Welcome to Canadian Punjabi Post
Follow us on

18

January 2021
ਨਜਰਰੀਆ

ਬਾਪ ਅਤੇ ਜਾਇਦਾਦ

October 10, 2018 07:56 AM

-ਕੇ ਐੱਲ ਗਰਗ
ਜਾਇਦਾਦ ਹੋਵੇ ਤਾਂ ਬਾਪ ਬਾਪ ਹੁੰਦਾ ਹੈ, ਨਾ ਹੋਵੇ ਤਾਂ ਬਾਪ ਸਰਾਪ ਹੁੰਦਾ ਹੈ। ਜਾਇਦਾਦ ਵਾਲੇ ਬਾਪ ਦੇ ਭੋਗ ਦਾ ਕਾਰਡ ਇਉਂ ਛਪਦਾ ਹੈ: ‘ਸਾਡੇ ਪੂਜਨੀਕ ਪਿਤਾ ਜੀ ਫਲਾਣੀ ਸਵੇਰੇ ਸੁਰਗਾਪੁਰੀ ਪ੍ਰਭੂ ਦੇ ਚਰਨਾਂ 'ਚ ਜਾ ਬਿਰਾਜੇ ਹਨ। ਗਰੁੜ ਪੁਰਾਣ ਦੀ ਕਥਾ ਤੇ ਪਾਠ ਦਾ ਭੋਗ ਤਾਜ ਮਹਿਲ ਹੋਟਲ ਵਿਖੇ ਪਵੇਗਾ। ਨਾਚ-ਗਾਣੇ ਅਤੇ ਲੰਚ ਦਾ ਵੀ ਖਾਸ ਪ੍ਰਬੰਧ ਹੈ। ਦਰਸ਼ਨ ਦੇ ਕੇ ਕਿਰਤਾਰਥ ਕਰਨਾ ਜੀ।’
ਪਿਤਾ ਜੀ ਦਾ ਨਾਂਅ ਛੋਟੇ, ਪਰ ਪ੍ਰਾਰਥਕਾਂ ਦੇ ਨਾਂ ਮੋਟੇ ਅੱਖਰਾਂ ਵਿੱਚ ਛਪੇ ਹੁੰਦੇ ਹਨ। ਕਮਜ਼ੋਰ ਨਜ਼ਰ ਵਾਲਿਆਂ ਦੀ ਸਹੂਲਤ ਲਈ ਨਾਂਅ ਮੋਟੇ ਪਵਾਇੰਟ ਵਿੱਚ ਛਾਪੇ ਜਾਂਦੇ ਹਨ। ਨੂੰਹਾਂ, ਪੁੱਤਾਂ, ਪੋਤਿਆਂ ਅਤੇ ਅਗਾਂਹ ਜੰਮਣ ਵਾਲੇ ਵਾਰਿਸਾਂ ਦੇ ਨਾਂਅ ਵੀ ਅਰਦਾਸ 'ਚ ਸ਼ਾਮਲ ਹੁੰਦੇ ਹਨ। ‘‘ਸਭ ਦੀ ਪਛਾਣ ਹੋ ਜਾਵੇ-ਮਰਨ ਵਾਲੇ ਦੀ ਰੂਹ ਦੋ ਹਫਤੇ ਘਰ ਦੇ ਨੇੜੇ ਤੇੜੇ ਰਹਿੰਦੀ ਹੈ।” ਘਰ ਵਾਲੇ ਹੁੱਬਕੇ ਦੱਸਦੇ ਨਹ।
ਜਾਇਦਾਦ ਨਾ ਹੋਵੇ ਤਾਂ ਪੁੱਤਰ ਧੀਆਂ ਇਉਂ ਗੱਲਬਾਤ ਕਰਦੇ ਹਨ। ‘ਪਰਸੋਂ ਬੁੜ੍ਹਾ ਰਿੜ੍ਹ ਗਿਆ ਸੀ, ਮਸਾਂ ਰੋਟੀ ਦਾ ਜੁਗਾੜ ਕੀਤਾ ਸੀ। ਅੱਧ ਵਿਚਾਲੇ ਈ ਛੁੜਾਤੀ, ਆਪ ਤਾਂ ਸਾਰੀ ਉਮਰ ਤਪਿਆ, ਨਿਆਣੇ ਵੀ ਤੱਤੇ ਤਵੇ 'ਤੇ ਬਹਾਈ ਰੱਖੇ। ਸਾਡੇ ਲਈ ਤਾਂ ਉਹ ਜਿਊਂਦਾ ਵੀ ਮਰਿਆਂ ਵਰਗਾ ਸੀ।’
‘ਪਰਸੋਂ ਨੂੰ ਉਸਦੇ ਹੌਲੀ-ਹੌਲੀ ਫੁੱਲ ਚੁਗੇ ਜਾਣਗੇ। ਜੇ ਵੱਡਾ ਮੰਨ ਗਿਆ ਤਾਂ ਅਸਥੀਆਂ ਹਰਿਦੁਆਰਾ ਗੰਗਾ ਵਿੱਚ ਪਾਈਆਂ ਜਾਣਗੀਆਂ, ਨਹੀਂ ਤਾਂ ਦੇਖੋ...।’
‘ਕੁਛ ਛੱਡ ਕੇ ਗਿਆ ਥੋਡੇ ਲਈ?’ ਕੋਈ ਪੁੱਛਦਾ ਹੈ ਤਾਂ ਝਈਆਂ ਲੈ-ਲੈ ਦੱਸਦੇ ਹਨ; ‘ਜੀ ਹਾਂ, ਹਾਂ ਜੀ, ਛੱਡ ਗਿਆ ਸਾਡੇ ਲਈ ਦਲਿੱਦਰ, ਕਰਜ਼ਾ, ਭੁੱਖਮਰੀ, ਹੋਰ ਕੀ ਠੈਂਗਣ ਛੱਡ ਕੇ ਜਾਣਾ ਤੀ ਉਸ ਨਿਕਰਮੇ ਨੇ।’
ਇਹੋ ਜਿਹੇ ਨਿਆਣਿਆਂ ਦੇ ਚਿਹਰੇ ਹਮੇਸ਼ਾ ਘੱਟ ਗਿਣਤੀ ਸਰਕਾਰ ਜਿਹੇ ਰਹਿੰਦੇ ਹਨ ਜਾਂ ਬਾਹਰੋਂ ਸਪੋਰਟ ਮਿਲਣ ਵਾਲੀ ਘੱਟ ਗਿਣਤੀ ਸਰਕਾਰ ਜਿਹੇ ਬਣੇ ਰਹਿੰਦੇ ਹਨ। ਇਹੋ ਜਿਹੇ ਨਿਆਣੇ ਬਿਨ-ਮੁੱਦਾ ਸਰਕਾਰ ਜਿਹੇ ਹੁੰਦੇ ਹਨ। ਬਿਨ-ਮੁੱਦਾ ਸਰਕਾਰ ਵਾਂਗ ਉਹ ਵੀ ਬੇਮੁੱਦਾ ਅਤੇ ਬੇ-ਗੁੱਦਾ ਰਹਿੰਦੇ ਹਨ। ਜਾਇਦਾਦ ਦਾ ਗੁੱਦਾ ਭਾਗਾਂ ਵਾਲੇ ਧੀ-ਪੁੱਤ ਹੀ ਖਾਂਦੇ ਹਨ। ਜਾਇਦਾਦ ਬੰਦੇ ਦਾ ਨਾਂਅ ਚਮਕਾਉਂਦੀ ਹੈ। ਨਾਂਅ ਦੀ ਚਮਕ ਦਮਕ ਲੁਭਾਇਮਾਨ ਹੁੰਦੀ ਹੈ। ਭੁਲੇਖਾ ਬਣਿਆ ਰਹੇ ਤਾਂ ਬੰਦਾ ਵੱਡੇ ਤੋਂ ਵੱਡਾ ਪਾਪਾ ਵੀ ਕਰ ਲੈਂਦਾ ਹੈ। ਜਾਇਦਾਦ ਜੋੜ ਲੈਂਦਾ ਹੈ। ਜਾਇਦਾਦ ਜੁੜਨ ਤੋਂ ਬਾਅਦ ਉਸ ਨੂੰ ਆਪਣੀ ਤੇ ਵਾਰਿਸਾਂ ਦੇ ਭਵਿੱਖ ਦੀ ਚਿੰਤਾ ਸਤਾਉਣ ਲੱਗਦੀ ਹੈ। ਚਿੰਤਾ ਜਾਇਦਾਦ ਦੀ ਮਾਂ ਹੈ।
ਇੱਕ ਬੰਦੇ ਨੇ ਬਹੁਤ ਜਾਇਦਾਦ ਬਣਾਈ। ਜਿੰਨੀ ਕਹਿ ਲਓ, ਉਹ ਵੀ ਥੋੜ੍ਹੀ, ਮਰਨ ਲੱਗਿਆਂ ਆਪਣੇ ਮੁਨੀਮ ਨੂੰ ਪੁੱਛਣ ਲੱਗਾ, ‘ਮੁਨੀਮ ਜੀ, ਜ਼ਰਾ ਹਿਸਾਬ ਲਾ ਕੇ ਦੱਸੋ, ਇਹ ਜਾਇਦਾਦ ਕਿੰਨੀ ਕੁ ਦੇਰ ਚੱਲਦੀ ਰਹੇਗੀ?’ ਮੁਨੀਮ ਨੇ ਹਿਸਾਬ-ਕਿਤਾਬ ਕੀਤਾ। ਜਰਬਾਂ ਤਕਸੀਮਾਂ ਕੀਤੀਆਂ, ਜੋੜ ਮਨਫੀ ਕੀਤੇ। ਐਨਕ ਨੱਕ 'ਤੇ ਸੂਤ ਕਰ ਕੇ ਕਹਿਣ ਲੱਗਾ, ‘ਜੇ ਥੋਡੇ ਨਿਆਣੇ ਤੋੜ ਕੇ ਡੱਕਾ ਵੀ ਦੂਹਰਾ ਨਾ ਕਰਨ, ਨੱਕ 'ਤੇ ਬੈਠੀ ਮੱਖੀ ਵੀ ਆਪ ਨਾ ਉਡਾਉਣ ਤਾਂ ਇਹ ਜਾਇਦਾਦ ਵੀਹ ਪੀੜ੍ਹੀਆਂ ਤੱਕ ਅੱਗ ਲਾਇਆਂ ਨਹੀਂ ਮੁੱਕਦੀ?’ ਸੁਣਦਿਆਂ ਸਾਰ ਜਾਇਦਾਦ-ਜੋੜੂ ਬੁੜਾ ਦੁਹੱਥੜ ਮਾਰ ਕੇ ਚੀਕਿਆ, ‘ਓਇ ਮੁਨੀਮਾਂ, ਆਹ ਕੀ ਲੋੜ੍ਹਾ ਬੱਜਿਆ ਉਇ। ਮੇਰੀ ਇੱਕੀਵੀਂ ਪੀੜ੍ਹੀ ਦੇ ਨਿਆਣੇ ਕਿੱਥੇ ਜਾਣਗੇ ਓਇ।’ ਤੇ ਉਹ ਬੰਦਾ ਮਰਨੋਂ ਇਨਕਾਰੀ ਹੋ ਕੇ ਇੱਕੀਵੀਂ ਪੀੜ੍ਹੀ ਲਈ ਜਾਇਦਾਦ ਜੋੜਨ ਲੱਗ ਪਿਆ। ਇੱਕੀਵੀਂ ਪੀੜ੍ਹੀ ਲਈ ਵੀ ਤਾਂ ਕੁਸ਼ ਕਰਨਾ ਚਾਹੀਦੈ। ਬੁੱਢਾ ਦੂਰਦਰਸ਼ੀ ਸੀ। ਇਹੋ ਜਿਹੋ ਬੁੱਢੇ ਖਾਨਦਾਨ ਖੜ੍ਹੇ ਰੱਖਦੇ ਤੇ ਪਰੰਪਰਾ ਬਣਾਉਂਦੇ ਹਨ। ਜਾਇਦਾਦ ਪਰੰਪਰਾ ਦੀ ਮਾਂ ਹੁੰਦੀ ਹੈ। ਪ੍ਰਾਚੀਨ ਸਭਿਅਤਾਵਾਂ ਜਾਇਦਾਦ ਦੇ ਸਿਰ 'ਤੇ ਉਸਰੀਆਂ ਹਨ। ਯੂਨਾਨ, ਮਿਸਰ, ਰੂਮਾਂ, ਸਭ ਜਾਇਦਾਦ ਸਿਰ ਹੀ ਘੂੰਮਾ। ਇਤਿਹਾਸ ਅਤੇ ਜਾਇਦਾਦ ਵਿਚਕਾਰ ਸੱਚਾ ਰਿਸ਼ਤਾ ਪਣਪਦਾ ਹੈ। ਕਈ ਵਾਰ ਇਹ ਇੱਕ ਦੂਸਰੇ ਦਾ ਹੱਥ ਫੜ ਕੇ ਨਾਲੋ-ਨਾਲ ਤੁਰਦੇ ਹਨ ਤੇ ਕਦੀ ਰਿੜ੍ਹਦੇ ਹਨ। ਖਿਲਜੀ, ਗੁਲਾਮ ਵੰਸ਼ਾਂ ਦਾ ਇਤਿਹਾਸ ਜਾਇਦਾਦ ਹੀ ਤਾਂ ਹੈ। ਤਾਜ ਮਹੱਲ, ਲਾਲ ਕਿਲਾ ਮੁਗਲਾਂ ਦੀ ਜਾਇਦਾਦ ਹੀ ਹੈ, ਕਦੀ ਜਾਇਦਾਦ ਪਿਓ-ਪੁੱਤ ਦੇ ਅਤੇ ਕਦੀ ਚਾਚੇ-ਭਤੀਜੇ ਦੇ ਵਿਚਾਲੇ ਆ ਗਈ। ਤਲਵਾਰ, ਬਰਛਾ ਅਤੇ ਕਤਲ ਜਾਇਦਾਦ ਦੇ ਗਹਿਣੇ ਹਨ। ਉਨ੍ਹਾਂ ਦੇ ਵਾਰਸ ਕਦੀ-ਕਦਾਈਂ ਆਮ ਲੱਭ ਪੈਂਦੇ ਹਨ। ਅਖਬਾਰ ਅਜਿਹੇ ਸਪੂਤਾਂ ਨੂੰ ਲੱਭਣ ਵਿੱਚ ਸਾਡੀ ਮਦਦ ਕਰਦਾ ਹੈ।
‘ਪੁੱਤ ਨੇ ਜਾਇਦਾਦ ਖਾਤਰ ਸਕੇ ਪਿਓ ਦਾ ਕਤਲ ਕਰ ਦਿੱਤਾ। ਸਾਲਿਆਂ ਨੇ ਜਾਇਦਾਦ ਖਾਤਰ ਆਪਣੇ ਇੱਕੋ-ਇੱਕ ਭਣੋਈਏ ਨੂੰ ਜਾਨੋਂ ਮਾਰ ਦਿੱਤਾ।’
‘ਜਾਇਦਾਦ ਦੀ ਜ਼ਹਿਰ, ਅਸਲੀ ਨਾਲੋਂ ਵੱਧ ਕੌੜੀ ਹੁੰਦੀ ਹੈ। ਅਸਲੀ ਜ਼ਹਿਰ ਦੀ ਕੁੜੱਤਣ ਸਰੀਰ ਵਿੱਚ ਘੁਲਦੀ ਹੈ, ਪਰ ਜਾਇਦਾਦ ਦੀ ਕੁੜੱਤਣ ਸਮਾਜ ਦੇਸ਼ ਜਾਂ ਇਤਿਹਾਸ ਵਿੱਚ ਘੁਲਦੀ ਹੈ। ਇਹ ਜ਼ਹਿਰ ਅਸਲੀ ਜ਼ਹਿਰ ਨਾਲੋਂ ਦੂਰ ਗਾਮੀ ਹੁੰਦੀ ਹੈ। ਜ਼ਿਆਦਾ ਹਰਾਮੀ ਹੁੰਦੀ ਹੈ, ਪੁੱਤ ਨੂੰ ਹੜੁੱਤ ਅਤੇ ਬਾਪ ਨੂੰ ਪਾਪ ਬਣਾਉਂਦੀ ਹੈ। ਬਾਪ ਦਾ ਹੱਥੀਂ ਲਿਖਿਆ ਇਸ਼ਤਿਹਾਰ ਕੁਝ ਇਸ ਤਰ੍ਹਾਂ ਹੁੰਦਾ ਹੈ। ‘ਮੇਰਾ ਪੁੱਤ ਸਰਵਨ ਕੁਮਾਰ ਮੇਰੇ ਕਹਿਣੇ 'ਚ ਨਹੀਂ ਹੈ, ਮੈਂ ਉਸ ਨੂੰ ਆਪਣੇ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹੈ।’
ਬਾਪ ਉਪਰ ਚੜ੍ਹਾਈ ਕਰਦਾ ਹੈ ਤਾਂ ਪੁੱਤ ਧੀਆਂ ਕਚਹਿਰੀ ਚੜ੍ਹਦੇ ਹਨ। ਉਹ ਲੋਅਰ ਕੋਰਟ ਤੋਂ ਸੁਪਰੀਮ ਕੋਰਟ ਤੱਕ ਦਾ ਰਾਹ ਫੜਦੇ ਹਨ। ਵਕੀਲਾਂ ਦੀਆਂ ਜਾਇਦਾਦਾਂ ਇਹੋ ਜਿਹੇ ਹੋਣਹਾਰਾਂ ਸਰਵਨ ਕੁਮਾਰਾਂ ਦੇ ਸਿਰ 'ਤੇ ਹੀ ਬਣਦੀਆਂ ਹਨ। ਜਾਇਦਾਦ ਲਹੂ ਸਫੈਦ ਕਰਦੀ ਹੈ। ਪਿਆਰ ਫਿੱਕਾ ਕਰਦੀ ਹੈ। ਇਹੋ ਜਿਹੀ ਜਾਇਦਾਦ ਅਨਸ਼ਵਰ ਹੁੰਦੀ ਹੈ। ਪੋਤੇ, ਪੜਪੋਤੇ, ਜਾਇਦਾਦ ਰਾਹੀਂ ਆਪਣੇ ਵੱਡੇ-ਵਡੇਰਿਆਂ ਦਾ ਤਮਾਸ਼ਾ ਦੇਖਦੇ ਹਨ। ਹੁੱਬ ਕੇ ਜਾਂ ਰੋ-ਰੋ ਕੇ ਦੱਸਦੇ ਹਨ।
‘ਤਮਾਸ਼ਾ ਏ ਅਹਿਲ ਦੇਖਤੇ ਹੈਂ।’
ਤਿੰਨ ਭਰਾਵਾਂ ਦੀ ਆਪਸ 'ਚ ਬਹੁਤ ਬਣਦੀ ਸੀ। ਆਪਣੇ ਮੂੰਹ ਦੀਆਂ ਬੁਰਕੀਆਂ ਕੱਢ-ਕੱਢ ਇੱਕ ਦੂਸਰੇ ਦੇ ਮੂੰਹ 'ਚ ਪਾਉਂਦੇ। ਤਿੰਨ ਕਲਬੂਤ ਇੱਕ ਜਾਨ। ਮਿਸਾਲੀ ਮੁਹੱਬਤ ਅਸੀਂ ਉਨ੍ਹਾਂ ਨੂੰ ਇਸ ਗੂੜ੍ਹੇ ਪ੍ਰੇਮ ਮੁਹੱਬਤ ਦਾ ਕਾਰਨ ਪੁੱਛਿਆ ਤਾਂ ਸਾਰੇ ਬੁਲੰਦ ਆਵਾਜ਼ 'ਚ ਬੋਲੇ-‘‘ਪਿਤਾ ਜੀ ਲੜਨ ਲਈ ਕੋਈ ਸਾਂਝੀ ਜਾਇਦਾਦ ਹੀ ਨਹੀਂ ਛੱਡ ਕੇ ਗਏ। ਜਾਇਦਾਦ ਕਲਾਹ ਦਾ ਮੂਲ ਹੈ, ਆਪਸੀ ਰਿਸ਼ਤਿਆਂ ਲਈ ਸੂਲ ਹੈ।'' ਬੇਜਾਇਦਾਦੇ ਪਿਓ ਦੇ ਬੱਚੇ ਵੱਡੇ ਬ੍ਰਹਮ ਗਿਆਨੀ ਹੁੰਦੇ ਹਨ।

Have something to say? Post your comment