨੇ ਵੱਡੇ ਪੱਧਰ ਉੱਤੇ ਅਗਲਾ ਕਦਮ ਕੀ ਹੋਵੇਗਾ? ਇਹ ਸਪੱਸ਼ਟ ਹੋ ਜਾਂਦਾ ਹੈ ਕਿ ਜਦੋਂ ਅਸੀਂ ਇਸ ਗ੍ਰਹਿ ਉਤੇ ਆਪਣੇ ਜੀਵਨ ਨੂੰ ਵਿਕਾਸਾਦੀ ਨਜ਼ਰੀਏ ਤੋਂ ਦੇਖਦੇ ਹਾਂ ਤਾਂ ਕਲਾ, ਸੰਸਕ੍ਰਿਤੀ ਅਤੇ ਭਾਸ਼ਾ ਵਰਗੀਆਂ ਚੀਜ਼ਾਂ ਬਹੁਤੇ ਮਾਇਨੇ ਨਹੀਂ ਰੱਖਦੀਆਂ। ਮਨੁੱਖ ਜਾਤ ਨੇ ਜੋ ਜੰਗਾਂ ਲੜੀਆਂ ਤੇ ਜਿਵੇਂ ਸਾਨੂੰ ਇਤਿਹਾਸ ਪੜ੍ਹਾਇਆ ਤੇ ਸਮਝਾਇਆ ਜਾਂਦਾ ਹੈ ਕਿ ਉਹ ਖਾਸ ਅਹਿਮ ਨਹੀਂ ਰਹਿ ਗਿਆ। ਇਤਿਹਾਸ ਦੇ ਸਾਰੇ ਮਹਾਨ ਔਰਤਾਂ-ਪੁਰਸ਼ ਵੀ ਇਥੇ ਅਢੁੱਕਵੇਂ ਹੋ ਜਾਂਦੇ ਹਨ।
ਇੰਨੇ ਵੱਡੇ ਪੱਧਰ ਉੱਤੇ ਅਗਲਾ ਕਦਮ ਹੋਵੇਗਾ ਜੀਵਨ ਤੇ ਚੇਤਨਾ ਨੂੰ ਬਹੁ-ਗ੍ਰਹੀ ਬਣਾਉਣਾ, ਭਾਵ ਧਰਤੀ ਤੋਂ ਇਸ ਨੂੰ ਬਾਹਰ ਲਿਜਾਣਾ ਤੇ ਸੂਰਜ ਮੰਡਲ ਦੇ ਹੋਰ ਗ੍ਰਹਿਆਂ 'ਤੇ ਮਨੁੱਖੀ ਸਭਿਅਤਾ ਦਾ ਵਿਕਾਸ। ਜਦੋਂ ਅਸੀਂ ਇਤਿਹਾਸ ਅਤੇ ਵਿਕਾਸ ਨੂੰ ਇਸ ਨਜ਼ਰੀਏ ਨਾਲ ਦੇਖਦੇ ਹਾਂ ਤਾਂ ਦੇਸ਼ਾਂ ਦੇ ਸੰਬੰਧ ਵਿੱਚ ਸਾਡੇ ਮਤਭੇਦ ਅਤੇ ਧਰਮ ਅਰਥਹੀਣ ਅਤੇ ਛੋਟੀਆਂ ਚੀਜ਼ਾਂ ਲੱਗਣ ਲੱਗਦੇ ਹਨ। ਚੰਦਰਯਾਨ ਦੀ ਅਸਫਲਤਾ ਨੂੰ ਸਾਨੂੰ ਇਸੇ ਅੱਖ ਨਾਲ ਦੇਖਣਾ ਚਾਹੀਦਾ ਹੈ। ਇਸ ਦਾ ਮਕਸਦ ਚੰਦਰਮਾ 'ਤੇ ਬਰਫ ਦੀ ਸ਼ਕਲ ਵਿੱਚ ਪਾਣੀ ਦੀ ਸੰਭਾਵਨਾ ਲੱਭਣਾ ਸੀ। ਚੰਦ 'ਤੇ ਪਾਣੀ ਦਾ ਹੋਣਾ ਹੀ ਬਹੁ-ਗ੍ਰਹੀ ਜੀਵਨ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੋਵੇਗਾ, ਇਸ ਲਈ ਉਥੇ ਪਾਣੀ ਦੀ ਭਾਲ ਤੇ ਉਸ ਦੀ ਵਰਤੋਂ ਕਰਨਾ ਅਹਿਮ ਹੈ।
ਪੁਲਾੜ ਵਿੱਚ ਸਾਡੀ ਯਾਤਰਾ ਦੌਰਾਨ ਉਥੇ ਲਿਜਾਈਆਂ ਜਾਣ ਵਾਲੀਆਂ ਚੀਜ਼ਾਂ ਦੇ ਸੰਬੰਧ ਵਿੱਚ ਧਰਤੀ ਦੀ ਗੁਰੂਤਾ-ਖਿੱਚ ਬਹੁਤ ਅਹਿਮ ਹੈ। ਰਾਕੇਟ ਦਾ 10 ਫੀਸਦੀ ਤੋਂ ਘੱਟ ਭਾਰ ਪੰਧ 'ਚ ਸਥਾਪਤ ਕੀਤਾ ਜਾ ਸਕਦਾ ਹੈ, ਜਦ ਕਿ ਬਾਕੀ ਨੱਬੇ ਫੀਸਦੀ ਫਿਊਲ ਅਤੇ ਕੰਟੇਨਰ ਵਜੋਂ ਪਹਿਲੇ ਕੁਝ ਮਿੰਟਾਂ ਵਿੱਚ ਖਰਚ ਹੋ ਜਾਂਦਾ ਹੈ। ਅਜਿਹਾ ਇਸ ਲਈ ਹੈ ਕਿ ਪੰਧ ਵਿੱਚ ਜਾਣ ਦਾ ਮਤਲਬ ਹੈ 28000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਹਾਸਲ ਕਰਨਾ। ਜੇ ਪੁਲਾੜ ਵਿੱਚ ਕੋਈ ਚੀਜ਼ ਇਸ ਨਾਲੋਂ ਘੱਟ ਰਫਤਾਰ 'ਚ ਚੱਲਦੀ ਹੈ ਤਾਂ ਧਰਤੀ ਦੀ ਗੁਰੂਤਾ-ਖਿੱਚ ਕਾਰਨ ਇਹ ਮੁੜ ਧਰਤੀ 'ਤੇ ਆ ਜਾਵੇਗੀ। ਅਸੀਂ ਚਾਰ ਸਾਲ ਜਾਂ ਉਸ ਤੋਂ ਵੱਧ ਸਮੇਂ ਲਈ ਸਫਰ 'ਤੇ ਜਾਣਾ ਹੋਵੇ (ਮੰਗਲ 'ਤੇ ਜਾਣ ਅਤੇ ਵਾਪਸ ਆਉਣ ਵਿੱਚ ਘੱਟੋ-ਘੱਟ ਇੰਨਾ ਸਮਾਂ ਲੱਗੇਗਾ) ਤਾਂ ਅਸੀਂ ਉਸ ਲਈ ਲੋੜੀਂਦਾ ਭੋਜਨ, ਪਾਣੀ ਅਤੇ ਫਿਊਲ ਆਪਣੇ ਨਾਲ ਨਹੀਂ ਲਿਜਾ ਸਕਦੇ।
ਸਾਡੇ ਵਿੱਚੋਂ ਬਹੁਤ ਸਾਰੇ ਲੋਕ ਗਰੀਬ ਦੇਸ਼ਾਂ 'ਚ ਅਜਿਹੇ ਖਰਚ ਦੇ ਪ੍ਰਸ਼ੰਸਕ ਨਹੀਂ ਹਨ, ਪਰ ਇਥੇ ਕੁਝ ਹੋਰ ਗੱਲਾਂ 'ਤੇ ਵੀ ਵਿਚਾਰ ਕਰਨਾ ਜ਼ਰੂਰੀ ਹੈ। ਮੈਂ ਪਹਿਲਾਂ ਲਿਖਦਾ ਰਿਹਾ ਹਾਂ ਕਿ ਕਿਸ ਤਰ੍ਹਾਂ ਪੁਲਾੜ ਦੀ ਛਾਣਬੀਣ ਸਾਡੇ ਸਭ ਲਈ ਜ਼ਿਆਦਾ ਖੁੱਲ੍ਹੇ ਦਿਮਾਗ ਵਾਲਾ ਰਸਤਾ ਹੋ ਸਕਦੀ ਹੈ। ਜੀਵਨ ਦੇ ਵਿਕਾਸ ਬਾਰੇ, ਇਸ ਦੇ ਪੈਮਾਨੇ ਤੇ ਇਹ ਪੁਲਾੜ ਯਾਤਰਾ ਵਿੱਚ ਕਿਵੇਂ ਫਿੱਟ ਬੈਠਦਾ ਹੈ, ਇਸ ਬਾਰੇ ਸੋਚਣ ਨਾਲ ਕਈ ਮੌਜੂਦਾ ਮੁੱਦਿਆਂ 'ਤੇ ਸਾਡੀ ਧਾਰਨਾ ਬਦਲ ਜਾਵੇਗੀ।
ਚੰਦਰਯਾਨ ਦੀ ਅਸਫਲ ਕੋਸ਼ਿਸ਼ ਤਦੇ ਅਸਫਲਤਾ ਜਾਂ ਨੁਕਸਾਨ ਮੰਨੀ ਜਾਵੇਗੀ, ਜੇ ਅਸੀਂ ਇਸ ਤੋਂ ਕੋਈ ਸਬਕ ਨਾ ਲਈਏ। ਪੁਲਾੜ ਖਤਰਨਾਕ ਹੈ ਤੇ ਜਦੋਂ ਮਨੁੱਖ ਅਗਲਾ ਵਿਕਾਸਵਾਦੀ ਕਦਮ ਚੁੱਕਦਾ ਹੈ ਤਾਂ ਕਈ ਯਤਨ ਅਸਫਲ ਵੀ ਹੁੰਦੇ ਹਨ। ਅਜਿਹਾ ਕੋਈ ਕਦਮ ਸੋਚ-ਸਮਝ ਕੇ, ਯੋਜਨਾਬੱਧ ਢੰਗ ਨਾਲ ਚੁੱਕਿਆ ਜਾਵੇਗਾ, ਇਹ ਇੱਕ ਕੁਦਰਤੀ ਘਟਨਾ ਵਜੋਂ ਨਹੀਂ ਹੋ ਸਕਦਾ। ਦੁਨੀਆ ਦੀ ਸਭ ਤੋਂ ਵੱਡੀ ਪੁਲਾੜ ਕੰਪਨੀ ਸਪੇਸ ਐਕਸ ਦੁਨੀਆ ਦੀ ਪਹਿਲੀ ਨਿੱਜੀ ਕੰਪਨੀ ਸੀ, ਜਿਸ ਨੇ 10 ਸਾਲ ਪਹਿਲਾਂ ਇੱਕ ਰਾਕੇਟ ਨੂੰ ਪੁਲਾੜ ਦੇ ਪੰਧ ਵਿੱਚ ਸਥਾਪਤ ਕੀਤਾ ਸੀ। ਇਹ ਆਪਣੇ ਪਹਿਲੇ ਤਿੰਨ ਯਤਨਾਂ ਵਿੱਚ ਅਸਫਲ ਰਹੀ ਤੇ ਚੌਥੇ ਅਤੇ ਆਖਰੀ ਯਤਨ ਵਿੱਚ ਸਫਲ ਹੋ ਸਕੀ। ਉਦੋਂ ਇਸ ਕੋਲ ਸਿਰਫ ਚੌਥੇ ਯਤਨ ਜੋਗਾ ਧਨ ਬਾਕੀ ਸੀ। ਅੱਜ ਇੱਕ ਦਹਾਕੇ ਪਿੱਛੋਂ ਇਹ ਕੰਪਨੀ ਮਨੁੁੱਖ ਨੂੰ ਮੰਗਲ ਗ੍ਰਹਿ 'ਤੇ ਲਿਜਾਣ ਲਈ ਵੱਡੇ ਰਾਕੇਟ ਬਣਾ ਰਹੀ ਹੈ।
ਆਧੁਨਿਕ ਸਮੇਂ ਵਿੱਚ ਕੰਪਿਊਟਰਾਂ ਦੀ ਤਾਕਤ ਕਾਰਨ ਦੁਨੀਆ ਵਿੱਚ ਤਕਨੀਕ ਅਸਾਧਾਰਨ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਸਾਡੇ ਜੀਵਨਕਾਲ ਵਿੱਚ ਕੁਝ ਸਾਲਾਂ ਅੰਦਰ ਅਸੀਂ ਅਜਿਹੀਆਂ ਪ੍ਰਾਪਤੀਆਂ ਹੁੰਦੀਆਂ ਦੇਖਾਂਗੇ, ਜਿਨ੍ਹਾਂ ਦੀ ਅੱਜ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਇੱਕ ਸਮਾਂ ਆਉਣ 'ਤੇ ਧਰਤੀ ਜੀਵਨ ਧਾਰਨ ਕਰਨ ਦੇ ਯੋਗ ਨਹੀਂ ਰਹੇਗੀ ਅਤੇ ਇਹ ਅਸਲੀਅਤ ਹੈ। ਕਿਸੇ ਗ੍ਰਹਿ ਦੇ ਟਕਰਾਉਣ ਜਾਂ ਕਿਸੇ ਹੋਰ ਕੁਦਰਤੀ ਆਫਤ, ਪਰਲੋ ਨਾਲ ਧਰਤੀ 'ਤੇ ਜੀਵਨ ਖਤਮ ਹੋ ਜਾਵੇਗਾ। ਜੇ ਹੋਰ ਕੁਝ ਨਾ ਹੋਵੇ ਤਾਂ ਕੁਝ ਕਰੋੜ ਸਾਲਾਂ ਵਿੱਚ ਸੂਰਜ ਆਪਣੀ ਐਨਰਜੀ ਗੁਆ ਬੈਠੇਗਾ। ਮਨੁੱਖਾਂ ਅਤੇ ਚੇਤਨ ਪ੍ਰਾਣੀਆਂ ਲਈ ਹੋਂਦ ਦਾ ਇੱਕੋ ਤਰੀਕਾ ਬ੍ਰਹਿਮੰਡ ਵਿੱਚ ਹੋਰ ਜਗ੍ਹਾ 'ਤੇ ਜਾਣਾ ਹੋਵੇਗਾ। ਸਾਨੂੰ ਇਸਰੋ, ਨਾਸਾ, ਚੀਨੀ ਪੁਲਾੜ ਏਜੰਸੀ ਅਤੇ ਸਪੇਸ ਐਕਸ ਸਭ ਦੇ ਯਤਨਾਂ ਨੂੰ ਸਾਂਝੇ ਤੌਰ 'ਤੇ ਮਨੁੱਖਤਾ ਦੇ ਯਤਨਾਂ ਵਜੋਂ ਦੇਖਣਾ ਚਾਹੀਦਾ ਹੈ।

Have something to say? Post your comment