Welcome to Canadian Punjabi Post
Follow us on

29

March 2020
ਨਜਰਰੀਆ

ਕਿਸਾਨੀ ਜਨ ਜੀਵਨ ਦੀ ਮਹਿਕ

August 19, 2019 10:05 AM

-ਸੁਖਦੇਵ ਮਾਦਪੁਰੀ
ਇਤਿਹਾਸ ਦੀਆਂ ਪੈੜਾਂ ਪੰਜਾਬ ਦੇ ਜੱਟਾਂ ਨੂੰ ਆਰੀਆ ਨਸਲ ਨਾਲ ਜਾ ਜੋੜਦੀਆਂ ਹਨ। ਇਹ ਆਰੀਆ ਨਸਲ ਦੇ ਇੰਡੋ-ਸਿੱਥੀਅਨ ਘਰਾਣੇ ਹਨ, ਜਿਨ੍ਹਾਂ ਨੂੰ ਪੰਜਾਬ ਦੇ ਮੋਢੀ ਵਸਨੀਕ ਹੋਣ ਦਾ ਮਾਣ ਪ੍ਰਾਪਤ ਹੈ। ਜੱਟ ਪੰਜਾਬ ਦੀ ਸਿਰਮੌਰ ਜਾਤੀ ਹੈ। ਇਨ੍ਹਾਂ ਦੀ ਸਰੀਰਿਕ ਬਣਤਰ, ਨਰੋਆ ਅਤੇ ਤਕੜਾ ਸਰੀਰ, ਗੇਲੀਆਂ ਵਾਂਗ ਜਿਸਮ, ਪਹਾੜਾਂ ਵਰਗਾ ਬੁਲੰਦ ਹੌਸਲਾ, ਦਰਿਆਵਾਂ ਵਰਗੀ ਦਰਿਆਦਿਲੀ, ਸੂਰਮਤਾਈ, ਨਿਡਰਤਾ, ਮਿਹਨਤੀ ਤੇ ਖਾੜਕੂ ਸੁਭਾਅ ਇਨ੍ਹਾਂ ਦੀ ਵਿਲੱਖਣ ਪਛਾਣ ਹੈ। ਇਹ ਨਾ ਕੁਦਰਤੀ ਆਫਤਾਂ ਤੋਂ ਘਬਰਾਉਂਦੇ ਹਨ ਤੇ ਨਾ ਸਮਾਜਿਕ ਵਰਤਾਰਿਆਂ ਤੋਂ। ਇਨ੍ਹਾਂ ਦੀਆਂ ਔਰਤਾਂ ਵੀ ਮਨ ਮੋਹਣੀਆਂ ਹਨ, ਜੋ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਾਲੀਆਂ ਹਨ।
ਪੰਜਾਬ ਦੇ ਜੱਟ ਭਿੰਨ-ਭਿੰਨ ਕਬੀਲਿਆਂ ਦਾ ਮਿਲਿਆ ਜੁਲਿਆ ਭਾਈਚਾਰਾ ਹੈ। ਜੱਟਾਂ, ਗੁੱਜਰਾਂ, ਰਾਜਪੂਤਾਂ ਅਤੇ ਸੈਣੀਆਂ ਦੇ ਗੋਤ ਸਾਂਝੇ ਹਨ, ਰਸਮ ਰਿਵਾਜ ਸਾਂਝੇ ਹਨ। ਮੰਨਤਾ ਮਨੌਤਾਂ ਸਾਂਝੀਆਂ ਹਨ। ਜੱਟ ਵੱਖ-ਵੱਖ ਧਰਮਾਂ ਵਿੱਚ ਵੰਡੇ ਹੋਏ ਹਨ। ਸਿੱਖ, ਹਿੰਦੂ, ਮੁਸਲਮਾਨ ਤੇ ਬਿਸ਼ਨੋਈ ਜੱਟ ਆਦਿ, ਪਰ ਇਨ੍ਹਾਂ ਦਾ ਖੂਨ ਸਾਂਝਾ ਹੈ ਤੇ ਸੱਭਿਆਚਾਰ ਵੀ ਸਾਂਝਾ ਹੈ। ਪੰਜਾਬ ਦਾ ਜੱਟ ਕਦੀ ਵੀ ਕੱਟੜ ਧਰਮੀ ਤੇ ਕੱਟੜ ਪੰਥੀ ਨਹੀਂ ਰਿਹਾ। ਉਹ ਸਾਰੇ ਧਰਮਾਂ ਨੂੰ ਸਤਿਕਾਰਦਾ ਹੈ। ਅੱਜ ਵੀ ਪੰਜਾਬ ਦੇ ਜੱਟ ਸਿੱਖ ਨੈਣਾਂ ਦੇਵੀ ਦੇ ਚਾਲੇ ਉਤੇ ਜਾਂਦੇ ਹਨ, ਹਰਿਦੁਆਰ ਆਪਣੇ ਵਡੇਰਿਆਂ ਦੇ ਫੁੱਲ ਜਲ ਪ੍ਰਵਾਹ ਕਰਦੇ ਹਨ, ਪਹੋਏ ਗਤੀ ਕਰਾਉਂਦੇ ਹਨ, ਮੁਸਲਮਾਨ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਉਤੇ ਜ਼ਿਆਰਤਾਂ ਕਰਦੇ ਹਨ, ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਅੰਮ੍ਰਿਤਸਰ ਦੀ ਵਿਸਾਖੀ, ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਅਤੇ ਮੁਕਤਸਰ ਦੀ ਮਾਘੀ ਆਦਿ ਇਨ੍ਹਾਂ ਦੇ ਤੀਰਥ ਅਸਥਾਨ ਹਨ।
ਪੰਜਾਬ ਦੇ ਜੱਟਾਂ ਦਾ ਮੁੱਢਲਾ ਜੀਵਨ ਜ਼ੋਖਮ ਭਰਪੂਰ ਸੀ। ਅਨੇਕਾਂ ਸਦੀਆਂ ਪਹਿਲਾਂ ਉਹ ਦਰਿਆਵਾਂ ਦੇ ਕੰਢਿਆਂ 'ਤੇ ਫਿਰਤੂ ਕਬੀਲਿਆਂ ਦੇ ਰੂਪ ਵਿੱਚ ਰਹਿੰਦੇ ਸਨ। ਪਸ਼ੂ ਪਾਲਣੇ ਤੇ ਖੇਤੀ ਇਨ੍ਹਾਂ ਦਾ ਮੁੱਖ ਧੰਦਾ ਸੀ। ਇਨ੍ਹਾਂ ਜੱਟਾਂ ਨੇ ਸਖਤ ਮਿਹਨਤ ਨਾਲ ਜੰਗਲਾਂ ਬੇਲਿਆਂ ਨੂੰ ਸਾਫ ਕਰਕੇ ਜ਼ਮੀਨਾਂ ਵਾਹੀ ਯੋਗ ਬਣਾਈਆਂ ਤੇ ਪੱਕੇ ਤੌਰ 'ਤੇ ਨਿੱਕੇ-ਨਿੱਕੇ ਪਿੰਡ ਵਸਾ ਕੇ ਉਹ ਜ਼ਮੀਨਾਂ ਤੇ ਪਿੰਡਾਂ ਦੇ ਮਾਲਕ ਬਣ ਗਏ। ਗਿਆਰਵੀਂ ਸਦੀ ਦੇ ਆਰੰਭ ਤੱਕ ਉਹ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਫੈਲ ਚੁੱਕੇ ਸਨ। ਰਿਗਵੇਦ, ਮਹਾਂਭਾਰਤ ਅਤੇ ਪੁਰਾਣ ਇਨ੍ਹਾਂ ਦੇ ਪੰਜਾਬ ਵਿੱਚ ਆਬਾਦ ਹੋਣ ਦੀ ਸ਼ਾਹਦੀ ਭਰਦੇ ਹਨ।
ਪੰਜਾਬੀ ਜੱਟਾਂ ਨੇ ਬੜੀ ਮਿਹਨਤ ਨਾਲ ਜ਼ਮੀਨਾਂ ਆਬਾਦ ਕੀਤੀਆਂ, ਪਿੰਡ ਵਸਾਏ ਸਨ, ਇਸ ਲਈ ਇਨ੍ਹਾਂ ਦੇ ਰੋਮ-ਰੋਮ ਵਿੱਚ ਆਪਣੀ ਮਿੱਟੀ ਦਾ ਮੋਹ ਰਮਿਆ ਹੋਇਆ ਹੈ। ਉਹ ਆਪਣੀ ਮਿੱਟੀ ਦੇ ਕਣ-ਕਣ ਨੂੰ ਪਿਆਰ ਕਰਦੇ ਹਨ। ਇਹ ਜੱਟ ਹੀ ਸਨ, ਜਿਨ੍ਹਾਂ ਨੇ ਵਿਦੇਸ਼ੀ ਜਰਵਾਣਿਆਂ ਸਿਕੰਦਰ, ਤੈਮੂਰਲੰਗ, ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਮਹਮੂਦ ਗਜ਼ਨਵੀ ਤੇ ਮੁਹੰਮਦ ਗੌਰੀ ਆਦਿ ਹਮਲਾਵਰਾਂ ਦਾ ਮੁਕਾਬਲਾ ਕਰਕੇ ਉਨ੍ਹਾਂ ਦੇ ਛੱਕੇ ਛੁਡਾਏ ਸਨ।
ਆਦਿ ਕਾਲ ਤੋਂ ਕਿਸਾਨੀ ਜੀਵਨ ਪੰਜਾਬੀਆਂ ਦੀ ਪ੍ਰਮੁੱਖ ਜੀਵਨ ਧਾਰਾ ਰਹੀ ਹੈ ਤੇ ਪਿੰਡ ਇਕ ਸੰਪੂਰਨ ਇਕਾਈ ਦੇ ਰੂਪ ਵਿੱਚ ਵਿਕਸਤ ਹੋ ਚੁੱਕਾ ਸੀ। ਜੱਟ ਜ਼ਮੀਨਾਂ ਦੇ ਮਾਲਕ ਸਨ ਤੇ ਹੋਰ ਉਪ ਜਾਤੀਆਂ ਇਨ੍ਹਾਂ ਦੇ ਸਹਿਯੋਗੀ ਦੇ ਰੂਪ ਵਿੱਚ ਵਿਚਰ ਰਹੀਆਂ ਸਨ। ਲੋਕਾਂ ਦੀਆਂ ਜੀਵਨ ਲੋੜਾਂ ਥੋੜ੍ਹੀਆਂ ਸਨ। ਹਰ ਲੋੜ ਪਿੰਡ ਵਿੱਚ ਹੀ ਪ੍ਰਾਪਤ ਹੋ ਜਾਂਦੀ ਸੀ। ਜੱਟ ਜ਼ਿਮੀਂਦਾਰ ਫਸਲਾਂ ਉਗਾਉਂਦੇ ਸਨ, ਤਰਖਾਣ, ਲੁਹਾਰ, ਝਿਊਰ, ਪ੍ਰੋਹਤ, ਤੇਲੀ, ਡੂਮ, ਬਾਜ਼ੀਗਰ ਆਦਿ ਉਪ ਜਾਤਾਂ ਇਨ੍ਹਾਂ ਦੀ ਖੇਤੀ ਅਤੇ ਸਮਾਜਿਕ ਕਾਰਜਾਂ ਵਿੱਚ ਮਦਦਗਾਰ ਹੁੰਦੀਆਂ ਸਨ। ਇਨ੍ਹਾਂ ਨੂੰ ਸੇਪੀ ਆਖਦੇ ਸਨ। ਇਸ ਮਦਦ ਦੇ ਬਦਲੇ ਵਿੱਚ ਜੱਟ ਕਿਸਾਨ ਇਨ੍ਹਾਂ ਨੂੰ ਹਾੜ੍ਹੀ ਸਾਉਣੀ ਆਪਣੀ ਫਸਲ ਤੋਂ ਪ੍ਰਾਪਤ ਹੋਈ ਜਿਣਸ ਵਿੱਚ ਬੰਨ੍ਹਵਾਂ ਹਿੱਸਾ ਸੇਪ ਦੇ ਰੂਪ ਵਿੱਚ ਦਿੰਦਾ ਸੀ। ਨਕਦ ਪੈਸੇ ਦੇਣ ਦਾ ਰਿਵਾਜ ਨਹੀਂ ਸੀ। ਹਰ ਹਲ ਦੀ ਖੇਤੀ ਅਨੁਸਾਰ ਹਰ ਉਪਜਾਤੀ ਲਈ ਦਾਣਿਆਂ ਦੀ ਮਾਤਰਾ ਬੰਨ੍ਹੀ ਹੋਈ ਸੀ, ਜਿਵੇਂ ਇਕ ਹਲ ਦੀ ਖੇਤੀ ਕਰਨ ਵਾਲਾ ਕਿਸਾਨ ਤਰਖਾਣ ਨੂੰ ਦੋ ਮਣ ਦਾਣੇ, ਦੋ ਹਲਾਂ ਵਾਲਾ ਚਾਰ ਮਣ ਦਾਣੇ ਹਾੜ੍ਹੀ ਸਾਉਣੀ ਦਿੰਦਾ ਸੀ। ਤਰਖਾਣ ਲੱਕੜੀ ਦਾ ਕੰਮ ਕਰਦੇ ਸਨ, ਲੁਹਾਰ ਲੋਹੇ ਦੇ ਸੰਦ ਬਣਾਉਂਦੇ, ਘੁਮਾਰ ਭਾਂਡੇ ਤੇ ਘੜੇ ਆਦਿ ਪੱਥਦੇ ਸਨ। ਛੀਬੇ ਕੱਪੜੇ ਲੀੜੇ ਸਿਉਂਦੇ ਸਨ ਅਤੇ ਝਿਉਰ ਘਰਾਂ ਵਿੱਚ ਜਾ ਕੇ ਪਾਣੀ ਭਰਦੇ ਸਨ। ਪਿੰਡ ਦਾ ਪ੍ਰੋਹਤ ਪਿੰਡ ਦਾ ਹਟਵਾਣੀਆਂ ਸੀ ਤੇ ਨਾਲ ਦਵਾਈ ਬੂਟੀ ਦਾ ਆਹੁੜ ਪੁਹੜ ਕਰਨ ਵਾਲਾ ਹਕੀਮ। ਤੇਲੀ ਕੋਹਲੂ ਨਾਲ ਤੇਲ ਕੱਢਦੇ ਸਨ। ਨਾਈ ਵਿਆਹ ਸ਼ਾਂਦੀਆਂ ਸਮੇਂ ਰਿਸ਼ਤੇਦਾਰੀਆਂ ਵਿੱਚ ਗੱਠਾਂ ਦੇਣ ਜਾਂਦੇ ਸਨ।
ਹਰੇ ਇਨਕਲਾਬ ਤੋਂ ਪਹਿਲਾਂ ਹਾੜ੍ਹੀ ਦੀ ਵਢਾਈ ਸਮੇਂ ਸਾਰੇ ਪਿੰਡ ਦਾ ਹਰ ਵਾਸੀ ਸਰਗਰਮ ਹੋ ਜਾਂਦਾ ਸੀ। ਕਣਕ ਪੰਜਾਬ ਦੀ ਮੁੱਖ ਫਸਲ ਸੀ। ਕਣਕ ਦੀ ਵਾਢੀ ਸਮੇਂ ਖੇਤਾਂ ਵਿੱਚ ਰੌਣਕਾਂ ਲੱਗ ਜਾਣੀਆਂ, ਵਾਢੀਆਂ ਨੇ ਲਲਕਾਰੇ ਮਾਰਨੇ, ਕਿਧਰੇ ਦਾਤੀਆਂ ਦੇ ਦੰਦੇ ਕੱਢਣ ਲਈ ਤਰਖਾਣ ਨੇ ਖੇਤੋਂ-ਖੇਤ ਫਿਰਨਾ, ਕਿਧਰੇ ਝਿਊਰ ਨੇ ਪਾਣੀ ਦੀ ਮਸ਼ਕ ਭਰਕੇ ਵਾਢੀ ਕਰਨ ਵਾਲਿਆਂ ਨੂੰ ਓਕ ਨਾਲ ਪਾਣੀ ਪਿਲਾਉਣਾ। ਜੇ ਕਿਸੇ ਜੱਟ ਨੇ ਹਾੜ੍ਹੀ ਵੱਢਣ ਲਈ ਆਵ੍ਹਤ ਲਾਈ ਹੋਣੀ ਤਾਂ ਭਰਾਈ ਨੇ ਢੋਲ 'ਤੇ ਡੱਗਾ ਮਾਰ ਕੇ ਕਣਕ ਵੱਢਦੇ ਜੱਟਾਂ ਦੇ ਹੌਸਲੇ ਬੁਲੰਦ ਕਰਨੇ। ਹਰ ਜੱਟ ਨੇ ਝਿਊਰ, ਤਰਖਾਣ, ਘੁਮਾਰ ਤੇ ਹੋਰ ਲਾਗੀ ਤੱਬੀ ਨੂੰ ਥੱਬਾ-ਥੱਬਾ ਭਰ ਕੇ ਕਣਕ ਦੇ ਲਾਣ ਦਾ ਦੇਣਾ। ਇਸ ਤਰ੍ਹਾਂ ਇਹ ਲਾਗੀ ਕਈ-ਕਈ ਭਰੀਆਂ ਰੋਜ਼ ਦੀਆਂ 'ਕੱਠੀਆਂ ਕਰ ਲੈਂਦੇ। ਇੰਜ ਉਹ ਆਪਣੇ ਟੱਬਰ ਦੇ ਗੁਜ਼ਾਰੇ ਜੋਗਾ ਸਾਲ ਭਰ ਦਾ ਅਨਾਜ 'ਕੱਠਾ ਕਰ ਲੈਂਦੇ ਸਨ।
ਸੁਖੀ ਸਾਂਦੀ ਵਸਦੇ ਪੰਜਾਬ ਦੇ ਹਰ ਪਿੰਡ ਦੀਆਂ ਖੁਸ਼ੀਆਂ ਗਮੀਆਂ ਸਾਂਝੀਆਂ ਸਨ। ਮੇਲੇ ਤਿਉਹਾਰ ਤੇ ਹੋਰ ਰਸਮੋ ਰਿਵਾਜ ਸਾਂਝੇ ਸਨ। ਹਰ ਪਾਸੇ ਮੁਹੱਬਤਾਂ ਦੀ ਲਹਿਰ ਬਹਿਰ ਸੀ। ਪੰਜਾਬ ਦਾ ਕਿਸਾਨ ਇਕ ਦਾਤੇ ਦੇ ਰੂਪ ਵਿੱਚ ਵਿਚਰ ਰਿਹਾ ਸੀ। ਮਸ਼ੀਨੀ ਸੱਭਿਅਤਾ ਦੇ ਵਿਕਾਸ ਕਾਰਨ ਪੰਜਾਬ ਦੇ ਪੇਂਡੂ ਜੀਵਨ ਵਿੱਚ ਢੇਰ ਸਾਰੀਆਂ ਤਬਦੀਲੀਆਂ ਆ ਗਈਆਂ ਹਨ। ਪੁਰਾਣਾ ਪੰਜਾਬ ਕਿਧਰੇ ਨਜ਼ਰ ਨਹੀਂ ਆ ਰਿਹਾ। ਪੰਜਾਬ ਦੇ ਪੇਂਡੂ ਲੋਕਾਂ ਦੀ ਭਾਈਚਾਰਕ ਸਾਂਝ, ਮੁਹੱਬਤਾਂ, ਲੋਕ ਨਾਚ, ਖੇਡਾਂ, ਲੋਕ ਗੀਤ, ਰਸਮੋ ਰਿਵਾਜ ਅਤੇ ਮੇਲੇ ਮੁਸਾਹਵੇ ਪੰਜਾਬੀ ਸੱਭਿਆਚਾਰ ਦੀਆਂ ਰੂੜ੍ਹੀਆਂ ਹਨ, ਇਨ੍ਹਾਂ ਵਿੱਚ ਪੰਜਾਬੀ ਸੱਭਿਆਚਾਰ ਤੇ ਲੋਕ ਸੰਸਕ੍ਰਿਤੀ ਦੇ ਅੰਸ਼ ਸਮੋਏ ਹੋਏ ਹਨ।
ਪੰਜਾਬ ਦਾ ਲੋਕ ਸਾਹਿਤ ਜੋ ਮੁੱਖ ਰੂਪ ਵਿੱਚ ਕਿਸਾਨੀ ਲੋਕ ਸਾਹਿਤ ਹੀ ਹੈ, ਜਿਹੜਾ ਪੰਜਾਬੀਆਂ ਦੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਹੀ ਨਹੀਂ ਰਿਹਾ ਬਲਕਿ ਉਨ੍ਹਾਂ ਦੀ ਜੀਵਨ ਅਗਵਾਈ ਵੀ ਕਰਦਾ ਰਿਹਾ ਹੈ। ਇਸ ਵਿੱਚ ਕਿਸਾਨੀ ਜੀਵਨ ਦੇ ਵਿਕਾਸ ਦੀ ਵਿਥਿਆ ਵੀ ਹੈ ਤੇ ਜੀਵਨ ਝਲਕੀਆਂ ਵਿਦਮਾਨ ਹਨ। ਇਸ ਵਿੱਚ ਪੰਜਾਬ ਦੀ ਧਰਤੀ ਦੀ ਮਹਿਕ ਹੈ, ਖੁਸ਼ਬੂ ਹੈ, ਪੰਜਾਬ ਦੀ ਲੋਕ ਆਤਮਾ ਹੈ, ਰੂਹ ਹੈ। ਇਹ ਸਾਡੀ ਵਿਸਰ ਰਹੀ ਅਨਮੋਲ ਵਿਰਾਸਤ ਦਾ ਵੱਡਮੁੱਲਾ ਖਜ਼ਾਨਾ ਹੈ।

Have something to say? Post your comment