Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਨਜਰਰੀਆ

ਵਿਅੰਗ: ਹਾਏ ਸਫੈਦ ਵਾਲ

August 21, 2019 10:21 AM

-ਪੂਰਨ ਸਰਨਾ
ਵਾਲ ਸਫੈਦ ਦਾ ਅੱਜਕੱਲ੍ਹ ਕੋਈ ਮਤਲਬ ਨਹੀਂ ਰਿਹਾ। ਪਹਿਲਾਂ ਸਫੈਦ ਵਾਲ ਵਿਅਕਤੀਤਵ ਦੀ ਪਛਾਣ ਹੁੰਦੇ ਸਨ। ਵਾਲ ਸਫੈਦ ਹੋਣ 'ਤੇ ਆਦਮੀ ਨੂੰ ਸਮਝਦਾਰ, ਸੁਲਝਿਆ ਹੋਇਆ ਮੰਨਿਆ ਜਾਂਦਾ ਸੀ, ਪਰ ਅੱਜਕੱਲ੍ਹ ਵਾਲ ਕਾਲੇ ਕਰਨ ਵਿੱਚ ਸਿਆਣਪ ਸਮਝੀ ਜਾਂਦੀ ਹੈ। ਅਗਲਾ ਮਨ ਵਿੱਚ ਹੱਸਦਾ ਹੈ ਕਿ ਮੈਂ ਤਾਂ 55 ਸਾਲ ਦਾ ਹਾਂ ਅਤੇ ਵਾਲ ਡਾਈ ਕਰਨ ਮਗਰੋਂ ਸਾਹਮਣੇ ਵਾਲਾ ਮੈਨੂੰ ਅਜੇ ਵੀ ਚਾਲੀ ਸਾਲ ਦਾ ਸਮਝਦਾ ਹੈ। ਅੱਜ ਦੇ ਜ਼ਮਾਨੇ ਵਿੱਚ ਬਹੁਤਿਆਂ ਦੀ ਕੋਸ਼ਿਸ਼ ਇਹੋ ਹੁੰਦੀ ਹੈ ਕਿ ਵਾਲ ਸਫੈਦ ਜ਼ਰਾ ਨਾ ਹੋਣ, ਦਿਲ ਭਾਵੇਂ ਕਾਲਾ ਰਹੇ। ਨਾਲੇ ਦਿਲ ਕਿਸ ਨੇ ਦੇਖਿਆ? ਪਹਿਲਾਂ ਲੋਕ ਦਿਲ ਦੇ ਸਾਫ ਹੁੰਦੇ ਸਨ। ਵਾਲ ਸਫੈਦ ਹੋਣ ਮਗਰੋਂ ਉਹ ਹੋਰ ਪਵਿੱਤਰ ਹੋ ਜਾਂਦੇ ਸਨ। ਘਰ ਦੇ ਮੁਖੀ ਦੇ ਵਾਲ ਜਦੋਂ ਹੀ ਸਫੈਦ ਹੋਣ ਲੱਗਦੇ ਸਨ, ਉਹ ਸੰਜੀਦਗੀ ਨਾਲ ਸਾਧੂਆਂ ਜਿਹਾ ਵਰਤਾਓ ਕਰਨ ਲੱਗਦਾ ਸੀ। ਮੁਹੱਲੇ ਦੇ ਲੋਕਾਂ 'ਚ ਉਸ ਦਾ ਸਤਿਕਾਰ ਵਧ ਜਾਂਦਾ ਸੀ। ਉਸ ਦੀ ਗੱਲ ਨੂੰ ਤਵੱਜੋਂ ਦਿੱਤੀ ਜਾਂਦੀ ਸੀ। ਅੱਜ ਕੱਲ੍ਹ ਵੇਖੋ ਸਫੈਦ ਵਾਲਾਂ ਦੀ ਆੜ ਵਿੱਚ ਕਾਲੇ ਕਾਰਨਾਮੇ ਕੀਤੇ ਜਾਂਦੇ ਹਨ। ਸਫੈਦ ਵਾਲਾਂ ਵਾਲੇ ਵਿਅਕਤੀ ਨੂੰ ਤਾਇਆ ਜਾਂ ਬਜ਼ੁਰਗੋ ਕਹਿ ਕੇ ਵੇਖੋ, ਉਸ ਦੀ ਘਰ ਵਾਲੀ ਖਾਣ ਨੂੰ ਪਵੇਗੀ। ਵਾਲ ਸਫੈਦ ਹੋਣ ਦੀ ਪ੍ਰਕਿਰਿਆ ਤੋਂ ਇਕੱਲਾ ਆਦਮੀ ਪ੍ਰੇਸ਼ਾਨ ਹੋਵੇ, ਇਹ ਗੱਲ ਨਹੀਂ, ਔਰਤਾਂ ਵੀ ਇਨ੍ਹਾਂ ਦਾ ਨਾਮੋ ਨਿਸ਼ਾਨ ਮਿਟਾ ਕੇ ਇਨ੍ਹਾਂ ਦੀ ਖੇਤੀ ਨੂੰ ਜੜ੍ਹੋਂ ਨਸ਼ਟ ਕਰਨ ਦੀ ਦਿਸ਼ਾ ਵਿੱਚ ਜਾਗਰੂਕ ਹਨ। ਜਿਹੜੀਆਂ ਔਰਤਾਂ ਚਾਲੀ ਦੀ ਉਮਰ ਵਿੱਚ ਬੁਢਾਪੇ ਦੇ ਚਿੰਨ੍ਹ ਸਰੀਰ ਉਤੇ ਆਉਣ ਉਤੇ ਆਪਣਾ ਗੌਰਵ ਸਮਝਦੀਆਂ ਸਨ, ਅੱਜ ਕੱਲ੍ਹ ਉਹ ਆਪਣੀ ਉਮਰ ਢਲਣ 'ਤੇ ਵੀ ਇਸ ਫਸਲ ਨੂੰ ਸਿਰ 'ਤੇ ਦੇਖਣਾ ਨਹੀਂ ਚਾਹੁੰਦੀਆਂ। ਉਹ ਵਾਲਾਂ ਨੂੰ ਦਵਾਈਆਂ, ਮਹਿੰਦੀ ਨਾਲ ਅਤੇ ਬਿਊਟੀ ਪਾਰਲਰ ਜਾ ਕੇ ਕਾਲੇ ਕਰਵਾ ਰਹੀਆਂ ਹਨ।
ਸਫੈਦ ਵਾਲਾਂ ਦੀ ਇਹੋ ਸਮੱਸਿਆ ਦਿਨ ਬ ਦਿਨ ਭਿਅੰਕਰ ਹੁੰਦੀ ਜਾਂਦੀ ਹੈ। ਔਰਤਾਂ ਦਾ ਖਿਆਲ ਹੈ ਕਿ ਜੇ ਸਫੈਦ ਵਾਲਾਂ ਨੂੰ ਉਗਦੇ ਰਹਿਣ ਦੇਣਗੀਆਂ ਤਾਂ ਆਦਮੀ ਉਨ੍ਹਾਂ ਵੱਲ ਦੇਖਣਾ ਪਸੰਦ ਨਹੀਂ ਕਰਨਗੇ। ਇਹੋ ਹਾਲ ਆਦਮੀਆਂ ਦਾ ਹੈ। ਉਹ ਵੀ ਚਾਹੁੰਦੇ ਹਨ ਕਿ 50 ਪਾਰ ਕਰਨ ਮਗਰੋਂ ਵੀ ਕੋਈ ਅੱਲ੍ਹੜ ਮੁਟਿਆਰ ਉਨ੍ਹਾਂ ਵੱਲ ਚਾਹਤ ਨਾਲ ਦੇਖੇ। ਇਸੇ ਲਈ ਅੱਜਕਲ੍ਹ ਵਾਲ ਰੰਗਣ ਦਾ ਫੈਸ਼ਨ ਜਿਹਾ ਹੋ ਗਿਆ ਹੈ। ਕਈ ਵਾਰ ਅਜਿਹੇ ਮਰਦਾਂ ਨੂੰ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਉਹ ਵਾਲਾਂ ਨੂੰ ਮਹਿੰਦੀ ਜਾਂ ਕਲਰ ਲਾ ਕੇ ਬੈਠੇ ਹੋਣ ਤੇ ਉਸ ਸਮੇਂ ਉਨ੍ਹਾਂ ਵੱਲ ਵੇਖਦੀ ਹੋਈ ਕੋਈ ਹਸੀਨਾ ਆ ਜਾਵੇ। ਉਸ ਸਮੇਂ ਉਨ੍ਹਾਂ ਵਿਚਾਰਿਆਂ ਕੋਲ ਅੰਕਲ ਦਾ ਰੋਲ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਰਹਿ ਜਾਂਦਾ।
ਅੱਜਕੱਲ੍ਹ ਸਕੂਟਰ ਮੋਟਰ ਸਾਈਕਲ ਉੱਤੇ ਹੈਲਮੇਟ ਪਹਿਨਣਾ ਜ਼ਰੂਰੀ ਹੋਣ ਕਾਰਨ ਕੁਝ ਲੋਕ ਇਸ ਵਿੱਚ ਆਪਣਾ ਉਲੂ ਸਿੱਧਾ ਹੁੰਦਾ ਦੇਖਦੇ ਹਨ। ਹੈਲਮੇਟ ਵਿੱਚ ਵਾਲ ਲੁਕੇ ਹੋਣ ਕਾਰਨ ਆਦਮੀ ਨੂੰ ਖੁਦ ਤਸੱਲੀ ਰਹਿੰਦੀ ਹੈ ਕਿ ਕੋਈ ਉਸ ਸਫੈਦ ਵਾਲ ਨਹੀਂ ਦੇਖ ਰਿਹਾ। ਦੇਸ਼ ਦੇ ਪੰਜਾਹ ਫੀਸਦੀ ਲੋਕ ਰੋਜ਼ ਦਾੜ੍ਹੀ ਬਣਾਉਂਦੇ ਹਨ। ਇਹ ਸਭ ਇਸ ਲਈ ਕਿ ਉਨ੍ਹਾਂ ਦੀਆਂ ਮੁੱਛਾਂ ਤੇ ਦਾੜ੍ਹੀ ਵਿੱਚ ਉਗ ਆਏ ਸਫੈਦ ਵਾਲਾਂ ਨੂੰ ਕੋਈ ਦੇਖ ਕੇ ਉਨ੍ਹਾਂ ਦੀ ਉਮਰ ਨਾ ਭਾਂਪ ਲਵੇ। ਕਈ ਵਿਚਾਰੇ ਮੁੱਛ ਰੱਖਣਾ ਚਾਹੁੰਦੇ ਹਨ, ਪਰ ਸਫੈਦ ਵਾਲ ਆਉਂਦੇ ਰਹਿਣ ਕਰ ਕੇ ਕਲੀਨਸ਼ੇਵ ਹੋਣ 'ਚ ਭਲਾਈ ਸਮਝਦੇ ਹਨ, ਜਦ ਕਿ ਮੁੱਛ ਆਦਮੀ ਦੀ ਪਛਾਣ ਹੁੰਦੀ ਹੈ, ਭਾਵ ਜਿਸ ਦੀ ਮੁੱਛ, ਉਸ ਦੀ ਪੁੱਛ, ਪਰ ਨਹੀਂ, ਉਹ ਮੁੱਛ ਕਾਹਦੀ ਜਿਹੜੀ ਪੋਲ ਹੀ ਖੋਲ੍ਹ ਦੇਵੇ। ਜਿਹੜੇ ਮੁੱਛ ਰੱਖਣਾ ਪਸੰਦ ਕਰਦੇ ਹਨ, ਉਹ ਇਸ ਨੂੰ ਕਾਲਾ ਕਰ ਰਹੇ ਹਨ। ਵਾਲਾਂ ਦਾ ਸਫੈਦ ਹੋਣਾ ਇੱਕ ਮਨੋ ਵਿਗਿਆਨਕ ਸਮੱਸਿਆ ਹੈ। ਇਸ ਵਿੱਚ ਆਦਮੀ ਥੋੜ੍ਹਾ ਸਵੈ-ਕਾਬੂ ਨਾ ਰੱਖੇ ਤਾਂ ਪਾਗਲਪਣ ਦੀ ਹੱਦ ਆ ਸਕਦੀ ਹੈ।
ਦਿਨ-ਬ-ਦਿਨ ਭਿਆਨਕ ਹੁੰਦੀ ਸਫੈਦ ਵਾਲਾਂ ਦੀ ਇਹ ਸਮੱਸਿਆ ਆਪਣੇ ਹੱਲ ਲਈ ਮੂੰਹ ਤੱਕ ਰਹੀ ਹੈ। ਜੇ ਕਿਸੇ ਕੋਲ ਇਸ ਦਾ ਬਿਨਾਂ ਡਾਈ ਦੇ ਕੋਈ ਹੱਲ ਹੋਵੇ ਤਾਂ ਮੈਨੂੰ ਮਿਲੋ, ਕਿਉਂਕਿ ਮੇਰੇ ਵੀ ਵਾਲ ਸਫੈਦ ਹੋਣ ਦੀ ਦਿਸ਼ਾ 'ਚ ਤੇਜ਼ੀ ਨਾਲ ਪਹਿਲ ਕਰ ਰਹੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ