Welcome to Canadian Punjabi Post
Follow us on

29

May 2020
ਨਜਰਰੀਆ

ਹਰਿਆਣਾ ਵਿੱਚ ਹੋਂਦ ਲਈ ਸੰਘਰਸ਼ ਕਰਦੀ ਪੰਜਾਬੀ

August 20, 2019 10:04 AM

-ਡਾਕਟਰ ਸੁਦਰਸ਼ਨ ਗਾਸੋ
ਭਾਸ਼ਾ ਕਿਸੇ ਵੀ ਸਮਾਜ ਦਾ ਦਿਲ ਹੁੰਦੀ ਹੈ। ਇਸ ਦੀ ਹਿਫਾਜ਼ਤ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਜਿਹੜਾ ਸਮਾਜ ਇਸ ਦੀ ਹਿਫਾਜ਼ਤ ਨਹੀਂ ਕਰਦਾ, ਉਸ ਦੇ ਹਸ਼ਰ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਮਾਂ-ਬੋਲੀ ਖੁਸ਼ੀਆਂ ਦੀ ਖਾਣ ਹੁੰਦੀ ਹੈ। ਮਾਂ-ਬੋਲੀ ਦੀ ਚਾਬੀ ਨਾਲ ਅਣਗਿਣਤ ਸਮੱਸਿਆਵਾਂ ਦੇ ਤਾਲੇ ਖੋਲ੍ਹੇ ਜਾ ਸਕਦੇ ਹਨ। ਇਸ ਨੂੰ ਪਿਆਰ ਨਾ ਕਰਨ ਕਰ ਕੇ ਸਮੱਸਿਆਵਾਂ ਦੇ ਅੰਬਾਰ ਲੱਗਦੇ ਰਹਿੰਦੇ ਹਨ ਅਤੇ ਅਸੀਂ ਆਪਣੇ ਪਿਆਰ ਦੇ ਭਾਵਾਂ ਨੂੰ ਪੂਰੀ ਤਰ੍ਹਾਂ ਪ੍ਰਗਟਾਉਣ ਤੋਂ ਅਸਮਰੱਥ ਰਹਿ ਜਾਂਦੇ ਹਾਂ। ਜੇ ਦੁਨੀਆ ਦੇ ਲੋਕ ਆਪੋ ਆਪਣੀਆਂ ਮਾਂ-ਬੋਲੀਆਂ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੁੰਦੇ ਤਾਂ ਸ਼ਾਇਦ ਦੁਨੀਆ ਵਿੱਚ ਏਨੇ ਯੁੱਧ ਨਾ ਹੁੰਦੇ। ਮਾਂ ਬੋਲੀ ਸਾਨੂੰ ਆਪਣੇ ਆਪ, ਦੁਨੀਆ ਅਤੇ ਪੂਰੀ ਕਾਇਨਾਤ ਨਾਲ ਪਿਆਰ ਕਰਨਾ ਸਿਖਾਉਂਦੀ ਹੈ। ਲੋਕਾਂ ਨੂੰ ਮਾਂ-ਬੋਲੀ ਨਾਲ ਪਿਆਰ ਕਰਨ ਦਾ ਪਾਠ ਪੜ੍ਹਾ ਦੇਵੋ, ਨਫਰਤਾਂ, ਲੜਾਈਆਂ ਆਪਣੇ ਆਪ ਖਤਮ ਹੋ ਜਾਣਗੀਆਂ। ਜਿਸ ਵਿਅਕਤੀ ਨੂੰ ਆਪਣੀ ਮਾਂ-ਬੋਲੀ ਸੋਹਣੀ ਨਹੀਂ ਲੱਗਦੀ, ਉਸ ਦੀ ਸੁੰਦਰਤਾ ਦੀ ਪਰਿਭਾਸ਼ਾ 'ਤੇ ਸ਼ੱਕ ਕੀਤਾ ਜਾ ਸਕਦਾ ਹੈ। ਮਾਂ ਬੋਲੀ ਦੇ ਦਰਦ ਨੂੰ ਜੇ ਉਸ ਦੇ ਪੁੱਤਰ ਨਾ ਸਮਝੇ ਤਾਂ ਹੋਰ ਕੌਣ ਸਮਝੇਗਾ?
ਦੁਨੀਆ ਵਿੱਚ ਇਸ ਸਮੇਂ ਲਗਭਗ ਛੇ ਹਜ਼ਾਰ ਭਾਸ਼ਾਵਾਂ ਹਨ। ਇਕੱਲੇ ਭਾਰਤ ਵਿੱਚ 780 ਬੋਲੀਆਂ ਹਨ, ਪਰ ਬੀਤੇ ਪੰਜਾਹ ਸਾਲਾਂ ਵਿੱਚ 221 ਭਾਸ਼ਾਵਾਂ ਲੋਪ ਹੋ ਚੁੱਕੀਆਂ ਹਨ ਤੇ 197 ਭਾਸ਼ਾਵਾਂ ਖਤਮ ਹੋਣ ਕਿਨਾਰੇ ਹਨ। ਵਿਸ਼ਵੀਕਰਨ ਦਾ ਵਰਤਾਰਾ ਹੀ ਅਜਿਹਾ ਹੈ ਕਿ ਇਹ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿੱਚ ਸਾਡੇ ਭਾਸ਼ਾਈ ਸਰੋਕਾਰਾਂ ਨੂੰ ਵਿਗਾੜ ਰਿਹਾ ਹੈ ਜਿਸ ਬਾਰੇ ਸੁਚੇਤ ਹੋਣ ਦੀ ਲੋੜ ਹੈ।
ਹਰਿਆਣਾ ਵਿੱਚ ਪੰਜਾਬੀ ਭਾਸ਼ਾ ਇੱਕ ਨਵੰਬਰ 1966 ਤੋਂ ਆਪਣੀ ਹੋਂਦ, ਹੋਂਦ ਦੀ ਕਾਇਮੀ, ਬਿਹਤਰੀ ਅਤੇ ਤਰੱਕੀ ਲਈ ਸੰਘਰਸ਼ ਕਰਦੀ ਆ ਰਹੀ ਹੈ। ਹਰਿਆਣਾ ਨੇ ਇਸ ਦੀ ਹੋਂਦ ਨੂੰ ਕਾਇਮ ਰੱਖਣ ਲਈ ਨਿਰੰਤਰ ਪਹਿਰਾ ਦਿੱਤਾ ਹੈ। ਅੱਜ ਵੀ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਹਾਂ-ਮੁਖੀ, ਸਕਾਰਾਤਮਕ ਫੈਸਲੇ ਲੈਣ ਦੀ ਲੋੜ ਹੈ।
ਹਰਿਆਣਾ ਵਿੱਚ ਪੰਜਾਬੀ ਭਾਸ਼ਾ ਨਾਲ ਸੰਬੰਧਤ ਸਭ ਤੋਂ ਵੱਡਾ ਮੁੱਦਾ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਅਧਿਆਪਕਾਂ ਤੇ ਪ੍ਰੋਫੈਸਰਾਂ ਨੂੰ ਭਰਤੀ ਦਾ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸੈਂਕੜੇ ਅਸਾਮੀਆਂ ਭਰਨ ਵਾਲੀਆਂ ਹਨ। ਅੱਜ ਤੋਂ ਕੋਈ ਇੱਕ ਸਾਲ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨੇ ਕਰਨਾਲ ਵਿੱਚ ਰੈਲੀ ਦੌਰਾਨ ਤਕਰੀਬਨ ਸੱਤ ਸੌ ਪੰਜਾਬੀ ਅਧਿਆਪਕ ਭਰਤੀ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਇਹ ਵਾਅਦਾ ਵਫਾ ਨਹੀਂ ਹੋਇਆ। ਅਨੇਕਾਂ ਕਾਲਜਾਂ ਵਿੱਚ ਪੰਜਾਬੀ ਦੀਆਂ ਅਸਾਮੀਆਂ ਭਰਨ ਦੀ ਲੋੜ ਹੈ। ਹਰਿਆਣਾ ਵਿੱਚ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਗਿਣਤੀ 23 ਤੋਂ ਵੱਧ ਹੈ। ਇਕੱਲੀ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਵਿਖੇ ਪੰਜਾਬੀ ਵਿਭਾਗ ਕੰਮ ਕਰ ਰਿਹਾ ਹੈ। ਇਸ ਵਿਭਾਗ ਵਿੱਚ ਵੀ ਇਸ ਵੇਲੇ ਸਿਰਫ ਦੋ ਅਧਿਆਪਕ (ਪ੍ਰੋਫੈਸਰ) ਹੀ ਰਹਿ ਗਏ ਹਨ। ਬਾਕੀ ਅਧਿਆਪਕ ਸੇਵਾਮੁਕਤ ਹੋ ਗਏ ਤੇ ਨਵੀਆਂ ਅਸਾਮੀਆਂ ਭਰੀਆਂ ਨਹੀਂ ਗਈਆਂ। ਸੂਬੇ ਦੀਆਂ ਦੂਜੀਆਂ ਯੂਨੀਵਰਸਿਟੀਆਂ ਵਿੱਚ ਪੰਜਾਬੀ ਵਿਭਾਗ ਖੋਲ੍ਹਣ ਦੀ ਮੰਗ 1999 ਤੋਂ ਚਲੀ ਆ ਰਹੀ ਹੈ। ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਵਿੱਚ ਪੰਜਾਬੀ ਵਿਭਾਗ ਖੋਲ੍ਹ ਕੇ ਪੱਕੇ ਤੌਰ 'ਤੇ ਪ੍ਰੋਫੈਸਰ ਭਰਤੀ ਕਰਨੇ ਚਾਹੀਦੇ ਹਨ। ਸੂਬੇ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਭਾਸ਼ਾਵਾਂ ਨਾਲ ਸੰਬੰਧਤ ਵਿਭਾਗ ਖੋਲ੍ਹੇ ਹੀ ਨਹੀਂ ਗਏ। ਕਹਿਣ ਦਾ ਭਾਵ ਕਿ ਇਨ੍ਹਾਂ ਯੂਨੀਵਰਸਿਟੀਆਂ ਨੇ ਤਾਂ ਭਾਸ਼ਾਵਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਇਨ੍ਹਾਂ ਯੂਨੀਵਰਸਿਟੀਆਂ ਨੂੰ ਚਲਾਉਣ ਲਈ ਸਰਕਾਰ ਨੇ ਕੋਈ ਰੈਗੂਲੇਟਰੀ ਕਮੇਟੀ ਨਹੀਂ ਬਣਾਈ। ਇਹ ਯੂਨੀਵਰਸਿਟੀਆਂ ਕਾਰਪੋਰੇਟ ਜਗਤ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਪੈਸਾ ਕਮਾਉਣ ਲਈ ਖੋਲ੍ਹੀਆਂ ਗਈਆਂ ਹਨ। ਸੂਬੇ ਵਿੱਚ ਬੀ ਐਡ ਕਾਲਜਾਂ ਦੀ ਗਿਣਤੀ 448 ਹੈ ਜਿਨ੍ਹਾਂ ਵਿੱਚੋਂ ਦੋ ਚਾਰ ਵਿੱਚ ਹੀ ਪੰਜਾਬੀ ਦੀ ਪੜ੍ਹਾਈ ਦਾ ਪ੍ਰਬੰਧ ਹੈ। ਸਕੂਲਾਂ ਵਿੱਚ ਪੰਜਾਬੀ ਪੜ੍ਹਦੇ ਵਿਦਿਆਰਥੀਆਂ ਵਾਸਤੇ ਸੌਖੇ ਅਤੇ ਅਨੁਕੂਲ ਵਿਸ਼ਾ-ਜੋੜ ਬਣਾਉਣ ਦੀ ਜ਼ਰੂਰਤ ਹੈ। ਨਹੀਂ ਤਾਂ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਹੋਣੀ ਸੁਭਾਵਿਕ ਹੈ।
ਇਸ ਤੋਂ ਇਲਾਵਾ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਉਪਰ ਯੂਨੀਵਰਸਿਟੀ ਖੋਲ੍ਹਣ ਦਾ ਐਲਾਨ ਹੋਇਆ ਸੀ, ਪਰ ਇਸ ਪਾਸੇ ਵੱਲ ਅਜੇ ਤੱਕ ਕੋਈ ਪਹਿਲਕਦਮੀ ਨਹੀਂ ਕੀਤੀ ਗਈ। ਹਾਂ, ਕੈਥਲ ਜ਼ਿਲ੍ਹੇ ਵਿੱਚ ਸੰਸਕ੍ਰਿਤ ਯੂਨੀਵਰਸਿਟੀ ਖੋਲ੍ਹੀ ਗਈ ਹੈ ਅਤੇ ਉਥੇ ਵਾਈਸ ਚਾਂਸਲਰ ਵੀ ਨਿਯੁਕਤ ਕਰ ਦਿੱਤੇ ਗਏ ਹਨ। ਹਰਿਆਣਾ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚਾਲੀ ਫੀਸਦੀ ਤੋਂ ਵਧੇਰੇ ਹੈ। ਸੰਸਕ੍ਰਿਤ ਵਿੱਚ ਰਿਸ਼ੀਆਂ ਮੁਨੀਆਂ ਨੇ ਵੇਦ ਉਪਨਿਸ਼ਦ ਅਤੇ ਰਮਾਇਣ ਤੇ ਮਹਾਂਭਾਰਤ ਵਰਗੇ ਗ੍ਰੰਥ ਲਿਖੇ ਅਤੇ ਸਿੱਖ ਗੁਰੂ ਸਾਹਿਬਾਨ ਨੇ ਗੁਰਬਾਣੀ ਦੀ ਰਚਨਾ ਕਰ ਕੇ ਭਟਕੀ ਹੋਈ ਮਾਨਵਤਾ ਨੂੰ ਸਹੀ ਰਸਤਾ ਦਿਖਾਇਆ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸੰਪਾਦਿਤ ਗੁਰੂ ਗ੍ਰੰਥ ਸਾਹਿਬ ਵਿੱਚ ਮੱਧਕਾਲੀ ਭਾਰਤੀ ਸਮਾਜ, ਸਭਿਆਚਾਰ ਅਤੇ ਚਿੰਤਨ ਦਾ ਅਨਮੋਲ ਖਜ਼ਾਨਾ ਸਾਂਭਿਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਤੇ ਕੁਰਬਾਨੀ ਨਾਲ ਰਾਸ਼ਟਰੀ ਗੌਰਵ ਤੇ ਸਵੈਮਾਣ ਬਿੰਬ ਜੁੜਿਆ ਹੈ। ਇਸ ਬਿੰਬ ਦੇ ਅਧਿਐਨ ਨਾਲ ਭਾਰਤੀ ਸੰਸਕ੍ਰਿਤੀ ਦਾ ਸੰਪੂਰਨ ਬਿੰਬ ਉਭਰ ਸਕਦਾ ਹੈ। ਹਿੰਦੀ ਵਿੱਚ ਭਗਤ ਕਬੀਰ, ਸੂਰਦਾਸ, ਮੀਰਾ, ਰਸਖਾਨ ਆਦਿ ਨੇ ਭਗਤੀ ਸਾਹਿਤ ਦੀ ਰਚਨਾ ਕੀਤੀ ਹੈ। ਇਨ੍ਹਾਂ ਸਾਰਿਆਂ ਦੇ ਅਧਿਐਨ ਨਾਲ ਹੀ ਸੰਸਕ੍ਰਿਤ ਯੂਨੀਵਰਸਿਟੀਆਂ ਦੀ ਪਰਿਕਲਪਨਾ ਸੰਪੂਰਨ ਹੋ ਸਕਦੀ ਹੈ। ਉਂਝ ਵੀ ਵਿਸ਼ਵ-ਵਿਦਿਆਲਿਆ ਦੀ ਹੋਂਦ ਇਕਹਿਰੀ ਗਿਆਨ ਦ੍ਰਿਸ਼ਟੀ ਅਤੇ ਗਿਆਨ ਮਾਰਗੀ ਨਹੀਂ ਹੁੰਦੀ ਸਗੋਂ ਸਮੂਹਿਕ ਗਿਆਨ-ਦਿ੍ਰਸ਼ਟੀਆਂ ਅਤੇ ਗਿਆਨ ਮਾਰਗਾਂ ਦੇ ਅਧਿਐਨ, ਅਧਿਆਪਨ ਤੇ ਸੋਚ ਬਿੰਦੂਆਂ ਦੁਆਲੇ ਉਸਰੀ ਹੁੰਦੀ ਹੈ। ਲਿਹਾਜ਼ਾ ਇਸ ਯੂਨੀਵਰਸਿਟੀ ਵਿੱਚ ਪੰਜਾਬੀ ਅਤੇ ਹਿੰਦੀ ਦੇ ਅਧਿਐਨ ਕੇਂਦਰ ਵੀ ਸਥਾਪਤ ਹੋਣੇ ਚਾਹੀਦੇ ਹਨ।
ਹਰਿਆਣਾ ਵਿੱਚ ਰੋਹਤਕ, ਕੁਰੂਕਸ਼ੇਤਰ, ਹਿਸਾਰ ਰੇਡੀਓ ਸਟੇਸ਼ਨਾਂ ਅਤੇ ਟੀ ਵੀ ਸੈਂਟਰ ਹਿਸਾਰ ਵਿੱਚ ਕਿਤੇ ਵੀ ਪੰਜਾਬੀ ਭਾਸ਼ਾ ਦੇ ਪ੍ਰੋਗਰਾਮਾਂ ਲਈ ਸਮਾਂ ਨਿਰਧਾਰਤ ਨਹੀਂ ਕੀਤਾ ਗਿਆ, ਜਦੋਂ ਕਿ ਸੂਬੇ ਦੀ ਚਾਲੀ ਫੀਸਦੀ ਤੋਂ ਜ਼ਿਆਦਾ ਵਸੋਂ ਪੰਜਾਬੀ ਬੋਲਦੀ ਤੇ ਸਮਝਦੀ ਹੈ। ਹਰਿਆਣਵੀ ਭਾਸ਼ਾ ਨਾਲ ਪੰਜਾਬੀ ਭਾਸ਼ਾ ਦੀ ਸਾਂਝ ਦੀ ਗੰਢ ਡੂੰਘੀ ਤੇ ਪੀਢੀ ਹੈ। ਹਰਿਆਣਵੀ ਅਤੇ ਪੰਜਾਬੀ ਭਾਸ਼ਾ ਦੀ ਤਕਰੀਬਨ 95 ਫੀਸਦੀ ਸ਼ਬਦਾਵਲੀ ਸਾਂਝੀ ਹੈ। ਕਈ ਥਾਵਾਂ ਉਪਰ ਕੇਵਲ ਲਹਿਜੇ ਤੇ ਉਚਾਰਣ ਦਾ ਫਰਕ ਹੀ ਨਜ਼ਰ ਆਉਂਦਾ ਹੈ।
ਇਸ ਸੂਬੇ ਦੀ ਸਥਾਪਨਾ ਨੂੰ ਪੰਜਾਹ ਸਾਲਾਂ ਤੋਂ ਵੱਧ ਹੋ ਗਿਆ ਹੈ। ਇਸ ਲਈ ਹਰਿਆਣਾ ਸਰਕਾਰ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ। ਸੂਬੇ ਵਿੱਚ ਪੁਸਤਕਾਂ ਦੇ ਪ੍ਰਕਾਸ਼ਨ ਤੇ ਵਿਕਰੀ ਲਈ ਨੈਸ਼ਨਲ ਬੁੱਕ ਟਰੱਸਟ ਵਾਂਗ ਹਰਿਆਣਾ ਬੁੱਕ ਟਰੱਸਟ ਦੀ ਸਥਾਪਨਾ ਕਰਨੀ ਚਾਹੀਦੀ ਹੈ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਵਿਸਥਾਰ ਵਾਸਤੇ ਹਰਿਆਣਾ ਪੰਜਾਬੀ ਵਿਕਾਸ ਬੋਰਡ ਸਥਾਪਤ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਸਮੇਂ ਸਮੇਂ ਪੰਜਾਬੀ ਭਾਸ਼ਾ ਦੇ ਵਿਕਾਸ ਵਿਸਥਾਰ ਦਾ ਜਾਇਜ਼ਾ ਲਵੇ ਅਤੇ ਸਰਕਾਰ ਨੂੰ ਉਸਾਰੂ ਸੁਝਾਅ ਦੇਵੇ।

Have something to say? Post your comment