ਢਾਕਾ, 19 ਅਗਸਤ (ਪੋਸਟ ਬਿਊਰੋ)- ਬੰਗਲਾ ਦੇਸ਼ ਦੀ ਰਾਜਧਾਨੀ ਢਾਕਾ 'ਚ ਇਕ ਝੁੱਗੀਆਂ ਵਾਲੀ ਬਸਤੀ 'ਚ ਭਿਅੰਕਰ ਅੱਗ ਲੱਗ ਜਾਣ ਕਾਰਨ 50 ਹਜ਼ਾਰ ਲੋਕ ਬੇਘਰ ਹੋ ਗਏ। ਬੀ ਬੀ ਸੀ ਮੁਤਾਬਕ ਬੀਤੇ ਦਿਨ ਲੱਗੀ ਅੱਗ 'ਚ ਚਾਲਾਨਟਿਕਾ ਝੁੱਗੀ ਬਸਤੀ 'ਚ ਕਰੀਬ 15,000 ਘਰ ਸੜ ਕੇ ਸੁਆਹ ਹੋ ਗਏ।
ਅਧਿਕਾਰੀਆਂ ਨੇ ਕਿਹਾ ਕਿ ਕਈ ਘਰਾਂ ਦੀਆਂ ਛੱਤਾਂ ਪਲਾਸਟਿਕ ਦੀਆਂ ਸਨ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ, ਪਰ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ, ਕਈ ਲੋਕ ਜ਼ਖਮੀ ਹੋਏ ਹਨ। ਬਹੁਤੇ ਲੋਕ ਮਾਮੂਲੀ ਕਮਾਈ ਕਰਨ ਵਾਲੇ ਹਨ ਅਤੇ ਸਾਰੇ ਲੋਕ ਬਕਰੀਦ ਦਾ ਤਿਉਹਾਰ ਮਨਾਉਣ ਦੇ ਲਈ ਆਪਣੇ ਜੱਦੀ ਘਰ ਗਏ ਹੋਏ ਸਨ। ਅੱਗ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਅੱਗ ਬੁਝਾਉਣ ਲਈ ਫਾਇਰ ਕਰਮੀਆਂ ਨੂੰ ਛੇ ਘੰਟੇ ਤੋਂ ਵੱਧ ਸਮਾਂ ਲੱਗਾ। ਢਾਕਾ ਨਾਰਥ ਸਿਟੀ ਕਾਰਪੋਰੇਸ਼ਨ ਦੇ ਮੇਅਰ ਅਤੀਕੁਲ ਇਸਲਾਮ ਦਾ ਕਹਿਣਾ ਹੈ ਕਿ ਹਾਦਸੇ ਦੇ ਪੀੜਤਾਂ ਨੂੰ ਫਿਲਹਾਲ ਅਸਥਾਈ ਕੈਂਪਾਂ 'ਚ ਰੱਖਿਆ ਜਾ ਰਿਹਾ ਹੈ ਅਤੇ ਜਲਦੀ ਹੀ ਉਨ੍ਹਾਂ ਦੇ ਲਈ ਰਿਹਾਇਸ਼ਾਂ ਦਾ ਪ੍ਰਬੰਧ ਕੀਤਾ ਜਾਵੇਗਾ। ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਦੀ ਰਿਪੋਰਟ ਅਗਲੇ 15 ਦਿਨਾਂ 'ਚ ਆਵੇਗੀ।