Welcome to Canadian Punjabi Post
Follow us on

29

March 2020
ਨਜਰਰੀਆ

ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ

August 14, 2019 10:08 AM

-ਬਲਦੇਵ ਸਿੰਘ (ਸੜਕਨਾਮਾ)
ਜਦੋਂ ਬਾਹਰਲਾ ਬੂੂਹਾ ਖੜਕਿਆ। ਉਦੋਂ ਮੈਂ ਅਖਬਾਰ ਦੇ ਮੁੱਖ ਪੰਨੇ ਦੀ ਮੋਟੀ ਸੁਰਖੀ ਵਾਲੀ ਖਬਰ ਪੜ੍ਹ ਲਈ ਸੀ। ਸੱਤਾ ਧਿਰ ਨੇ ਹਰ ਖੇਤਰ ਵਿੱਚ ਵਿਕਾਸ ਦੀ ਹਨੇਰੀ ਲਿਆ ਦਿੱਤੀ ਸੀ ਤੇ ਦਰਸਾਏ ਗਏ ਅੰਕੜਿਆਂ ਦੀ ਜਾਦੂਗਰੀ ਨਾਲ ਸੰਮੋਹਿਤ ਹੋਏ ਪਾਰਲੀਮੈਂਟ ਮੈਂਬਰਾਂ ਨੇ ਮੇਜ਼ ਥਪਥਪਾ ਕੇ ਅਜੀਬ ਰਿਦਮ ਪੈਦਾ ਕਰਨ ਬਾਰੇ ਲਿਖਿਆ ਸੀ।
ਸਮਾਂ ਕੋਈ ਵੀ ਹੋਵੇ, ਭਾਵੇਂ ਚੋਣ ਪ੍ਰਚਾਰ ਦਾ, ਭਾਵੇਂ ਕਰੋੜਾਂ ਦੇ ਬਣੇ ਕਿਸੇ ਬੁੱਤ ਦੇ ਉਦਘਾਟਨ ਦਾ ਅਤੇ ਭਾਵੇਂ ਬੇਮਿਸਾਲ ਹਾਸਲ ਕੀਤੀ ਜਿੱਤ ਦੇ ਧੰਨਵਾਦੀ ਦੌਰੇ ਦਾ, ਬੜੀ ਚਤੁਰਾਈ ਨਾਲ ਦੱਸਿਆ ਜਾਂਦਾ ਹੈ, ਦੇਸ਼ ਦੇ 80 ਪ੍ਰਤੀਸ਼ਤ ਗਰੀਬ ਪਰਵਾਰਾਂ ਨੂੰ ਲੱਕੜਾਂ ਦੇ ਧੂੰਏਂ ਤੋਂ ਛੁਟਕਾਰਾ ਦੁਆ ਦਿੱਤਾ ਹੈ। 90 ਪ੍ਰਤੀਸ਼ਤ ਲੋਕਾਂ ਦੇ ਹਨੇਰੇ ਘਰੀਂ ਬਿਜਲੀ ਪੁੱਜ ਗਈ ਹੈ। ਐਨੇ ਕਰੋੜ ਨਦੀਆਂ ਸਾਫ ਕਰਨ ਲਈ ਰਾਖਵੇਂ ਕਰ ਦਿੱਤੇ ਹਨ ਤੇ ਅਜਿਹੀ ਲੰਮੀ ਸੂਚੀ ਖਬਰ ਵਿੱਚ ਦਰਜ ਸੀ। ਖਬਰ ਪੜ੍ਹ ਕੇ ਮਹਿਸੂਸ ਹੁੰਦਾ ਸੀ ਕਿ ਦੇਸ਼ ਵਿੱਚ ਨਾ ਕੋਈ ਭੁੱਖਾ ਸੌਵੇਂਗਾ, ਨਾ ਕੋਈ ਬਿਨਾਂ ਛੱਤ ਤੋਂ ਰਹੇਗਾ, ਨਾ ਕੋਈ ਗਰੀਬ ਰਹੇਗਾ ਕਿਉਂਕਿ ਕਰੋੜਾਂ ਬੈਂਕ ਖਾਤੇ ‘ਜ਼ੀਰੋ' ਬੈਲੇਂਸ ਨਾਲ ਖੋਲ੍ਹੇ ਜਾ ਚੁੱਕੇ ਸਨ।
ਅਖਬਾਰ ਇਕ ਪਾਸੇ ਰੱਖ ਕੇ ਮੈਂ ਬੂਹਾ ਖੋਲ੍ਹਿਆ। ਸਾਹਮਣੇ ਕਲਕੱਤੇ ਵਾਲਾ ਮੇਰਾ ਯਾਰ ਬਾਸ਼ਾ ਖੜ੍ਹਾ ਵੇਖ ਕੇ ਮੇਰੇ ਉਪਰੋਂ ਅਖਬਾਰੀ ਖਬਰ ਦਾ ਪ੍ਰਭਾਵ ਛੂ ਮੰਤਰ ਹੋ ਗਿਆ। ਬਾਹਾਂ ਖਿਲਾਰ ਕੇ ਮੈਂ ਉਸ ਦਾ ਸਵਾਗਤ ਕੀਤਾ।
ਬਾਸ਼ਾ ਡਰਾਈਵਰ ਸਾਡੇ ਡਰਾਈਵਰ ਭਾਈਚਾਰੇ ਦਾ ਸਦਾ ਚੜ੍ਹਦੀਆਂ ਕਲਾ ਵਿੱਚ ਰਹਿਣ ਵਾਲਾ ਹੈ। ਕਲਕੱਤੇ ਰਹਿੰਦਿਆਂ ਮੈਂ ਨਹੀਂ ਵੇਖਿਆ, ਉਹ ਕਿਸੇ ਦੁਰਘਟਨਾ ਵੇਲੇ ਘਬਰਾਇਆ ਹੋਵੇ। ਖੁਸ਼ੀ ਦੇ ਪਲਾਂ ਵਿੱਚ ਵੀ ਉਹ ਵਧੇਰੇ ਨਹੀਂ ਸੀ ਲਾਚੜਦਾ, ਨਾ ਗੁੱਸੇ ਵਿੱਚ ਮੈਂ ਕਦੇ ਉਸ ਨੂੰ ਆਪੇ ਤੋਂ ਬਾਹਰ ਹੁੰਦਾ ਵੇਖਿਆ। ਜਦੋਂ ਬਾਜ਼ਾਰ ਮੰਦਾ ਹੁੰਦਾ, ਡਰਾਈਵਰਾਂ ਅਤੇ ਮਾਲਕਾਂ ਦੇ ਚਿਹਰੇ ਘਬਰਾਏ ਹੁੰਦੇ, ਬਾਸ਼ਾ ਕਹਿੰਦਾ, ‘ਜੇ ਉਹ ਦਿਨ (ਚੰਗੇ) ਨਹੀਂ ਰਹੇ ਤਾਂ ਇਹ ਦਿਨ (ਮਾੜੇ) ਵੀ ਨਹੀਂ ਰਹਿਣਗੇ।' ਮੈਂ ਹੈਰਾਨ ਹੋਇਆ। ਇਹੋ ਜਿਹਾ ਹਰ ਇਕ ਨੂੰ ਉਂਗਲਾਂ ਉੱਤੇ ਨਚਾਉਣ ਵਾਲਾ ਬਾਸ਼ਾ ਏਨਾ ਉਦਾਸ। ਬੁਝਿਆ-ਬੁਝਿਆ ਚਿਹਰਾ, ਸਰੀਰ ਵੀ ਸੁਸਤ ਜਿਹਾ। ਮੈਂ ਪੁੱਛਿਆ, ‘ਸੁੱਖ ਹੈ?'
‘ਬਾਈ ਜੀ ਜਿਊਣ ਦੇ ਸਾਰੇ ਚਾਅ ਈ ਮਰ ਮੁੱਕ ਗਏ।' ਬਾਸ਼ੇ ਦੇ ਬੋਲਾਂ ਵਿੱਚ ਨਾ ਗੜ੍ਹਕ ਨਾ ਮੜ੍ਹਕ।
‘ਕੀ ਗੱਲ ਹੋ ਗਈ ਬਾਸ਼ੇ ਤੂੰ ਤਾਂ..।'
ਬਾਸ਼ੇ ਨੇ ਟੋਕਿਆ, ‘ਬਾਈ ਜੀ, ਉਹ ਬਾਸ਼ਾ ਤਾਂ ਕਦੋਂ ਦਾ ਮਰ ਗਿਆ।'
‘ਕਲਕੱਤੇ ਤੋਂ ਕਦੋਂ ਆਇਐ? ਹਾਲ ਕੀ ਹੈ ਕਲਕੱਤੇ ਦਾ?' ਮੈਂ ਪੁੱਛਿਆ।
ਬਾਸ਼ੇ ਨੇ ਹਾਉਕਾ ਲਿਆ, ‘ਉਹ ਰੌਣਕਾਂ ਮੇਲੇ ਪਤਾ ਨਹੀਂ ਕਿੱਧਰ ਚਲੇ ਗਏ। ਕੁਝ ਵਰ੍ਹਿਆਂ ਤੋਂ ਕੋਈ ਟਾਵਾਂ-ਟਾਵਾਂ ਪੰਜਾਬੀ ਟੈਕਸੀ ਚਲਾਉਂਦਾ ਦਿਸ ਪੈਂਦਾ ਸੀ, ਅੱਜ ਕੱਲ੍ਹ ਉਹ ਵੀ ਨਹੀਂ ਦਿਸਦਾ। ਕਲਕੱਤਾ ਬੁੱਢੇ ਪੰਜਾਬੀਆਂ ਦਾ ਨਗਰ ਬਣ ਗਿਆ..।'
‘ਕਿਉਂ ਆਪਣੇ ਪੰਜਾਬੀ ਮੁੰਡੇ ਕਿੱਧਰ ਗਏ?' ਮੈਂ ਹੈਰਾਨੀ ਨਾਲ ਪੁੱਛਿਆ।
‘ਆਈਲੈਟਸ ਕਰਕੇ ਬਾਹਰ ਭੱਜ ਗਏ। ਬਾਕੀ ਰਹਿੰਦੇ ਵੀ ਭੱਜ ਜਾਣਗੇ। ਕੋਈ ਕੈਨੇਡਾ, ਕੋਈ ਨਿਊਜ਼ੀਲੈਂਡ, ਕੋਈ ਆਸਟਰੇਲੀਆ।'
‘ਪੰਜਾਬ ਵਾਲੀ ਬਿਮਾਰੀ ਕਲਕੱਤੇ ਵੀ ਚੱਲੀ ਗਈ?'
‘ਸਾਰੇ ਦੇਸ਼ 'ਚ ਵੀ ਘੋੜੇ ਆਲਾ ਫਿਰ ਗਿਆ।
ਬਾਈ! ਜੇ ਕਿਤੇ ਕੈਨੇਡਾ ਸਿੱਧਾ ਈ ਖੋਲ੍ਹ ਦੇਣ, ਮੈਨੂੰ ਲੱਗਦੈ ਆਪਣੇ ਪੰਜਾਬੀ ਤਾਂ ਬੱਸਾਂ ਦੀਆਂ ਛੱਤਾਂ ਆਂਗੂ ਜਹਾਜ਼ਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਵੀ ਜਾਣ ਨੂੰ ਫਿਰਨਗੇ। ਤੂੰ ਦੇਖ ਇਧਰੋਂ ਨਵਾਂ ਪੰਜਾਬੀ ਕੋਈ ਕਲਕੱਤੇ ਜਾਂਦਾ ਨੀਂ, ਮੁੰਡੇ ਬਾਹਰ ਭੱਜੀ ਜਾਂਦੇ ਐ, ਰਹਿ ਗਏ ਬੁੱਢੇ, ਆਪੇ ਕਲਕੱਤਾ ਪੰਜਾਬੀ ਬੁੱਢਿਆਂ ਦਾ ਬਣੀ ਜਾਂਦੈ।'
‘ਕਦੋਂ ਆਇਐਂ ਉਧਰੋਂ?'
ਬਾਸ਼ੇ ਨੇ ਫਿਰ ਲੰਮਾ ਸਾਹ ਲੈ ਕੇ ਕਿਹਾ, ‘ਆਏ ਨੂੰ ਪੰਦਰਾਂ ਦਿਨ ਹੋਗੇ। ਏਥੇ ਆ ਕੇ ਮਨ ਹੋਰ ਖਰਾਬ ਹੋ ਗਿਆ। ਕੀ ਬਣਾ 'ਤਾ ਪੰਜਾਬ ਨੂੰ ਚਾਰ ਮਾਰਗੀ-ਛੇ ਮਾਰਗੀ ਸੜਕਾਂ, ਪੁਲ, ਸਰਵਿਸ ਰੋਡਾਂ। ਪੁਰਾਣੀਆਂ ਪਛਾਣਾਂ ਵੀ ਖਤਮ ਕਰ 'ਤੀਆਂ ਇਨ੍ਹਾਂ ਨੇ। ਪਤਾ ਈ ਨੀਂ ਲੱਗਦਾ ਕਿੱਥੇ ਫਿਰਦੇ ਐਂ। ਤੇਰੇ ਕੋਲ ਆਉਣਾ ਸੀ। ਪਤਾ ਈ ਨਹੀਂ ਲੱਗਦਾ, ਬਾਜ਼ਾਰ ਨੂੰ ਕਿੱਥੋਂ ਮੁੜਨੈ। ਨਾ ਕੋਈ ਬੋਰਡ, ਨਾ ਕੋਈ ਸਾਈਨ, ਘੱਲ ਕਲਾਂ ਜਾ ਕੇ ਪਤਾ ਲੱਗਾ ਕਿ ਮੈਂ ਤਾਂ ਮੋਗਾ ਲੰਘ ਆਇਆ, ਉਥੋਂ ਮੁੜ ਕੇ ਆਇਐਂ। ਕਹੀ ਜਾਂਦੇ ਐ ਵਿਕਾਸ ਦੀ ਹਨੇਰੀ ਲਿਆ'ਤੀ, ਕਿੱਥੇ ਹੈ ਵਿਕਾਸ? ਅੱਜ ਤੜਕੇ ਚਾਰ ਵਜੇ ਘਰੋਂ ਨਿਕਲਿਆ। 10-11 ਸਾਲਾਂ ਦੀਆਂ ਬਾਲੜੀਆਂ ਨਾਲ ਉਨ੍ਹਾਂ ਦੀਆਂ ਮਾਵਾਂ, ਵੱਡੇ-ਵੱਡੇ ਬੋਰੇ ਮੋਢਿਆਂ ਉਤੇ ਚੁੱਕੀ, ਕੂੜੇ ਦੇ ਢੇਰਾਂ ਵਿੱਚੋਂ ਕੱਚ, ਪਲਾਸਟਿਕ, ਕਾਗਜ਼ ਲੱਭਣ ਨਿਕਲੀਆਂ ਵੇਖੀਆਂ। ਪਿਛਲੇ 40 ਸਾਲਾਂ ਤੋਂ ਮੈਂ ਜਦੋਂ ਵੀ ਪੰਜਾਬ ਆਉਨੈਂ ਆਹੀ ਕੁਸ਼ ਵੇਖਦਾਂ। ਜਿਹੜੀਆਂ ਬੱਚੀਆਂ ਸੀ, ਉਹ ਮਾਵਾਂ ਬਣ ਗਈਆਂ ਤੇ ਉਨ੍ਹਾਂ ਦੀਆਂ ਬੱਚੀਆਂ ਨੇ ਬੋਰੇ ਚੁੱਕ ਲਏ। ਇਹ ਮਾਵਾਂ ਬਣਨਗੀਆਂ ਤਾਂ ਇਨ੍ਹਾਂ ਦੇ ਬੱਚੇ ਬੋਰੇ ਚੁੱਕ ਲੈਣਗੇ। ਕਿੱਥੇ ਹੈ ਵਿਕਾਸ?'
ਮੈਂ ਸੋਚੀਂ ਪੈ ਗਿਆ। ਇਹ ਉਹੀ ਬਾਸ਼ਾ ਹੈ? ਅਖਬਾਰੀ ਖਬਰ ਵਿੱਚ ਵਿਕਾਸ ਦੇ ਅੰਕੜਿਆਂ ਨੇ ਮੇਰੇ ਅੰਦਰ ਵੀ ਹਲਚਲ ਕੀਤੀ। ਮੈਂ ਕੁਝ ਬੋਲਣ ਹੀ ਲੱਗਾ ਸੀ, ਬਾਸ਼ਾ ਫਿਰ ਬੋਲਿਆ- ‘ਬਾਈ ਮੈਂ ਤੈਨੂੰ ਕਲਕੱਤੇ ਦੀ ਗੱਲ ਹੀ ਦੱਸਦੈਂ। ਇਕ ਦਿਨ ਵਿਹਲਾ ਸੀ। ਆਥਣ ਵੇਲੇ ਘੁੱਟ ਲੱਗੀ ਹੋਈ ਸੀ। ਠੇਕੇ ਦੇ ਬਾਹਰ ਇਕ ‘ਹੱਥ ਰਿਕਸ਼ਾ' ਵਾਲਾ ਬਜ਼ੁਰਗ ਮਿਲਿਆ। ਮੈਂ ਪੁੱਛਿਆ, ‘ਬਾਲ ਬੱਚਾ ਵੀ ਹੈਗਾ ਦਾਦੂ?'
ਰਿਕਸ਼ੇ ਵਾਲਾ ਕਹਿੰਦਾ, ‘ਸਭ ਕੁਝ ਹੈ। ਪੁੱਤਰ ਵੀ ਹੈ, ਲੜਕੀ ਵੀ। ਪੁੱਤਰ ਦਾ ਪੁੱਤਰ ਵੀ ਹੈ।'
‘ਕੀ ਕਰਦੈ ਪੁੱਤਰ?' ਮੈਂ ਪੁੱਛਿਆ।
ਬਜ਼ੁਰਗ ਕਹਿੰਦਾ, ‘ਪੁੱਤਰ ਵੀ ਰਿਕਸ਼ਾ ਖਿੱਚਦੈ।'
ਮੈਂ ਪੁੱਛਿਆ, ‘ਉਸ ਦਾ ਲੜਕਾ ਤਾਂ ਸਕੂਲ ਪੜ੍ਹਦਾ ਹੋਣੈ?'
ਉਹ ਕਹਿੰਦਾ, ‘ਨਾ ਨਾ ਸਾਡੇ ਹਿੱਸੇ ਪੜ੍ਹਾਈ ਕਿੱਥੇ, ਮੇਰਾ ਪੋਤਰਾ ਵੀ ਰਿਕਸ਼ਾ ਖਿੱਚਣਾ ਸਿੱਖਦੈ।'
ਬਾਈ ਜੀ ਵੇਖਿਆ ਵਿਕਾਸ, ਦਾਦਾ, ਪੁੱਤਰ, ਪੋਤਰਾ ਸਭ ਰਿਕਸ਼ਾ ਖਿੱਚਣ ਵਾਲੇ ਤੇ ਸਾਡੇ ਨੇਤਾ ਲੋਕ; ਪੜ੍ਹਦਾਦਾ ਵੀ ਨੇਤਾ, ਪੁੱਤਰ ਵੀ ਨੇਤਾ, ਉਸ ਦਾ ਪੁੱਤਰ ਵੀ ਨੇਤਾ ਤੇ ਅੱਗੋਂ ਜੰਮਣ ਵਾਲੇ ਵੀ ਨੇਤਾ। ਮੈਂ ਤਾਂ ਬਾਈ ਜੀ ਸੋਚ-ਸੋਚ ਕੇ ਆਇਐਂ, ਮੈਂ ਵੀ ਇਹ ਕਿੱਤਾ ਛੱਡ ਦੇਣੈ। ਬਥੇਰੀਆਂ ਸੜਕਾਂ ਗਾਹ ਲਈਆਂ। ਪਤਾ ਨਹੀਂ ਯੂ ਪੀ, ਬਿਹਾਰ ਜਾਂ ਹੋਰ ਕਿੱਥੋਂ ਕਦੋਂ ਭੀੜ ਨੇ ਘੇਰ ਲੈਣਾ, ਕਦੋਂ ਬਹਾਨਾ ਬਣਾ ਲੈਣਾ ਤੇ ਫੇਰ ਨਾ ਟਰੱਕ ਸਲਾਮਤ ਨਾ ਮੈਂ। ਮੇਰਾ ਮੁੰਡਾ ਕਹਿੰਦਾ ਸੀ, ਮੇਰਾ ਡਰਾਈਵਿੰਗ ਲਾਈਸੈਂਸ ਬਣਵਾ ਦੇ। ਮੈਂ ਆਖਿਆ, ਕਦੇ ਵੀ ਨਹੀਂ। ਪਲੱਸ ਟੂ ਹੋ ਜਾਣੀ ਐਂ। ਆਈਲੈਟਸ ਕਰਕੇ ਕੈਨੇਡਾ 'ਚ ਬੇਰੀਆਂ ਤੋੜ। ਏਥੇ ਡਿਗਰੀਆਂ ਚੁੱਕੀ ਫਿਰੇਂਗਾ। ਨੌਕਰੀ ਮਿਲਣੀ ਨੀਂ, ਫੇਰ ਡਰੱਗ ਲਵੇਂਗਾ ਜਾਂ ਕਿਸੇ ਗੈਂਗ ਵਿੱਚ ਰਲੇਂਗਾ। ਬਸ! ਆਹੀ ਸੋਚ-ਸੋਚ ਮਨ ਬਹੁਤ ਉਦਾਸ ਰਹਿੰਦੈ। ਪਤਾ ਨਹੀਂ ਕਿੱਧਰ ਗਏ ਉਹ ਦਿਨ ਚਿੱਤ ਖਿੜਦਾ ਈ ਨੀਂ।'
ਮੇਰੇ ਜ਼ਿਹਨ 'ਚ ਫਿਰ ਸਰਕਾਰੀ ਅੰਕੜੇ ਉਭਰੇ। ਐਨੇ ਮਿਲੀਅਨ, ਹਾਇਰ ਐਜੂਕੇਸ਼ਨ ਲਈ, ਐਨੇ ਮਿਲੀਅਨ ਨੌਜਵਾਨਾਂ ਦੀ ਭਲਾਈ ਲਈ, ਐਨੇ ਮਿਲੀਅਨ..ਮਿਲੀਅਨ..।
ਖਬਰਾਂ ਹੋਰ ਵੀ ਸਨ, ਇੰਨੇ ਬੱਚੇ ‘ਚਮਕੀ' ਬੁਖਾਰ ਨਾਲ ਮਰ ਗਏ। ਕਿਤੇ ਭੀੜ ਨੇ ਇਕ ਵਿਅਕਤੀ ਕੁੱਟ-ਕੁੱਟ ਕੇ ਮਾਰ ਦਿੱਤਾ। ਕਿਤੇ ਇਕ ਧੀ ਨੂੰ ਆਪਣੇ ਨੇਤਾ ਪਿਤਾ ਤੋਂ ਜਾਨੋਂ ਮਾਰਨ ਦਾ ਖਤਰਾ ਹੈ। ਇਸ ਤਰ੍ਹਾਂ ਦੇ ਵਿਕਾਸ ਦੀਆਂ ਹੋਰ ਵੀ ਖਬਰਾਂ ਸਨ।
ਬਾਸ਼ੇ ਨੇ ਅਚਾਨਕ ਕਿਹਾ, ‘ਉਠ ਬਾਹਰ ਚੱਲੀਏ। ਮੂਡ ਠੀਕ ਕਰੀਏ।' ਫਿਰ ਮੈਂ ਸਰਕਾਰੀ ਵਿਕਾਸ ਦੇ ਅੰਕੜਿਆਂ ਦੀ ਉਲਝਣ ਵਿੱਚੋਂ ਨਿਕਲਣ ਲਈ, ਉਸ ਦੇ ਨਾਲ ਤੁਰ ਪਿਆ।

Have something to say? Post your comment