Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਹਸਪਤਾਲਾਂ 'ਚ ਰੁਲਦੀ ਜ਼ਿੰਦਗੀ..

August 15, 2019 09:27 AM

-ਜਗਦੀਪ ਸਿੱਧੂ
ਅਸੀਂ ਬਾਹਰਲੇ ਰਸਤਿਆਂ ਤੋਂ ਪੂਰੀ ਤਰ੍ਹਾਂ ਜਾਣੂ ਹਾਂ, ਕਿੱਥੇ ਟੋਆ ਹੈ, ਕਿਹੜੀ ਸੜਕ 'ਤੇ ਜਾਮ ਲੱਗਿਆ ਰਹਿੰਦਾ, ਕਿਹੜੇ ਸੀਵਰੇਜ ਤੋਂ ਪਾਣੀ ਦਾ ਨਿਕਾਸ ਨਹੀਂ ਹੁੰਦਾ। ਇਸ ਲਈ ਸਰਕਾਰਾਂ ਨੂੰ ਉਲਾਂਭੇ ਦਿੰਦੇ ਹਾਂ। ਉਹ ਸਾਥੋਂ ਵੋਟ ਲੈ ਕੇ ਆਪਣੇ ਢਿੱਡ ਭਰੀ ਜਾਂਦੀਆਂ ਹਨ ਅਤੇ ਸਭ ਕੁਝ ਦਿਨੋਂ-ਦਿਨ ਖਸਤਾ ਹੁੰਦਾ ਜਾਂਦਾ ਹੈ। ਇਨ੍ਹਾਂ ਸਭ ਊਣਤਾਈਆਂ ਕਰਕੇ ਜਾਨ ਦਾ ਜ਼ੋਖਮ ਬਣਿਆ ਰਹਿੰਦਾ ਹੈ।
ਹੋਰ ਰਸਤੇ ਵੀ ਹਨ, ਜ਼ਿੰਦਗੀ ਦੇ ਰਸਤੇ, ਜਿਹੜੇ ਬਾਹਰੋਂ ਦੇਖਿਆਂ ਘੱਟ ਨਜ਼ਰ ਆਉਂਦੇ ਹਨ, ਪਰ ਇਸ ਦੇ ਨਾਲ ਜਾਨ ਹੱਥਾਂ ਵਿੱਚ ਆ ਜਾਂਦੀ ਹੈ। ਇਹ ਰਾਹ ਨੇ ਸਾਡੇ ਸਰੀਰ ਦੇ ਰਾਹ, ਦਿਲ, ਗੁਰਦੇ, ਆਦਰਾਂ, ਜਿਗਰ। ਇਥੇ ਵੀ ਆਦਰਾਂ ਵਿੱਚ ਜਾਮ ਲੱਗ ਜਾਂਦਾ ਹੈ, ਅੰਦਰ ਟੋਏ ਨੁਮਾ ਜ਼ਖਮ ਹੋ ਜਾਂਦੇ ਹਨ ਅਤੇ ਹੋਰ ਨੁਕਸਾਨ ਹੋ ਜਾਣ ਦਾ ਵੀ ਖਦਸ਼ਾ ਰਹਿੰਦਾ ਹੈ। ਇਹਦੇ ਲਈ ਵੀ ਸਰਕਾਰਾਂ ਜ਼ਿੰਮੇਵਾਰ ਹਨ। ਵਿਦੇਸ਼ੀ ਕੰਪਨੀਆਂ ਦੇ ਧੱਕੇ ਚੜ੍ਹ ਕੇ ਉਨ੍ਹਾਂ ਦੇ ਮੁਨਾਫੇ ਦੇ ਭਾਗੀਦਾਰ ਬਣ ਕੇ ਹਰੀ ਕ੍ਰਾਂਤੀ ਦੇ ਰੂਪ 'ਚ ਸਾਡੇ ਸਰੀਰ ਵਿੱਚ ਜ਼ਹਿਰ ਭਰ ਦਿੱਤਾ ਹੈ। ਹਰ ਕੋਈ ਹਸਪਤਾਲਾਂ ਦੇ ਰਾਹ ਤੁਰਿਆ ਹੋਇਆ ਹੈ। ਬੱਚੇ ਜਿਨ੍ਹਾਂ ਨੇ ਟਾਇਰਾਂ ਵਾਲੇ ਖਿਡੌਣੇ ਕਾਰਾਂ, ਸਕੂਟਰਾਂ 'ਤੇ ਝੂਟੇ ਲੈਣੇ ਸਨ, ਪਹੀਆਂ ਵਾਲੇ ਸਟਰੇਟਰਾਂ 'ਤੇ ਇਕ ਵਾਰਡ ਤੋਂ ਦੂਜੇ ਵਾਰਡ ਘੁੰਮ ਰਹੇ ਹਨ। ਬਜ਼ੁਰਗਾਂ ਨੇ ਜਿਨ੍ਹਾਂ ਦਾ ਥੋੜ੍ਹੇ ਬਹੁਤੇ ਬੁਖਾਰ ਲਈ ਗੋਲੀ ਦੱਪਾ ਲੈ ਕੇ ਸਰ ਜਾਂਦਾ ਸੀ, ਉਹ ਹੁਣ ਵੱਡੀਆਂ-ਵੱਡੀਆਂ ਉਚੀਆਂ-ਉਚੀਆਂ ਇਮਾਰਤਾਂ ਵਿੱਚ ਆਖਰੀ ਘੜੀਆਂ ਗਿਣ ਰਹੇ ਹਨ। ਉਨ੍ਹਾਂ ਨੂੰ ਇਉਂ ਲੱਗਦਾ ਹੈ ਕਿ ਏਡੀ ਉਚੀ ਆ ਕੇ, ਬੱਸ ਉਪਰ ਜਾ ਰਹੇ ਹਾਂ।
ਇਨ੍ਹੀਂ ਦਿਨੀਂ ਅਜੀਬ ਅਨੁਭਵ 'ਚੋਂ ਗੁਜ਼ਰ ਰਿਹਾ ਹਾਂ। ਵਾਹ ਮਰੀਜ਼ਾਂ ਤੇ ਹਸਪਤਾਲਾਂ ਨਾਲ ਪਿਆ ਹੋਇਆ ਹੈ। ਖੁਦ ਵੀ ਮਰੀਜ਼ ਰਿਹਾਂ ਹਾਂ। ਹਰ ਕੋਈ ਅਜੀਬ ਸਲਾਹ ਮਸ਼ਵਰਾ ਕਰਦਾ ਨਜ਼ਰ ਆਉਂਦਾ ਹੈ ਕਿ ਕੀਹਦੇ ਕੋਲ ਲੈ ਕੇ ਚੱਲੀਏ, ਫਲਾਣਾ ਡਾਕਟਰ ਠੱਗ ਹੈ, ਉਥੇ ਕੋਈ ਪੁੱਛਦਾ ਨਹੀਂ, ਢਿਮਕਾ ਹਸਪਤਾਲ ਮਹਿੰਗਾ ਬਹੁਤ ਹੈ। ਸ਼ਾਇਰ ਮਿੱਤਰ ਜਸਵਿੰਦਰ ਦੇ ਸ਼ਿਅਰ ਦੀ ਮਿਸਰਾ ਵਾਰ-ਵਾਰ ਯਾਦ ਆ ਰਿਹਾ ਹੈ, ‘ਅੱਗੇ ਰਾਹੀ ਰਾਹ ਪੁੱਛਦੇ, ਹੁਣ ਪੁੱਛਦੇ ਕਿਥੋਂ ਸਾਹ ਮਿਲਦੇ।' ਅਜੀਬ ਜਿਹੀਆਂ ਸਥਿਤੀਆਂ ਦੇਖ ਰਿਹਾ ਹਾਂ। ਏਥੇ ਆ ਕੇ ਬੰਦਾ ਜ਼ਿੰਦਗੀ ਦੇ ਤੱਤ ਕੱਢਦਾ ਨਜ਼ਰ ਆਉਂਦਾ ਹੈ। ਬਜ਼ੁਰਗ ਔਰਤਾਂ ਦੀ ਫਿਲਾਸਫੀ ਸੁਣ ਕੇ ਹੈਰਾਨੀ ਹੁੰਦੀ ਹੈ, ‘ਅੱਗੇ ਭਾਈ, ਜਨੇਪਾ ਘਰੇ ਹੋ ਜਾਂਦਾ, ਅੱਜ ਕੱਲ੍ਹ ਤਾਂ ਜੰਮਦੇ ਬੱਚੇ ਨੂੰ ਹੀ ਹਸਪਤਾਲ ਦਾ ਮੂੰਹ ਦੇਖਣਾ ਪੈਂਦਾ ਹੈ, ਫਿਰ ਸਾਰੀ ਉਮਰ ਹਸਪਤਾਲ ਬੰਦੇ ਦਾ ਖਹਿੜਾ ਨਹੀਂ ਛੱਡਦੇ।' ਇਸ ਤਰ੍ਹਾਂ ਦੇ ਵਿਚਾਰ ਸੁਣ ਕੇ ਦਿਮਾਗ ਹਰ ਕੋਨੇ ਤੋਂ ਸੋਚਣਾ ਸ਼ੁਰੂ ਕਰ ਦਿੰਦਾ ਹੈ।
ਪ੍ਰਾਈਵੇਟ ਹਸਪਤਾਲ ਹੋਟਲ ਵਾਂਗ ਚਮਕਦੇ, ਫਰਸ਼ 'ਚੋਂ ਮੂੰਹ ਦਿਸਦੈ। ਆਪਣੀ ਹੈਸੀਅਤ ਵੀ ਏਥੇ ਸਾਫ ਦਿਸਣ ਲੱਗ ਜਾਂਦੀ ਹੈ। ਉਹ ਜਾਣ ਸਾਰ ਬੰਦੇ ਨੂੰ ਇਉਂ ਕਾਬੂ ਕਰਦੇ ਨੇ, ਜਿਵੇਂ ਕਹਿੰਦੇ ਹੋਣ, ਜਾਣ ਨਹੀਂ ਦੇਣਾ ਤੈਨੂੰ। ਪੰਜਾਹ ਕੁ ਟੈਸਟ ਕਰਵਾ ਕੇ ਇਕ ਛੋਟੀ ਜਿਹੀ ਪਰਚੀ 'ਤੇ ਢੇਰ ਦਵਾਈਆਂ ਲਿਖ ਕੇ ਤੁਹਾਡੀਆਂ ਕਈ ਪੜ੍ਹੀਆਂ ਲਿਖੀਆਂ ਕਿਤਾਬਾਂ ਫੇਲ੍ਹ ਕਰ ਦਿੰਦੇ ਨੇ, ਯਾਨੀ ਤੁਸੀਂ ਸਮਝ ਨਹੀਂ ਸਕਦੇ ਕਿ ਹੋ ਕੀ ਰਿਹਾ। ਇਨ੍ਹਾਂ ਹਸਪਤਾਲਾਂ ਦੇ ਕਮਰਿਆਂ ਵਿਚਲੀ ਸ਼ਾਂਤੀ ਦੱਸਦੀ ਹੈ ਕਿ ਇਹ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ, ਪਰ ਜੇ ਧਿਆਨ ਨਾਲ ਦੇਖੋ, ਇਹ ਦੱਸਦੀ ਨਜ਼ਰ ਆਉਂਦੀ ਹੈ ਕਿ ਏਥੋ ਚੁੱਪਚਾਪ ਨਿਕਲ ਜਾਵੋ। ਫੌਜੀਆਂ ਨੂੰ ਇਨ੍ਹਾਂ ਹਸਪਤਾਲਾਂ ਵਿੱਚ ਮੁਫਤ ਸਹੂਲਤ ਹੁੰਦੀ ਹੈ, ਇਨ੍ਹਾਂ ਦਾ ਭੁਗਤਾਨ ਕੇਂਦਰ ਸਰਕਾਰ ਕਰਦੀ ਹੈ। ਇਨ੍ਹਾਂ ਨੂੰ ਪੈਸੇ ਦਾ ਮਤਲਬ ਹੈ ਚਾਹੇ ਬੰਦੇ ਤੋਂ ਲੈਣੇ ਹੋਣ ਜਾਂ ਸਰਕਾਰ ਤੋਂ। ਕਈ ਮਰੀਜ਼ਾਂ ਨੂੰ ਨਾ ਸਹੀ, ਹਸਪਤਾਲਾਂ ਨੂੰ ਬਾਬਿਆਂ ਦਾ ਅਸ਼ੀਰਵਾਦ ਜ਼ਰੂਰ ਪ੍ਰਾਪਤ ਹੁੰਦਾ ਹੈ।
ਛੋਟੇ ਪ੍ਰਾਈਵੇਟ ਹਸਪਤਾਲਾਂ ਦਾ ਢਾਂਚਾ ਹੀ ਹੋਰ ਹੁੰਦਾ ਹੈ। ਉਹ ਪਹਿਲਾਂ ਬਹੁਤਾ ਰਿਸਕ ਨਹੀਂ ਲੈਂਦੇ, ਪਾਰਟ ਟਾਈਮ ਡਾਕਟਰ ਰੱਖਦੇ ਹਨ। ਥੋੜਾ ਜਿਹਾ ਆਕਰਸ਼ਕ ਵੀ ਲੱਗਦੈ, ਬਈ ਫਲਾਣਾ ਡਾਕਟਰ ਤਾਂ ਉਸ ਦਿਨ ਬੈਠਦੈ। ਫੇਰ ਇਹ ਫਰੀ ਮੈਡੀਕਲ ਕੈਂਪ ਦੀ ਸਕੀਮ ਲਾਉਂਦੇ ਨੇ, ਕਿਸੇ ਦਾ ਕੁਝ ਘਟਾ ਕੇ, ਕਿਸੇ ਦਾ ਕੁਝ ਵਧਾ ਕੇ, ਆਪਣਾ ‘ਕੁਝ' ਪੂਰਾ ਕਰਦੇ ਹਨ। ਉਨ੍ਹਾਂ 'ਚੋਂ ਕੁਝ ਇਨ੍ਹਾਂ ਦੇ ਮਰੀਜ਼ ਬਣ ਹੀ ਜਾਂਦੇ ਹਨ।
ਸਰਕਾਰੀ ਹਸਪਤਾਲਾਂ ਦੀ ਬੁਰਾਈ ਵੱਖਰੀ ਦੀ ਹੈ। ਓ ਪੀ ਡੀ ਮੂਹਰੇ ਲੱਗੀ ਇਕ ਲੰਬੀ ਕਤਾਰ ਭਾਰਤ ਦੇ ਇਕ ਨੰਬਰ ਹੋਣ ਦਾ ਦਮ ਭਰਦੀ ਹੈ। ਗੱਲ ਛੋਟੇ ਹਸਪਤਾਲ ਦੀ ਐਮਰਜੈਂਸੀ ਤੋਂ ਸ਼ੁਰੂ ਕਰਦੇ ਹਾਂ। ਰਾਤ ਸਿਰਫ ਵੱਧੋ-ਵੱਧ ਫਸਟ ਏਡ ਹੋ ਸਕਦੀ ਹੈ, ਕਿਉਂਕਿ ਜਿਹੜਾ ਡਾਕਟਰ ਆਨ ਡਿਊਟੀ ਹੁੰਦਾ ਹੈ, ਉਹ ਜ਼ਰੂਰੀ ਨਹੀਂ ਉਸੇ ਦਾ ਐਕਸਪਰਟ ਹੋਵੇ, ਉਸ ਨੂੰ ਕਿਸੇ ਹੋਰ ਬਿਮਾਰੀ ਦੀ ਮੁਹਾਰਤ ਹੋ ਸਕਦੀ ਹੈ। ਜੇ ਮਰੀਜ਼ ਥੋੜਾ ਗੰਭੀਰ ਹੈ ਤਾਂ ਰੈਫਰ, ਨਹੀਂ ਤਾਂ ਉਹੀ ਬਰੂਫਨ, ਉਹੀ ਪੈਰਾਸੀਟਾਮੋਲ ਦੇ ਕੇ ਇਕ ਲਾਈਨ ਵਿੱਚ ਪਰਚੀ ਉਤੇ ਲਿਖ ਕੇ ਦੇ ਦਿੰਦੇ ਹਨ, ਕੱਲ੍ਹ ਸਪੈਸ਼ਲਿਸਟ ਡਾਕਟਰ ਨੂੰ ਦਿਖਾਓ। ਚਿੱਟੇ ਪੰਨੇ 'ਤੇ ਸਿਰਫ ਇਕ ਸਤਰ। ਜਿਵੇਂ ਬਾਕੀ ਸਫੈਦ ਪੰਨੇ 'ਤੇ ਅਗਲੇ ਦਿਨ ਦਾ ਪ੍ਰਭਾਵਸ਼ਾਲੀ ਚਿੰਨ੍ਹ ਹੋਵੇ। ਇਸ ਤਰ੍ਹਾਂ ਰਾਤ ਦਾ ਐਮਰਜੈਂਸੀ ਡਾਕਟਰ ਜ਼ਿਆਦਾਤਰ ਫਸਟ ਏਡ ਤੱਕ ਸੀਮਤ ਹੁੰਦਾ ਹੈ। ਉਹ ਬਹੁਤਾ ਮਜ਼ਬੂਤ ਫੈਸਲਾ ਲੈਂਦਾ ਨਜ਼ਰ ਨਹੀਂ ਆਉਂਦਾ। ਮਰੀਜ਼ ਬੇਬੱਸ ਹੋਇਆ ਆਪਣੇ ਵਿੱਤ ਮੁਤਾਬਕ ਪ੍ਰਾਈਵੇਟ ਹਸਪਤਾਲ ਵੱਲ ਜਾਂ ਇਸ ਤੋਂ ਵੱਡੇ ਸ਼ਹਿਰ ਦੇ ਸਰਕਾਰੀ ਹਸਪਤਾਲ ਵੱਲ ਭੱਜਦਾ ਹੈ। ਛੋਟੇ ਤੋਂ ਵੱਡੇ ਵੱਲ ਇਹ ਸਿਰਫ ਸ਼ਬਦਾਂ 'ਚ ਤਰੱਕੀ ਲੱਗਦਾ ਹੈ।
ਵੱਡੇ ਸਰਕਾਰੀ ਹਸਪਤਾਲਾਂ, ਪੀ ਜੀ ਆਈ, ਸੈਕਟਰ 32, ਸੈਕਟਰ 16 ਵਾਲਾ ਵਿੱਚ ਮਰੀਜ਼ ਜਦ ਐਮਰਜੈਂਸੀ ਵਿੱਚ ਆਉਂਦਾ ਹੈ, ਉਹਨੂੰ ਪਹਿਲਾਂ ਇਸ ਤਰ੍ਹਾਂ ਸਾਂਭਦੇ ਨੇ, ਜਿਵੇਂ ਆਪਾਂ ਪਹਿਲਾਂ-ਪਹਿਲਾਂ ਘਰ ਆਏ ਪ੍ਰਾਹੁਣੇ ਦਾ ਸਵਾਗਤ ਕਰਦੇ ਹਾਂ। ਫਿਰ ਸਮਾਂ ਬੀਤਣ 'ਤੇ ਉਹ ਇਕ ਖੂੰਜੇ ਵਿੱਚ ਪਿਆ ਬੈਡ ਨੰਬਰ ਹੀ ਹੁੰਦਾ ਹੈ। ਪੀ ਜੀ ਆਈ ਜ਼ਿਆਦਾ ਸਟਰੈਚਰ ਹੀ ਹਨ। ਵਾਰਡ ਤਾਂ ਕੀ ਹਾਲ 'ਚੋਂ ਲੰਘਣ ਵਾਲੇ ਥਾਂ ਵੀ ਮਰੀਜ਼ਾਂ ਨਾਲ ਭਰੇ ਪਏ ਹਨ। ਏਥੇ ਜ਼ਿਆਦਾਤਰ ਗੰਭੀਰ ਮਰੀਜ਼ ਹੀ ਆਉਂਦੇ ਹਨ। ਕੋਈ ਸੁਰਤ ਵਿੱਚ ਆਇਆ ਮਰੀਜ਼ ਸਟਰੇਟਰ 'ਤੇ ਪਿਆ, ਲੱਗੇ ਪਹੀਆਂ ਵੱਲ ਵੇਖ ਆਪਣੇ ਜੀਵਨ ਦੀ ਨਜ਼ਰਸਾਨੀ ਕਰਦਾ ਬਚਪਨ ਤੀਕ ਪਹੰੁਚਦਾ ਹੋਊ। ਚਿੱਟੇ ਚਿੱਟੇ ਕੱਪੜੇ ਪਾਏ ਡਾਕਟਰਾਂ ਨੂੰ ਦੇਖ ਖੱਫਨ ਮਰੀਜ਼ ਨੂੰ ਉਂਝ ਹੀ ਚੇਤੇ ਆਉਣ ਲੱਗ ਜਾਂਦਾ ਹੈ। ਅਜੀਬ ਮਾਹੌਲ ਹੁੰਦਾ ਹੈ। ਏਨਾ ਖੌਫ ਏਨੀ ਚਿੰਤਾ। ਜ਼ਿੰਦਗੀ ਦੀ ਭਿਆਨਕਤਾ ਦੇਖ ਕੇ ਤੁਸੀਂ ਕੰਬ ਜਾਂਦੇ ਹੋ। ਬਿਲਕੁਲ ਸਾਹਮਣੇ ਯੂਨੀਵਰਸਿਟੀ ਪੜ੍ਹਦੇ ਪਾੜ੍ਹਿਆਂ ਲਈ ਮੁਕਾਬਲਤਨ ਜ਼ਿੰਦਗੀ ਕਿੰਨੀ ਹੁਸੀਨ ਹੈ। ਉਨ੍ਹਾਂ ਨੂੰ ਚਿੱਤ ਚੇਤਾ ਵੀ ਨਹੀਂ ਹੋਣਾ ਕਿ ਜ਼ਿੰਦਗੀ ਦਾ ਕਰੂਰ ਚਿਹਰਾ ਦੂਜੇ ਬੰਨ੍ਹੇ ਹੈ।
ਵਾਰਡ ਵਿੱਚ ਮਰੀਜ਼ ਨਾਲ ਸਿਰਫ ਇਕ ਬੰਦਾ ਰਾਤ ਨੂੰ ਰੁਕ ਸਕਦਾ ਹੈ। ਥੱਲੇ ਸੌਣ ਵਾਲੇ ਰਿਸ਼ਤੇਦਾਰ ਸੁਰੱਖਿਆ ਕਰਮਚਾਰੀਆਂ ਤੋਂ ਲੁਕਦੇ ਫਿਰਦੇ ਹਨ, ਜਿਵੇਂ ਕਰਜ਼ ਵਾਲੇ ਸਰਕਾਰੀ ਕਰਮਚਾਰੀਆਂ ਤੋਂ ਕਿਸਾਨ ਲੁਕਦੇ ਫਿਰਦੇ ਹੋਣ।
ਪਿਛਲੇ ਦਿਨੀਂ ਇਸੇ ਹਸਪਤਾਲ ਵਿੱਚ ਨਿਊਰੋਲੌਜੀ ਵਾਰਡ ਐਮਰਜੈਂਸੀ ਵਿੱਚ ਇਕ ਕਰੀਬੀ ਰਿਸ਼ਤੇਦਾਰ ਦਾਖਲ ਸੀ। ਦੂਜੀਆਂ ਥਾਵਾਂ ਤੋਂ ਇਸ ਵਿਭਾਗ ਵਿੱਚ ਵੱਧ ਸ਼ਾਂਤੀ ਸੀ। ਕਈ ਮਰੀਜ਼ ਉਤੇ ਵੈਂਟੀਲੇਟਰ ਉਤੇ ਸਨ। ਸਾਡੇ ਸਾਹਮਣੇ ਇਕ ਔਰਤ ਪਈ ਸੀ। ਉਹਦੇ ਪੰਦਰਾਂ ਸੋਲਾਂ ਦੇ ਦੋ ਬੱਚੇ ਕੋਲ ਬੈਠੇ ਸਨ। ਗੁਲੂਕੋਜ਼ ਦੀਆਂ ਬੰੂਦਾਂ ਬੋਤਲ 'ਚ ਡਿੱਗ ਰਹੀਆਂ ਸਨ ਤੇ ਕੋਈ-ਕੋਈ ਬੂੰਦ ਬੱਚਿਆਂ ਦੀਆਂ ਅੱਖਾਂ ਵਿੱਚੋਂ ਵੀ ਡਿੱਗਦੀ ਸੀ। ਉਹ ਭੱਜ-ਭੱਜ ਡਾਕਟਰਾਂ ਵੱਲੋਂ ਮੰਗਵਾਈਆਂ ਦਵਾਈਆਂ ਲਿਆ ਰਹੇ ਸਨ। ਉਹ ਜਾ ਰਹੀ ਜ਼ਿੰਦਗੀ ਨੂੰ ਫੜਨ ਦੀ ਕੋਸ਼ਿਸ਼ ਵਿੱਚ ਸਨ, ਪਰ ਫੜ ਨਹੀਂ ਸਕੇ। ਉਨ੍ਹਾਂ ਦਾ ਰੋਣਾ ਦੇਖਿਆ ਨਹੀਂ ਜਾ ਰਿਹਾ। ਉਹ ਰੋ-ਰੋਕ ਕੇ ਡਾਕਟਰਾਂ ਨੂੰ ਕਹਿ ਰਹੇ ਸਨ ਕਿ ਅਸੀਂ ਕਰਜ਼ਾ ਲੈ ਕੇ ਮਾਂ ਦਾ ਇਲਾਜ ਸ਼ੁਰੂ ਕੀਤਾ ਸੀ, ਤੁਸੀਂ ਸਾਡੀ ਮਾਂ ਨੂੰ ਨਹੀਂ ਬਚਾਇਆ। ਮੈਂ ਸੋਚਿਆ, ਇਨ੍ਹਾਂ ਦੀ ਮਾਂ ਤਾਂ ਨਹੀਂ ਰਹੀ, ਪਰ ਕਰਜ਼ਾ ਇਨ੍ਹਾਂ ਦੇ ਸਿਰ ਜ਼ਰੂਰ ਰਹਿ ਗਿਆ।
ਸਾਡੇ ਰਿਸਤੇਦਾਰ ਦੀ ਕਾਫੀ ਸਮੇਂ ਤੋਂ ਦਵਾਈ ਚੱਲ ਰਹੀ ਸੀ। ਡਾਕਟਰਾਂ ਨੂੰ ਬਿਮਾਰੀ ਪੂਰੀ ਤਰ੍ਹਾਂ ਸਮਝ ਨਹੀਂ ਸੀ ਲੱਗ ਰਹੀ। ਪੀ ਜੀ ਆਈ ਵਿੱਚ ਬਹੁਤੇ ਜੂਨੀਅਰ ਰੈਜ਼ੀਡੈਂਟ ਡਾਕਟਰ, ਮਤਲਬ ਉਹ ਜੋ ਉਥੇ ਮਾਸਟਰ ਡਿਗਰੀ ਕਰ ਰਹੇ ਹਨ, ਮਰੀਜ਼ਾਂ ਨੂੰ ਦੇਖਦੇ ਹਨ। ਪ੍ਰੋਫੈਸਰ ਉਨ੍ਹਾਂ ਨੂੰ ਚੈਕ ਕਰਨ ਆਉਂਦੇ ਨੇ ਕਿ ਉਨ੍ਹਾਂ ਕਿਹੜੇ ਸਿਮਟਮ ਫੜੇ ਨੇ। ਕਈ ਵਾਰੀ ਕਿਸੇ ਬਿਮਾਰੀ ਦੇ ਸਿਮਟਮ ਸਮਝ ਨਹੀਂ ਆਉਂਦੇ ਤਾਂ ਢੇਰਾਂ ਦੇ ਢੇਰ ਟੈਸਟ ਕੀਤੇ ਜਾਂਦੇ ਨੇ। ਏਨੇ ਕਾਗਜ਼ ਰਿਪੋਰਟਾਂ ਦੇ ਕੱਠੇ ਹੋ ਜਾਂਦੇ ਨੇ ਕਿ ਪੂਰੀ ਕਿਤਾਬ ਬਣ ਜਾਂਦੀ ਹੈ ਅਤੇ ਜੂਨੀਅਰ ਰੈਜ਼ੀਡੈਂਟ ਡਾਕਟਰ ਮਾਸਟਰ ਡਿਗਰੀ ਕਰ ਰਹੇ, ਉਸ 'ਤੇ ਪੜ੍ਹਾਈ ਕਰਦੇ ਹਨ। ਜੇ ਇਨ੍ਹਾਂ ਦੀ ਥਾਂ ਪੱਕੇ ਸੀਨੀਅਰ ਰੈਜ਼ੀਡੈਂਟ ਡਾਕਟਰ ਹੋਣ ਤਾਂ ਚੰਗੇ ਨਤੀਜੇ ਆਉਣ, ਆਖਰ ਉਨ੍ਹਾਂ ਦਾ ਜ਼ਿੰਦਗੀ ਭਰ ਦਾ ਤਜਰਬਾ ਹੁੰਦਾ ਹੈ। ਉਹ ਨਵੇਂ ਸਿਮਟਮਾਂ ਨੂੰ ਜਲਦੀ ਫੜ ਸਕਦੇ ਹਨ, ਪਰ ਕਿਹੜਾ ਧਿਆਨ ਦਿੰਦਾ ਹੈ। ਸਾਡੇ ਰਿਸ਼ਤੇਦਾਰ ਮਰੀਜ਼ ਨੂੰ ਦਾਖਲ ਕਰ ਲਿਆ, ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ। ਹਸਪਤਾਲ ਦੇ ਵੈਂਟੀਲੇਟਰ ਖਤਮ ਹੋ ਚੁੱਕੇ ਸਨ। ਸਾਹ ਐਂਬੂ ਨਾਲ ਦਿੱਤੇ ਜਾ ਰਹੇ ਸਨ। ਐਂਬੂ ਗੁਬਾਰਾ ਜਿਹਾ ਹੁੰਦਾ ਹੈ, ਜੀਹਨੂੰ ਦਬਾਉਣ ਨਾਲ ਆਕਸੀਜਨ ਮਿਲਦੀ ਹੈ। ਇਸ ਨੂੰ ਦਬਾਉਣ 'ਤੇ ਜ਼ੋਰ ਲੱਗਦਾ ਹੈ, ਇਸ ਲਈ ਕਈ ਬੰਦਿਆਂ ਵੱਲੋਂ ਵਾਰੀ-ਵਾਰੀ ਦਬਾਉਣਾ ਪੈਂਦਾ ਹੈ। ਜਦ ਮੈਂ ਦਬਾਇਆ ਤਾਂ ਮੈਨੂੰ ਬਚਪਨ ਯਾਦ ਆਇਆ ਜਦ ਰਿਕਸ਼ੇ ਦਾ ਹੌਰਨ ਵਜਾਉਣ ਲਈ ਉਹਨੂੰ ਦਬਾਉਂਦੇ ਸਾਂ, ਆਉਂਦੇ ਜਾਂਦੇ ਲੋਕ ਸਾਡੇ ਵੱਲ ਦੇਖਦੇ। ਮੈਨੂੰ ਇਕਦਮ ਮਹਿਸੂਸ ਹੋਇਆ ਕਿ ਸਾਡਾ ਮਰੀਜ਼, ਇਸ ਨੂੰ ਦਬਾਉਣ 'ਤੇ ਅੱਖਾਂ ਖੋਲ੍ਹ ਜ਼ਰੂਰ ਦੇਖੇਗਾ। ਖੈਰ! ਉਹ ਚਲਾ ਗਿਆ। ਇਹ ਬਚਪਨ ਥੋੜ੍ਹੇ ਸੀ। ਇਹ ਯਥਾਰਥ ਸੀ, ਕੌੜਾ ਯਥਾਰਥ।
ਇਹੋ ਜਿਹੇ ਸਮੇਂ 'ਚ ਮੈਂ ਡੂੰਘਾ ਲਹਿ ਜਾਂਦਾ ਹਾਂ। ਕਵੀ ਨੇ ਗੱਲ ਦਾ ਨਿਚੋੜ ਹੀ ਕੱਢਣਾ ਹੁੰਦਾ ਹੈ ਬਸ। ਪਹਿਲੀ ਗਦ ਕਵਿਤਾ ਉਥੇ ਹੀ ਲਿਖੀ, ਜਿਹੜੀ ਸਭ ਗੱਲਾਂ ਦਾ ਕਾਵਿਕ ਪ੍ਰਗਟਾਵਾ ਹੈ
ਅਜੀਬ ਦਾਸਤਾਂ ਹੈ ਯੇ..
‘ਅਜੀਬ ਥਾਂ ਹੈ ਹਸਪਤਾਲ।
ਭਰੇ ਪਏ ਮਰੀਜ਼ਾਂ ਨਾਲ।
ਉਸ ਤੋਂ ਵੱਧ ਉਨ੍ਹਾਂ ਦੇ ਸਨੇਹੀਆਂ ਨਾਲ।
ਜੋ ਮਰੀਜ਼ਾਂ ਦੇ ਬੈਡਾਂ ਕੋਲ ਹੀ
ਥੱਲੇ ਪਏ ਰਹਿੰਦੇ ਨੇ, ਸੌਂ ਜਾਂਦੇ। ਬੜੇ ਲਾਚਾਰ ਜਿਵੇਂ, ਹੇਠਾਂ ਜ਼ਿਆਦਾ ਨੇੜੇ ਹੋਣ
ਪੈਰ ਡਾਕਟਰ ਦੇ ਮਿੰਨਤਾਂ ਕਰਨ ਲਈ।
ਕੋਈ ਨਵੀਂ ਦਵਾਈ ਲਿਖੀ ਡਾਕਟਰ ਨੇ।
ਭੱਜੇ-ਭੱਜੇ ਜਾਂਦੇ, ਛਾਣ ਮਾਰਦੇ ਬਟੂਆ।
ਕੋਲ ਹੀ ਪਈ ਹੁੰਦੀ ਫੋਟੋ ਪਿਆਰੇ ਦੀ।
ਪਿੱਛੋਂ ਵ੍ਹੀਲ ਨਾਲ ਕਰਦੇ ਬੈਡ ਖੜਾ।
ਬੈਠ ਕੇ ਸਾਰਿਆਂ ਨੂੰ ਦੇਖ ਮਰੀਜ਼ ਉਲੱਦ ਦਿੰਦੇ ਰੋਣ,
ਜਿਉਂ ਭਰੀ ਟਰਾਲੀ ਲਹਿੰਦੀ।
ਕਈ ਮਹੀਨੇ ਬੇਸੁੱਧ ਮਰੀਜ਼।
ਘਰ ਦੇ ਉਡੀਕਦੇ ਘੋਸ਼ਣਾ ਮੌਤ ਦੀ
ਜਿਉਂ ਚਿਰ ਬਾਅਦ ਮਿਲਣ ਵਾਲਿਆਂ ਰੋਕਿਆ ਹੁੰਦਾ
ਰੋਣਾ ਗਲ ਲੱਗ ਮਿਲਣ ਲਈ।
ਛੋਟੇ ਬੱਚੇ ਦੀ ਮੌਤ ਸਭ ਨਾਲੋਂ ਵੱਡੀ ਹੁੰਦੀ।
ਸਾਰੇ ਹੀ ਉਨ੍ਹਾਂ ਵਾਂਗ ਰੋਂਦੇ ਨੇ ਉਚੀ-ਉਚੀ।'

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ