ਲਾਹੌਰ, 16 ਜੁਲਾਈ (ਪੋਸਟ ਬਿਊਰੋ)- ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਿਟਸਤਾਨ ਦੇ ਲੋਕਾਂ ਨੇ ਇਕ ਖੁੱਲ੍ਹਾ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਜੰਮੂ ਕਸ਼ਮੀਰ ਰਾਜ ਦਾ ਹਿੱਸਾ ਹਨ। ਇਹ ਖੁੱਲ੍ਹੀ ਚਿੱਠੀ ਜੰਮੂ ਕਸ਼ਮੀਰ ਦੀ ਆਜ਼ਾਦੀ ਦੀ ਮੰਗ ਕਰਨ ਵਾਲੇ ਸੰਗਠਨਾਂ ਨੂੰ ਸੰਬੋਧਤ ਕੀਤੀ ਗਈ ਹੈ।
ਗਿਲਗਿਤ-ਬਾਲਿਟਸਤਾਨ ਦੇ ਲੋਕਾਂ ਨੇ ਕਿਹਾ ਹੈ ਕਿ ਯੂ ਐਨ ਦੇ ਮਤੇ ਅਤੇ 28 ਅਪ੍ਰੈਲ 1949 ਨੂੰ ਹੋਏ ਕਰਾਚੀ ਸਮਝੌਤੇ ਅਨੁਸਾਰ ਗਿਲਗਿਤ ਬਾਲਿਟਸਤਾਨ ਦਾ ਖੇਤਰ ਜੰਮੂ ਕਸ਼ਮੀਰ ਦਾ ਹਿੱਸਾ ਹੈ। ਇਸ ਲਈ ਪਾਕਿਸਤਨ ਦਾ ਰੁਤਬਾ ਸਿਰਫ ਦੇਖਭਾਲ ਕਰਨ ਵਾਲੇ ਦਾ ਹੈ, ਉਸ ਨੂੰ ਹੱਦਾਂ ਬਦਲਣ ਦਾ ਹੱਕ ਨਹੀਂ ਹੈ। ਇਸ ਚਿੱਠੀ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਪੂਰੇ ਜੰਮੂ ਕਸ਼ਮੀਰ ਦੀ ਸਥਿਤੀ ਵਿਵਾਦਿਤ ਹੈ ਅਤੇ ਇਹ ਤੱਥ ਕੰਟਰੋਲ ਰੇਖਾ ਦੇ ਦੋਵਾਂ ਪਾਸਿਆਂ 'ਤੇ ਸਥਾਪਤ ਜੰਮੂ ਕਸ਼ਮੀਰ 'ਤੇ ਲਾਗੂ ਹੁੰਦਾ ਹੈ। ਚਿੱਠੀ ਦੇ ਮੁਤਾਬਕ ਜਦੋਂ ਜੰਮੂ ਕਸ਼ਮੀਰ ਨੂੰ ਸੰਨ 1947 'ਚ ਤਿੰਨ ਹਿੱਸਿਆਂ 'ਚ ਵੰਡਿਆ ਗਿਆ, ਉਦੋਂ ਸ਼ੁਰੂ ਹੋਈ ਜੰਗ ਤੋਂ ਬਾਅਦ ਤੀਜੇ ਤੇ ਉਤਰੀ ਖੇਤਰ ਗਿਲਗਿਤ ਲੱਦਾਖ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ। 28 ਹਜ਼ਾਰ ਵਰਗ ਮੀਲ ਦਾ ਇਹ ਖੇਤਰ ਸ੍ਰੀਨਗਰ ਅਤੇ ਮੁਜ਼ੱਫਰਾਬਾਦ ਤੋਂ ਵੱਖਰਾ ਸੀ। ਉਸੇ 'ਚੋਂ 2000 ਵਰਗ ਮੀਲ ਦਾ ਇਲਾਕਾ ਪਾਕਿਸਤਾਨ ਨੇ ਸੰਨ 1963 'ਚ ਚੀਨ ਨੂੰ ਦੇ ਦਿੱਤਾ ਸੀ। ਇਸੇ ਤਰ੍ਹਾਂ ਗਿਲਗਿਤ ਬਾਲਿਟਸਤਾਨ ਇਲਾਕੇ ਨੂੰ ਪਾਕਿਸਤਾਨੀ ਸੂਬੇ ਖੈਬਰ ਪਖਤੂਨਖਵਾ ਨਾਲ ਜੋੜ ਕੇ ਉਥੇ ਜ਼ਮੀਨੀ ਸਥਿਤੀ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਪਾਕਿਸਤਾਨ ਦੀ ਜੰਮੂ ਕਸ਼ਮੀਰ ਦੀ ਸਰਹੱਦ ਖਤਮ ਕਰਨ ਦੀ ਕੋਸ਼ਿਸ਼ ਹੈ। ਚਿੱਠੀ 'ਚ ਜੰਮੂ ਕਸ਼ਮੀਰ ਦੀ ਪਛਾਣ ਕਾਇਮ ਰੱਖਣ ਲਈ ਸੰਘਰਸ਼ ਕਰਦੇ ਸੰਗਠਨਾਂ ਅਤੇ ਪਾਰਟੀਆਂ ਨੂੰ ਇਤਿਹਾਸਕ ਤੱਥਾਂ ਨਾਲ ਚੱਲਣ ਦੀ ਅਪੀਲ ਕੀਤੀ ਗਈ ਹੈ।