ਬਠਿੰਡਾ, 16 ਜੁਲਾਈ (ਪੋਸਟ ਬਿਊਰੋ)- ਪੰਜਾਬ ਦੇ ਨਿੱਜੀ ਸਕੂਲ ਵੀ ਸੂਚਨਾ ਅਧਿਕਾਰ (ਆਰ ਟੀ ਆਈ) ਐਕਟ ਹੇਠ ਆ ਗਏ ਹਨ। ਕੋਈ ਵੀ ਵਿਅਕਤੀ ਇਨ੍ਹਾਂ ਸਕੂਲ ਨਾਲ ਸਬੰਧਤ ਬੋਰਡ ਰਾਹੀਂ ਸੂਚਨਾ ਪ੍ਰਾਪਤ ਕਰ ਸਕੇਗਾ।
ਕੇਂਦਰੀ ਸੂਚਨਾ ਕਮਿਸ਼ਨ ਨੇ ਆਰ ਟੀ ਆਈ ਵਰਕਰ ਹਰਮਿਲਾਪ ਗਰੇਵਾਲ ਵੱਲੋਂ ਨਿੱਜੀ ਸਕੂਲਾਂ ਸਬੰਧੀ ਸੀ ਬੀ ਐਸ ਈ ਬੋਰਡ ਰਾਹੀਂ ਮੰਗੀ ਜਾਣਕਾਰੀ ਦੀ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਹੁਕਮ ਜਾਰੀ ਕੀਤੇ। ਕਮਿਸ਼ਨ ਨੇ ਕਿਹਾ ਹੈ ਕਿ ਸਕੂਲ ਨੇ ਜਿਸ ਬੋਰਡ ਤੋਂ ਮਾਨਤਾ ਲਈ ਹੈ, ਉਕਤ ਬੋਰਡ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਮੰਗੀ ਗਈ ਜਾਣਕਾਰੀ ਸਕੂਲ ਤੋਂ ਪ੍ਰਾਪਤ ਕਰਕੇ ਸਬੰਧਤ ਵਿਅਕਤੀ ਨੂੰ ਦੇਵੇ।
ਬਠਿੰਡਾ ਦੇ ਆਰ ਟੀ ਆਈ ਵਰਕਰ ਹਰਮਿਲਾਪ ਗਰੇਵਾਲ ਨੇ ਫਰਜ਼ੀ ਦਾਖਲਿਆਂ ਨੂੰ ਨੱਥ ਪਾਉਣ ਤੇ ਮਾਪਿਆਂ ਦੀ ਹੋ ਰਹੀ ਲੁੱਟ ਰੋਕਣ ਦੇ ਮਨੋਰਥ ਨਾਲ ਕਈ ਨਿੱਜੀ ਸਕੂਲਾਂ ਤੋਂ ਵਿਦਿਆਰਥੀਆਂ ਦੇ ਹਾਜ਼ਰੀ ਰਜਿਸਟਰਾਂ ਦੀਆਂ ਨਕਲਾਂ ਮੰਗੀਆਂ ਸਨ। ਉਨ੍ਹਾਂ ਸੀ ਬੀ ਐਸ ਈ ਬੋਰਡ ਨੂੰ ਸਾਲ 2017 ਵਿੱਚ ਭੇਜੀ ਆਰ ਟੀ ਆਈ ਰਾਹੀਂ ਸੁਦੇਸ਼ ਵਾਟਿਕਾ ਸਕੂਲ ਬਠਿੰਡਾ, ਗੁਰੂ ਤੇਗ ਬਹਾਦਰ ਸਕੂਲ ਫਰੀਦਕੋਟ, ਸ਼ਿਵਾਲਿਕ ਸਕੂਲ ਮੁਕਤਸਰ ਤੋਂ ਸਾਲ 2016 ਅਤੇ 2017 ਦੌਰਾਨ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਹਾਜ਼ਰੀ ਦੀ ਜਾਣਕਾਰੀ ਮੰਗੀ ਸੀ, ਪਰ ਬੋਰਡ ਨੇ ਜਾਣਕਾਰੀ ਦੇਣ ਦੀ ਥਾਂ ਨਿੱਜੀ ਸਕੂਲਾਂ ਨੂੰ ਪੱਤਰ ਭੇਜ ਕੇ ਸਿੱਧੇ ਤੌਰ ਉਤੇ ਉਸ ਨੂੰ ਜਾਣਕਾਰੀ ਦੇਣ ਲਈ ਕਿਹਾ। ਪ੍ਰਾਈਵੇਟ ਸਕੂਲਾਂ ਨੇ ਪੱਤਰ ਰਾਹੀਂ ਇਹ ਕਹਿ ਕੇ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਆਰ ਟੀ ਆਈ ਐਕਟ ਤਹਿਤ ਨਹੀਂ ਆਉਂਦੇ। ਇਸ ਪਿੱਛੋਂ ਉਨ੍ਹਾਂ ਨੇ ਪਹਿਲਾਂ ਸੂਬਾਈ ਸੂਚਨਾ ਕਮਿਸ਼ਨ ਕੋਲ ਤੇ ਫਿਰ ਕੇਂਦਰੀ ਸੂਚਨਾ ਕਮਿਸ਼ਨ ਤੱਕ ਪਹੁੰਚ ਕੀਤੀ। ਸੁਣਵਾਈ ਵੇਲੇ ਸੀ ਬੀ ਐਸ ਈ ਦੀ ਵਧੀਕ ਸੂਚਨਾ ਅਫਸਰ ਸੀਮਾ ਖਾਖਾ ਤੋਂ ਇਲਾਵਾ ਨਿੱਜੀ ਸਕੂਲਾਂ ਦੇ ਵਕੀਲ ਹਾਜ਼ਰ ਸਨ।