Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਇੱਕ ਦਿਨ ਸੂਟ ਦੇ ਲੇਖੇ

September 10, 2019 09:53 AM

-ਸੁਖਵਿੰਦਰ ਦਾਨਗੜ੍ਹ
ਹਰ ਮਹੀਨੇ ਸੂਟ ਲੈਣ ਦੇ ਬਾਵਜੂਦ ਪਤਨੀ ਦੀ ਹਮੇਸ਼ਾ ਇਹੀ ਸ਼ਿਕਾਇਤ ਰਹਿੰਦੀ ਸੀ ਕਿ ਮੇਰੇ ਕੋਲ ਚੱਜ ਦਾ ਕੋਈ ਵੀ ਸੂਟ ਨਹੀਂ ਕਿਤੇ ਆਉਣ ਜਾਣ ਨੂੰ। ਇੱਕ ਦਿਨ ਛੁੱਟੀ ਦਾ ਲਾਹਾ ਲੈ ਕੇ ਮੈਂ ਫੈਸਲਾ ਲੈ ਲਿਆ ਕਿ ਅੱਜ ਨਵਾਂ ਸੂਟ ਲੈ ਕੇ ਆਉਂਦੇ ਹਾਂ। ਬਾਜ਼ਾਰ 'ਚ ਚੰਗੀ ਜਿਹੀ ਦੁਕਾਨ ਦੇਖ ਕੇ ਪਹੁੰਚ ਗਏ ਅੰਦਰ। ਅੱਗੇ ਸੂਟਾਂ ਦਾ ਢੇਰ ਲੱਗਿਆ ਪਿਆ ਸੀ। ਲਓ ਜੀ, ਜਾਣ ਸਾਰ ਭਾਗਵਾਨ ਨੇ ਫੋਲਾ-ਫਾਲੀ ਸ਼ੁਰੂ ਕਰ ਦਿੱਤੀ। ਜਦੋਂ ਵੀ ਕੋਈ ਸੂਟ ਚੁੱਕ ਕੇ ਮੇਰੇ ਵੱਲ ਨੂੰ ਕਰੇ, ਮੈਂ ਡਰਦਾ ਹਾਮੀ ਜਿਹੀ ਭਰ ਦਿਆ ਕਰਾਂ, ‘‘ਹਾਂ, ਊਂ ਤਾਂ ਠੀਕ ਐ, ਤੇਰੇ ਕਿਵੇਂ ਲੱਗਿਆ?” ਅੱਗੋਂ ਉਸ ਦਾ ਜਵਾਬ ਹੁੰਦਾ, ‘‘ਠੀਕ ਐ ਪਰ ਰੰਗ ਥੋੜ੍ਹਾ ਗੂੜ੍ਹਾ ਐ।” ਇਹ ਆਖ ਕੇ ਉਹ ਦੁਕਾਨ ਦੇ ਖਾਨਿਆਂ ਵਿੱਚੋਂ ਪੰਜ-ਸੱਤ ਸੂਟ ਹੋਰ ਲੁਹਾ ਲੈਂਦੀ।
ਮੈਂ ਨੀਵੀਂ ਪਾ ਕੇ ਬੈਠ ਗਿਆ। ਕੁਝ ਕੁ ਸਮੇਂ ਮਗਰੋਂ ਜਦੋਂ ਦੇਖਿਆ ਤਾਂ ਸੂਟਾਂ ਦਾ ਢੇਰ ਅੱਗੇ ਨਾਲੋਂ ਦੁੱਗਣਾ ਹੋਇਆ ਜਾਪਿਆ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇੱਕ ਸੂਟ ਲੈਣ ਲਈ ਏਨੀ ਜੱਦੋਜਹਿਦ। ਨਵੇਂ ਨਵੇਂ ਸ਼ਬਦ ਜ਼ਰੂਰ ਕੰਨਾਂ ਵਿੱਚ ਪੈ ਰਹੇ ਸਨ, ‘‘ਇਹ ਵੀਰੇ ਜਾਮ ਕੌਟਨ ਲੱਗਦੀ ਐ।” ਅੱਗੋਂ ਉਹ ਆਖ ਦਿੰਦਾ, ‘‘ਨਹੀਂ ਭਾਈ! ਇਹ ਗਰੇਸ ਕੌਟਨ ਐ...”। ‘‘ਨਹੀਂ ਇਹ ਨਹੀਂ! ਇਹ ਤਾਂ ਮੇਰੇ ਕੋਲ ਹੈਗਾ ਐ... ਜਵਾਂ ਓਹੋ ਜਿਹਾ ਆਪਣੀ ਸਰਬੀ ਕੋਲ ਐ। ਓਹ ਕੈਮਰਿਕ ਦਿਖਾਈ... ਨਾਲੇ ਇਹ ਰਾਮਟੈਕਸ ਵੀ ਦਿਖਾ ਦੇਈਂ।” ਜੇ ਕਿਸੇ ਸੂਟ ਦਾ ਰੰਗ ਪਸੰਦ ਆ ਜਾਂਦਾ ਤਾਂ ਉਹ ਆਖ ਦਿੰਦੀ, ‘‘ਵੀਰੇ! ਇਸ 'ਚ ਕੋਈ ਹੋਰ ਡਿਜ਼ਾਈਨ ਨੀਂ ਐ?” ਜੇ ਕਿਸੇ ਸੂਟ ਦਾ ਡਿਜ਼ਾਈਨ ਪਸੰਦ ਆ ਜਾਂਦਾ ਤਾਂ ਉਹ ਆਖ ਦਿੰਦੀ, ‘‘ਵੀਰੇ! ਇਸ ਵਿੱਚ ਕੋਈ ਹੋਰ ਰੰਗ ਨਹੀਂ ਐ?” ਨਾ ਕੋਈ ਰੇਟ ਦਾ ਹਿਸਾਬ-ਕਿਤਾਬ, ਕਦੇ ਹਜ਼ਾਰ-ਦੋ ਹਜ਼ਾਰ ਵਾਲਾ ਸੂਟ ਪਸੰਦ ਆ ਜਾਂਦਾ ਤੇ ਕਦੇ ਚਾਰ-ਪੰਜ ਹਜ਼ਾਰ ਵਾਲਾ ਵੀ ਨਖਰੇ ਹੇਠ ਨਾ ਆਉਂਦਾ।
ਆਖਰ ਤਿੰਨ-ਚਾਰ ਘੰਟੇ ਦੀ ਤਕੜੀ ਮੁਸ਼ੱਕਤ ਮਗਰੋਂ ਇੱਕ ਸੂਟ ਦੀ ਚੋਣ ਹੋ ਗਈ। ਮੈਂ ਡੂੰਘਾ ਜਿਹਾ ਸਾਹ ਲੈ ਕੇ ਆਖ ਦਿੱਤਾ, ‘‘ਵਾਹ!! ਇਹ ਬਣੀ ਐ ਗੱਲ। ਬਿਲਕੁਲ ਨਵਾਂ ਡਿਜ਼ਾਈਨ ਐ। ਨਾਲੇ ਰੰਗ ਕਿੰਨਾ ਪਿਆਰਾ ਐ। ਹੋਰ ਤਾਂ ਹੋਰ ਇਹੋ ਜਿਹਾ ਕਿਸੇ ਦੇ ਪਾਇਆ ਵੀ ਨਹੀਂ ਦੇਖਿਆ। ਵੱਖਰਾ ਜਿਹਾ ਐ!!” ਉਹ ਹੁੱਬ ਕੇ ਬੋਲੀ, ‘‘ਪਿਓਰ ਸਿਲਕ ਦਾ ਐ। ਹੈ ਵੀ ਪੂਰੇ ਪੰਜ ਹਜ਼ਾਰ ਦਾ...।” ਉਹਦੇ ਚਿਹਰੇ ਦੇ ਹਲਕੀ ਰੌਣਕ ਝਲਕ ਰਹੀ ਸੀ। ਮੈਂ ਵੀ ਅੰਦਰੋਂ ਆਪਣੇ ਆਪ ਨੂੰ ਹੌਸਲਾ ਜਿਹਾ ਦਿੱਤਾ ਕਿ ਚਲੋ ਦੁਕਾਨ ਵਿੱਚੋਂ ਜਾਨ ਤਾਂ ਛੁੱਟੀ, ਭਾਵੇਂ ਪੰਜ ਹਜ਼ਾਰ ਲੱਗ ਗਿਆ।
ਅਜੇ ਦੁਕਾਨਦਾਰ ਸੂਟ ਲਿਫਾਫੇ ਵਿੱਚ ਪਾਉਣ ਲੱਗਿਆ ਸੀ ਕਿ ਪਤਨੀ ਬੋਲੀ, ‘‘ਵੀਰੇ, ਦੇਈਂ ਜ਼ਰਾ ਇੱਕ ਮਿੰਟ।” ਮੇਰੇ ਦਿਲ ਦੀ ਧੜਕਣ ਜਿਵੇਂ ਰੁਕ ਗਈ ਕਿ ਲਓ ਫੇਰ ਕੋਈ ਨਵਾਂ ਪੰਗਾ ਛਿੜ ਗਿਆ। ਉਹਨੇ ਸੂਟ ਫੜ ਕੇ ਬਾਹਰ ਚਾਨਣ 'ਚ ਲਿਜਾ ਕੇ ਦੇਖਣ ਮਗਰੋਂ ਮੁੜ ਲਿਫਾਫੇ ਵਿੱਚ ਪਵਾ ਲਿਆ। ਮੇਰੇ ਸਾਹ ਵਿੱਚ ਸਾਹ ਆਇਆ। ਉਹ ਮੈਨੂੰ ਕਹਿਣ ਲੱਗੀ, ‘‘ਤੁਸੀਂ ਵੀ ਆਪਣੇ ਵਾਸਤੇ ਕੋਈ ਕੁੜਤਾ ਪਜਾਮਾ ਦੇਖ ਲੈਂਦੇ।” ‘‘ਨਹੀਂ, ਮੈਂ ਤਾਂ ਕਦੇ ਫੇਰ ਲੈ ਲਊਂ”, ਇਹ ਆਖ ਕੇ ਮੈਂ ਫੱਟ ਦੇਣੇ ਦੁਕਾਨ 'ਚੋਂ ਬਾਹਰ ਨਿਕਲ ਆਇਆ। ਫਟਾਫਟ ਕਾਰ ਦੀ ਤਾਕੀ ਖੋਲ੍ਹ ਕੇ ਚਾਬੀ ਘੁਮਾ ਦਿੱਤੀ ਤੇ ਨਾਲੇ ਪੋਲੇ ਜਿਹੇ ਮੂੰਹ ਨਾਲ ਆਖਿਆ, ‘‘ਕੁਝ ਹੋਰ ਤਾਂ ਨਹੀਂ ਲੈਣਾ ਬਾਜ਼ਾਰ 'ਚੋਂ?” ‘‘ਲੈਣਾ ਤਾਂ ਸੀ। ਚਲੋ ਫੇਰ ਆ ਜਾਵਾਂਗੇ। ਜਾ ਕੇ ਰੋਟੀ-ਟੁੱਕ ਬਣਾਉਣਾ ਐ। ਲੇਟ ਹੋ ਜਾਵਾਂਗੇ, ਜੁਆਕ ਵੀ ਘਰ ਇਕੱਲੇ ਐ।” ਮੇਰੇ ਮਨਭਾਉਂਦਾ ਜੁਆਬ ਦੇ ਕੇ ਉਸ ਨੇ ਮੁੜ ਸੂਟ ਵਾਲਾ ਲਿਫਾਫਾ ਖੋਲ੍ਹ ਲਿਆ ਅਤੇ ਮੈਂ ਸਟੀਰੀਓ ਦੀ ਆਵਾਜ਼ ਹੋਰ ਉਚੀ ਕਰ ਦਿੱਤੀ।
ਘਰ ਆਉਣ ਸਾਰ ਉਸ ਨੇ ਇੱਕ-ਦੋ ਰਿਸ਼ਤੇਦਾਰੀਆਂ ਤੇ ਦੋ-ਚਾਰ ਸਹੇਲੀਆਂ ਕੋਲ ਨਵੇਂ ਲਿਆਂਦੇ ਸੂਟ ਦੀ ਸੂਚਨਾ ਦੇ ਦਿੱਤੀ। ਸੂਟ ਦੀਆਂ ਫੋਟੋਆਂ ਵਾਟਸਐਪ 'ਤੇ ਵਾਇਰਲ ਹੋ ਗਈਆਂ। ਇੱਕ ਦੋ ਥਾਵਾਂ ਤੋਂ ਸੂਟ ਸਲਾਹਿਆ ਗਿਆ, ਪਰ ਦੋ ਕੁ ਜਣਿਆਂ ਨੇ ਕੁਝ ਨੁਕਸ ਦੱਸ ਦਿੱਤੇ। ਕੁੱਲ ਮਿਲਾ ਕੇ ਸਾਰਾ ਦਿਨ ਸੂਟ ਉਸ ਦੇ ਦਿਮਾਗ ਵਿੱਚ ਘੁੰਮਦਾ ਰਿਹਾ। ਦੂਜੇ ਦਿਨ ਸਕੂਲ ਜਾਣ ਵੇਲੇ ਉਸ ਨੇ ਮੈਨੂੰ ਅਚਾਨਕ ਪੁੱਛਿਆ ‘‘ਤੁਹਾਨੂੰ ਅਗਲੀ ਛੁੱਟੀ ਕਦੋਂ ਐ?” ਮੈਂ ਕਿਹਾ, ‘‘ਆਹੀ ਸ਼ਨਿੱਚਰਵਾਰ ਨੂੰ!! ਕਿਉਂ?” ‘‘ਉਹ ਜਿਹੜਾ ਮੈਂ ਕੱਲ੍ਹ ਸੂਟ ਨੀਂ ਲੈ ਕੇ ਆਈ ਸੀ, ਉਹ ਮੋੜ ਕੇ ਹੋਰ ਲੈ ਕੇ ਆਉਣਾ ਐ!!”

Have something to say? Post your comment