Welcome to Canadian Punjabi Post
Follow us on

21

May 2019
ਸੰਪਾਦਕੀ

ਪੀਲ ਖੇਤਰ ਲਈ ਡਾਲਰਾਂ ਦੀ ਘਾਟ ਬਾਰੇ ਮੁਜਰਮਾਨਾ ਚੁੱਪ

October 09, 2018 11:38 AM

ਪੰਜਾਬੀ ਪੋਸਟ ਸੰਪਾਦਕੀ

ਮਿਉਂਸੀਪਲ ਚੋਣਾਂ ਦੌਰਾਨ ਮਿਉਂਸੀਪਲ ਸਿਆਸਤਦਾਨਾਂ ਵੱਲੋਂ ਬੀਤੇ ਸਮੇਂ ਵਿੱਚ ਕੀਤੀਆਂ ਕਾਰਗੁਜ਼ਾਰੀਆਂ ਦਾ ਜਿ਼ਕਰ ਕਰਨਾ ਵਾਜਬ ਸਮਾਂ ਹੋਵੇਗਾ। ਅੱਜ ਜਦੋਂ ਨਵੇਂ ਪੁਰਾਣੇ ਉਮੀਦਵਾਰ ਦਰ ਦਰ ਜਾ ਕੇ ਵੋਟਾਂ ਦੀ ਮੰਗ ਕਰਦੇ ਹਨ ਤਾਂ ਜਿਸ ਇੱਕ ਗੱਲ ਬਾਰੇ ਸਾਰਿਆਂ ਵੱਲੋਂ ਧਾਰੀ ਮੁਜਰਮਾਨਾ ਚੁੱਪ ਵੇਖੀ ਜਾ ਸਕਦੀ ਹੈ, ਉਹ ਹੈ ਪੀਲ ਖੇਤਰ ਭਾਵ ਮਿਸੀਸਾਗਾ, ਬਰੈਂਪਟਨ ਨੂੰ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰਾਂ ਵੱਲੋਂ ਮਿਲਣ ਵਾਲੇ ਫੰਡਾਂ ਦੀ ਘਾਟ। ਕਿਸੇ ਖੇਤਰ ਦਾ ਅਸਲ ਵਿਕਾਸ ਉਸ ਵੇਲੇ ਤੱਕ ਸੰਭਵ ਨਹੀਂ ਜਦੋਂ ਤੱਕ ਉੱਥੇ ਵੱਸਦੇ ਮਨੁੱਖੀ ਸਰਮਾਏ (Human Capital) ਨੂੰ ਨਰੋਆ, ਆਸਵੰਦ ਅਤੇ ਮਾਨਸਿਕ ਰੂਪ ਵਿੱਚ ਸਾਵਾਂ ਰੱਖਣ ਲਈ ਸਰਕਾਰਾਂ ਇਨਸਾਫ ਭਰਿਆ ਕੰਮ ਨਹੀਂ ਕਰਦੀਆਂ ਹਨ। ਇਹ ਸਿਧਾਂਤਕ ਗੱਲ ਉਸ ਵੇਲੇ ਹੋਰ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ ਜਦੋਂ ਸਰਕਾਰਾਂ ਵੱਲੋਂ ਕਿਸੇ ਖਾਸ ਖਿੱਤੇ ਦੇ ਲੋਕਾਂ ਦੀ ਅਣਦੇਖੀ ਕੀਤੀ ਜਾਵੇ। ਇਹ ਗੱਲ ਹੋਰ ਵੀ ਮੁਜਰਮਾਨਾ ਹੋ ਨਿੱਬੜਦੀ ਹੈ ਜਦੋਂ ਸਥਾਨਕ ਨੇਤਾ (ਮਿਉਂਸੀਪਲ ਨੇਤਾ) ਇਹਨਾਂ ਬੁਨਿਆਦੀ ਗੱਲਾਂ ਬਾਰੇ ਗੈਰਇਖਲਾਕੀ ਚੁੱਪ ਵੱਟਣ ਨੂੰ ਤਰਜੀਹ ਦੇਣ ਲੱਗ ਪੈਣ।

 

  

ਬੀਤੇ ਦੇ ਇਤਿਹਾਸ ਨੂੰ ਘੋਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਪੀਲ ਰੀਜਨ ਦੇ ਮਿਉਂਸੀਪਲ ਨੇਤਾਵਾਂ ਵੱਲੋਂ ਮੁਜਰਮਾਨਾ ਚੁੱਪ ਵਰਤੀ ਜਾਂਦੀ ਰਹੀ ਹੈ ਅਤੇ ਵਰਤੀ ਜਾ ਰਹੀ ਹੈ। ਇਸ ਗੱਲ ਦਾ ਤੱਥਾਂ ਦੇ ਆਧਾਰ ਉੱਤੇ ਪੜਚੋਲ ਕਰਦੇ ਹਾਂ।

 

ਪੀਲ ਰੀਜਨ ਨੂੰ ਅੱਖੋਂ ਪਰੋਖੇ ਕਰਨ ਨੂੰ ਉਜਾਗਰ ਕਰਨ ਲਈ ਅਗਸਤ 2011 ਵਿੱਚ ਰੀਜਨ ਆਫ ਪੀਲ (ਪੀਲ ਰੀਜਨ ਦੀ ਪ੍ਰਸ਼ਾਸ਼ਨਿਕ ਇਕਾਈ) ਦੇ ਤਤਕਾਲੀ ਚੇਅਰ ਐਮਿਲ ਕੋਲਬ, ਯੂਨਾਈਟਡ ਵੇਅ ਆਫ ਪੀਲ ਰੀਜਨ ਰੀਜਨ ਦੀ ਪ੍ਰੈਜ਼ੀਡੈਂਟ ਸ਼ੈਲੀ ਵ੍ਹਾਈਟ, ਆਦਿ ਨੇ ਮਿਲ ਕੇ ਇੱਕ ਵੈੱਬਸਾਈਟ ‘ ਪੀਲ ਪੁੱਛਦਾ ਹੈ ਕਿਉਂ’ www.peelaskswhy.ca ਨਾਮਕ ਵੈੱਬਸਾਈਟ ਦਾ ਉਦਘਾਟਨ ਕੀਤਾ। ਇਸ ਉੱਦਮ ਦਾ ਆਧਾਰ ਸੋਸ਼ਲ ਪਲਾਨਿੰਗ ਕਾਉਂਸਲ ਆਫ ਪੀਲ, ਫੇਅਰ ਸ਼ੇਅਰ ਫਾਰ ਪੀਲ ਟਾਸਕ ਫੋਰਸ (Fair Share Peel Task Force), ਯੂਨਾਈਟਡ ਵੇਅ ਅਤੇ ਰੀਜਨ ਆਫ ਪੀਲ ਵੱਲੋਂ ਤਿਆਰ ਕੀਤੀ Portraits of Peel, a Community Left Behind ਰਿਪੋਰਟ ਸੀ। ਇਸ ਰਿਪੋਰਟ ਵਿੱਚ ਅੰਕੜਿਆਂ ਦੇ ਆਧਾਰ ਉੱਤੇ ਪੀਲ ਰੀਜਨ ਨੂੰ ਮਿਲਦੇ ਫੰਡਾਂ ਵਿੱਚ ਗੰਭੀਰ ਕਮੀ ਦਾ ਰੋਣਾ ਰੋਇਆ ਗਿਆ ਸੀ। ਫੇਅਰ ਸ਼ੇਅਰ ਟਾਸਕ ਫੋਰਸ ਪਿਛਲੇ ਦੋ ਦਹਾਕਿਆਂ ਤੋਂ ਪੀਲ ਰੀਜਨ ਲਈ ਬਾਕੀ ਉਂਟੇਰੀਓ ਦੇ ਬਰਾਬਰ ਫੰਡਾਂ ਦੀ ਗਰਾਂਟ ਲਈ ਕੰਮ ਕਰਦੀ ਰਹੀ ਸੀ। ਅੱਜ ਨਾ ਫੇਅਰ ਸ਼ੇਅਰ ਟਾਸਕ ਫੋਰਸ ਹੈ, ਨਾ www.peelaskswhy.ca ਦਾ ਕੋਈ ਨਾਮੋ ਨਿਸ਼ਾਨ ਹੈ ਅਤੇ ਨਾ ਹੀ ਇਸ ਵਿਸ਼ੇ ਉੱਤੇ ਕੋਈ ਸਿਆਸਤਦਾਨ ਗੱਲ ਕਰ ਰਿਹਾ ਹੈ।

 

ਜਿਹਨਾਂ ਦਿਨਾਂ ਵਿੱਚ ਫੇਅਰ ਸ਼ੇਅਰ ਵੱਲੋਂ ਪੀਲ ਰੀਜਨ ਲਈ ਬਰਾਬਰੀ ਭਰੇ ਫੰਡ ਇੱਕਤਰ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸ ਵੇਲੇ ਫੰਡਾਂ ਦੀ ਘਾਟ ਦਾ ਹਾਲ ਕੁੱਝ ਇਹੋ ਜਿਹਾ ਸੀ। ਮਿਸਾਲ ਵਜੋਂ ਜਿੰਨੇ ਪ੍ਰਤੀ ਵਿੱਦਿਆਰਥੀ ਡਾਲਰ ਪੋਵਿੰਸ਼ੀਅਲ ਸਰਕਾਰ ਵੱਲੋਂ ਉਂਟੇਰੀਓ ਭਰ ਦੇ ਸਕੂਲਾਂ ਨੂੰ ਦਿੱਤੇ ਜਾਂਦੇ ਸਨ, ਪੀਲ ਡਿਸਟ੍ਿਰਕਟ ਬੋਰਡ ਵਿੱਚ ਪੜਦੇ ਵਿੱਦਿਆਰਥੀਆਂ ਲਈ ਉਸ ਨਾਲੋਂ ਪ੍ਰਤੀ ਵਿੱਦਿਆਰਥੀ ਹਰ ਸਾਲ 838 ਡਾਲਰ ਘੱਟ ਮਿਲਦੇ ਸਨ। ਜੇ 2010-11 ਵਿੱਚ ਪੀਲ ਸਕੂਲ ਬੋਰਡ ਵਿੱਚ ਪੜਦੇ ਕੁੱਲ ਵਿੱਦਿਆਰਥੀਆਂ ਦੀ ਗਿਣਤੀ ਨੂੰ 838 ਡਾਲਰ ਨਾਲ ਗੁਣਾ ਕੀਤਾ ਜਾਵੇ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇੱਕ ਸਾਲ ਵਿੱਚ ਪੀਲ ਵਿੱਚ ਸਕੂਲਾਂ ਨੂੰ ਕਿੰਨੇ ਪੈਸੇ ਘੱਟ ਮਿਲਦੇ ਸਨ? ਹੁਣ ਤੁਸੀਂ ਸੋਚ ਸਕਦੇ ਹੋ ਕਿ ਸਕੂਲਾਂ ਵਿੱਚ ਲਾਏ ਜਾਂਦੇ ਪੋਰਟੇਬਲ ਕਲਾਸ ਰੂਮ ਅਸਲ ਕਲਾਸ ਰੂਮਾਂ ਦੀ ਥਾਂ ਕਿਉਂ ਲਾਏ ਜਾਂਦੇ ਹਨ।ਕੀ ਅੱਜ ਹਾਲਾਤ ਸੁਧਰ ਗਏ ਹਨ? ਜੇ ਸੁਧਰੇ ਹੁੰਦੇ ਤਾਂ ਸਾਡੇ ਸਿਆਸਤਾਂ ਨੇ ਰੌਲਾ ਪਾਇਆ ਹੋਣਾ ਸੀ ਕਿ ਅਸੀਂ ਆਹ ਅਤੇ ਔਹ ਮੱਲਾਂ ਮਾਰੀਆਂ ਹਨ। ਚੁੱਪ ਹਨ ਕਿਉਂਕਿ ਸੱਚ ਜਾਣਦੇ ਹੋਣਗੇ ਅਤੇ ਇਹ ਚੁੱਪ ਹੀ ਜੋ ਮੁਜਰਮਾਨਾ ਹੈ।2017 ਵਿੱਚ ਪੀਲ ਰੀਜਨ ਦੇ ਸਿਆਸਤਦਾਨਾਂ ਨੇ ਫੇਅਰ ਸ਼ੇਅਰ ਪੀਲ ਦੀ ਮੁਹਿੰਮ ਨੂੰ ਹੋਰ ਅੱਗੇ ਤੋਰਨ ਦੇ ਨਾਮ ਉੱਤੇ ਇੱਕ ਸਿਖ਼ਰ ਸੰਮੇਲਨ ਕਰਵਾਉਣ ਦੀ ਗੱਲ ਆਰੰਭੀ ਜਿਸਦਾ ਨਾਮ 905 ਸਿਖ਼ਰ ਸੰਮੇਲਨ (905 Summit) ਸੀ। ਉਦੇਸ਼ ਸੀ ਕਿ ਇਸ ਸਿਖ਼ਰ ਸੰਮੇਲਨ ਵਿੱਚ ਪੋਵਿੰਸ਼ੀਅਲ ਅਤੇ ਫੈਡਰਲ ਸਰਕਾਰਾਂ ਨੂੰ ਅੰਕੜਿਆਂ ਦੇ ਆਧਾਰ ਉੱਤੇ ਕਿਹਾ ਜਾਵੇ ਕਿ ਪੀਲ ਨਾਲ ਕਿੰਨਾ ਧੱਕਾ ਹੋ ਰਿਹਾ ਹੈ। ਉਸ ਵੇਲੇ ਕੈਰੋਲਿਨ ਪੈਰਿਸ਼ ਦਾ ਉਹ ਬਿਆਨ ਮਸ਼ਹੂਰ ਹੋਇਆ ਸੀ ਕਿ ਪੀਲ ਰੀਜਨ ਤੋਂ ਚੁਣੇ ਗਏ ਐਮ ਪੀ ਅਤੇ ਐਮ ਪੀ ਪੀ ਪੀਲ ਰੀਜਨ ਲਈ ਫੰਡ ਲਿਆਉਣ ਵਾਸਤੇ ਕੰਮ ਕਰਨ ਦੀ ਥਾਂ ਆਪਣੇ ਸਿਆਸੀ ਕੈਰੀਅਰ ਨੂੰ ਤਰਜੀਹ ਦੇਂਦੇ ਹਨ।

905 ਸਿਖ਼ਰ ਸੰਮੇਲਨ ਦਾ ਕੀ ਬਣਿਆ, ਪੀਲ ਰੀਜਨ ਦੀ ਗੁਰਬਤ ਦਾ ਹਾਲ ਦੱਸਣ ਵਾਲੇ ਅੰਕੜਿਆਂ ਦਾ ਕੀ ਬਣਿਆ ਅਤੇ ਪੀਲ ਲਈ ਫੰਡਾਂ ਦੀ ਕਹਾਣੀ ਕਿਉਂ ਰੁਲ ਗਈ ਹੈ, ਇਸ ਬਾਰੇ ਚਰਚਾ ਅਸੀਂ ਕੱਲ ਦੇ ਆਰਟੀਕਲ ਵਿੱਚ ਜਾਰੀ ਰੱਖਾਂਗੇ। ਅੱਜ ਮਾਨਸਿਕ ਸਿਹਤ ਲਈ ਮਿਲਣ ਵਾਲੇ ਫੰਡਾਂ ਦੀ ਮੁਜਰਮਾਨਾ ਘਾਟ ਦੀ ਗੱਲ ਕਰਕੇ ਆਰਟੀਕਲ ਨੂੰ ਸਮਾਪਤ ਕਰਦੇ ਹਾਂ।ਮਾਨਸਿਕ ਸਿਹਤ ਸੁਧਾਰ ਵਾਸਤੇ ਉਂਟੇਰੀਓ ਵਿੱਚ ਸਰਕਾਰ ਵੱਲੋਂ ਪ੍ਰਤੀ ਵਿਅਕਤੀ 65æ70 ਡਾਲਰ ਦਿੱਤੇ ਜਾਂਦੇ ਹਨ ਜਦੋਂ ਕਿ ਸੈਂਟਰਲ ਵੈਸਟ (ਬਰੈਂਪਟਨ) ਲਈ ਸਿਰਫ਼ 33 ਡਾਲਰ, ਯੌਰਕ ਰੀਜਨ ਲਈ 41 ਡਾਲਰ ਅਤੇ ਟੋਰਾਂਟੋ ਏਰੀਆ ਲਈ 103æ70 ਡਾਲਰ। ਐਡਿਕਸ਼ਨ (ਡਰੱਗ ਤੋਂ ਛੁਟਕਾਰੇ ਲਈ) ਸੇਵਾਵਾਂ ਵਾਸਤੇ ਉਂਟੇਰੀਓ ਵਿੱਚ ਪ੍ਰਤੀ ਵਿਅਕਤੀ 18æ60 ਡਾਲਰ, ਬਰੈਂਪਟਨ ਏਰੀਆ ਲਈ 6æ10 ਡਾਲਰ, ਟੋਰਾਂਟੋ ਏਰੀਆ ਲਈ 30æ90 ਮਿਲਦੇ ਹਨ।  ਬਾਕੀ ਕੱਲ

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਚਾਈਲਡ ਟੈਕਸ ਬੈਨੇਫਿਟ ਨੂੰ ਲੈ ਕੇ ਸਿਆਸਤ
ਨਸ਼ੇ ਚੈੱਕਿੰਗ ਲਈ ਬਰੈਥਲਾਈਜ਼ਰ ਟੈਸਟ:- ਚਾਰਟਰ ਚੁਣੌਤੀ ਕਰ ਸਕਦੀ ਹੈ ਪੁਲੀਸ ਦੀ ਤਾਕਤ ਨੂੰ ਦਰੁਸਤ
ਯੂਨਾਈਟਡ ਨੇਸ਼ਨਜ਼ ਸੁਰੱਖਿਆ ਕਾਉਂਸਲ ਸੀਟ ਲਈ ਕੈਨੇਡਾ ਦਾ ਵੱਕਾਰ ਦਾਅ ਉੱਤੇ