Welcome to Canadian Punjabi Post
Follow us on

18

October 2019
ਸੰਪਾਦਕੀ

ਐਮ ਪੀਆਂ ਦੇ ਖਰਚੇ ਅਤੇ ਸੱਚ ਦਾ ਛੱਜ

July 08, 2019 08:27 AM

  

ਪੰਜਾਬੀ ਪੋਸਟ ਸੰਪਾਦਕੀ

ਅਲਬਰਟਾ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਜੇਸਨ ਕੈਨੀ ਇੱਕ ਵੱਡੇ ਸਿਆਸੀ ਧਮਾਕੇ ਤੋਂ ਵਾਲ ਵਾਲ ਬਚ ਨਿਕਲਿਆ ਸੀ ਜੋ ਪੁੱਠਾ ਪੈ ਜਾਣ ਦੀ ਸੂਰਤ ਵਿੱਚ ਉਸਦੀ ਪ੍ਰੀਮੀਅਰ ਦੀ ਕੁਰਸੀ ਖਤਰੇ ਵਿੱਚ ਪੈ ਸਕਦੀ ਸੀ। ਹਾਊਸ ਆਫ ਕਾਮਨਜ਼ ਦੀ ਇੱਕ ਕਮੇਟੀ ਨੇ ਮਈ 2019 ਵਿੱਚ ਕੈਨੀ ਨੂੰ ਇਸ ਗੱਲੋਂ ਕਲੀਨ ਚਿੱਟ ਦੇ ਦਿੱਤੀ ਕਿ ਆਪਣੀ ਮਾਂ ਦੀ ਬੇਸਮੈਂਟ ਨੂੰ ਆਪਣੀ ਮੁੱਖ ਰਿਹਾਇਸ਼ ਵਿਖਾ ਕੇ ਜੋ ਪੈਸੇ ਉਸਨੇ ਸਰਕਾਰ ਦੇ ਖਾਤੇ ਵਿੱਚੋਂ ਊਗਰਾਹੇ ਸਨ, ਉਸ ਪ੍ਰਕਿਰਿਆ ਵਿੱਚ ਕੋਈ ਖੋਟ ਨਹੀਂ ਸੀ। ਸੋਚਣ ਵਾਲੀ ਗੱਲ ਇਹ ਨਹੀਂ ਕਿ ਕੀ ਜੇਸਨ ਕੈਨੀ ਵਰਗਾ ਪ੍ਰੁਮੁੱਖ ਨੇਤਾ ਹਾਲੇ ਵੀ ਆਪਣੀ ਮਾਂ ਦੇ ਮਕਾਨ ਦੀ ਬੇਸਮੈਂਟ ਵਿੱਚ ਰਹਿੰਦਾ ਹੈ ਜਾਂ ਨਹੀਂ, ਜਾਂ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਵਿੱਚ ਕੋਈ ਕਮੀ ਪੇਸ਼ੀ ਛੱਡੀ, ਸਗੋਂ ਸੁਆਲ ਹੈ ਕਿ ਸਾਡੇ ਮੁਲਕ ਦੇ ਐਮ ਪੀ ਆਪਣੇ ਖਰਚਿਆਂ ਨੂੰ ਕਿੰਨੀ ਕੁ ਦਿਆਨਤਦਾਰੀ ਅਤੇ ਸਮਝਦਾਰੀ ਨਾਲ ਕਰਦੇ ਹਨ। ਆਖਰ ਨੂੰ ਉਹਨਾਂ ਵੱਲੋਂ ਕੀਤੇ ਜਾਂਦੇ ਸਾਰੇ ਖਰਚੇ ਲੋਕਾਂ ਦੀਆਂ ਜੇਬਾਂ ਵਿੱਚੋਂ ਟੈਕਸ ਰਾਹੀਂ ਕੱਢੇ ਜਾਂਦੇ ਹਨ।

ਇਸ ਮੁੱਦੇ ਉੱਤੇ ਕਮਿਉਨਿਟੀ ਨੂੰ ਜਾਗਰੂਕ ਕਰਨ ਲਈ ਜਸਪਾਲ ਬੱਲ ਨੇ ਅੱਜ ਕੱਲ ਵਿਸ਼ੇਸ਼ ਝੰਡਾ ਚੁੱਕਿਆ ਹੋਇਆ ਹੈ। ਉਸ ਵੱਲੋਂ ਪੰਜਾਬੀ ਪੋਸਟ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਕਮਿਉਨਿਟੀ ਨਾਲ ਸਬੰਧਿਤ ਪਾਰਲੀਮੈਂਟ ਮੈਂਬਰਾਂ ਵੱਲੋਂ ਬਹੁਤ ਸੁਧਾਰ ਕੀਤੇ ਜਾਣ ਦੀ ਲੋੜ ਹੈ। ਇਸ ਮੁੱਦੇ ਬਾਰੇ ਚਰਚਾ ਨੂੰ ਇੱਕ ਮਿਸਾਲ ਆਰੰਭ ਕਰਦੇ ਹਾਂ। 10 ਅਪਰੈਲ 2017 ਨੂੰ ਲਿਬਰਲ ਪਾਰਟੀ ਦੇ 11 ਐਮ ਪੀਆਂ ਵੱਲੋਂ ਖਾਲਸਾ ਡੇਅ ਕੀਰਤਨ ਕਰਵਾਇਆ ਗਿਆ ਜਿਸ ਦੇ ਆਯੋਜਿਨ ਉੱਤੇ 10 ਐਮ ਪੀਆਂ (ਬਰਦੀਸ਼ ਚੱਗੜ, ਸੁਖ ਧਾਲੀਵਾਲ, ਕਮਲ ਖੈਹਰਾ, ਰੂਬੀ ਸਹੋਤਾ, ਸੋਨੀਆ ਸਿੱਧੂ, ਰਾਜ ਗਰੇਵਾਲ, ਰਾਮੇਸ਼ਵਰ ਸੰਘਾ, ਗਗਨ ਸਿਕੰਦ, ਜਤੀ ਸਿੱਧੂ, ਅਮਰਜੀਤ ਸੋਹੀ, ਰਣਦੀਪ ਸਰਾਏ ਅਤੇ ਜੌਹਨ ਅਲਡਾਗ) ਨੇ ਇੱਕੋ ਜਿੰਨਾ ਖਰਚਾ 501 ਡਾਲਰ 81 ਸੈਂਟ ਕੀਤੇ। ਕੈਰੇਨ ਮੈਕਕ੍ਰਿਮੌਨ ਵੱਲੋਂ 250 ਡਾਲਰ 51 ਸੈਂਟ ਖਰਚ ਕੀਤੇ ਗਏ। ਵਰਨਣਯੋਗ ਹੈ ਕਿ ਸਾਰੇ ਐਮ ਪੀਆਂ ਨੇ ਇਸ ਕੀਰਤਨ ਦਰਬਾਰ ਵਿੱਚ ਆਏ ਮਹਿਮਾਨਾਂ ਦੀ ਗਿਣਤੀ ਆਪੋ ਆਪਣੀ ਦਿੱਤੀ ਹੈ। ਕਿਸੇ ਨੇ ਕਿਹਾ ਕਿ ਉਸਦੇ 600 ਮਹਿਮਾਨ ਆਏ ਸੀ ਤਾਂ ਕਿਸੇ ਹੋਰ ਨੇ ਸਿਰਫ਼ 200 ਮਹਿਮਾਨ ਵਿਖਾਏ ਹਨ। ਕੁੱਲ ਮਿਲਾ ਕੇ ਇਹਨਾਂ 11 ਐਮ ਪੀਆਂ ਨੇ ਉਸ ਦਿਨ 3950 ਮਹਿਮਾਨਾਂ ਦੀ ਹਾਜ਼ਰੀ ਨੂੰ ਧਰਮ-ਕਰਮ ਦੇ ਲੇਖੇ ਲਾਇਆ।

  

ਵੈਸੇ ਤਾਂ ਪੰਜਾਬੀ ਪੋਸਟ ਦੀ ਟੀਮ ਸਮੇਤ ਬਹੁਤ ਪੰਜਾਬੀਆਂ ਦਾ ਪਾਰਲੀਮੈਂਟ ਜਾਣ ਦਾ ਅਨੁਭਵ ਹੈ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਪਾਰਲੀਮੈਂਟ ਵਿੱਚ ਕਿਸ ਆਦਮ ਬਾਬਾ ਦਾ ਬਣਾਇਆ ਤਬੇਲਾ ਸਾਡੇ ਲਿਬਰਲ ਐਮ ਪੀਆਂ ਨੂੰ ਲੁਕਿਆ ਮਿਲ ਗਿਆ ਜਿੱਥੇ ਬਿਠਾ ਕੇ 3950 ਮਹਿਮਾਨਾਂ ਦੀ ਖਾਤਰਦਾਰੀ ‘ਆਲ ਸੀਜ਼ਨਜ਼ ਇੰਡੀਅਨ ਕੇਟਰਿੰਗ’ ਤੋਂ ਕਰਵਾਈ ਗਈ। ਵੈਸੇ ਵੀ ਆਲ ਸੀਜ਼ਨਜ਼ ਇੰਡੀਅਨ ਕੇਟਰਿੰਗ ‘ਮੋਟੇ ਮਾਸ’ (beaf ਗਾਵਾਂ ਮੱਝਾਂ ਦਾ ਮੀਟ) ਦੀਆਂ ਰੈਸਪੀਆਂ ਲਈ ਜਾਣੀ ਜਾਂਦੀ ਹੈ। ਇਹੋ ਜਿਹੀ ਥਾਂ ਤੋਂ ਖਾਲਸਾ ਡੇਅ ਕੀਰਤਨ ਦਾ ਲੰਗਰ ਲਗਵਾਉਣਾ ਇੱਕ ਦਿਲਚਸਪ ਗੱਲ ਹੈ। ਇਹ ਵੀ ਗੱਲ ਕਿਸੇ ਜਾਦੂ ਤੋਂ ਘੱਟ ਨਹੀਂ ਕਿ ਜਿਸ ਐਮ ਪੀ ਨੇ 600 ਮਹਿਮਾਨ ਬੁਲਾਏ, ਉਸਦੇ ਵੀ 501 ਡਾਲਰ ਖਰਚ ਹੋਏ ਅਤੇ ਜਿਸਨੇ 200 ਲੋਕਾਂ ਦੀ ਪ੍ਰਹਾਉਣਾਚਾਰੀ ਕੀਤੀ, ਉਹ ਵੀ ਆਪਣੇ ਲੰਗਰ ਦਾ ਬਿੱਲ 501 ਡਾਲਰ ਵਿੱਚ ਨਿਪਟਾ ਗਿਆ। ਹਰ ਐਮ ਪੀ ਵੱਲੋਂ ਨੌਕਰੀ ਰੱਖੇ ਗਏ ਸਟਾਫ ਉੱਤੇ ਇੱਕ ਸਾਲ ਵਿੱਚ ਔਸਤਨ ਪੌਣੇ ਦੋ ਤੋਂ ਦੋ ਲੱਖ ਡਾਲਰ ਖਰਚ ਕੀਤੇ ਜਾਂਦੇ ਹਨ। ਇਹਨਾਂ ਪੜੇ ਲਿਖੇ ਸਟਾਫਰਜ਼ ਨੂੰ ਥੋੜੀ ਮੋਟੀ ਅਕਾਉਂਟਿੰਗ ਜਾਂ ਦੋ ਜਮਾਂ ਚਾਰ ਦਾ ਪਹਾੜਾ ਸਿੱਖ ਲੈਣਾ ਚਾਹੀਦਾ ਹੈ।

ਜੇ ਬਰੈਂਪਟਨ ਦੇ ਐਮ ਪੀਆਂ ਵੱਲੋਂ ਕੀਤੇ ਗਏ ਖਰਚਿਆਂ ਉੱਤੇ ਨਿੱਕੀ ਜਿਹੀ ਝਾਤ ਮਾਰੀ ਜਾਵੇ ਤਾਂ ਇੱਥੋਂ ਦੇ ਪੰਜ ਐਮ ਪੀ ਸਹਿਬਾਨ ਨੇ ਅਕਤੂਬਰ 2015 ਤੋਂ ਮਾਰਚ 2019 ਤੱਕ ਕੁੱਲ ਮਿਲਾ ਕੇ 2 ਲੱਖ 5 ਹਜ਼ਾਰ 849 ਡਾਲਰ ਇਸ਼ਤਿਹਾਰਬਾਜ਼ੀ ਉੱਤੇ ਖਰਚ ਕੀਤੇ ਹਨ। ਸਰਕਾਰੀ ਕਾਇਦੇ ਕਾਨੂੰਨ ਮੁਤਾਬਕ ਮੈਂਬਰ ਪਾਰਲੀਮੈਂਟ ਇਸ਼ਤਿਹਾਰਬਾਜ਼ੀ ਦੇ ਡਾਲਰ ਰਾਈਡਿੰਗ ਦੇ ਵੋਟਰਾਂ ਨਾਲ ਸੁਨੇਹੇ ਸਾਂਝੇ ਕਰਨ, ਹਲਕੇ ਵਿੱਚ ਮੀਟਿੰਗਾਂ ਕਰਨ, ਅਖਬਾਰਾਂ ਆਦਿ ਵਿੱਚ ਵਧਾਈ ਦੇ ਸੁਨੇਹੇ ਦੇਣ ਅਤੇ ਆਪਣੇ ਖਿਆਲ ਜ਼ਾਹਰ ਕਰਨ ਲਈ ਆਰਟੀਕਲ ਆਦਿ ਛਪਵਾਉਣ ਉੱਤੇ ਖਰਚ ਕਰ ਸਕਦੇ ਹਨ। ਸੁਆਲ ਹੈ ਕਿ ਖਰਚ ਕੀਤੇ ਗਏ 2 ਲੱਖ ਤੋਂ ਵੱਧ ਡਾਲਰਾਂ ਵਿੱਚੋਂ ਐਮ ਪੀ ਸਹਿਬਾਨ ਨੇ ਕਿਸ ਮੀਡੀਆ ਨਾਲ ਕਿੰਨੇ ਡਾਲਰ ਸਾਂਝੇ ਕੀਤੇ ਜਾਂ ਫੇਰ ਦੇਸੀ ਮੀਡੀਆ ਨੂੰ ਪੁੰਨ-ਦਾਨ ਦੀ ਗਊ ਸਮਝ ਕੇ ਵਰਤਦੇ ਰਹਿੰਦੇ ਹਨ।

ਜਦੋਂ ਖਰਚਿਆਂ ਜਾਂ ਕਿਸੇ ਹੋਰ ਕਿਸਮ ਦੇ ਅੰਕੜਿਆਂ ਦੀ ਆਉਂਦੀ ਹੈ ਤਾਂ ਇਸ ਕਿੱਸੇ ਨੂੰ ਕਿੰਨਾ ਹੀ ਵਧਾਇਆ ਜਾ ਸਕਦਾ ਹੈ ਪਰ ਅਸਲ ਮੁੁੱਦਾ ਜਵਾਬਦੇਹੀ ਦਾ ਹੈ। ਚੁਣੇ ਨੁਮਾਇੰਦਿਆਂ ਤੋਂ ਪਬਲਿਕ ਆਸ ਕਰਦੀ ਹੈ ਕਿ ਉਹ ਆਪੋ ਆਪਣੀ ਰਾਈਡਿੰਗ ਦੀ ਦਿਆਨਤਦਾਰੀ ਨਾਲ ਪਾਰਲੀਮੈਂਟ ਵਿੱਚ ਅਗਵਾਈ ਕਰਨ ਅਤੇ ਜੁੰਮੇਵਾਰੀ ਨਾਲ ਆਪਣੇ ਫਰਜ਼ ਨਿਭਾਉਣ। ਅੱਜ ਦਾ ਵੋਟਰ ਸਿਰਫ਼ ਸਿਆਣਾ ਹੀ ਨਹੀਂ ਸਗੋਂ ਸਮਝਦਾਰ ਵੀ ਹੈ ਜੋ ਆਪਣੇ ਨੁਮਾਇੰਦਿਆਂ ਨੂੰ ਇਖਲਾਕ ਦੇ ਛੱਜ ਵਿੱਚ ਪਾ ਕੇ ਛੱਟਣਾ ਜਾਣਦਾ ਹੈ। ਲੋੜ ਹੈ ਕਿ ਸਾਡੇ ਨੁਮਾਇੰਦੇ ਸੱਚ ਦੇ ਛੱਜ ਵਿੱਚ ਛੱਟੇ ਜਾਣ ਲਈ ਖੁਦ ਨੂੰ ਤਿਆਰ ਕਰਨਾ ਆਰੰਭ ਕਰਨ।

Have something to say? Post your comment