Welcome to Canadian Punjabi Post
Follow us on

05

June 2020
ਨਜਰਰੀਆ

ਜੱਗ ਜਿਊਣ ਵੱਡੀਆਂ ਭਰਜਾਈਆਂ..

October 10, 2018 07:57 AM

-ਜਸਪ੍ਰੀਤ ਕੌਰ ਸੰਘਾ
ਮਨੁੱਖ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਰਹਿੰਦਿਆਂ ਉਹ ਅਨੇਕਾਂ ਰਿਸ਼ਤਿਆਂ ਦਾ ਨਿੱਘ ਮਾਣਦਾ ਹੈ। ਇਹ ਰਿਸ਼ਤੇ ਸਾਡੇ ਸਮਾਜਿਕ ਜੀਵਨ ਦਾ ਆਧਾਰ ਹਨ। ਹਰ ਰਿਸ਼ਤੇ ਦੀ ਆਪਣੀ ਇਕ ਪਰਿਭਾਸ਼ਾ ਹੈ, ਹਰ ਰਿਸ਼ਤੇ ਦਾ ਆਪਣਾ ਇਕ ਮਹੱਤਵ ਹੈ। ਰਿਸ਼ਤਿਆਂ ਦੀ ਮਾਲਾ ਵਿੱਚ ਅਨੇਕਾਂ ਹੀ ਖੱਟੇ ਮਿੱਠੇ ਰਿਸ਼ਤੇ ਪਰੋਏ ਹੋਏ ਹੁੰਦੇ ਹਨ।
ਅਜਿਹੇ ਹੀ ਖੱਟੇ ਮਿੱਠੇ ਅਨੁਭਵਾਂ ਨਾਲ ਭਰਪੂਰ ਰਿਸ਼ਤਾ ਹੈ ਨਣਦ ਭਰਜਾਈ ਦਾ ਰਿਸ਼ਤਾ। ਜੇ ਇਸ ਦੀ ਸਮਝਦਾਰੀ ਤੇ ਪਿਆਰ ਦਾ ਖਿਆਲ ਰੱਖਿਆ ਜਾਵੇ ਤਾਂ ਇਸ ਦੇ ਵਰਗਾ ਪਿਆਰਾ ਰਿਸ਼ਤਾ ਹੋਰ ਕੋਈ ਨਹੀਂ, ਪਰ ਜੇ ਏਥੇ ਈਰਖਾ ਤੇ ਨਫਰਤ ਹੋਵੇ ਤਾਂ ਘਰ ਵਿੱਚ ਕਾਟੋ-ਕਲੇਸ਼ ਦਾ ਕਾਰਨ ਵੀ ਇਹੀ ਰਿਸ਼ਤਾ ਬਣਦਾ ਹੈ। ਜਿਸ ਘਰ ਨਣਦ ਭਰਜਾਈ ਦੇ ਰਿਸ਼ਤੇ ਵਿੱਚ ਭੈਣਾਂ ਵਾਲਾ ਪਿਆਰ ਹੋਵੇ, ਸਹੇਲੀਆਂ ਵਾਂਗ ਉਹ ਇਕ ਦੂਸਰੇ ਨਾਲ ਦੁਖ ਸੁਖ ਸਾਂਝੇ ਕਰਨ, ਇਕ ਦੂਸਰੇ ਦੇ ਦੁਖ ਸੁਖ ਦੀਆਂ ਰਾਜ਼ਦਾਰ ਬਣਨ, ਉਹ ਘਰ ਸਵਰਗ ਬਣ ਜਾਂਦਾ ਹੈ। ਦੂਸਰੇ ਪਾਸੇ ਜੇ ਦੋਵੇਂ ਹਮੇਸ਼ਾ ਇਕ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨ ਤਾਂ ਹੱਸਦਾ ਵੱਸਦਾ ਘਰ ਨਰਕ ਬਣ ਜਾਂਦਾ ਹੈ। ਇਸ ਰਿਸ਼ਤੇ ਨੂੰ ਫੁੱਲਾਂ ਵਾਂਗ ਮਹਿਕਾਉਣਾ ਜਾਂ ਕੰਡਿਆਂ ਦੀ ਤਰ੍ਹਾਂ ਚੋਭਦਾਰ ਬਣਾਉਣਾ ਹੈ, ਇਸ ਦੀ ਜ਼ਿੰਮੇਵਾਰੀ ਨਣਦ ਭਰਜਾਈ ਦੋਵਾਂ ਦੀ ਹੈ ਕਿਉਂਕਿ ਜੇ ਇਕ ਧਿਰ ਵੀ ਜ਼ਿੰਮੇਵਾਰੀ ਤੋਂ ਅਵੇਸਲੀ ਹੋ ਜਾਵੇ ਤਾਂ ਰਿਸ਼ਤਿਆਂ ਦਾ ਪਿਆਰ ਖਤਮ ਹੋ ਜਾਂਦਾ ਹੈ ਤੇ ਸਮਝੌਤੇ ਦਾ ਰੂਪ ਧਾਰ ਲੈਂਦੇ ਹਨ।
ਕੁੜੀ ਵਿਆਹ ਕੇ ਜਦੋਂ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਉਸ ਨੂੰ ਸਭ ਤੋਂ ਵੱਧ ਸਹਾਰਾ ਆਪਣੀ ਨਣਦ ਦਾ ਹੁੰਦਾ ਹੈ, ਕਿਉਂਕਿ ਸੱਸ ਉਮਰ ਤੇ ਅਹੁਦੇ ਵਿੱਚ ਉਸ ਤੋਂ ਵੱਡੀ ਹੋਣ ਕਰਕੇ ਉਹ ਹਰ ਗੱਲ ਉਸ ਨਾਲ ਸਾਂਝੀ ਨਹੀਂ ਕਰ ਸਕਦੀ, ਪਰ ਨਣਦ ਉਸ ਦੀ ਹਮ ਉਮਰ ਹੋਣ ਕਾਰਨ ਉਹ ਉਸ ਨਾਲ ਹਰ ਦੁੱਖ ਸੁੱਖ ਫੋਲ ਸਕਦੀ ਹੈ। ਨਣਦ ਭਰਜਾਈ ਦਾ ਰਿਸ਼ਤਾ ਸਹੇਲੀਆਂ ਵਾਲਾ ਰਿਸ਼ਤਾ ਹੁੰਦਾ ਹੈ, ਜਿਥੇ ਬੇਝਿਜਕ ਦਿਲ ਦੀ ਗੱਲ ਇਕ ਦੂਸਰੇ ਨੂੰ ਕਹਿ ਸਕਦੀਆਂ ਹਨ। ਥੋੜ੍ਹੀ ਜਿਹੀ ਸੂਝ ਬੂਝ ਨਾਲ ਇਸ ਨੂੰ ਨਿਭਾਇਆ ਜਾਵੇ ਤਾਂ ਇਹ ਰਿਸ਼ਤਾ ਖੂਬਸੂਰਤ ਅਤੇ ਯਾਦਗਾਰ ਹੋ ਨਿਬੜਦਾ ਹੈ।
ਕਈ ਵਾਰ ਛੋਟੇ-ਛੋਟੇ ਕਾਰਨਾਂ ਕਰਕੇ ਇਸ ਰਿਸ਼ਤੇ ਵਿੱਚ ਕੁੜੱਤਣ ਆ ਜਾਂਦੀ ਹੈ। ਆਪਣੇ ਬਾਬਲ ਦੇ ਘਰ ਹਰ ਧੀ ਦੀ ਸਰਦਾਰੀ ਹੁੰਦੀ ਹੈ, ਪਰ ਜਦੋਂ ਬਾਬਲ ਦੇ ਵਿਹੜੇ ਨੂੰਹ ਧੀ ਬਣ ਕੇ ਆ ਜਾਵੇ ਤਾਂ ਧੀਆਂ ਨੂੰ ਉਹ ਸਰਦਾਰੀ ਨੂੰਹਾਂ ਨੂੰ ਦੇ ਦੇਣੀ ਚਾਹੀਦੀ ਹੈ, ਕਿਉਂਕਿ ਹਰ ਧੀ ਨੇ ਇਕ ਨਾ ਇਕ ਦਿਨ ਬਾਬਲ ਦਾ ਘਰ ਛੱਡ ਕੇ ਪ੍ਰਦੇਸਣ ਹੋਣਾ ਹੁੰਦਾ ਹੈ। ਉਸ ਘਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਤਾਂ ਨੂੰਹ ਦੀ ਹੁੰਦੀ ਹੈ। ਇਸੇ ਲਈ ਜ਼ਰੂਰੀ ਹੈ ਕਿ ਨੂੰਹ ਨੂੰ ਉਸ ਦਾ ਬਣਦਾ ਸਤਿਕਾਰ ਪਹਿਲਾਂ ਹੀ ਦੇ ਦਿੱਤਾ ਜਾਵੇ ਤਾਂ ਕਿ ਨਣਦ ਭਰਜਾਈ ਦੇ ਰਿਸ਼ਤੇ ਵਿੱਚ ਕੁੜੱਤਣ ਨਾ ਆਵੇ। ਸਾਡੇ ਲੋਕ ਗੀਤਾਂ ਵਿੱਚ ਵੀ ਇਸ ਗੱਲ ਦਾ ਵਰਨਣ ਹੈ ਕਿ ਜਿਥੇ ਨਣਦਾਂ ਦੀ ਮੁਖਤਿਆਰੀ ਹੁੰਦੀ ਹੈ, ਉਥੇ ਕਲੇਸ਼ ਹੀ ਰਹਿੰਦਾ ਹੈ:
ਜਿਥੇ ਨਣਦਾਂ ਦੀ ਸਰਦਾਰੀ
ਉਹ ਘਰ ਨਹੀਂ ਵੱਸਦੇ
ਇਸ ਤਰ੍ਹਾਂ ਭਰਜਾਈ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀ ਨਣਦ ਚਾਹੇ ਛੋਟੀ ਹੋਵੇ ਜਾਂ ਵੱਡੀ ਉਸ ਨੂੰ ਪੂਰਾ ਪਿਆਰ ਸਤਿਕਾਰ ਦੇਵੇ। ਨਣਦ ਦੇ ਚਾਅ ਲਾਡ ਕਰੇ ਤਾਂ ਇਸ ਰਿਸ਼ਤੇ ਵਿੱਚ ਸ਼ਾਇਦ ਨਫਰਤ ਕਦੇ ਆਵੇ ਹੀ ਨਾ। ਕਈ ਵਾਰ ਘਰ ਦੇ ਛੋਟੇ-ਛੋਟੇ ਕੰਮਾਂ ਬਾਰੇ ਨਣਦ ਭਰਜਾਈ ਦੀ ਆਪੋ ਵਿੱਚ ਨੋਕ ਝੋਕ ਹੁੰਦੀ ਰਹਿੰਦੀ ਹੈ। ਅਜਿਹੇ ਵਿੱਚ ਸੱਸ ਦੀ ਭੂਮਿਕਾ ਬਹੁਤ ਮਹੱਤਵ ਪੂਰਨ ਹੁੰਦੀ ਹੈ। ਜੇ ਸੱਸ ਨੂੰਹ ਤੇ ਧੀ ਦਾ ਫਰਕ ਨਾ ਕਰੇ ਤੇ ਘਰ ਦੇ ਕੰਮ ਦੋਵਾਂ ਨੂੰ ਵੰਡ ਕੇ ਦੇਵੇ ਤਾਂ ਸਮੱਸਿਆ ਖਤਮ ਹੋ ਜਾਵੇਗੀ। ਘਰ ਵਿੱਚ ਨੂੰਹ ਨੂੰ ਧੀ ਵਾਂਗ ਪਿਆਰ ਦਿੱਤਾ ਜਾਵੇ ਤਾਂ ਨਣਦ ਭਰਜਾਈ ਆਪਣੇ ਆਪ ਭੈਣਾਂ ਵਾਂਗ ਰਹਿਣਗੀਆਂ। ਸੱਚ ਇਹ ਹੈ ਕਿ ਮਾਂ ਬਾਪ ਤੋਂ ਬਾਅਦ ਪੇਕੇ ਭਰਾ-ਭਰਜਾਈਆਂ ਨਾਲ ਹੁੰਦੇ ਹਨ। ਰਿਸ਼ਤੇ ਵਿੱਚ ਪਿਆਰ ਹੋਵੇ ਤਾਂ ਪੇਕਿਆਂ ਦਾ ਸਾਥ ਸਲਾਮਤ ਰਹਿੰਦਾ ਹੈ ਤੇ ਜੇ ਨਣਦ ਭਰਜਾਈ ਵਿੱਚ ਕੁੜੱਤਣ ਅ ਜਾਵੇ ਤਾਂ ਭਰਾਵਾਂ ਦਾ ਸਾਥ ਵੀ ਹੌਲੀ-ਹੌਲੀ ਛੁੱਟ ਜਾਂਦਾ ਹੈ। ਪੇਕਾ ਘਰ ਹੁੰਦਾ ਹੀ ਭਰਜਾਈਆਂ ਨਾਲ ਹੈ। ਇਸੇ ਲਈ ਤਾਂ ਕਿਹਾ ਗਿਆ ਹੈ:
ਜੱਗ ਜਿਊਣ ਵੱਡੀਆਂ ਭਰਜਾਈਆਂ
ਪਾਣੀ ਮੰਗੇ ਦੁੱਧ ਦਿੰਦੀਆਂ।

Have something to say? Post your comment