Welcome to Canadian Punjabi Post
Follow us on

28

March 2024
 
ਨਜਰਰੀਆ

ਭਿ੍ਰਸ਼ਟਾਚਾਰ ਨੇ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਜੜ੍ਹਾਂ ਜਮਾਈਆਂ

August 20, 2019 10:03 AM

-ਜਸਵੰਤ ਸਿੰਘ ਅਜੀਤ
ਲੰਮੇ ਸਮੇਂ ਤੋਂ ਧਾਰਮਿਕ ਸਿੱਖ ਸੰਸਥਾਵਾਂ, ਵਿਸ਼ੇਸ਼ ਤੌਰ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਭਿ੍ਰਸ਼ਟਾਚਾਰ ਦਾ ਬੋਲਬਾਲਾ ਹੋਣ ਦੇ ਦੋਸ਼-ਜੁਆਬੀ ਦੋਸ਼ ਲੱਗ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਵੱਡੀਆਂ ਅਤੇ ਸਰਬ ਉਚ ਧਾਰਮਿਕ ਸਿੱਖ ਸੰਸਥਾਵਾਂ ਦੇ ਗਠਨ ਤੋਂ ਕੁਝ ਸਮੇਂ ਬਾਅਦ ਹੀ ਇਨ੍ਹਾਂ ਵਿੱਚ ਭਿ੍ਰਸ਼ਟਾਚਾਰ ਸ਼ੁਰੂ ਹੋ ਜਾਣ ਦੀ ਚਰਚਾ ਹੋਣ ਲੱਗ ਪਈ ਸੀ। ਇਥੋਂ ਤੱਕ ਕਿਹਾ ਜਾਣ ਲੱਗਾ ਸੀ ਕਿ ਇਨ੍ਹਾਂ ਸੰਸਥਾਵਾਂ ਵਿੱਚ ਦਿਨੋ-ਦਿਨ ਭਿ੍ਰਸ਼ਟਾਚਾਰ ਵਧਣ ਦਾ ਮੁੱਖ ਕਾਰਨ ਇਨ੍ਹਾਂ ਸੰਸਥਾਵਾਂ 'ਤੇ ਸਿਆਸਤਦਾਨਾਂ ਦਾ ਹਾਵੀ ਹੋ ਜਾਣਾ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਧਾਰਮਿਕ ਸੰਸਥਾਵਾਂ ਦੇ ਮੁਖੀ ਭਾਵੇਂ ਕੋਈ ਵੀ ਰਹੇ ਹੋਣ, ਉਹ ਆਪਣੇੇ ਆਪ ਨੂੰ ਸਿਆਸੀ ਖੇਤਰ 'ਚ ਸਥਾਪਤ ਕਰਨ ਲਈ ਇਨ੍ਹਾਂ ਸੰਸਥਾਵਾਂ ਦੇ ਸਾਧਨਾਂ ਦੀ ਵਰਤੋਂ ਕਰਨ ਤੋਂ ਸੰਕੋਚ ਨਹੀਂ ਕਰਦੇ। ਅਜਿਹਾ ਕਰਦੇ ਹੋਏ ਉਹ ਇਨ੍ਹਾਂ ਧਾਰਮਿਕ ਸੰਸਥਾਵਾਂ ਨੂੰ ਆਪਣੇ ਮੂਲ ਉਦੇਸ਼ ਸਿੱਖੀ ਪ੍ਰਚਾਰ, ਮਾਨਤਾਵਾਂ, ਪ੍ਰੰਪਰਾਵਾਂ ਤੇ ਮਰਿਆਦਾਵਾਂ ਦੀ ਰੱਖਿਆ ਵੱਲ ਸਮਰਪਿਤ ਹੋਣ ਦੀ ਥਾਂ ਇਨ੍ਹਾਂ ਨੂੰ ਭਟਕਾ ਕੇ ਇੰਨੀ ਦੂਰ ਲੈ ਜਾਂਦੇ ਹਨ, ਜਿੱਥੋਂ ਇਨ੍ਹਾਂ ਨੂੰ ਵਾਪਸ ਲਿਆਉਣਾ ਸੰਭਵ ਨਹੀਂ ਰਹਿ ਜਾਂਦਾ। ਇਸੇ ਦਾ ਨਤੀਜਾ ਹੈ ਕਿ ਧਰਮ ਪ੍ਰਚਾਰ ਦੀ ਕਮੀ ਅਤੇ ਧਾਰਮਿਕ ਮਾਨਤਾਵਾਂ ਦੀ ਰੱਖਿਆ ਪ੍ਰਤੀ ਵਰਤੀ ਜਾ ਰਹੀ ਅਣਗਹਿਲੀ ਕਾਰਨ ਸਿੱਖ ਨੌਜਵਾਨ ਭਟਕ ਕੇ ਸਿੱਖ ਧਰਮ ਦੀ ਵਿਰਾਸਤ ਤੋਂ ਟੁੱਟਦੇ ਅਤੇ ਸਿੱਖੀ ਸਰੂਪ ਨੂੰ ਤਿਆਗਣ ਚਲੇ ਜਾ ਰਹੇ ਹਨ।
ਇਨ੍ਹਾਂ ਧਾਰਮਿਕ ਸੰਸਥਾਵਾਂ ਦੀ ਕਾਰਜਸ਼ੈਲੀ 'ਤੇ ਨਜ਼ਰ ਰੱਖਦੇ ਆ ਰਹੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਬਹੁਤ ਘੱਟ ਅਜਿਹੇ ਸਿੱਖ ਹੋਣਗੇ, ਜੋ ਇਹ ਜਾਣਦੇ ਹੋਣਗੇ ਕਿ ਇਨ੍ਹਾਂ ਧਾਰਮਿਕ ਸੰਸਥਾਵਾਂ, ਵਿਸ਼ੇਸ਼ ਤੌਰ 'ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਚੱਲਦੇ ਭਿ੍ਰਸ਼ਟਾਚਾਰ ਦੀ ਨੀਂਹ ਨੂੰ ਲਗਭਗ ਦੋ ਦਹਾਕੇ ਪਹਿਲਾਂ ਓਦੋਂ ਮਜ਼ਬੂਤ ਹੋਈ ਸੀ, ਜਦੋਂ ਇੱਕ ਲੋਕਪ੍ਰਿਯ ਅਕਾਲੀ ਦਲ ਦੇ ਨੇਤਾਵਾਂ ਨੇ ਕਿਸੇ ਵੀ ਕੀਮਤ 'ਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਹਥਿਆਉਣ ਦਾ ਫੈਸਲਾ ਕੀਤਾ ਅਤੇ ਇਸ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਥੈਲੀਆਂ ਦੇ ਮੂੰਹ ਖੋਲ੍ਹੇ ਸਨ। ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀਆਂ ਵਫਾਦਾਰੀਆਂ ਤੇ ਉਨ੍ਹਾਂ ਦੇ ਆਤਮ ਸਨਮਾਨ ਦੀਆਂ ਬੋਲੀਆਂ ਲਾਉਣੀਆਂ ਸ਼ੁਰੂ ਹੋ ਗਈਆਂ ਸਨ। ਜਾਣਕਾਰ ਸਿਆਸੀ ਆਗੂਆਂ ਅਨੁਸਾਰ ਪ੍ਰਤੀ ਮੈਂਬਰ ਪੰਜ ਤੋਂ ਅੱਠ ਲੱਖ ਰੁਪਏ ਤੱਕ ਮੁੱਲ ਅਦਾ ਕਰ ਕੇ ਲੋੜ ਤੋਂ ਕੁਝ ਵੱਧ ਮੈਂਬਰਾਂ ਦੇ ਆਤਮ ਸਨਮਾਨ ਅਤੇ ਵਫਾਦਾਰੀਆਂ ਨੂੰ ਖਰੀਦਣ 'ਚ ਉਨ੍ਹਾਂ ਨੇ ਸਫਲਤਾ ਹਾਸਲ ਕਰ ਲਈ ਅਤੇ ਫਿਰ ਅਜਿਹੇ ਵਿਕਾਊ ਮੈਂਬਰਾਂ ਨੂੰ ਉਨ੍ਹਾਂ ਨੇ ਉਦੋਂ ਤੱਕ ਲਈ ਹੋਟਲ ਵਿੱਚ ਬੰਦੀ ਬਣਾਈ ਰੱਖਿਆ, ਜਦੋਂ ਤੱਕ ਕਿ ਉਨ੍ਹਾਂ ਦੀ ਮਦਦ ਨਾਲ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਹਥਿਆਉਣ 'ਚ ਸਫਲ ਨਹੀਂ ਹੋ ਗਏ। ਇਨ੍ਹਾਂ ਸਿਆਸਤਦਾਨਾਂ ਅਨੁਸਾਰ ਇਸ ਦੌਰਾਨ ਇੱਕ ਦਿਲਚਸਪ ਗੱਲ ਇਹ ਹੋਈ ਕਿ ਸਬੰਧਤ ਅਕਾਲੀ ਦਲ ਦੇ ਵਫਾਦਾਰ ਚਲੇ ਆ ਰਹੇ ਮੈਂਬਰਾਂ 'ਚੋਂ ਵੀ ਕੁਝ ਇੱਕ ਨੇ ਆਪਣੀ ਵਫਾਦਾਰੀ ਅਤੇ ਵਫਾਦਾਰ ਬਣੇ ਰਹਿਣ ਦਾ ਮੁੱਲ ਮੰਗਣਾ ਸ਼ੁਰੂ ਕਰ ਦਿੱਤਾ। ਦੱਸਿਆ ਗਿਆ ਹੈ ਕਿ ਅਜਿਹੇ ਵਫਾਦਾਰ ਮੈਂਬਰਾਂ ਨੂੰ ਵੀ ਉਨ੍ਹਾਂ ਨੇ ਪੰਜ-ਪੰਜ ਲੱਖ ਦੇ ਕੇ ਉਨ੍ਹਾਂ ਦਾ ਮੂੰਹ ਬੰਦ ਕਰ ਦਿੱਤਾ ਸੀ।
ਇਹੋ ਜਾਣਕਾਰ ਦੱਸਦੇ ਹਨ ਕਿ ਸੰਬੰਧਤ ਅਕਾਲੀ ਦਲ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਵਾਲੀ ਸੱਤਾ ਹਥਿਆ ਕੇ ਵਫਾਦਾਰੀਆਂ ਅਤੇ ਆਤਮ ਸਨਮਾਨ ਵੇਚਣ ਵਾਲਿਆਂ ਨੂੰ ਅੰਮ੍ਰਿਤਸਰ ਲਿਜਾ ਕੇ ਉਨ੍ਹਾਂ ਨੂੰ ਅਕਾਲ ਤਖਤ ਤੋਂ ਸਨਮਾਨਿਤ ਕਰਵਾਇਆ ਗਿਆ। ਅਕਾਲ ਤਖਤ ਸਾਹਿਬ ਤੋਂ ਮਿਲੇ ਸਨਮਾਨ ਨਾਲ ਇਹ ਮੈਂਬਰ ਇੰਨੇ ਉਤਸ਼ਾਹਤ ਹੋਏ ਕਿ ਸ਼ਤਾਬਦੀ ਐਕਸਪ੍ਰੈੱਸ ਰੇਲ ਗੱਡੀ ਰਾਹੀਂ ਪਰਤਦੇ ਹੋਏ ਇਨ੍ਹਾਂ ਨੇ ਸ਼ਰਾਬ ਪੀ ਕੇ ਏਨਾ ਖਰੂਦ ਮਚਾਇਆ ਕਿ ਉਨ੍ਹਾਂ ਦੇ ਸਿੱਖ ਅਤੇ ਗੈਰ ਸਿੱਖ ਸਾਥੀ ਯਾਤਰੀ ਕੰਨਾਂ ਨੂੰ ਹੱਥ ਲਾ ਕੇ ਇਹ ਕਹਿਣ ਨੂੰ ਮਜਬੂਰ ਹੋ ਗਏ ਕਿ ਜਿਸ ਕੌਮ ਦੀ ਧਾਰਮਿਕ ਸੰਸਥਾ ਦੇ ਇਹ ਆਗੂ ਹਨ, ‘ਉਸ ਦਾ ਰੱਬ ਹੀ ਰਾਖਾ' ਹੋ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਘਟਨਾ ਮਗਰੋਂ ਭਿ੍ਰਸ਼ਟਾਚਾਰ ਨੇ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਅਜਿਹੀਆਂ ਜੜ੍ਹਾਂ ਜਮਾਈਆਂ ਕਿ ਉਸ ਤੋਂ ਬਾਅਦ ਗੁਰਦੁਆਰਾ ਕਮੇਟੀ ਦੇ ਬਣਨ ਵਾਲੇ ਬਹੁਤੇ ਮੈਂਬਰ ਖੁੱਲ੍ਹੇਆਮ ਇਹ ਦਾਅਵਾ ਕਰਦੇ ਸੁਣੇ ਜਾਣ ਲੱਗੇ ਕਿ ‘‘ਜੇ ਗੁਰਦੁਆਰਾ ਕਮੇਟੀ ਦਾ ਮੈਂਬਰ ਬਣ ਕੇ ਕਮਾਈ ਨਾ ਕੀਤੀ ਤਾਂ ਲੱਖਾਂ ਖਰਚ ਕਰ ਕੇ ਗੁਰਦੁਆਰਾ ਕਮੇਟੀ ਦਾ ਮੈਂਬਰ ਬਣਨ ਦਾ ਕੀ ਲਾਭ?”
ਅੱਜ-ਕੱਲ੍ਹ ਸੋਸ਼ਲ ਮੀਡੀਆ ਉੱਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਦੇ ਨਾਂਅ ਜਾਰੀ ਕੀਤਾ ਇੱਕ ਪੱਤਰ ਵਾਇਰਲ ਹੋਇਆ ਹੈ। ਇਸ ਵਿੱਚ ਗੁਰਦੁਆਰਾ ਕਮੇਟੀ ਨੇ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਗੁਰਦੁਆਰਾ ਕਮੇਟੀ ਵੱਲੋਂ 13 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ (ਦਿੱਲੀ) ਤੋਂ ਨਨਕਾਣਾ ਸਾਹਿਬ (ਪਾਕਿਸਤਾਨ) ਤੱਕ ਆਯੋਜਤ ਕੀਤੇ ਜਾ ਰਹੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਬੰਗਲਾ ਸਾਹਿਬ ਤੋਂ ਅਟਾਰੀ ਬਾਰਡਰ ਤੱਕ ਜਾਣ ਲਈ ਆਪੋ ਆਪਣੇ ਸਕੂਲਾਂ ਦੇ ਨਾਨ-ਟੀਚਿੰਗ ਸਟਾਫ ਦੇ 10-10 ਮੈਂਬਰਾਂ ਦੀ ਡਿਊਟੀ ਲਾ ਕੇ ਉਨ੍ਹਾਂ ਦੇ ਨਾਵਾਂ ਦੀ ਸੂਚੀ ਗੁਰਦੁਆਰਾ ਕਮੇਟੀ ਦਫਤਰ ਨੂੰ ਦੱਸਣ। ਇਸ ਪੱਤਰ ਦੇ ਵਾਇਰਲ ਹੋਣ 'ਤੇ ਵਿਰੋਧੀਆਂ ਨੂੰ ਇਹ ਕਹਿਣ ਦਾ ਮੌਕਾ ਮਿਲ ਗਿਆ ਕਿ ਲੱਗਦਾ ਹੈ ਕਿ ਗੁਰਦੁਆਰਾ ਕਮੇਟੀ ਨੂੰ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਲਈ ਸੰਗਤਾਂ ਤੋਂ ਆਸ ਅਨੁਸਾਰ ਸਹਿਯੋਗ ਨਹੀਂ ਮਿਲਿਆ, ਜਿਸ ਕਾਰਨ ਉਨ੍ਹਾਂ ਨੂੰ ਵਿਦਿਅਕ ਸੰਸਥਾਵਾਂ ਦੇ ਸਟਾਫ ਨੂੰ ਨਗਰ ਕੀਰਤਨ ਵਿੱਚ ਸ਼ਾਮਲ ਕਰ ਕੇ ਉਸ ਦੀ ਸ਼ੋਭਾ ਵਧਾਏ ਜਾਣ ਦੀ ਲੋੜ ਪੈ ਰਹੀ ਹੈ।
ਬੀਤੇ ਕੁਝ ਸਮੇਂ ਤੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਬਹੁਤ ਹੀ ਸਰਗਰਮ ਦਿਖਾਈ ਦੇਣ ਲੱਗੇ ਹਨ। ਬਿਹਾਰ ਵਿੱਚ ਸਿੱਖ ਨੌਜਵਾਨਾਂ ਉੱਤੇ ਹਮਲਾ ਕੀਤੇ ਜਾਣ ਦੀ ਘਟਨਾ ਹੋਵੇ ਜਾਂ ਆਤਮ ਹੱਤਿਆ 'ਤੇ ਉਤਾਰੂ ਔਰਤ ਨੂੰ ਜਾਨ ਉੱਤੇ ਖੇਡ ਕੇ ਬਚਾਉਣ ਵਾਲੇ ਸਿੱਖ ਨੌਜਵਾਨ ਦਾ ਸਨਮਾਨ ਕੀਤੇ ਜਾਣ ਦਾ ਸਨਮਾਨ ਹੋਵੇ, ਅਜਿਹੇ ਹਰ ਮੁੱਦੇ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਮਨਜੀਤ ਸਿੰਘ ਜੀ ਕੇ ਅੱਗੇ ਦਿਖਾਈ ਦੇਣ ਲੱਗੇ ਹਨ, ਜਿਸ ਤੋਂ ਲੱਗਦਾ ਹੈ ਕਿ ਉਹ ਇੱਕ ਵਾਰ ਫਿਰ ਦਿੱਲੀ ਦੀ ਸਿਆਸਤ ਵਿੱਚ ਆਪਣਾ ਪੁਰਾਣਾ ਕੱਦ ਸਥਾਪਤ ਕਰਨ ਲਈ ਸਰਗਰਮ ਹੋ ਗਏ ਹਨ। ਇਸ ਦੇ ਵਿਰੁੱਧ ਜਿਸ ਤਰ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਦੁਆਰਾ ਕਮੇਟੀ ਅਤੇ ਉਸ ਦੇ ਪ੍ਰਬੰਧ ਅਧੀਨ ਸੰਸਥਾਵਾਂ ਨਾਲ ਸੰਬੰਧਤ ਪ੍ਰਬੰਧਖ ਕਮੇਟੀਆਂ ਦਾ ਮੁੜ ਗਠਨ ਕਰਦੇ ਹੋਏ ਮਨਜੀਤ ਸਿੰਘ ਜੀ ਕੇ ਦੇ ਸਮਰਥਕ ਮੰਨੇ ਜਾਂਦੇ ਮੈਂਬਰਾਂ ਨੂੰ ਬਾਹਰ ਰੱਖਿਆ ਜਾ ਰਿਹਾ ਹੈ, ਉਸ ਤੋਂ ਲੱਗਣ ਲੱਗਾ ਹੈ, ਜਿਵੇਂ ਜੀ ਕੇ ਦੀ ਸਰਗਰਮੀ ਉਨ੍ਹਾਂ 'ਤੇ ਭਾਰੀ ਪੈ ਰਹੀ ਹੈ। ਸ਼ਾਇਦ ਇਸੇ ਲਈ ਉਨ੍ਹਾਂ ਨੇ ਸਿੱਖ ਮੁੱਦਿਆਂ ਬਾਰੇ ਨਿੱਤ ਨਵੇਂ ਬਿਆਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ, ਪਰ ਉਨ੍ਹਾਂ ਨੂੰ ਸਿੱਖ ਮੁੱਦਿਆਂ ਦੀ ਗੱਲ ਕਰਦੇ ਹੋਏ ਆਪਣੇ ਭਾਜਪਾ ਨਾਲ ਸੰਬੰਧਾਂ ਦਾ ਖਿਆਲ ਵੀ ਰੱਖਣਾ ਹੁੰਦਾ ਹੈ, ਜਿਸ ਦੇ ਕਾਰਨ ਕਈ ਵਾਰ ਉਹ ‘ਧੋਖਾ' ਖਾ ਜਾਂਦੇ ਹਨ। ਪਿਛਲੇ ਦਿਨੀਂ ਉਨ੍ਹਾਂ ਵੱਲੋਂ ਕਸ਼ਮੀਰ ਦੀਆਂ ਲੜਕੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਵਾਲੇ ਵਿਅਕਤੀ, ਜਿਸ ਨੂੰ ਖਾਲਿਸਤਾਨ ਸਮਰਥਕ ਦੱਸਿਆ ਜਾ ਰਿਹਾ ਹੈ, ਦੇ ਪੱਖ ਵਿੱਚ ਬਿਆਨ ਜਾਰੀ ਕਰ ਦੇਣ 'ਤੇ ਇਹੋ ਹੋਇਆ, ਜਿਸ ਉਤੇ ਇਤਰਾਜ਼ ਦਰਜ ਕਰਾਉਂਦੇ ਹੋਏ ਭਾਜਪਾ ਨੇਤਾ ਆਰ ਪੀ ਸਿੰਘ ਨੇ ਉਨ੍ਹਾਂ ਨੂੰ ਲੰਮੇ ਹੱਥੀਂ ਲਿਆ ਸੀ।
ਇਨ੍ਹੀਂ ਦਿਨੀਂ ਦਿੱਲੀ ਗੁਰਦੁਆਰਾ ਕਮੇਟੀ ਦੀ ਇੱਕ ਵਾਇਰਲ ਹੋਈ ਖਬਰ ਮੁਤਾਬਕ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਗੁਰੂ ਸਾਹਿਬ ਦਾ ਸੰਦੇਸ਼ ਦੁਨੀਆ ਭਰ ਵਿੱਚ ਫੈਲਾਉਣ ਦੇ ਉਦੇਸ਼ ਨਾਲ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਬਾਹਰ ਸਟਾਲ ਲਾ ਕੇ ਲੋਕਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਸਟਾਲਾਂ ਉਤੇ ‘20 ਰੁਪਏ' ਦੀ ਲੰਗਰ ਦੀ ਰਸੀਦ ਕਟਵਾਉਣ ਉਤੇ ਇੱਕ ਯਾਦਗਾਰੀ ਟੋਕਨ ਦਿੱਤਾ ਜਾਵੇਗਾ। ਇਸ ਪੋਸਟ ਬਾਰੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਵਿਰੋਧੀਆਂ ਵੱਲੋਂ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਲੰਮੇ ਹੱਥੀਂ ਲਿਆ ਜਾਣ ਲੱਗਾ ਹੈ ਕਿ ਸਿਰਸਾ ਗੁਰੂ ਦੇ ਲੰਗਰ ਦੀ ਮਰਿਆਦਾ ਨੂੰ ਆਪਣੀ ਵਪਾਰਕ ਦਿ੍ਰਸ਼ਟੀ ਦੇ ਆਧਾਰ 'ਤੇ ਬਦਲ ਰਹੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ