Welcome to Canadian Punjabi Post
Follow us on

15

July 2025
 
ਨਜਰਰੀਆ

ਤੀਰਥ ਅਸਥਾਨਾਂ ਵਰਗੇ ਲੋਕ!

August 19, 2019 10:05 AM

-ਪ੍ਰਿੰਸੀਪਲ ਵਿਜੈ ਕੁਮਾਰ
‘ਦੁਨੀਆ ਦੇ ਲੱਖਾਂ ਕਰੋੜਾਂ ਲੋਕ ਜ਼ਿੰਦਗੀ ਦਾ ਕੁਝ ਸਮਾਂ ਕੱਢ ਕੇ ਧਾਰਮਿਕ ਅਤੇ ਮਨੋਰੰਜਨ ਦਿ੍ਰਸ਼ਟੀਕੋਣ ਨਾਲ ਤੀਰਥ ਅਸਥਾਨਾਂ ਦੀ ਯਾਤਰਾ ਕਰਦੇ ਹਨ। ਲੋਕਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਤੀਰਥ ਯਾਤਰਾ ਕਰਨ ਨਾਲ ਪੁੰਨ ਖੱਟਿਆ ਜਾਂਦਾ ਹੈ। ਮਨ ਨੂੰ ਸ਼ਾਂਤੀ ਮਿਲਦੀ ਤੇ ਪਰਲੋਕ ਸੁਧਰ ਜਾਂਦਾ ਹੈ। ਲੋਕਾਂ ਦੀ ਸੋਚ ਇਹ ਵੀ ਹੈ ਕਿ ਜਿਹੜੀ ਔਲਾਦ ਆਪਣੇ ਮਾਪਿਆਂ ਨੂੰ ਤੀਰਥਾਂ ਦੀ ਯਾਤਰਾ ਕਰਵਾ ਦਿੰਦੀ ਹੈ, ਉਹ ਸਰਵਣ ਪੁੱਤਰਾਂ ਵਰਗੀ ਹੁੰਦੀ ਹੈ। ਮੈਂ ਆਪਣੀ ਮਾਂ ਨੂੰ ਤਾਂ ਸਾਰੇ ਤੀਰਥ ਵਿਖਾ ਦਿੱਤੇ, ਪਰ ਖੁਦ ਕਦੇ ਕਿਸੇ ਤੀਰਥ ਸਥਾਨ 'ਤੇ ਨਹੀਂ ਗਿਆ। ਮੇਰੀ ਸੋਚ ਇਹ ਕਹਿੰਦੀ ਹੈ ਕਿ ਭਲੇ ਲੋਕਾਂ ਦੀ ਸੰਗਤ ਵੀ ਤੀਰਥ ਅਸਥਾਨਾਂ ਦੀ ਯਾਤਰਾ ਵਾਂਗ ਹੀ ਹੁੰਦੀ ਹੈ। ਮੇਰੇ ਇਕ ਜਾਣਕਾਰ ਸੱਜਣ ਨੇ ਆਪਣੀ ਸਾਰੀ ਜ਼ਿੰਦਗੀ ਲੋਕ ਭਲਾਈ ਦੇ ਕੰਮਾਂ ਦੇ ਲੇਖੇ ਲਾਈ ਹੈ। ਉਸ ਨੇ ਕੁਝ ਨੇਕਦਿਲ ਲੋਕਾਂ ਨਾਲ ਮਿਲ ਕੇ ਟਰੱਸਟ ਬਣਾਇਆ ਹੈ। ਆਪਣੀ ਬਹੁਤ ਵੱਡੀ ਕੋਠੀ ਉਸ ਟਰੱਸਟ ਦੇ ਅਰਪਣ ਕਰ ਦਿੱਤੀ। ਉਸ ਦਾ ਉਹ ਖੋਲ੍ਹਿਆ ਟਰੱਸਟ ਇਕ ਪ੍ਰਾਈਵੇਟ ਮਾਡਲ ਸਕੂਲ ਚਲਾ ਰਿਹਾ ਹੈ ਤੇ ਉਹ ਮਾਡਲ ਸਕੂਲ ਬੱਚਿਆਂ ਦੇ ਮਾਪਿਆਂ ਦੀਆਂ ਜੇਬਾਂ ਨਹੀਂ ਕੱਟਦਾ, ਸਗੋਂ ਮਿਆਰੀ ਸਿੱਖਿਆ ਵੰਡਦਾ ਹੈ। ਉਸ ਟਰੱਸਟ ਨੇ ਕਈ ਗਰੀਬ ਬੱਚਿਆਂ ਨੂੰ ਆਪਣੇ ਕੋਲੋਂ ਪੈਸੇ ਖਰਚ ਕੇ ਡਾਕਟਰੀ, ਇੰਜੀਨੀਅਰਿੰਗ ਅਤੇ ਪੀ ਐਚ ਡੀ ਤੱਕ ਦੀ ਪੜ੍ਹਾਈ ਕਰਵਾਈ ਹੈ।
ਮੈਂ ਸਮਝਦਾ ਹਾਂ ਕਿ ਉਸ ਵਿਅਕਤੀ ਨੂੰ ਮਿਲਣਾ ਵੀ ਤੀਰਥ ਯਾਤਰਾ ਕਰਨ ਵਾਂਗ ਹੈ। ਕੁਝ ਦਿਨ ਪਹਿਲਾਂ ਉਸ ਟਰੱਸਟ ਨੇ ਆਪਣੇ ਸਕੂਲ ਦੇ ਅਧਿਆਪਕ ਅਧਿਆਪਕਾਵਾਂ ਨਾਲ ਸਿੱਖਿਆ ਬਾਰੇ ਆਪਣੇ ਕੁਝ ਤਜਰਬੇ ਸਾਂਝੇ ਕਰਨ ਲਈ ਸਿੱਖਿਆ ਮਾਹਰਾਂ ਨੂੰ ਬੁਲਾਇਆ ਸੀ। ਉਨ੍ਹਾਂ ਵਿੱਚ ਮੈਂ ਵੀ ਸ਼ਾਮਲ ਸਾਂ। ਉਸ ਸੱਜਣ ਨੇ ਤੀਰਥ ਰਾਮ ਨਾਂਅ ਦੇ ਬੰਦੇ ਨੂੰ ਸਭ ਨਾਲ ਮਿਲਾਉਂਦਿਆਂ ਸਾਨੂੰ ਦੱਸਿਆ ਕਿ ਟਰੱਸਟ ਨੇ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਸ ਸਕੂਲ ਨੂੰ ਚਲਾਉਣ ਦੀ ਪ੍ਰਵਾਨਗੀ ਲੈਣੀ ਸੀ, ਉਦੋਂ ਸਕੂਲ ਨੂੰ ਦੋ ਕਿੱਲੇ ਜ਼ਮੀਨ ਦੀ ਲੋੜ ਸੀ। ਟਰੱਸਟ ਕੋਲ ਜ਼ਮੀਨ ਖਰੀਦਣ ਲਈ ਪੈਸੇ ਨਹੀਂ ਸਨ। ਤੀਰਥ ਰਾਮ ਨਾਂ ਦੇ ਵਿਅਕਤੀ ਨੇ ਅਨਪੜ੍ਹ ਹੁੰਦਿਆਂ ਵੀ ਗਰੀਬ ਬੱਚਿਆਂ ਦੀ ਮਿਆਰੀ ਸਿੱਖਿਆ ਲਈ ਬਿਨਾਂ ਕੁਝ ਲਏ-ਦਿੱਤੇ ਦੋ ਕਿੱਲੇ ਸਕੂਲ ਦੇ ਨਾਂ ਕਰ ਦਿੱਤੇ, ਪਰ ਟਰੱਸਟ ਨੇ ਉਸ ਦਾ ਵਿਸ਼ਵਾਸ ਹੇਠਾਂ ਨਹੀਂ ਡਿੱਗਣ ਦਿੱਤਾ। ਟਰੱਸਟ ਨੇ ਬੋਰਡ ਤੋਂ ਪ੍ਰਵਾਨਗੀ ਲੈ ਕੇ ਉਸ ਦੀ ਜ਼ਮੀਨ ਉਸ ਨੂੰ ਮੋੜ ਦਿੱਤੀ। ਉਨ੍ਹਾਂ ਦੇਵਪੁਰਸ਼ਾਂ ਨੂੰ ਮਿਲ ਕੇ ਮੈਨੂੰ ਇੰਜ ਲੱਗਿਆ ਕਿ ਮੈਂ ਕੋਈ ਬਹੁਤ ਵੱਡਾ ਪੁੰਨ ਖੱਟ ਲਿਆ ਹੈ। ਮੈਂ ਕਿਸੇ ਬੜੇ ਤੀਰਥ ਅਸਥਾਨ ਦੀ ਯਾਤਰਾ ਕਰ ਆਇਆ ਹਾਂ।
ਮੇਰੇ ਇਕ ਦੋਸਤ ਦਾ ਮਨ ਉਦੋਂ ਬਹੁਤ ਪਰੇਸ਼ਾਨ ਹੁੰਦਾ ਸੀ, ਜਦੋਂ ਡਾਕਟਰਾਂ ਵੱਲੋਂ ਲਿਖੇ ਟੈਸਟਾਂ ਦੀ ਹਜ਼ਾਰਾਂ ਰੁਪਏ ਫੀਸ ਦੇਣ ਤੋਂ ਅਸਮਰੱਥ ਲੋਕਾਂ ਨੂੰ ਵੇਖਦਾ ਸੀ। ਮੈਡੀਕਲ ਲੈਬਾਂ ਦੇ ਮਾਲਕਾਂ ਵੱਲੋਂ ਡਾਕਟਰਾਂ ਨੂੰ ਦਿੱਤੇ ਜਾਣ ਵਾਲੇ ਕਮਿਸ਼ਨ ਦੀ ਗੱਲ ਉਸ ਨੂੰ ਚੁਭਦੀ ਸੀ। ਉਸ ਭਲੇ ਪੁਰਸ਼ ਨੇ ਕਿਸੇ ਏਜੰਸੀ ਨਾਲ ਮਿਲ ਕੇ ਆਪਣੇ ਕੋਲੋਂ ਜਗ੍ਹਾ ਦੇ ਕੇ ਮੈਡੀਕਲ ਲੈਬ ਖੁੱਲ੍ਹਵਾ ਦਿੱਤੀ, ਜਿਥੇ ਟੈਸਟਾਂ ਦੇ ਰੇਟ ਬਹੁਤ ਘੱਟ ਹੋਣਗੇ। ਡਾਕਟਰਾਂ ਨੂੰ ਕੋਈ ਕਮਿਸ਼ਨ ਨਹੀਂ ਦਿੱਤਾ ਜਾਵੇਗਾ। ਮੈਡੀਕਲ ਲੈਬ ਤੋਂ ਹੋਣ ਵਾਲੀ ਕਮਾਈ ਦਾ ਜ਼ਿਆਦਾਤਰ ਹਿੱਸਾ ਗਰੀਬ ਲੋਕਾਂ ਨੂੰ ਦਿੱਤਾ ਜਾਵੇਗਾ। ਮੇਰੀ ਨਜ਼ਰ 'ਚ ਉਹ ਜਿਸ ਰਾਹ 'ਤੇ ਚੱਲਿਆ, ਉਸ ਨਾਲੋਂ ਕੋਈ ਵੱਡੀ ਤੀਰਥ ਯਾਤਰਾ ਹੋ ਹੀ ਨਹੀਂ ਸਕਦੀ।
ਜੇ ਇਹ ਗੱਲ ਮੰਨ ਲਈ ਜਾਵੇ ਕਿ ਤੀਰਥ ਯਾਤਰਾ ਕਰਨ ਨਾਲ ਪੁੰਨ ਮਿਲਦਾ ਹੈ, ਅਗਲਾ ਜਨਮ ਸੁਧਰਦਾ ਹੈ ਤਾਂ ਇਸ ਵਿੱਚੋਂ ਇਹ ਗੱਲ ਨਿਕਲਦੀ ਹੈ ਕਿ ਤੀਰਥ ਯਾਤਰਾ ਦਾ ਲਾਭ ਖੁਦ ਨੂੰ ਮਿਲਦਾ ਹੈ, ਪਰ ਜਦੋਂ ਆਪਣੀ ਕਮਾਈ ਨਾਲ ਦੂਜਿਆਂ ਦਾ ਭਲਾ ਕੀਤਾ ਜਾਂਦਾ ਹੈ ਤਾਂ ਗਰੀਬਾਂ ਵੱਲੋਂ ਦਿੱਤੀਆਂ ਅਸੀਸਾਂ ਨਾਲ ਬੰਦੇ ਦਾ ਲੋਕ ਪਰਲੋਕ ਸੁਧਰਦਾ ਹੈ। ਬੰਦੇ ਦੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ। ਮੇਰੀ ਮਾਂ ਕਦੇ ਕਦੇ ਕਹਿੰਦੀ ਹੁੰਦੀ ਸੀ ਕਿ ਆਪਣੇ ਲਈ ਹਰ ਕੋਈ ਜੀ ਸਕਦਾ ਹੈ। ਆਪਣੇ ਵੱਲ ਨੂੰ ਹਰ ਕਿਸੇ ਦੇ ਹੱਥ ਖੁੱਲ੍ਹ ਜਾਂਦੇ ਹਨ। ਦੂਜੇ ਵੱਲ ਨੂੰ ਹੱਥ ਨੇਕਦਿਲ ਲੋਕਾਂ ਦੇ ਖੁੱਲ੍ਹਦੇ ਹਨ। ਮੇਰੀ ਮਾਂ ਦੀ ਮਾਸੀ ਸਾਡੇ ਪਿੰਡ ਵਿੱਚ ਵਸੀ ਹੋਈ ਸੀ। ਸਾਡੇ ਪਰਵਾਰ ਦੇ ਬਹੁਤ ਮਾੜੇ ਦਿਨ ਚੱਲ ਰਹੇ ਸਨ। ਰੋਜ਼ੀ ਰੋਟੀ ਤੋਂ ਵੀ ਅਸੀਂ ਤੰਗ ਸਾਂ। ਮਾਂ ਦੀ ਮਾਸੀ ਦੇ ਦਿਉਰਾਂ ਜੇਠਾਂ ਦਾ ਪਰਵਾਰ ਇਕੱਠਾ ਸੀ। ਉਸ ਨੇ ਸਾਡੀ ਗਰੀਬੀ ਕਟਾਉਣ ਲਈ ਆਪਣੇ ਪਰਵਾਰ ਤੋਂ ਚੋਰੀ ਸਾਡੇ ਲਈ ਬਹੁਤ ਕੁਝ ਕੀਤਾ। ਉਹ ਮੇਰੀ ਮਾਂ ਨੂੰ ਅਕਸਰ ਕਹਿੰਦੀ, ‘ਧੀਏ, ਮਾਂ ਅਤੇ ਮਾਸੀ 'ਚ ਕੋਈ ਫਰਕ ਨਹੀਂ ਹੁੰਦਾ। ਤੇਰੇ ਇਹ ਮਾੜੇ ਦਿਨ ਲੰਘ ਜਾਣੇ ਹਨ, ਪਰ ਇਨ੍ਹਾਂ ਦਿਨਾਂ ਵਿੱਚ ਤੇਰਾ ਸਹਾਰਾ ਬਣਨਾ ਜ਼ਰੂਰੀ ਹੈ। ਅਸੀਂ ਸਾਰੇ ਭੈਣ-ਭਰਾ ਉਸ ਨੇਕ ਔਰਤ ਨੂੰ ਨਹੀਂ ਭੁੱਲਦੇ। ਜੇ ਸਵਰਗ ਦੀ ਹੋਂਦ ਹੈ ਤਾਂ ਉਹ ਜ਼ਰੂਰ ਸਵਰਗ 'ਚ ਹੋਵੇਗੀ ਕਿਉਂਕਿ ਪਰਮਾਤਮਾ ਕੋਲ ਉਸ ਪ੍ਰਤੀ ਸਾਡੀਆਂ ਅਸੀਸਾਂ ਜ਼ਰੂਰ ਪਹੁੰਚੀਆਂ ਹੋਣਗੀਆਂ। ਤੀਰਥ ਯਾਤਰਾ ਹਰ ਕੋਈ ਕਰ ਸਕਦਾ ਹੈ। ਦੂਜੇ ਦਾ ਭਲਾ ਹਰ ਕੋਈ ਨਹੀਂ ਕਰ ਸਕਦਾ। ਦੂਜਿਆਂ ਦੇ ਦਰਦ ਸਮਝਣ ਵਾਲੇ ਮਨ ਵਿਰਲੇ ਹੁੰਦੇ ਹਨ।
ਮੈਂ ਜਿਸ ਪਿੰਡ ਦੇ ਸਕੂਲ ਵਿੱਚ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਿਹਾ ਹਾਂ, ਉਸ ਦਾ ਇਕ ਸੇਵਾਮੁਕਤ ਕਰਨਲ ਕਈ ਬੱਚਿਆਂ ਦੀ ਹਜ਼ਾਰਾਂ ਰੁਪਏ ਫੀਸ ਭਰਦਾ ਹੈ। ਗਰੀਬ ਮਾਪਿਆਂ ਦੇ ਬੱਚਿਆਂ ਨੂੰ ਨਹੀਂ ਪਤਾ ਕਿ ਉਨ੍ਹਾਂ ਬੱਚਿਆਂ ਦੀ ਫੀਸ ਕੌਣ ਭਰਦਾ ਹੈ। ਫੀਸ ਦੀਆਂ ਪਰਚੀਆਂ ਬੱਚਿਆਂ ਦੇ ਮਾਪਿਆਂ ਨੂੰ ਪਹੁੰਚ ਜਾਂਦੀਆਂ ਹਨ। ਮੈਂ ਇਕ ਦਿਨ ਉਸ ਨੂੰ ਪੁੱਛਿਆ, ‘ਕਰਨਲ ਸਾਹਿਬ, ਤੁਸੀਂ ਇਹ ਕਿਉਂ ਨਹੀਂ ਦੱਸਣਾ ਚਾਹੁੰਦੇ ਕਿ ਇਨ੍ਹਾਂ ਗਰੀਬ ਬੱਚਿਆਂ ਦੀ ਫੀਸ ਕੌਣ ਦਿੰਦਾ ਹੈ?' ਉਸ ਦਾ ਜਵਾਬ ਸੀ, ‘ਪ੍ਰਿੰਸੀਪਲ ਸਾਹਿਬ, ਜਿਹੜਾ ਦਾਨ ਰੌਲਾ ਪਾ ਕੇ ਕੀਤਾ ਜਾਂਦਾ ਹੈ, ਉਹ ਦਾਨ ਨਹੀਂ ਹੁੰਦਾ, ਵਿਖਾਵਾ ਹੁੰਦਾ ਹੈ। ਜੇ ਉਨ੍ਹਾਂ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਅਹਿਸਾਸ ਕਰਵਾ ਕੇ ਕੀਤੀ ਕਿ ਉਨ੍ਹਾਂ ਦੀ ਸਹਾਇਤਾ ਗਰੀਬ ਹੋਣ ਕਾਰਨ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਵਿੱਚ ਹੀਣ ਭਾਵਨਾ ਪੈਦਾ ਹੋਵੇਗੀ। ਉਹ ਪੁੰਨ ਨਹੀਂ, ਸਗੋਂ ਪਾਪ ਹੋਵੇਗਾ। ਉਪਰ ਵਾਲਾ ਕਦੇ ਸਾਹਮਣੇ ਆ ਕੇ ਸਾਨੂੰ ਦੱਸਦਾ ਹੈ ਕਿ ਉਹ ਸਾਡੀ ਸਹਾਇਤਾ ਕਰਦਾ ਹੈ'। ਮੈਂ ਸਮਝਦਾ ਹਾਂ ਕਿ ਉਹ ਕਰਨਲ ਅਸਲ ਵਿੱਚ ਤੀਰਥ ਯਾਤਰਾ ਕਰ ਰਿਹਾ ਹੈ। ਉਹ ਜ਼ਰੂਰ ਆਪਣਾ ਲੋਕ ਪਰਲੋਕ ਸੁਧਾਰ ਰਿਹਾ ਹੈ।
ਇਕ ਵਿਅਕਤੀ ਨੇ ਆਪਣੇ ਸ਼ਹਿਰ ਦੀ ਕਈ ਕਰੋੜ ਦੀ ਜ਼ਮੀਨ ਸ਼ਮਸ਼ਾਨਘਾਟ ਬਣਾਉਣ ਲਈ ਇਸ ਕਰ ਕੇ ਦੇ ਦਿੱਤੀ ਕਿ ਸ਼ਹਿਰ ਵਾਲਿਆਂ ਨੂੰ ਸ਼ਮਸ਼ਾਨਘਾਟ ਦੂਰ ਪੈਂਦਾ ਸੀ। ਸ਼ਹਿਰ ਦੇ ਅਰਬਪਤੀ ਲੋਕ ਵੀ ਸ਼ਮਸ਼ਾਨਘਾਟ ਬਣਾਉਣ ਦਾ ਹੌਸਲਾ ਨਹੀਂ ਕਰ ਸਕੇ, ਪਰ ਇਸ ਮੱਧ ਵਰਗੀ ਪਰਵਾਰ ਦੇ ਵਿਅਕਤੀ ਨੇ ਉਹ ਨੇਕ ਕੰਮ ਕਰ ਦਿੱਤਾ। ਇਸ ਕੰਮ ਤੋਂ ਵੱਡੀ ਨੇਕ ਯਾਤਰਾ ਕੀ ਹੋ ਸਕਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ